ਕੀ ਕਰਨੈ ਕਹਿ ਕੇ ਚੱਲ ਰਹੀਆਂ ਹਵਾਵਾਂ ਨੂੰ।
ਕੀ ਲੈਣੈ ਬਹਿ ਕੇ ਚੱਲ ਆਪਣੇ ਰਾਹਵਾਂ ਨੂੰ।
ਚੰਦ ਛਿੱਲੜਾਂ ਲਈ ਬਿਰਖਾਂ ਤੋਂ ਹੱਥ ਧੋ ਬੈਠੇ,
ਰਾਹੀ ਤਰਸਣ ਠੰਢੀਆਂ ਮਿੱਠੀਆਂ ਛਾਵਾਂ ਨੂੰ।
ਭੈੜੀ ਜੰਗ ਨੇ ਲੱਖਾਂ ਲੋਕ ਉਜਾੜੇ ਨੇ,
ਢੈਅ ਢੇਰੀ ਕਰ ਦਿੱਤਾ ਕਿੰਨੀਆਂ ਥਾਂਵਾਂ ਨੂੰ।
ਕੋਈ ਕਰਦਾ ਫਿਰਦੈ ਗ਼ਿਲਾ ਨਸੀਬਾਂ ਦਾ,
ਕਿੰਝ ਚੜ੍ਹਾਵੇ ਪੂਰ ਉਹ ਬੰਦਾ ਚਾਵਾਂ ਨੂੰ।
ਜੰਗ ਤੋਂ ਅਣਜਾਣ ਬੱਚੇ ਰੋ ਰੋ ਹੰਭੇ ਨੇ,
ਲੱਭਣ ਆਪਣੀਆਂ ਮਰ ਚੁੱਕੀਆਂ ਮਾਵਾਂ ਨੂੰ।
ਚੁੱਪ ਸਦਾ ਹੀ ਵੱਟਣ ਸਾਰੇ ਨੇਤਾ ਜੀ,
ਬੰਦਾ ਛੱਡ ਚੱਲਿਆ ਸੱਚ ਦੇ ਰਾਹਵਾਂ ਨੂੰ।