ਬੱਦਲ ਚੜ ਜਦ ਸਾਵਣ ਦਾ ਆਵੇ।
ਉਹ ਯਾਦਾਂ ਦਾ ਹੜ ਨਾਲ ਲਿਆਵੇ।
ਅੰਬ ਦੇ ਬੂਟੇ ਤੇ ਬੈਠੀ ਕੋਇਲ,
ਮਸਤੀ ਵਿੱਚ ਅਪਣਾ ਰਾਗ ਅਲਾਵੇ।
ਧਰਤੀ ਤੇ ਲੱਗੇ ਪੈਰ ਨਾ ਮੇਰਾ,
ਡਾਕੀਆ ਜਦ ਘੰਟੀ ਖੜਕਾਵੇ।
ਸਭ ਸੰਸੇ ਜਾਂਦੇ ਮਾਰ ਉਡਾਰੀ,
ਜਦ ਬਾਪੂ ਸਿਰ ਤੇ ਹੱਥ ਟਿਕਾਵੇ।
ਤੇਰੇ ਆਉਣ ਦਾ ਪੜ ਕੇ ਚਿੱਠੀ 'ਚੋ,
ਮਨ ਮੇਰਾ ਅੰਬਰੀਂ ਉਡਣਾ ਚਾਹਵੇ।
ਜਦ ਕਿਣ ਮਿਣ ਹੋਣ ਲੱਗੀ ਚਾਅ ਚੜ੍ਹਿਆ,
ਦਾਦੀ ਮਾਂ ਪੂੜੇ ਖੀਰ ਬਣਾਵੇ।
ਸਾਵਣ ਦੇ ਵਿੱਚ ਤੀਆਂ ਤੋਂ ਪਹਿਲਾਂ,
ਰਹ ਧੀ ਹੈ ਪੇਕੀਂ ਆਉਂਣਾ ਚਾਹਵੇ।
ਤੂੰ ਨਜ਼ਰ ਮਿਹਰ ਦੀ ਰੱਖੀਂ ਸਭ ਤੇ,
ਬਚ ਨਸ਼ਿਆਂ ਤੋ ਹਰਿੱਕ ਗੱਭਰੂ ਜਾਵੇ।
ਬਾਪ ਉਠਾਵੇ ਜਦ ਪੁੱਤ ਦੀ ਅਰਥੀ,
ਉਹ ਮੰਜਰ ਵੇਖ ਕੇ ਦਿਲ ਦਹਿਲਾਵੇ।
ਮੌਲਾ! ਸਿੱਧੂ ਤੇ ਰਹਿਮਤ ਰੱਖੀਂ,
ਭਾਣੇ ਵਿੱਚ ਰਹਿ ਕੇ ਔਧ ਲੰਘਾਵੇ।