ਮਾਵਾਂ (ਕਵਿਤਾ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੁਨੀਆਂ ਦੀ ਇਸ ਧਰਤੀ ਉੱਤੇ 
ਰੱਬ ਨੇ ਲਾਏ ਸੋਹਣੇ ਬੂਟੇ ਮਾਵਾਂ ਦੇ।
ਹਰ ਇਕ ਨੂੰ ਮਿਲਦੇ ਨੇ
ਇਨ੍ਹਾਂ ਤੋਂ ਖੁੱਲ੍ਹੇ ਗੱਫੇ ਛਾਵਾਂ ਦੇ।
ਜਦੋਂ ਦੋਸਤ ਛੱਡ ਜਾਂਦੇ ਨੇ
ਇਨਸਾਨ ਨੂੰ ਕਰਕੇ ਬੇਸਹਾਰਾ,
ਉਦੋਂ ਡੰਗੋਰੀ ਬਣ ਕੇ 
ਮਾਵਾਂ ਦਿੰਦੀਆਂ ਨੇ ਸਹਾਰਾ।
ਆਪਣੇ ਦਿਲਾਂ 'ਚ ਲੁਕਾ ਕੇ ਗ਼ਮ
ਮਾਵਾਂ ਵੰਡਣ ਖੁਸ਼ੀਆਂ ਦੇ ਪਤਾਸੇ।
ਉਨ੍ਹਾਂ ਨੂੰ ਵੇਖ ਕੇ ਖਿੜ ਉੱਠਦੇ ਨੇ
ਪੁੱਤਾਂ ਦੇ ਚਿਹਰੇ ਉਦਾਸੇ।
ਇਹ ਹਰ ਕੋਈ ਜਾਣਦਾ ਹੈ
ਕਿ ਬਦਲਦੀਆਂ ਨਹੀਂ ਤਕਦੀਰਾਂ,
ਪਰ ਪੁਤਾਂ ਦੀਆਂ ਖੁਸ਼ੀਆਂ ਲਈ 
ਮਾਵਾਂ ਬੈਠ ਕੇ ਸੋਚਣ ਤਦਬੀਰਾਂ।
ਬੇਸ਼ੱਕ ਪੁੱਤ ਦੇਣ ਮਾਵਾਂ ਨੂੰ 
ਕੌੜੇ ਬੋਲਾਂ ਦੇ ਜ਼ਾਲਮ ਖ਼ਾਰ,
ਤਾਂ ਵੀ ਮਾਵਾਂ ਦੇਣ ਉਨ੍ਹਾਂ ਨੂੰ 
ਮਿੱਠੇ ਬੋਲਾਂ ਦੇ ਸੋਹਣੇ ਹਾਰ।
ਮਾਵਾਂ ਦੇ ਹੁੰਦਿਆਂ ਤੋੜਨੀ ਔਖੀ 
ਉਨ੍ਹਾਂ ਦੇ ਜੀਵਨ ਦੀ ਰਬਾਬ।
ਉਨ੍ਹਾਂ ਦੀ ਕਦੇ ਹਾਰ ਹੋਏ ਨਾ
ਇਹ ਮਾਵਾਂ ਦੇ ਖਾਬ।
ਜਿਹੜੇ ਆਪਣੀਆਂ ਮਾਵਾਂ ਦਾ
ਕਰਦੇ ਨਹੀਂ ਸਤਿਕਾਰ,
ਉਨ੍ਹਾਂ ਦੇ ਜੀਵਨ -ਬਾਗ 'ਚ
ਆਏ ਨਾ ਕਦੇ ਬਹਾਰ।
ਜਿਹੜੇ ਆਪਣੀਆਂ ਮਾਵਾਂ ਤੋਂ 
ਲੈਂਦੇ ਨਹੀਂ ਪਿਆਰ,
'ਮਾਨ' ਉਨ੍ਹਾਂ ਲਈ ਉਜਾੜ ਹੈ 
ਇਹ ਖੂਬਸੂਰਤ ਸੰਸਾਰ।