ਨਾਵਲ ‘ਮੈਂ ਮੁੜ ਆਵਾਂਗੀ’ ਹੋਇਆ ਲੋਕ ਅਰਪਣ
(ਖ਼ਬਰਸਾਰ)
ਅੰਮ੍ਰਿਤਸਰ - ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਵਲੋਂ ਪੰਜਾਬੀ ਸਾਹਿਤਕਾਰਾਂ ਦੀ ਭਰਵੀਂ ਇਕੱਤਰਤਾ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕੀਤੀ ਗਈ ਜਿਸ ਵਿਚ ਮਾਝਾ ਵਰਲਡਵਾਈਡ ਵੱਲੋਂ ਪ੍ਰਕਾਸ਼ਿਤ ਅਤੇ ਸਿੱਖ ਚਿੰਤਕ ਅਤੇ ਬਹੁ-ਵਿਧਾਵੀ ਸਾਹਿਤਕਾਰ ਇਕਵਾਕ ਸਿੰਘ ਪੱਟੀ ਵੱਲੋਂ ਲਿਖਤ ਨਾਵਲ ‘ਮੈਂ ਮੁੜ ਆਵਾਂਗੀ’ ਲੋਕ ਅਰਪਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਕਵਾਕ ਸਿੰਘ ਪੱਟੀ ਦੀ ਇਹ ਤੇਰਵੀਂ ਪੁਸਤਕ ਹੈ। ਇਸ ਤੋਂ ਇਲਾਵਾ ਲੇਖਕ ਦੀਆਂ ਵਾਰਤਕ, ਕਹਾਣੀ, ਮਿੰਨੀ ਕਹਾਣੀ, ਸ਼ਾਇਰੀ ਅਤੇ ਤਬਲਾ ਵਾਦਨ (ਸੰਗੀਤ) ਸੰਬੰਧੀ ਵੀ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਲੇਖਕ ਸੰਘ ਜਰਨਲ ਸਕੱਤਰ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਸਭਾ ਵਲੋਂ ਆਏ ਆਦੀਬਾਂ ਦਾ ਸਵਾਗਤ ਕਰਦੇ ਹੋਏ ਮਰਹੂਮ ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਦੀ ਸਾਹਿਤਕ ਜੋੜੀ ਨੂੰ ਯਾਦ ਕਰਦਿਆਂ ਆਖਿਆ ਕਿ ਉਹਨਾਂ ਸਭਾ ਨੂੰ ਸਾਹਿਤਕ ਬੁਲੰਦੀਆਂ ’ਤੇ ਪਹੁੰਚਾਇਆ ਸੀ। ਸਭਾ ਦੇ ਸਕੱਤਰ ਸੁਮੀਤ ਸਿੰਘ ਨੇ ਸਭਾ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ ਅਤੇ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਮੁੱਖ ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ ਨੂੰ ਸਭਾ ਦੇ ਸਰਪ੍ਰਸਤ ਅਤੇ ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਨੂੰ ਪ੍ਰਧਾਨ ਥਾਪਿਆ ਗਿਆ। ਪ੍ਰਿੰ. ਕੁਲੰਵਤ ਸਿੰਘ ਅਣਖੀ ਨੇ ਦੋਹਾਂ ਸਾਹਿਤਕਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਅਗਲੇ ਸਾਹਿਤਕ ਸਮਾਗਮ ਉਲੀਕਣ ਲਈ ਵੀ ਪ੍ਰੇਰਿਆ।
ਇਕਵਾਕ ਸਿੰਘ ਪੱਟੀ ਨੇ ਨਾਵਲ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਹਿਤ ਜੋ ਵੀ ਰਚਿਆ ਜਾਵੇ, ਉਸ ਵਿੱਚ ਸੱਚ, ਲੋਕ ਭਲਾਈ ਅਤੇ ਕਿਸੇ ਵੀ ਰੂਪ ਵਿੱਚ ਸਮਾਜਿਕ ਜਾਗਰੂਕਤਾ ਦੇ ਪੱਖ ਜ਼ਰੂਰ ਉਭਾਰੇ ਜਾਣ। ਇਹ ਨਾਵਲ ਮਹਿਲਾ ਪ੍ਰਧਾਨ ਕਿਰਦਾਰ ਦੇ ਦੁਆਲੇ ਘੁੰਮਦਾ ਹੈ ਅਤੇ ਪੰਜ ਸਹੇਲੀਆਂ ਦੀ ਕਹਾਣੀ ਹੈ। ਇਹ ਕਹਾਣੀ ਸਾਡੇ ਆਲੇ-ਦੁਆਲ਼ੇ ਚੱਲ ਰਹੀ ਪਰਵਾਰਕ ਅਤੇ ਸਮਾਜਿਕ ਕਸ਼ਮਕਸ਼ ’ਤੇ ਕੇਂਦਰਿਤ ਹੈ। ਉਹਨਾਂ ਉਮੀਦ ਜਤਾਈ ਕਿ ਪਹਿਲੀਆ ਕਿਤਾਬਾਂ ਵਾਂਗ ਪੰਜਾਬੀ ਦੇ ਸੂਝਵਾਨ ਪਾਠਕ ਇਸ ਕਿਤਾਬ ਨੂੰ ਵੀ ਭਰਵਾਂ ਹੁੰਗਾਰਾ ਅਤੇ ਉਤਸ਼ਾਹ ਦੇਣਗੇ।
ਇਸ ਮੌਕੇ ਰਚਨਾਵਾਂ ਦੇ ਚੱਲੇ ਦੌਰ ਵਿਚ ਮੱਖਣ ਭੈਣੀਵਾਲ ਵਲੋਂ ‘ਨੀਲੀ ਛੱਤ ਵਾਲਾ ਸਾਡੇ ਕੰਮ ਕਰਦਾ’ ਗੀਤ ਗਾ ਕੇ ਸੰਗੀਤਕ ਰੰਗ ਬੰਨ੍ਹ ਦਿੱਤਾ ਪ੍ਰਿੰ. ਗੁਰਜੀਤ ਕੌਰ ਅਜਨਾਲਾ, ਰਮਿੰਦਰਜੀਤ ਕੌਰ, ਪਰਮਜੀਤ ਕੌਰ, ਜਸਵੰਤ ਗਿੱਲ, ਅੰਗਰੇਜ਼ ਸਿੰਘ ਵਿਰਦੀ ਆਦਿ ਨੇ ਸਹਿਤਕ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ। ਸਮਾਗਮ ਦੇ ਆਖ਼ਰ ਵਿੱਚ ਮੋਹਿਤ ਸਹਿਦੇਵ ਅਤੇ ਡਾ. ਕਸ਼ਮੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।