ਅੱਖ ਲੱਗ ਜਾਂਦੀ ਸੀ
ਤਾਰੇ ਗਿਣਦਿਆਂ ਗਿਣਦਿਆਂ
ਚੋਰ ਸਿਪਾਹੀ ਲੱਭਦਿਆਂ
ਮਾਂ ਦੀਆਂ ਲੋਰੀਆਂ ਲਾਡਾਂ ਨਾਲ
ਪਰ ਦੁਆਵਾਂ ਬਾਤਾਂ
ਰਾਤ ਭਰ ਜਾਗਦੀਆਂ ਰਹਿੰਦੀਆਂ
ਬਾਪੂ ਵਾਟਾਂ ਦੀ ਲੰਬਾਈ ਵਿੱਚੋਂ
ਮੰਜ਼ਿਲਾਂ ਭਾਲਦਾ
ਪੁੱਤਾਂ ਦੇ ਸੁਪਨੇ ਉਸਾਰਦਾ ਗਿਣਦਾ
ਸੁਬਾਹ ਸ਼ਾਮ ਨਾਲ ਮੁਸਕਰਾਉਂਦਾ
ਦਰਵਾਜ਼ੇ ਦੀ ਚੌਖਟ
ਉਡੀਕਾਂ ਅਸੀਸਾਂ ਬਣ ਬਹਿੰਦੀਆਂ ਭੈਣਾਂ
ਵੀਰਿਆਂ ਦੇ ਰਾਹ ਮਿਣਦੀਆਂ ਭਰਦੀਆਂ
ਬਾਹਾਂ ਖੋਲ੍ਹ ਕੇ ਤੁਰਦੇ ਵੀਰੇ
ਆਪੋ ਆਪਣੀਆਂ ਰਾਹਾਂ ਵੱਲ
ਉਲਝਣਾਂ ਦੀ ਧੁੰਦ ਵਿੱਚ
ਇੱਕ ਦੂਜੇ ਨੂੰ ਕਾਹਲੀ ਵਿੱਚ
ਬੁਲਾਉਣਾ ਮਿਲਣਾ ਵੀ ਭੁੱਲ ਜਾਂਦੇ
ਰਿਸ਼ਤਿਆਂ ਨਾਲ ਬਣਦਾ ਘਰ
ਦੀਵਾਰਾਂ ਨਾਲ ਨਹੀਂ
ਬੂਹੇ ਕਹਿਣ
ਪਰ ਸਮੇਂ ਦੀਆਂ ਹਵਾਵਾਂ
ਦਰਾਰਾਂ ਪਾ ਜਾਂਦੀਆਂ
ਤਿੜਕ ਜਾਂਦੇ ਘਰ
ਬਣ ਜਾਣ ਘਰਾਂ ਤੋਂ ਮਕਾਨ
ਇੱਟਾਂ ਰਹਿ ਜਾਣ
ਬਾਰੀਆਂ ਬੂਹਿਆਂ ਨੂੰ ਸਾਂਭਦੀਆਂ
ਹੱਸਦਾ ਵਸਦਾ ਪ੍ਰੀਵਾਰ
ਹੌਲੀ ਹੌਲੀ ਤਿੜਕਨ
ਟੁੱਟਣ ਖੁਰਨ ਲੱਗੇ
ਇਹ ਸਾਰਾ ਕੁਝ
ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਹੋਵੇ
ਜੀਊਂਦਾ ਰਹੇ ਰਿਸ਼ਤਾ ਰਾਹ
ਇੱਕ ਦੂਜੇ ਲਈ
ਟੁੱਟ ਕੇ ਵੀ
ਇਕੱਠੇ ਰਹਿਣ ਦਾ ਨਾਮ ਜਪੇ