ਲੋਹੇ ਦੀ ਉਸ ਮਸ਼ੀਨਰੀ ਨੂੰ ਜਿਸ ਨਾਲ ਇੱਕ ਬਲਦ ਜਾਂ ਕੱਟਾ ਜੋੜ੍ਹ ਕੇ ਜਾਂ ਹੱਥ ਨਾਲ ਗੇੜਿਆਂ ਜਾਂਦਾ ਸੀ ਉਸ ਨੂੰ ਹਲ਼ਟੀ ਕਿਹਾ ਜਾਂਦਾ ਸੀ।ਸਾਡੇ ਘਰ ਦੇ ਨਜ਼ਦੀਕ ਹੀ ਹਲ਼ਟੀ ਵਾਲੀ ਖੂਹੀ ਸੀ ਜਿਸ ਨੂੰ ਪਰੀਤੋ ਵਾਲੀ ਖੂਹੀ ਕਹਿੰਦੇ ਸੀ।ਜੋ ਅਸੀਂ ਤਕਰੀਬਨ ਉਸ ਨੂੰ ਹੱਥ ਨਾਲ ਹੀ ਗੇੜ੍ਹ ਖੂਹੀ ਵਿੱਚੋਂ ਪਾਣੀ ਕੱਢ ਕੇ ਨਹਾਉਂਦੇ ਸੀ।ਸੀਮਿੰਟ ਦੀ ਹੌਜੀ ਬਣੀ ਸੀ ਜਿਸ ਵਿੱਚ ਖੂਹੀ ਦਾ ਪਾਣੀ ਹਲ਼ਟੀ ਨਾਲ ਗੇੜ੍ਹ ਭਰ ਲਿਆ ਜਾਂਦਾ ਸੀ। ਹੌਜੀ ਦੇ ਦੋਨੋ ਪਾਸੀ ਟੂਟੀਆਂ ਲੱਗੀਆਂ ਹੁੰਦੀਆ ਸਨ ਜੋ ਮੋਰੀ ਕਰ ਕਾਨੇ ,ਡੱਕੇ , ਲੱਕੜੀ ਨਾਲ ਫਿੱਟ ਬੰਦ ਕਰ ਲਈਆਂ ਜਾਦੀਆ ਸਨ।ਜੋ ਨਹਾਉਣ ਲਈ ਮੋਰੀ ਵਿੱਚੋਂ ਡੱਕੇ ਲੱਕੜੀ ਨੂੰ ਕੱਢ ਲਿਆ ਜਾਂਦਾਂ ਸੀ।ਨਹਾਉਣ ਤੋ ਬਾਅਦ ਟੂਟੀ ਬੰਦ ਕਰ ਦਿੱਤੀ ਜਾਦੀ ਸੀ।ਇੱਕ ਬੰਨੇ ਮਰਦਾ ਤੇ ਦੂਸਰੇ ਪਾਸੇ ਔਰਤਾਂ ਵਾਸਤੇ ਨਹਾਉਣ ਲਈ ਪਰਦਾ ਲਾ ਟੂਟੀਆਂ ਲਗਾਈਆਂ ਜਾਂਦੀਆਂ ਸਨ।ਔਰਤਾਂ ਨਹਾਉਂਦੇ ਨਹਾਉਂਦੇ ਕੱਪੜੇ ਵੀ ਧੋ ਲੈਂਦੀਆਂ ਸਨ।ਜਾਣ ਲੱਗਿਆਂ ਪੀਣ ਵਾਸਤੇ ਪਾਣੀ ,ਘੜੇ ਜਾਂ ਬਾਲਟੀ , ਭਾਂਡੇ ਵਿੱਚ ਪਾ ਕੇ ਲੈ ਜਾਂਦੀਆਂ ਸਨ।ਪਾਣੀ ਪੀਣ ਲਈ ਇੰਨ੍ਹਾ ਕੁਦਰਤੀ ਮਿੱਠਾ ਤੇ ਠੰਡਾ ਹੁੰਦਾ ਸੀ ਹੁਣ ਦੀ ਫ਼ਰਿੱਜ ਵਾਂਗੂ ਪਾਣੀ ਪੀ ਗਲਾ ਖ਼ਰਾਬ ਨਹੀਂ ਸੀ ਹੁੰਦਾ ਪੌਸਟਿਕ ਤੱਤ ਹੋਣ ਕਾਰਣ ਨਾਂ ਹੀ ਕੋਈ ਬੀਮਾਰੀ ਲੱਗਦੀ ਸੀ।ਪਸੂਆਂ ਨੂੰ ਵੀ ਪਾਣੀ ਇੱਥੋਂ ਹੀ ਪਿਆਉਦੇ ਸੀ।ਜੋ ਪਾਣੀ ਹੌਜੀ ਵਿੱਚੋਂ ਹੇ ਪਸੂਆਂ ਵਾਸਤੇ ਬਣਾਈ ਪਾਣੀ ਪੀਣ ਵਾਲੀ ਖੇਲ ਵਿੱਚ ਚਲਾ ਜਾਂਦਾ ਸੀ।ਹਲ਼ਟੀ ਹਲ਼ਟ ਵਾਂਗ ਹੀ ਹੁੰਦੀ ਸੀ ਫਰਕ ਸਿਰਫ ਇਤਨਾ ਸੀ ਹਲ਼ਟੀ ਦਾ ਹਰ ਅੰਗ ਹਿੱਸਾ ਹਲਟ ਨਾਲ਼ੋਂ ਛੇਟਾ ਹੁੰਦਾ ਸੀ।ਹਲ਼ਟ ਦੋਨਾ ਬਲਦਾ ਨਾਲ ਗਿੱੜਦਾ ਸੀ ਤੇ ਪਾਣੀ ਸਿੰਚਾਈ ਲਈ ਖੇਤਾਂ ਵਿੱਚ ਜਾਂਦਾ ਸੀ।ਹਲ਼ਟੀ ਦਾ ਪਾਣੀ ਨਹਾਉਣ ,ਪੀਣ ਤੇ ਕੱਪੜੇ ਧੋਨ ਤੇ ਡੰਗਰਾਂ ਦੇ ਪਾਣੀ ਪੀਣ ਲਈ ਵਰਤਿਆਂ ਜਾਂਦਾ ਸੀ।ਖੂਹੀ ਤੇ ਮੇਲਾ ਲੱਗਾ ਰਹਿੰਦਾ ਸੀ।ਤੀਵੀਆਂ ਨਾਲੇ ਕੱਪੜੇ ਧੋਂਦੀਆਂ ਸਨ ਤੇ ਘਰਾਂ ਦੀ ਦੁੱਖ ਸੁੱਖ ਦੀ ਗੱਲ ਕਰ ਆਪਣੇ ਦਿੱਲ ਦਾ ਗ਼ੁਬਾਰ ਕੱਢ ਲੈਂਦੀਆਂ ਸਨ।ਹੁਣ ਪਾਣੀ ਦਾ ਲੈਵਲ ਦੂਰ ਜਾਣ ਕਾਰਣ ਪਾਣੀ ਹੁਣ ਸਰਕਾਰੀ ਜਲ ਘਰਾਂ ਵਿੱਚੋਂ ਸਪਲਾਈ ਹੁੰਦਾ ਹੈ ਜਾਂ ਲੋਕਾਂ ਘਰਾਂ ਵਿੱਚ ਸਮਰਸੀਬਲ ਲਗਾ ਲਏ ਹਨ।ਹਲ਼ਟੀਆਂ ਵਾਲੀਆਂ ਖੂਹੀਆਂ ਅਲੋਪ ਹੋ ਗਈਆਂ ਹਨ।ਹੁਣ ਉਹ ਪੁਰਾਣੇ ਦਿਨ ਜਦੋਂ ਯਾਦ ਆਉਦੇ ਹਨ ਸਾਡੇ ਦਿੱਲੀ,ਯੂ.ਪੀ.,ਸੀਪੀ ਤੋ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਉਦੇ ਸ਼ਹਿਰੀ ਰਿਸ਼ਤੇਦਾਰ ਜੋ ਹਲ਼ਟੀ ਵਾਲੀ ਖੂਹੀ ਵਿੱਚ ਨਹਾ ਖ਼ੂਬ ਲੁਤਫ ਲੈਂਦੇ ਸਨ।ਅਸੀਂ ਵੀ ਉਨ੍ਹਾਂ ਨਾਲ ਨਹਾ ਖ਼ੂਬ ਮਜ਼ਾ ਲੈਂਦੇ ਸੀ।ਦਿੱਲ ਕਰਦਾ ਹੈ ਉਹ ਦਿਨ ਫਿਰ ਆ ਜਾਣ।ਜਦੋਂ ਕਿਤੇ ਅਦੱਰਸ਼ ਸਿਨਮੇ ਵਿੱਚ ਅੰਮ੍ਰਿਤਸਰ ਫ਼ਿਲਮ ਦੇਖਣ ਜਾਈ ਦਾ ਸੀ,ਰਸਤੇ ਵਿੱਚ ਕੰਪਨੀ ਬਾਗ਼ ਦੇ ਸਾਹਮਣੇ ਕੁਲਚੇ ਛੋਲੇ ਖਾਹ ਠੰਡੀ ਖੂਹੀ ਵਿੱਚੋਂ ਪਾਣੀ ਪੀਂਦੇ ਸੀ।ਉਹ ਜਗਾ ਅਜੇ ਵੀ ਮੌਜੂਦ ਹੈ ਫਰਕ ਸਿਰਫ ਇਨ੍ਹਾਂ ਹੈ ਕੁਲਚੇ ਛੋਲੇ ਤੇ ਹਨ ਪਰ ਠੰਡੀ ਖੂਹੀ ਦੀ ਜਗਾ ਰੌ ਦਾ ਵੇਲਨਾਂ ਹੈ ਜੋ ਠੰਡੀ ਖੂਹੀ ਦਾ ਪਾਣੀ ਪੀਣ ਦੀ ਜਗਾ ਹੁਣ ਲੋਕ ਰੌ ਪੀਂਦੇ ਹਨ।ਪਰ ਉਹ ਮਜ਼ਾ ਨਹੀਂ ਜਿਹੜਾ ਠੰਡੀ ਖੂਹੀ ਦੇ ਪਾਣੀ ਪੀਣ ਦਾ ਸੀ।