ਤਰਸੇਮ ਲੰਡੇ ਪੰਜਾਬੀ ਸਾਹਿਤ ਵਿੱਚ ਸਰਬਾਂਗੀ ਲੇਖਕ ਹੈ। ਮੈਂ ਉਸ ਦੀ ਪਹਿਲੀ ਲਿਖਤ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਪੜੀ ਸੀ ਜੋ ਕਿ ਇੱਕ ਮਿਡਲ ਸੀ। ਉਸਤੋਂ ਬਾਅਦ ਲਗਾਤਾਰ ਉਸ ਦੀਆਂ ਰਚਨਾਵਾਂ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਅਤੇ ਮੈਂ ਲਗਾਤਾਰ ਉਸਦੀ ਰਚਨਾ ਛਪਣ ਤੇ ਉਸ ਨੂੰ ਫੋਨ ਰਾਹੀਂ ਵਧਾਈ ਜ਼ਰੂਰ ਭੇਜਦਾ। ਹੁਣ ਤਰਸੇਮ ਲੰਡੇ ਦੀ ਕਿਤਾਬ ੳ-ਅ ਸਾਡਾ ਸਾਥੀ ਛਪ ਕੇ ਆਈ ਹੈ। ਕਿਤਾਬ ਦੇ ਕੁੱਲ 36 ਪੰਨੇ ਹਨ ਅਤੇ ਮੁੱਖ ਬੰਧ ਪੰਜਾਬੀ ਦੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਦਰਸ਼ਨ ਸਿੰਘ ਆਸ਼ਟ ਵੱਲੋਂ ਲਿਖਿਆ ਗਿਆ ਹੈ। ਕਿਤਾਬ ਬਹੁਤ ਖੂਬਸੂਰਤ ਢੰਗ ਨਾਲ ਸਪਤ ਰਿਸ਼ੀ ਪਬਲੀਕੇਸ਼ਨ ਵੱਲੋਂ ਛਾਪੀ ਗਈ ਹੈ।ਸਾਡੇ ਸਮਾਜ ਵਿੱਚ ਵੱਡੇ ਪੱਧਰ ਤੇ ਬਾਲ ਸਾਹਿਤ ਦੀ ਘਾਟ ਰਹੀ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਸਾਲ ਪੰਜਾਬ ਸਰਕਾਰ ਦੁਆਰਾ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਗ੍ਰਾਂਟ ਜਾਰੀ ਕੀਤੀ ਜਾਂਦੀ ਹੈ ਪਰ ਜਦੋਂ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਬਾਲ ਸਾਹਿਤ ਦੇਖਿਆ ਜਾਂਦਾ ਹੈ ਤਾਂ ਇਹ ਬੱਚਿਆਂ ਦੇ ਪੱਧਰ ਤੋਂ ਉੱਪਰ ਦੀ ਗੱਲ ਹੋ ਨਿਬੜਦਾ ਹੈ, ਤੇ ਜਿਹੜਾ ਸਾਹਿਤ ਮਿਲਦਾ ਵੀ ਹੈ ਉਸ ਨਾਲ ਗ੍ਰਾਂਟ ਦੀ ਪੂਰਤੀ ਨਹੀਂ ਹੁੰਦੀ ਫਿਰ ਅਧਿਆਪਕ ਨੂੰ ਨਾ ਚਾਹੁੰਦੇ ਹੋਏ ਵੀ ਗ੍ਰਾਂਟ ਪੂਰਤੀ ਲਈ ਬੱਚਿਆਂ ਦੇ ਪੱਧਰ ਤੋਂ ਉੱਪਰ ਦੀਆਂ ਕਿਤਾਬਾਂ ਖਰੀਦਣੀਆਂ ਪੈਂਦੀਆਂ ਹਨ।ਇੱਕ ਸੁਹਿਰਦ ਅਧਿਆਪਕ ਮਨੋਵਿਗਿਆਨ ਨੂੰ ਸਮਝਦਾ ਹੋਇਆ ਅਜਿਹੀ ਕਿਤਾਬ ਦੀ ਆਸ ਕਰਦਾ ਹੈ ਜਿਹੜੀ ਬੱਚਿਆਂ ਦੇ ਪੱਧਰ ਦੀ ਹੋਵੇ। ਤਰਸੇਮ ਲੰਡੇ ਦੀ ਕਿਤਾਬ ੳ-ਅ ਮੇਰਾ ਸਾਥੀ ਇਸ ਘਾਟ ਨੂੰ ਪੂਰਾ ਕਰਦੀ ਹੈ। ਅੱਜਕਲ੍ਹ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿੱਥੇ ਬੱਚੇ ਆਪਣਾ ਜ਼ਿਆਦਾ ਸਮਾਂ ਮੋਬਾਇਲ ਫੋਨ ਤੇ ਗੁਜ਼ਾਰਦੇ ਹਨ ਉੱਥੇ ਇਹ ਕਿਤਾਬ ਉਹਨਾਂ ਨੂੰ ਵਧੀਆ ਛਪੀ ਹੋਣ ਕਰਕੇ ਆਪਣੇ ਨਾਲ ਤੋਰਨ ਦਾ ਕੰਮ ਕਰੇਗੀ। ਮਾਪੇ ਅਤੇ ਅਧਿਆਪਕ ਇਸ ਕਿਤਾਬ ਦੇ ਆਉਣ ਨਾਲ ਜ਼ਰੂਰ ਆਸਵੰਦ ਹੋਣਗੇ।ਊੜੇ ਅੱਖਰ ਤੋਂ ਲੈਕੇ ੜਾੜੇ ਸ਼ਬਦ ਤੱਕ ਹਰ ਇੱਕ ਅੱਖਰ ਦੀ ਵਿਸ਼ੇਸ਼ਤਾ ਕਵਿਤਾ ਰੂਪ ਵਿੱਚ ਬਿਆਨ ਕੀਤੀ ਗਈ ਹੈ, ਇਹ ਚੀਜ਼ ਜਿੱਥੇ ਬੱਚਿਆਂ ਦੇ ਸੁਹਜ ਦੀ ਤ੍ਰਿਪਤੀ ਕਰਦੀ ਹੈ ਉਥੇ ਹੀ ਕਵਿਤਾ ਨਾਲ ਵੀ ਜੋੜਦੀ ਹੈ।
ਜਿਵੇਂ ਕਿ
ਊੜਾ ਊਠ, ਉੱਲੂ ਤੇ ਉਕਾਬ
ਅੱਖਰ ਹੋਰ ਵੀ ਨੇ ਬੇਹਿਸਾਬ।
ਜਾਂ
ਈੜੀ ਇੱਟ ਵੀ ਹੈ ਬੜੀ ਭਾਰੀ
ੲ ਇੱਲ੍ਹ ਕਿਵੇਂ ਚੱਕੂਗੀ ਵਿਚਾਰੀ।
ਇਸ ਤਰ੍ਹਾਂ ਹਰ ਇੱਕ ਅੱਖਰ ਨੂੰ ਆਧਾਰ ਬਣਾ ਕੇ ਤਰਸੇਮ ਨੇ ਬਹੁਤ ਵਧੀਆ ਕਵਿਤਾ ਦੀ ਰਚਨਾ ਕੀਤੀ ਹੈ।ਹਰ ਇੱਕ ਸਫ਼ੇ ਤੇ ਅੱਖਰ ਨਾਲ ਸੰਬੰਧਿਤ ਬਣਿਆ ਚਿੱਤਰ ਕਿਤਾਬ ਨੂੰ ਚਾਰ ਚੰਨ ਲਾਉਂਦਾ ਹੈ। ਇਹ ਕਿਤਾਬ ਨਾ ਸਿਰਫ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿੱਚ ਰਹਿ ਰਹੇ ਮਾਪਿਆਂ ਲਈ ਉਹਨਾਂ ਦੇ ਬੱਚਿਆਂ ਨੂੰ ਰੌਚਿਕ ਢੰਗ ਨਾਲ ਪੰਜਾਬੀ ਸਿਖਾਉਣ ਲਈ ਮਦਦਗਾਰ ਸਿੱਧ ਹੋਵੇਗੀ। ਮੈਂ ਆਸ ਕਰਦਾ ਹਾਂ ਕਿ ਤਰਸੇਮ ਲੰਡੇ ਪੰਜਾਬੀ ਸਾਹਿਤ ਨੂੰ ਅਜਿਹੀਆਂ ਹੋਰ ਕਿਤਾਬਾਂ ਦੇ ਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਵੇ।