ਭਾਵੇਂ ਪੈਰਾਂ ਨੂੰ ਡੰਗਣ ਵਾਲੇ ਕੰਡੇ ਬੜੇ ਕਰੂਰ ਨੇ
ਭਾਵੇਂ ਜਾਮੇ ਨੂੰ ਪਾੜ ਰਹੇ ਝਾੜੀਆਂ ਦੇ ਜਮੂਰ ਨੇ
ਸਾਰੇ ਦੁੱਖ ਭੁਲਾ ਦੇਣੇ ਤੈਨੂੰ, ਮੁਕਾਮ ਦੇ ਸਰੂਰ ਨੇ
ਚੱਲ ਉੱਠ ਤੁਰ ਰਾਹੀਆ, ਤੁਰੇ ਜਾ ਰਹੇ ਪੂਰ ਨੇ
ਇਸ ਸੂਰਜ ਦੇ ਲਹਿ ਜਾਣ ਤੋਂ ਪਹਿਲਾਂ-ਪਹਿਲਾਂ
ਸੀਤਲ ਚੰਨ ਦੇ ਚੜ੍ਹ ਜਾਣ ਤੋਂ ਪਹਿਲਾਂ-ਪਹਿਲਾਂ
ਥੋੜ੍ਹੇ ਜਿਹੇ ਕਦਮ ਹੋਰ ਮਿੱਤਰਾ, ਪੁੱਟਣੇ ਜ਼ਰੂਰ ਨੇ
ਚੱਲ ਉੱਠ ਤੁਰ ਰਾਹੀਆ, ਤੁਰੇ ਜਾ ਰਹੇ ਪੂਰ ਨੇ
ਚਾਹੇ ਥੱਕ ਗਿਆ ਹੈਂ ਪਰ ਉਮੰਗਾਂ ਨੂੰ ਸਮੇਟੀਂ ਨਾ
ਆਪਣੀਆਂ ਆਸਾਂ ਨੂੰ ਹੌਂਕਿਆਂ ਵਿੱਚ ਲਪੇਟੀਂ ਨਾ
ਤੱਕਣਗੇ ਲੋਕ ਜਦ ਹਿੰਮਤਾਂ ਨੂੰ ਪੈ ਜਾਣੇ ਬੂਰ ਨੇ
ਚੱਲ ਉੱਠ ਤੁਰ ਰਾਹੀਆ, ਤੁਰੇ ਜਾ ਰਹੇ ਪੂਰ ਨੇ
ਜਦ ਮੰਜ਼ਿਲ ਦੇ ਦਰ-ਦਰਵਾਜ਼ੇ ਪਹੁੰਚ ਜਾਵੇਂਗਾ
ਵਧਾਈਆਂ ਨਾਲ ਈਰਖਾ ਦਾ ਸੇਕ ਵੀ ਪਾਵੇਂਗਾ
ਪਰ ਮੱਥਾ ਤੇਰਾ ਚੁੰਮ ਹੀ ਲੈਣਾ, ਜਿੱਤ ਦੇ ਨੂਰ ਨੇ
ਚੱਲ ਉੱਠ ਤੁਰ ਰਾਹੀਆ, ਤੁਰੇ ਜਾ ਰਹੇ ਪੂਰ ਨੇ