ਧੰਨਵਾਦ (ਮਿੰਨੀ ਕਹਾਣੀ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਸਵੀਂ ਦੀ ਸਲਾਨਾ ਪ੍ਰੀਖਿਆ ਦਾ ਅੱਜ ਆਖਰੀ ਪੇਪਰ ਖਤਮ ਹੋਣ ਪਿੱਛੋਂ ਕੇਂਦਰ ਕੰਟਰੋਲਰ (ਸਕੂਲ ਮੁਖੀ) ਨੇ ਨਿਗਰਾਨ ਅਮਲੇ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ। ਚਾਹ ਦੇ ਨਾਲ ਖਾਣ ਲਈ ਕਈ ਪ੍ਰਕਾਰ ਦੀਆਂ ਚੀਜ਼ਾਂ ਜਿਵੇਂ ਬਰਫੀ, ਕਲਾਕੰਦ, ਰਸਗੁੱਲੇ, ਸਮੋਸੇ  ਅਤੇ ਪਨੀਰ ਪਕੌੜੇ ਵੀ ਸਨ। ਸਾਰਿਆਂ ਦੇ ਚਾਹ -ਪਾਣੀ ਪੀਣ ਪਿੱਛੋਂ ਕੇਂਦਰ ਕੰਟਰੋਲਰ ਖੜ੍ਹਾ ਹੋ ਗਿਆ। ਸਭ ਤੋਂ ਪਹਿਲਾਂ ਉਸ ਨੇ ਕੇਂਦਰ ਸੁਪਰਡੈਂਟ ਵੱਲ ਇਸ਼ਾਰਾ ਕਰਕੇ ਆਖਿਆ, "ਇਹ ਸਾਡੇ ਲਾਗੇ ਦੇ ਹਾਈ ਸਕੂਲ ਦੇ ਗਿੱਲ ਸਾਹਿਬ ਨੇ। ਇਨ੍ਹਾਂ ਨੇ ਦਸਾਂ ਪੇਪਰਾਂ 'ਚ ਕਿਸੇ ਵੀ ਵਿਦਿਆਰਥੀ ਨੂੰ ਡਰਾਇਆ, ਧਮਕਾਇਆ ਨਹੀਂ। ਉੱਪਰੋਂ ਆਏ ਚੈਕਿੰਗ ਪਾਰਟੀ ਦੇ ਮੈਂਬਰਾਂ ਦੀਆਂ ਵੀ ਇਨ੍ਹਾਂ ਨੇ ਪੂਰੀਆਂ ਤਸੱਲੀਆਂ ਕਰਾ ਦਿੱਤੀਆਂ ਅਤੇ ਉਹ ਇਹ ਪ੍ਰਭਾਵ ਲੈ ਕੇ ਗਏ ਕਿ ਸਾਡੇ ਪ੍ਰੀਖਿਆ ਕੇਂਦਰ ਵਿੱਚ ਕੋਈ ਨਕਲ ਨਹੀਂ ਹੁੰਦੀ। ਆਸ ਹੈ ਸਾਡੇ ਸਕੂਲ ਦਾ ਨਤੀਜਾ ਐਂਤਕੀਂ ਪਿਛਲੇ ਸਾਲ ਨਾਲੋਂ ਵੀ ਵਧੀਆ ਆਏਗਾ। ਮੈਂ ਗਿੱਲ ਸਾਹਿਬ ਦਾ ਬਹੁਤ, ਬਹੁਤ ਧੰਨਵਾਦ ਕਰਦਾ ਹਾਂ।"
ਇਸ ਤੋਂ ਪਿੱਛੋਂ ਕੇਂਦਰ ਕੰਟਰੋਲਰ ਨੇ ਕੱਲੇ, ਕੱਲੇ ਨਿਗਰਾਨ ਦਾ ਨਾਂ ਲੈ ਕੇ ਦਸਾਂ ਪੇਪਰਾਂ 'ਚ ਉਸ ਵੱਲੋਂ  ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਕੁਲਜੀਤ ਸਿੰਘ ਨੇ ਦਸਾਂ ਪੇਪਰਾਂ 'ਚ ਡਿਪਟੀ ਸੁਪਰਡੈਂਟ ਦੀ ਡਿਊਟੀ ਦਿੱਤੀ ਸੀ ਪਰ ਉਸ ਨੇ ਉਸ ਦਾ ਕੋਈ ਧੰਨਵਾਦ ਼ਨਹੀਂ ਕੀਤਾ। ਇਸ ਦਾ ਕਾਰਨ ਇਹ ਸੀ ਕਿ ਉਸ ਨੇ ਦਸਾਂ ਪੇਪਰਾਂ ਵਿੱਚ ਸੁਪਰਡੈਂਟ ਅਤੇ ਬਾਕੀ ਨਿਗਰਾਨਾਂ ਦੀ ਵਿਦਿਆਰਥੀਆਂ ਨੂੰ ਨਕਲ ਕਰਵਾਉਣ ਵਿੱਚ ਕੋਈ ਸਹਾਇਤਾ ਨਹੀਂ ਕੀਤੀ ਸੀ। ਕੁਲਜੀਤ ਸਿੰਘ ਦਾ ਸਿਰ ਮਾਣ ਨਾਲ ਇਹ ਸੋਚ ਕੇ ਉੱਚਾ ਹੋ ਗਿਆ ਕਿ ਉਹ ਬਾਕੀਆਂ ਨਾਲੋਂ ਕੁਝ ਵੱਖਰਾ ਸੀ।