ਨਵੀਆਂ ਗੱਲਾਂ ਸੁਣਾਉਂਦਾ ਹਾਂ ਮੈਂ।
ਬਹੁਤ ਹੀ ਚਿੱਤ ਪ੍ਚਾਉਂਦਾ ਹਾਂ ਮੈਂ।
ਜੇਕਰ ਬੰਦਾ ਇਕੱਲਾ ਹੋਵੇ,
ਵੀਰੋ ਕੰਮ ਓਸਨੂੰ ਲਾਉਂਦਾ ਹਾਂ ਮੈਂ।
ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੱਸਾਂ,
ਜੇਬੋਂ ਪੈਸਾ ਕਢਾਉਂਦਾ ਹਾਂ ਮੈਂ ।
ਬਿਜਲੀ ਅਗਰ ਗੁੱਲ ਹੋ ਜਾਵੇ,
ਲਾਈਟ ਜਗਾ ਦਿਖਾਉਂਦਾ ਹਾਂ ਮੈਂ।
ਬੱਚਾ ਅਗਰ ਫੜ ਲਏ ਜੇ ਮੈਨੂੰ,
ਹਰਕਤਾਂ ਬਦਲ ਵਿਖਾਉਂਦਾ ਹਾਂ ਮੈਂ।
ਸੁਬਹਾ ਸ਼ਾਮ ਕੋਈ ਸੁਨਣਾ ਚਾਹਵੇ,
ਪਾਠ ਵੀ ਓਹਨੂੰ ਸੁਣਾਉਂਦਾ ਹਾਂ ਮੈਂ ।
ਹੋਰ ਵੀ ਕੰਮ ਅਨੇਕਾਂ ਕਰਦਾ,
ਫਿਰ ਵੀ ਮਾੜਾ ਅਖਵਾਉਂਦਾ ਹਾਂ ਮੈਂ।
ਨਾ ਸਾਰ ਸਕੇ ਕੋਈ ਮੇਰੇ ਬਾਝੋਂ,
ਵਿਛੜੇ ਵੀ ਮਿਲਾਉਂਦਾ ਹਾਂ ਮੈਂ ।
ਮੋਬਾਇਲ ਹਾਂ ਦੋਸਤੋ ਹੋਰ ਨਹੀਂ ਕੁੱਝ,
ਨਹੀਂ ਭੰਬਲਭੂਸੇ ਪਾਉਂਦਾ ਹਾਂ ਮੈਂ।
ਜਿਹੋ ਜਿਹੀ ਕੋਈ ਬਣਾਉਣੀ ਚਾਹਵੇ,
ਬਣਾ ਫੋਟੋ ਹੱਥ ਫੜਾਉਂਦਾ ਹਾਂ ਮੈਂ ।
ਉਂਝ ਹਾਂ ਤਾਂ ਮੈ ਵੀ ਗੋਰਖਧੰਦਾ,
ਇਹ ਸੱਚੀ ਗੱਲ ਸੁਣਾਉਂਦਾ ਹਾਂ ਮੈਂ।
ਦੱਦਾਹੂਰੀਆ ਸ਼ਰਮਾਂ ਆਖੇ,
ਵਿਹਲਿਆਂ ਨੂੰ ਕੰਮ ਲਾਉਂਦਾ ਹਾਂ ਮੈਂ।