ਨਿੱਕੀਆਂ ਨਿੱਕੀਆ ਗੱਲਾਂ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ : ਨਿੱਕੀਆਂ ਨਿੱਕੀਆ ਗੱਲਾਂ
ਲੇਖਕ : ਜੋਧ ਸਿੰਘ ਮੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ : 142  |  ਮੁੱਲ : 350 ਰੁਪਏ

 

ਬਜ਼ੁਰਗ ਸਾਹਿਤਕਾਰ ਜੋਧ ਸਿੰਘ ਮੋਗਾ ਦੀ ਤਾਜ਼ਾ ਛਪੀ ਇਹ ਵਾਰਤਕ ਪੁਸਤਕ ਖਾਸ ਕਰਕੇ ਵਿਦਿਆਰਥੀ ਵਰਗ ਲਈ ਹੈ। ਪੁਸਤਕ ਵਿਚ 84 ਸੰਖੇਪ ਲੇਖ ਹਨ। ਸਾਰੇ ਲੇਖ ਸਿਖਿਆਦਾਇਕ ਹਨ। ਵਿਦਿਆਰਥੀਆਂ ਨੂੰ ਚੰਗੀ ਜੀਵਨ ਜਾਚ ਦੇ ਮਾਰਗ ਤੇ ਤੋਰਨ ਦੇ ਸਮਰਥ ਹਨ। ਲੇਖਕ 97 ਸਾਲ ਦੀ ਅਵਸਥਾ ਵਿਚ ਵੀ ਵਿਦਿਆਰਥੀਆਂ ਦੇ ਭਵਿਖ ਲਈ ਸ਼ਬਦਾਂ ਦੇ ਇਹ ਖਜਾਨੇ ਵੰਡ ਰਿਹਾ ਹੈ। ਅਜੋਕੇ ਮਹਿੰਗਾਈ ਦੇ ਸਮੇਂ ਵਿਚ ਮੁਫਤ ਕਿਤਾਬਾਂ ਵੰਡਣ ਦਾ ਅਹਿਮ ਕਾਰਜ ਲੇਖਕ ਕਰ ਰਿਹਾ ਹੈ। ਇਹ ਆਪਣੇ ਆਪ ਵਿਚ ਬਹੁਤ ਵਡੱਮੁਲੀ ਸਾਹਿਤਕ ਸੇਵਾ ਹੈ (ਜੋ ਕਿਸੇ ਵਿਰਲੇ ਬੰਦੇ ਦਾ ਕੰਮ ਹੈ)। ਪ੍ਰਾਪਤ ਕਿਤਾਬ ਵਿਚ ਇਸ ਕਿਸਮ ਦੀ ਪਰਚੀ ਚਿਪਕਾਈ ਗਈ ਹੈ ਕਿ ਇਹ ਚੌਥੀ ਪੁਸਤਕ ਵੀ 25 ਸਕੂਲਾਂ ਦੇ 125 ਵਿਦਿਆਰਥੀਆਂ ਨੂੰ ਮੁਫਤ ਵੰਡੀ ਜਾ ਰਹੀ ਹੈ। ਪਹਿਲਾਂ ਚਾਰ ਕਿਤਾਬਾਂ ਲੇਖਕ ਮੋਗੇ ਦੇ ਸਕੂਲਾਂ ਵਿਚ ਵੰਡ ਵੀ ਚੁੱਕਾ ਹੈ। ਇਹ ਹੈ ਕਿਤਾਬਾਂ ਦਾ ਲੰਗਰ ਜਿਸ ਦੀ ਰਿਵਾਇਤ ਸਾਡੇ ਪ੍ਰਸਿਧ ਗੁਰਮਤਿ ਲੇਖਕ ਸਰੂਪ ਸਿੰਘ ਅਲਗ ਜੀ ਨੇ ਕੀਤੀ ਹੈ। ਪੰਜਾਬੀ ਸਾਹਿਤ ਲਈ ਮੁਬਾਰਕ ਹੈ।

ਇਸ ਕਿਤਾਬ ਦੇ ਲੇਖ ਵੰਨ-ਸੁਵੰਨੇ ਹਨ। ਗੱਲਾਂ ਨਿੱਕੀਆ ਨਿੱਕੀਆ ਹਨ, ਪਰ ਸੁਚੱਜੀ ਜੀਵਨ ਜਾਚ ਲਈ ਇਹ ਨਿੱਕੀਆਂ ਗੱਲਾਂ ਵੀ ਅਰਥ ਭਰਪੂਰ ਹਨ। ਚੰਗੀ ਸ਼ਖਸੀਅਤ ਬਣਾਉਣ ਵਾਲੀਆਂ ਗੱਲਾਂ ਹਨ। ਨਿੱਕਾ ਬੱਚਾ ਵੀ ਸ਼ੁਰੂ ਤੋਂ ਚੰਗੀਆਂ ਗੱਲਾਂ ਤੇ ਅਮਲ ਸ਼ੁਰੂ ਕਰ ਦੇਵੇ ਤਾਂ ਘਰ ਪਰਿਵਾਰ ਦਾ ਨਾਮ ਰੌਸ਼ਨ ਕਰਦਾ ਹੈ, ਨਾਲ ਹੀ ਜੀਵਨ ਵਿਚ ਤਰੱਕੀ ਕਰਦਾ ਹੈ। ਇਹ ਲੇਖ ਇਸ ਨਜ਼ਰੀਏ ਤੋਂ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹਨ। ਪੂਰੇ ਪੰਜਾਬ ਦੇ ਹਰੇਕ ਨਿਜੀ ਤੇ ਸਰਕਾਰੀ ਸਕੂਲ ਵਿਚ ਇਹ ਕਿਤਾਬ ਪੜ੍ਹੀ ਪੜ੍ਹਾਈ ਜਾਣੀ ਚਾਹੀਦੀ ਹੈ। ਸਕੂਲਾਂ ਦੇ ਯੋਗ ਮੁਖੀ ਸਾਹਿਬਾਨ ਸਵੇਰੇ ਸਭਾ ਵਿਚ ਜੇ ਕਿਤਾਬ ਦਾ ਇਕ-ਇਕ ਪਾਠ ਵੀ ਸਪੀਕਰ ਤੇ ਬੋਲਣ ਤੇ ਬੱਚੇ ਸੁਣਨ, ਤਾਂ ਸਕੂਲਾਂ ਦਾ ਮਾਹੌਲ ਕਾਫੀ ਹੱਦ ਤਕ ਬਦਲ ਸਕਦਾ ਹੈ। ਕਾਫੀ ਸਮੇਂ ਪਿਛੋਂ ਹੁਣ ਜੋਧ ਸਿੰਘ ਮੋਗਾ ਦੀਆਂ ਕਿਤਾਬਾਂ ਆ ਰਹੀਆਂ ਹਨ। ਬਜ਼ੁਰਗ ਲੇਖਕ ਜੋਧ ਸਿੰਘ ਕੋਲ ਇਕ ਚਿਣਗ ਹੈ ਕਿ ਉਹ ਆਪਣੀ ਕਲਮ ਤੋਂ ਉਹ ਲਿਖੇ ਜੋ ਆਉਣ ਵਾਲੀ ਪੀੜ੍ਹੀ ਲਈ ਸਾਰਥਿਕ ਹੋਵੇ। ਸਾਹਿਤ ਦਾ ਮੰਤਵ ਵੀ ਇਹੋ ਹੈ।

ਪ੍ਰਸਿਧ ਹਾਸ-ਵਿਅੰਗ ਲੇਖਕ ਕੇ. ਐਲ. ਗਰਗ ਨੇ ਕਿਤਾਬ ਦੀ ਭੂਮਿਕਾ ਲਿਖੀ ਹੈ ਤੇ ਨਿੱਕੀਆਂ ਗੱਲਾਂ ਦੇ ਵੱਡੇ ਨਤੀਜੇ ਦੀ ਭਵਿਖਬਾਣੀ ਕੀਤੀ ਹੈ, ਜੋ ਕਿ ਬਹੁਤ ਢੁਕਵੀਂ ਪ੍ਰਸੰਸਾ ਹੈ। ਲੇਖਕ ਨੇ ਇਹ ਕਿਤਾਬ ਅਧਿਆਪਕਾਂ ਨੂੰ ਸਮਰਪਿਤ ਕੀਤੀ ਹੈ — ਉਹ ਅਧਿਆਪਕ ਜੋ ਰਾਸ਼ਟਰੀ ਨਿਰਮਾਤਾ ਹਨ, ਜੋ ਭਵਿਖ ਦੇ ਸਮਾਜ ਦੇ ਥੰਮ੍ਹ ਹਨ। ਸਾਰੇ ਲੇਖਾਂ ਵਿਚੋਂ ਕੁਝ ਦੇ ਸਿਰਲੇਖ ਬਹੁਤ ਆਕਰਸ਼ਕ ਹਨ, ਜਿਵੇਂ — ਜੀ ਜੀਅ, ਟੇਬਲ ਲੈਂਪ, ਬਹੁਤ ਬਹੁਤ ਧੰਨਵਾਦ, ਗੰਦੇ ਨੋਟ, ਬੰਦ ਬੂਟ ਤੇ ਨੀਂਵੀ ਪੈਂਟ, ਬਾਈ ਸਾਈਕਲ, ਤੁਹਾਡੇ ਸਕੂਲ ਦਾ ਨਾਂ, ਹੈਲੋ ਟਨ ਟਨ, ਆਈ ਦੀਵਾਲੀ – ਠਾਹ ਠਾਹ ਆਦਿ। ਵੱਡੀ ਗੱਲ ਹੈ ਕਿ ਸਾਰੇ ਲੇਖ ਸਪਸ਼ਟ, ਸੰਖੇਪ ਤੇ ਦਿਲਚਸਪ ਸ਼ੈਲੀ ਵਿਚ ਹਨ। ਕੁਝ ਲੇਖਾਂ ਦੀ ਸੁਰ ਵਿਅੰਗਮਈ ਤੇ ਸੰਬੋਧਨੀ ਹੈ। ਵਿਦਿਆਰਥੀ ਰੀਝ ਨਾਲ ਪੜ੍ਹ ਸਕਦੇ ਹਨ।

ਲੇਖਕ ਲੰਮਾ ਸਮਾਂ ਸਿੱਖਿਆ ਖੇਤਰ ਵਿਚ ਕਲਾ ਅਧਿਆਪਕ ਰਿਹਾ ਹੈ। ਕਿਤਾਬ ਵਿਚ 10 ਫੋਟੋ-ਸਕੈਚ ਹਨ ਜੋ ਲੇਖਕ ਦੀ ਆਪਣੀ ਕਲਾ ਦਾ ਕਮਾਲ ਹਨ। ਸੁਹਿਰਦ ਲੇਖਕ ਜੋਧ ਸਿੰਘ ਮੋਗਾ ਆਪਣੇ ਜੀਵਨ ਤਜ਼ਰਬੇ ਕਿਤਾਬਾਂ ਵਿਚ ਦੇ ਰਿਹਾ ਹੈ। ਵਧੀਆ ਕਿਤਾਬ ਲਈ ਲੇਖਕ ਮੁਬਾਰਕ ਦਾ ਹੱਕਦਾਰ ਹੈ। ਮੇਰੀ ਚਾਹਤ ਹੈ ਕਿ ਪੰਜਾਬ ਸਿੱਖਿਆ ਵਿਭਾਗ ਇਸ ਕਿਤਾਬ ਨੂੰ ਸਾਰੇ ਸਕੂਲਾਂ ਵਿਚ ਭੇਜਣ ਦਾ ਉਪਰਾਲਾ ਜ਼ਰੂਰ ਕਰੇ ਤੇ ਪੰਜਾਬ ਸਕੂਲ ਬੋਰਡ ਵੀ ਇਸ ਕਿਤਾਬ ਦਾ ਨੋਟਿਸ ਲਵੇ।