ਅਤਿਆਚਾਰੀ ਔਰੰਗਜੇਬ ਸੀ ਰਾਜਾ ਇਕ ਮੁਗਲਾਂ ਦਾ,
ਜ਼ਾਲਮ ਜਿਸ ਵਰਗਾ ਨਾ ਇਸ ਦੁਨੀਆ ਵਿਚ ਆਇਆ
ਖ਼ੁਰਾ-ਖੋਜ ਮਿਟਾ ਦਿਓ ਆਖੇ ਸਾਰੇ ਹਿੰਦੂਆਂ ਦਾ,
ਜੋ ਨਾ ਧਰਮ ਬਦਲਕੇ ਵਿਚ ਅਸਾਡੇ ਆਇਆ
ਆਖਰ ਕੰਲਗੀਆਂ ਵਾਲੇ ਸਤਿਗੁਰ ਸੱਚੇ-ਪਾਤਸ਼ਾਹ,
ਰੁੱਕਾ ਲਿਖਿਆ ਸੇਵਕਾਂ ਹੱਥੀਂ ਸੰਗਤਾਂ ਨੂੰ ਭਿਜਵਾਇਆ
ਸੰਗਤ ਆਕੇ ਦੂਰੋਂ , ਜੁੜ ਗਈ ਵਿਚ ਅਨੰਦਪੁਰ ਦੇ,
ਵੱਜੀ ਚੋਟ ਨਗਾਰੇ, ਜਦ ਤੰਬੂ ਗਿਆ ਸਜਾਇਆ
ਖਿੱਚ ਤਲਵਾਰ ਗੁਰਾਂ ਨੇ ਸੀਸ ਦੀ ਜਦ ਭੇਟ ਮੰਗੀ ,
ਇਕ ਦਮ ਸੰਗਤ ਦੇ ਵਿਚ ਘੋਰ ਛਨਾਟਾ ਛਾਇਆ
ਉੱਠਿਆ ਦਯਾ ਰਾਮ ਜੀ ਸਿਦਕੀ ਸਿੱਖ ਲਾਹੌਰ ਦਾ
ਜਿਸਨੇ ਹੱਥ ਜੋੜ ਕੇ ਅਪਣਾ ਸੀਸ ਝੁਕਾਇਆ
ਸਾਜੇ ਪੰਜ ਪਿਆਰੇ ਪਰਖ ਪਰਖ ਕੇ ਸਤਿਗੁਰ ਨੇ,
ਜੀਹਨਾਂ ਛਕਿਆ ਅੰਮ੍ਰਿਤ, ‘ਤੇ ਸਤਿਗੁਰ ਨੂੰ ਛਕਾਇਆ
ਧੰਨ ਵਸਾਖੀਏ ਨੀ ਕੀ ਕੋਈ ਤੇਰੀ ਸਿਫਤ ਕਰੇ,
ਮੁਲਕੋਂ ਹੋਇਆ ਇਕ ਦਿਨ ਮੁਗਲਾਂ ਦਾ ਸਫਾਇਆ
*