ਦੈਵੀ ਸ਼ਕਤੀ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁੱਛੜ ਕਮਜ਼ੋਰ ਜਿਹਾ ਨਿਆਣਾ ਚੁੱਕੀ ਉਹ ਗਰੀਬੜੀ ਅਕਸਰ ਕਿਸੇ ਤਿੱਥ ਤਿਓਹਾਰ ਤੇ ਹੀ ਮੰਗਣ ਜਾਂਦੀ। ਪਰ ਉਸ ਦੁਖਿਆਰੀ ਦਾ ਦਿਲ ਉਦੋਂ ਹੋਰ ਵੀ ਦੁਖੀ ਹੋ ਜਾਂਦਾ ਜਦ ਕੁੱਝ ਦੁਕਾਨਦਾਰਾਂ ਦੀਆਂ ਬੁਰੀਆਂ ਨਜ਼ਰਾਂ ਉਸਦੇ ਘਸੇ ਫਟੇ ਲੀੜਿਆਂ 'ਚੋਂ ਦਿਸਦੇ ਸਰੀਰ ਤੇ ਨੱਚਣ ਲੱਗਦੀਆਂ ਤੇ ਗੰਦੀਆਂ-ਭੱਦੀਆਂ ਗੱਲਾਂ ਕਰਦੇ ਉਹ ਮਸੀ ਇੱਕ-ਦੋ ਰੁਪਏ ਵੀ ਲੇਲ੍ਹੜੀਆਂ ਕਢਾ ਕੇ ਦਿੰਦੇ। ਵਕਤ ਦੀ ਮਾਰੀ ਮਜਬੂਰੀਵੱਸ ਉਹ ਕਿਸੇ ਨੂੰ ਕੁੱਝ ਕਹਿ ਵੀ ਨਾ ਸਕਦੀ। ਅੱਜ ਰੱਖੜੀਆਂ ਦੇ ਤਿਓਹਾਰ ਮੌਕੇ ਬਜਾਰ 'ਚੋਂ ਕੁਝ ਸਸਤੇ ਜਿਹੇ ਰੰਗ-ਬਿਰੰਗੇ ਧਾਗੇ ਖਰੀਦ ਉਹ ਇਸੇ ਬਹਾਨੇ ਮੰਗਣ ਨਿਕਲ ਪਈ। ਮਾੜੀ ਨੀਅਤ ਦੇ ਜਿਸ ਦੁਕਾਨਦਾਰ ਵੱਲ ਵੀ ਉਹ ਧਾਗਾ ਵਧਾਉਦੀ ਤਾਂ ਉਹ ਦੂਰੋਂ ਹੀ ਹੱਥ ਬੰਨ੍ਹ ਦਿੰਦਾ ਤੇ ਬਿਨਾ ਕੁੱਝ ਬੋਲੇ ਉਸਨੂੰ ਕੁੱਝ ਪੈਸੇ ਫੜਾ ਕੇ ਅੱਗੇ ਜਾਣ ਦਾ ਇਸ਼ਾਰਾ ਕਰ ਦਿੰਦਾ। ਹਵਸ ਦੇ ਅੰਨ੍ਹੇ ਰਾਖਸ਼ਾਂ ਦੀਆਂ ਇੰਜ ਨੀਵੀਆਂ ਹੋਈਆਂ ਅੱਖਾਂ ਵੇਖ, ਹੱਥ ਫੜ੍ਹੇ ਕੱਚੇ ਧਾਗਿਆਂ `ਚ ਉਸਨੂੰ ਕਿਸੇ ਦੈਵੀ ਸ਼ਕਤੀ ਦੇ ਹੋਣ ਦਾ ਅਹਿਸਾਸ ਹੋਇਆ ਤਾਂ ਉਸਦੇ ਨਿਸਲ ਜਿਹੇ ਚਿਹਰੇ ਤੇ ਹੌਸਲੇ ਭਰੀ ਮੁਸਕਾਨ ਫੈਲ ਗਈ। ਬੱਚੇ ਦਾ ਮੂੰਹ ਚੁੰਮਦਿਆਂ ਹੁਣ ਉਹ ਆਪਣੀ ਝੌਂਪੜੀ ਵੱਲ ਉੱਡੀ ਜਾ ਰਹੀ ਸੀ।