ਸਲਾਨਾ ਨਤੀਜੇ ਦਾ ਆਇਆ ਦਿਨ,
ਜ਼ੋਰ ਨਾਲ ਧੜਕ ਰਿਹਾ ਮੇਰਾ ਦਿਲ।
ਮੇਰੇ ਨਾਲ ਕਿਤੇ ਹੋ ਨਾ ਜਾਏ ਧੋਖਾ,
ਸਾਇੰਸ ਮੈਥ ਦਾ ਪਰਚਾ ਸੀ ਔਖਾ।
ਘਰ ਮੰਮੀ ਪਾਪਾ ਨੂੰ ਕਿੰਝ ਮੈਂ ਦੱਸੂ?
ਜਣਾ ਖਣਾ ਹੀ ਨਤੀਜੇ ਮੇਰੇ ਤੋਂ ਹੱਸੂ।
ਹੁਸਿ਼ਆਰ ਬੱਚੇ ਉਤਸੁਕ ਨੇ ਬਾਹਲੇ,
ਸੁਣਾਓ ਨਤੀਜਾ ਦਿਸਦੇ ਅੱਜ ਕਾਹਲੇ।
ਮੈਨੂੰ ਆਈ ਜਾਵਣ ਲਗਾਤਾਰ ਪਸੀਨੇ,
ਬਿਨ੍ਹਾਂ ਪੜ੍ਹਾਈ ਤੋਂ ਕੱਢੇ ਕਈ ਮਹੀਨੇ।
ਮੋਬਾਇਲ ਤੇ ਕੀਤਾ ਜੋ ਸਮਾਂ ਬਰਬਾਦ,
ਮੈਨੂੰ ਅੱਜ ਆ ਰਿਹਾ ਸਭ ਕੁੱਝ ਯਾਦ।
ਮੰਮੀ ਪਾਪਾ ਨੇ ਰੋਜ਼ ਤੜਕੇ ਉਠਾਉਣਾ,
ਮੈਂ ਬਿਨ੍ਹਾਂ ਪੜ੍ਹੇ ਵਕਤ ਸੀ ਲੰਘਾਉਣਾ।
ਸਲਾਨਾ ਨਤੀਜਾ ਸੁਣ ਰੁੱਕ ਗਏ ਸਾਹ,
ਫੇਲ ਹੋਏ ਕੁੱਲ ਵਿਦਿਆਰਥੀ ਪੰਜ਼ਾਹ।
ਮੈਂ ਵੀ ਪੁਆਇੰਟਾਂ ਤੇ ਹੋਇਆ ਪਾਸ,
ਕਹਿਣ ਨੂੰ ਬਸ ਬਦਲ ਗਈ ਕਲਾਸ।
ਮਿਲਣ ਨਾ ਕਦੀ ਮੁਫ਼ਤ ਵਿੱਚ ਨੰਬਰ,
ਵਸਾਉਣਾ ਪੈਂਦਾ ਕਿਤਾਬਾਂ ਨੂੰ ਅੰਦਰ।
ਝੂਠ ਆਖਦੇ ਜੋ ਕਹਿੰਦੇ ਹੋਇਆ ਛਲ,
ਬੱਚਿਓ ਮਿਹਨਤ ਨਾਲ ਮਿਲਦਾ ਫਲ।
‘ਚਮਨਦੀਪ’ ਜੇ ਪੂਰਾ ਸਾਲ ਹੀ ਪੜ੍ਹੀਏ,
ਫਿਰ ਨਾ ਸਲਾਨਾ ਨਤੀਜੇ ਤੋਂ ਡਰੀਏ।