ਜਦ ਤੂੰ ਇਹ ਫੁੱਲ ਤੋੜਨ ਆਇਆ।
ਦੱਸ ਤੇਰਾ ਮਨ ਕਿਉਂ ਘਬਰਾਇਆ।
ਤੈਨੂੰ ਦੱਸੀਂ ਕੀ ਮਿਲਿਆ ਹੈ?
ਉਸ ਨੂੰ ਵਾਪਸ ਮੋੜ ਤਿਹਾਇਆ।
ਉਹ ਤੇਰੇ ਦੀਦਾਰ ਦੇ ਖਾਤਰ,
ਸੱਤ ਸਮੁੰਦਰ ਪਾਰੋਂ ਆਇਆ।
ਤੇਰਾ ਦੀਵਾ ਉਸ ਗੁਲ ਕਰਿਆ,
ਜਿਸਦੇ ਘਰ ਤੂੰ ਦੀਪ ਜਗਾਇਆ।
ਗਲਤੀ ਕਰਨੇ ਤੋਂ ਹੀ ਪਹਿਲਾਂ,
ਕਿਉਂ ਨਾ ਉਸ ਤਾਈਂ ਸਮਝਾਇਆ।
ਜਿਸ ਨੂੰ ਕੱਲ ਅਪਣਾ ਕਹਿੰਦਾ ਸੈਂ,
ਅੱਜ ਉਹ ਹੋਯਾ ਕਿਉਂ ਪਰਾਇਆ।
ਰੋਸੇ ਦੂਰ ਕਰਨ ਦੀ ਖਾਤਰ,
ਉਹ ਤੇਰੇ ਦਰ ਚੱਲ ਕੇ ਆਇਆ।
ਉਸ ਨੇ ਅਪਣੀ ਕੁੱਲੀ ਸਾੜੀ,
ਜਿਸਦਾ ਆਪਾ ਮਹਿਲ ਬਣਾਇਆ।
ਬੰਦੇ ਦੀ ਹੈ ਸੋਚ ਬਦਲ ਗਈ,
ਡਰ ਜਾਂਦਾ ਤੱਕ ਅਪਣੀ ਛਾਇਆ।
ਮੋਹ ਮੁਹੱਬਤ ਰਿਸ਼ਤੇ ਭੁੱਲ ਕੇ,
ਬੰਦੇ ਪੈਸੇ ਨੂੰ ਅਪਣਾਇਆ।
ਸਿਦਕ ਮਹੁੱਬਤ ਰੂਹ ਦਾ ਭੋਜਨ,
ਸਿੱਧੂ ਸਾਇਰ ਸੱਚ ਸੁਣਾਇਆ।