ਪੰਜਾਬੀ ਦੁਨੀਆਂ ਦੇ ਕਈ ਮੁਲਕਾਂ ਵਿੱਚ ਜਾ ਵਸੇ ਹਨ। ਇੰਨ੍ਹਾਂ ਵਿਦੇਸ਼ਾਂ ਵਿੱਚ ਵਪਾਰਕ ਖੇਤਰ ਵਿੱਚ ਆਪਣੇ ਪੈਰ ਜਮਾਏ ਹਨ। ਉਚੇਰੀ ਸਿੱਖਿਆ ਹਾਸਲ ਕਰਕੇ, ਚੰਗੇ ਅਹੁਦੇ ਪ੍ਰਾਪਤ ਕਰਕੇ ਨਾਮਣਾ ਖੱਟਿਆ। ਪੰਜਾਬੀਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਨੂੰ ਔਕੜਾਂ, ਤੰਗੀ-ਤੁਰਸ਼ੀਆਂ ਵਿੱਚ ਹੁੰਦੇ ਹੋਏ ਵੀ ਮਨੋਂ ਨਹੀਂ ਵਿਸਾਰਿਆ। ਮਾਨਵੀ ਕਦਰਾਂ-ਕੀਮਤਾਂ ਨੂੰ ਸਾਹਿਤ ਰਾਹੀਂ ਹੁਲਾਰਾ ਮਿਲਦਾ ਹੈ। ਕਵਿਤਾ ਨੇ ਮਨੁੱਖ ਨੂੰ ਸੂਖਮ ਸੰਵੇਦਨਾ ਰਾਹੀਂ ਜਾਗਰਿਤ ਕੀਤਾ ਹੈ। ਇਸ ਪ੍ਰਸੰਗ ਵਿੱਚ ਕਮਲ ਬੰਗਾ ਸੈਕਰਾਮੈਂਟੋ ਦਾ ਨਾਂ ਬੜਾ ਆਦਰਯੋਗ ਹੈ, ਜਿਸਨੇ ਆਪਣੀ ਕ੍ਰਿਤ ਕਰਦਿਆਂ ਮਾਂ-ਬੋਲੀ ਪੰਜਾਬੀ ਨਾਲ ਸਾਂਝ, ਸਨੇਹ ਤੇ ਮੁਹੱਬਤ ਬਣਾਈ ਰੱਖੀ ਹੈ।
ਜੇਕਰ ਉਸਦੀ ਪੁਸਤਕ ਦੀ ਸਮੀਖਿਆ ਦੀ ਗੱਲ ਕਰੀਏ ਤਾਂ ਉਸਦੇ ਵਸਤੂ ਅਤੇ ਸ਼ੈਲੀ ਬਾਰੇ ਚਰਚਾ ਕਰਾਂਗੇ। ਸ਼ੈਲੀ ਹੀ ਮਨੁੱਖ ਹੈ, ਵਸਤੂ ਕਾਵਿ ਦੀ ਆਤਮਾ ਹੈ। ਬੰਗਾ ਜਿਵੇਂ ਸਿਰਜਣਾ ਵਿੱਚ ਗੰਭੀਰ ਹੁੰਦਾ ਗਿਆ, ਉਨਾਂ ਹੀ ਉਸਦਾ ਅਨੁਭਵ ਵਿਸ਼ਾਲ ਹੁੰਦਾ ਗਿਆ। ਉਸਨੇ ਪੁਸਤਕ ‘ਕਾਵਿ-ਕ੍ਰਿਸ਼ਮਾ’ ਵਿੱਚ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਬੰਗਾ ਮਾਂ-ਬੋਲੀ ਅਤੇ ਸਭਿਆਚਾਰ ਦਾ ਕੁਲਵਕਤੀ ਵਚਨਬੱਧ ਕਵੀ ਹੈ। ਉਸਦਾ ਕਾਵਿ ਨਿਰਮਲ ਜਲ ਵਾਂਗ ਵਹਿੰਦਾ ਹੈ, ਜੀਵਨ ਦੀਆਂ ਕਈ ਪਰਤਾਂ ਫਰੋਲਦਾ ਹੈ, ਸਾਂਝੀਵਾਲਤਾ ਦਾ ਸੁਨੇਹਾ ਤੇ ਇਨਸਾਨੀਅਤ ਦਾ ਹੋਕਾ ਦਿੰਦਾ ਹੈ।
ਉਸਦੀ ਰਚਨਾ ਵਿੱਚ ਮਾਨਵੀ ਦੁਖਾਂ ਦੀ ਚੀਸ ਹੈ, ਸਮਾਜਿਕ ਸਰੋਕਾਰਾਂ ਦਾ ਫਿਕਰ ਹੈ। ਪਦਾਰਥਵਾਦੀ ਯੁਗ ਵਿੱਚ ਰਿਸ਼ਤਿਆਂ ਦੇ ਗੁਆਚਣ ਦਾ ਵਿਗੋਚਾ ਹੈ। ਸਾਦੀ ਸ਼ੈਲੀ, ਮੁਹਾਵਰੇਦਾਰ ਬੋਲੀ ਅਤੇ ਅਲੰਕਾਰ ਵਰਤੇ ਹਨ — ਜਿਵੇਂ ਰੁੱਖ, ਪੰਛੀ, ਫੁੱਲ, ਜੁਗਨੂੰ, ਚੰਦ, ਸੂਰਜ, ਤਾਰੇ, ਮੋਰ ਆਦਿ। ਪੰਜਾਬੀ ਮਾਂ-ਬੋਲੀ ਦੀ ਉਪਯੋਗਤਾ ਬਾਰੇ ਕਹਿੰਦਾ ਹੈ:
ਮਾਂ-ਬੋਲੀ ਵਿਰਸੇ ਨੂੰ ਅਬਾਦ ਰੱਖਦੀ ਹੈ।
ਕਿਉਂਕਿ ਇਸਦਾ ਪ੍ਰਛਾਵਾਂ ਰੋਮ-ਰੋਮ ’ਚ ਰਹਿੰਦਾ ਹੈ।
ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਉੱਤੇ ਕਵੀ ਗੁੱਝਾ ਵਿਅੰਗ ਕਰਦਾ ਹੈ:
ਨਾਗਾਂ ਦੇ ਡੰਗ ਤਾਂ ਸਭ ਨੂੰ ਦਿਸ ਪੈਂਦੇ ਪਰ,
ਸਬੂਤ ਨਹੀਂ ਹੁੰਦੇ ਸ਼ਰੀਕਾਂ ਦੇ ਡੰਗਾਂ ਦੇ।
ਮੁਹੱਬਤ ਕਰਨ ਵਾਲਿਆਂ ਲਈ ਸੁਨੇਹਾ ਹੈ:
ਜਦ ਪਿਆਰ ਦੀ ਤੱਕੜੀ ’ਚ ਦਿਲ ਤੋਲੀਦੇ,
ਵੱਟਿਆਂ ਨਾਲ ਨਹੀਂ, ਫੁੱਲਾਂ ਨਾਲ ਤੋਲੀਦੇ।
ਨਿਆਂ-ਪ੍ਰਣਾਲੀ ਉੱਤੇ ਉਂਗਲ ਚੁੱਕੀ ਹੈ:
ਚੋਰ-ਉਚੱਕੇ ਤੇ ਜ਼ੁਲਮ ਵਧੀ ਜਾਂਦੇ ਨੇ,
ਸਰਕਾਰੀ ਵਕੀਲਾਂ ਕਰਕੇ ਵੀ ਸਜ਼ਾ ਘੱਟ ਗਈ।
ਜਨਤਾ ਨੂੰ ਜਾਗਰਿਤੀ ਦੀ ਆਸ ਦੇਣ ਵਾਲੇ ਲੋਕ ਵੀ ਹੋਏ ਹਨ:
ਮੰਡੇਲਾ ਨੇ ਪੱਚੀ ਸਾਲ ਜੇਲ ਕੱਟੀ ਸੀ,
ਉਹਨੇ ਲਿਖਿਆ ਕਿ ਆਸ ਗੁਲਾਮ ਨਹੀਂ ਹੁੰਦੀ।
ਵਤਨ ਤਬਦੀਲ ਕਰਨ ਵਾਲਿਆਂ ਬਾਰੇ ਕਹਿੰਦਾ ਹੈ:
ਯਾਰੋ ਕੋਈ ਪਿੰਡ ਗੁਆਚਦਾ ਨਹੀਂ ਪਰ,
ਪਿੰਡ ਛੱਡਣ ਵਾਲੇ ਦਾ ਹੀ ਦੋਸ਼ ਹੁੰਦਾ ਹੈ।
ਉਹ ਸੰਘਰਸ਼ ਕਰਦਿਆਂ ਵੀ ਸੰਤੁਸ਼ਟ ਹੈ ਤੇ ਰੱਬ ਉੱਤੇ ਵਿਸ਼ਵਾਸ ਰੱਖਦਾ ਹੈ:
ਜੋ ਰੱਬ ਨੇ ਕੀਤਾ, ਉਸਨੇ ਚੰਗਾ ਕੀਤਾ ‘ਕਮਲ’,
ਦੇਸ਼, ਘਰ-ਬਾਰ ਤੇ ਪਰਿਵਾਰ ਵਧੀਆ ਹੈ ‘ਕਮਲ’।
ਜ਼ਿੰਦਗੀ ਵਿੱਚ ਮਿਹਨਤ ਅਤੇ ਕਾਮਯਾਬੀ ਦੇ ਜਨੂੰਨ ਦੇ ਸ਼ਿਅਰ ਹਨ:
ਝੱਖੜ ਚਲਦੇ ਰਹਿਣਗੇ ਤੇ ਪੱਤੇ ਝੜਦੇ ਰਹਿਣਗੇ,
ਹਿੰਮਤ ਵਾਲੇ ਫੁੱਲ ਤਾਂ ਫਿਰ ਵੀ ਖਿੜਦੇ ਰਹਿਣਗੇ।
ਦਰਮਿਆਨੇ ਕੱਦ-ਕਾਠ ਤੇ ਚੁਸਤ ਜੁੱਸੇ ਵਾਲਾ ਬੰਗਾ ਪਹਿਲੀ ਨਜ਼ਰੇ ਸ਼ਰਮੀਲਾ ਜਿਹਾ ਲੱਗਦਾ ਹੈ, ਪਰ ਵਾਸਤਾ ਪੈਣ ਤੇ ਛੇਤੀ ਹੀ ਸਿੱਧ ਹੋ ਜਾਂਦਾ ਹੈ ਕਿ ਪਾਰਖੂ ਅੱਖ ਵਾਲਾ ਇਹ ਬੰਦਾ ਕਰਾਰੀ ਚੋਟ ਮਾਰਨ ਦੀ ਹਿੰਮਤ ਰੱਖਦਾ ਹੈ। ਅਸੀਂ ਲੱਗਭਗ ਤੀਹ ਸਾਲ ਤੋਂ ਮਿੱਤਰ-ਭਰਾ ਹਾਂ। ਉਹ ਵਿੱਛੜ ਚੁੱਕੇ ਸਮਕਾਲੀਆਂ ਲਈ ਹਾਉਕਾ ਭਰਦਾ ਹੈ ਤੇ ਉਨ੍ਹਾਂ ਦੇ ਰੇਖਾ-ਚਿਤਰ ਕਾਵਿ-ਰੂਪ ਵਿੱਚ ਚਿਤਰਦਾ ਹੈ।
ਚੰਗੇ ਸ਼ਬਦਾਂ ਦੀ ਫਸਲ ਸੁਕਦੀ ਨਹੀਂ,
ਚੰਗੇ ਸ਼ਾਇਰਾਂ ਦੀ ਯਾਦ ਕਦੇ ਮੁਕਦੀ ਨਹੀਂ।
ਜੀਵਨ ਦੀਆਂ ਬਹੁਪੱਖੀ ਪਰਤਾਂ ਉੱਤੇ ਲਿਖਣ ਵਾਲਾ ਕਵੀ ਸਫਲ ਕਵੀ ਹੁੰਦਾ ਹੈ। ਉਸਦੀ ਸਮੁੱਚੀ ਕਾਵਿ-ਘਾਲਣਾ ਇੱਕ ਅਠਾਰਵਾਂ ਅਜੂਬਾ ਹੈ। ਉਸਦੀ ਕਲਮ ਨੂੰ ਸਲਾਮ ਹੈ। ਅਜਿਹੇ ਹੋਰ ਅਜੂਬਿਆਂ ਦੀ ਉਡੀਕ ਵਿੱਚ!
ਪ੍ਰਮਿੰਦਰ ਸਿੰਘ ਪ੍ਰਵਾਨਾ
ਕੈਲੇਫੋਰਨੀਆ (ਯੂ.ਐਸ.ਏ.)