ਲੇਖਕਾਂ ਸ਼ਾਇਰਾਂ ਕਵੀਆਂ ਤੇ ਸਾਹਿਤਕਾਰਾਂ ਵੱਲੋਂ ਮਨਾਇਆ ਗਿਆ ਮਜ਼ਦੂਰ ਦਿਵਸ
(ਖ਼ਬਰਸਾਰ)
ਦਸੂਹਾ: ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ:) ਪੰਜਾਬ ਵੱਲੋਂ ਵਿਸ਼ੇਸ਼ ਇਕੱਤਰਤਾ ਅੱਜ ਰੈਸਟ ਹਾਊਸ ਦਸੂਹਾ ਵਿਖੇ ਕੀਤੀ ਗਈ, ਜਿਸ ਦੌਰਾਨ ਦਸੂਹਾ, ਗੜਦੀਵਾਲਾ, ਹਾਜੀਪੁਰ, ਤਲਵਾੜਾ ਦੇ ਉਬਰਦੇ ਅਤੇ ਸਥਾਪਿਤ ਸ਼ਾਇਰ, ਲੇਖਕ, ਕਵੀ ਤੇ ਸਾਹਿਤਕਾਰ ਵਿਸ਼ੇਸ਼ ਤੌਰ ਤੇ ਪਹੁੰਚੇ! ਇਸ ਦੌਰਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ.) ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਮੰਚ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਸਾਰੇ ਸ਼ਾਇਰਾਂ ਅਤੇ ਲੇਖਕਾਂ ਨੂੰ ਦਿੱਤੀ! ਇਸ ਮੀਟਿੰਗ ਦੌਰਾਨ ਅੱਜ ਵਿਸ਼ੇਸ਼ ਤੌਰ ਤੇ ਮਜ਼ਦੂਰ ਦਿਵਸ ਨੂੰ ਸਮਰਪਿਤ ਸ਼ਾਇਰਾਂ, ਲੇਖਕਾਂ, ਕਵੀਆਂ, ਸਾਹਿਤਕਾਰਾਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਅਤੇ ਮਜ਼ਦੂਰਾਂ ਕਿਰਤੀ ਕਾਮਿਆਂ ਦੀ ਘਾਲਣਾ ਸੰਘਰਸ਼ ਅਤੇ ਸਖਤ ਮਿਹਨਤ ਨੂੰ ਯਾਦ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਸਾਹਿਤਕ ਮੰਚ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਅਨੇਕਾਂ ਹੋਰ ਉਪਰਾਲੇ ਕੀਤੇ ਜਾਣਗੇ ਅਤੇ ਲੇਖਕਾਂ, ਸ਼ਾਇਰਾਂ, ਕਵੀਆਂ ਅਤੇ ਸਾਹਿਤਕਾਰਾਂ ਨਾਲ ਰਲ਼ ਕੇ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾਣਗੇ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ (ਪੁੱਤਰ ਕਹਾਣੀਕਾਰ ਲਾਲ ਸਿੰਘ ਦਸੂਹਾ), ਲੇਖਕ ਪੱਤਰਕਾਰ ਅਮਰਜੀਤ ਸਿੰਘ ਖਾਕ, ਸਾਇੰਸ ਅਧਿਆਪਕ ਲੇਖਕ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ, ਲੇਖਿਕਾ ਸਮਾਜ ਸੇਵਿਕਾ ਬਲਵਿੰਦਰ ਕੌਰ ਲਗਾਣਾ, ਲੇਖਕ ਜੈਲੀ ਗੇਰਾ, ਸ਼ਾਇਰ ਸਿਮਰ ਜ਼ਹੀਨ ਦਸੂਹਾ, ਲੇਖਕ ਗੁਰਿੰਦਰ ਸਿੰਘ ਸਫ਼ਰੀ, ਲੇਖਕ ਰਾਜਿੰਦਰ ਪੰਨਵਾਂ ਆਦਿ ਹਾਜ਼ਿਰ ਸਨ! ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਹਰ ਮਹੀਨੇ ਇੱਕ ਸ਼ਾਇਰ ਜਾਂ ਸਾਹਿਤਕਾਰ ਨਾਲ ਰੂਬਰੂ ਕੀਤਾ ਜਾਵੇਗਾ ਅਤੇ ਅੱਗੇ ਤੋਂ ਮੰਚ ਦੀਆਂ ਮੀਟਿੰਗਾਂ ਪਿੰਡ ਪੱਧਰ ਤੇ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਸ਼ਬਦ, ਕਲਮ ਅਤੇ ਕਿਤਾਬ ਨਾਲ ਜੋੜਨ ਦਾ ਮੰਚ ਦਾ ਨਾਅਰਾ ਕਾਇਮ ਰੱਖਿਆ ਜਾ ਸਕੇ।