ਕਿਸਮਤ ਵਾਲਾ (ਮਿੰਨੀ ਕਹਾਣੀ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੋਲਾਂ ਸਾਲ ਪਹਿਲਾਂ ਗਿਆਨ ਚੰਦ ਸਾਡੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਬਤੌਰ ਮੁੱਖ ਅਧਿਆਪਕ ਪਰਮੋਟ ਹੋ ਕੇ ਆਇਆ ਸੀ।  ਸੋਲਾਂ ਸਾਲ ਮੁੱਖ ਅਧਿਆਪਕ ਦੀ ਕੁਰਸੀ ਤੇ ਬੈਠਾ ਉਹ ਅੱਕ ਜਿਹਾ ਗਿਆ ਸੀ। ਉਸ ਨੂੰ ਮੁੱਖ ਅਧਿਆਪਕ ਦਾ ਅਹੁਦਾ ਛੋਟਾ, ਛੋਟਾ ਲੱਗਣ ਲੱਗ ਪਿਆ ਸੀ। ਉਹ ਪ੍ਰਿੰਸੀਪਲ
ਦੀ ਪਰਮੋਸ਼ਨ ਲਈ ਏਨਾ ਕਾਹਲਾ ਸੀ ਜਿਵੇਂ ਪ੍ਰਿੰਸੀਪਲ ਬਣ ਕੇ ਉਸ ਨੇ ਗਿਆਨ ਚੰਦ ਤੋਂ ਹੋਰ ਕੁਝ ਬਣ ਜਾਣਾ ਸੀ। ਸਾਡੇ ਪਿੰਡ ਦੇ ਸਕੂਲ ਦੇ ਕਈ ਅਧਿਆਪਕ ਬੱਤੀ, ਬੱਤੀ ਸਾਲਾਂ ਤੋਂ ਇੱਕੋ ਅਹੁਦੇ ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੀ ਪਰਮੋਸ਼ਨ ਬਾਰੇ ਉਸ ਨੇ ਕਦੇ ਗੱਲ ਨਹੀਂ ਸੀ ਕੀਤੀ।
ਅੱਜ ਉਸ ਦੇ ਸਰਕਾਰੀ ਸੈਕੰਡਰੀ ਸਕੂਲ ਬੰਗਾ ਵਿੱਚ ਬਤੌਰ ਪ੍ਰਿੰਸੀਪਲ ਦੇ ਪਰਮੋਸ਼ਨ ਆਰਡਰ ਆ ਗਏ। ਉਸ ਨੂੰ ਜਿਵੇਂ ਪਰ ਲੱਗ ਗਏ ਹੋਣ। ਉਹ ਹਵਾ ਵਿੱਚ ਉੱਡਣ ਲੱਗ ਪਿਆ। ਉਸ ਦਾ ਜਿਵੇਂ ਬਾਕੀ ਅਧਿਆਪਕਾਂ ਨਾਲ ਕੋਈ ਸਬੰਧ ਹੀ ਨਾ ਰਿਹਾ ਹੋਵੇ। ਉਸ ਦਾ ਉਨ੍ਹਾਂ ਨਾਲ ਗੱਲ ਕਰਨ ਦਾ ਅੰਦਾਜ਼ ਹੀ ਬਦਲ ਗਿਆ। ਉਹ ਬਾਅਦ ਦੁਪਹਿਰ ਸਾਡੇ ਪਿੰਡ ਦੇ ਸਕੂਲ ਤੋਂ ਫਾਰਿਗ ਹੋ ਕੇ ਚਲਾ ਗਿਆ। ਉਸ ਦੇ ਜਾਣ ਪਿੱਛੋਂ ਬੱਤੀ, ਬੱਤੀ ਸਾਲਾਂ ਤੋਂ ਇੱਕੋ ਅਹੁਦੇ ਤੇ ਕੰਮ ਕਰਨ ਵਾਲੇ ਅਧਿਆਪਕ ਆਖਣ ਲੱਗੇ, "ਸਾਡੇ ਨਾਲੋਂ ਤਾਂ ਉਹ ਫਿਰ ਵੀ ਕਿਸਮਤ ਵਾਲਾ ਨਿਕਲਿਆ। ਸਾਡੀ ਪਤਾ ਨਹੀਂ ਮਹਿਕਮੇ ਨੇ ਕਦੋਂ ਸੁਣਨੀ ਆਂ? ਖਬਰੇ ਸਾਨੂੰ ਪਰਮੋਸ਼ਨ ਤੋਂ ਬਗੈਰ ਹੀ ਸੇਵਾ ਮੁਕਤ ਹੋਣਾ ਪੈਣਾ ਆਂ।"