ਮੇਰੀ ਵਫ਼ਾ ਨੂੰ ਮਿਲ ਰਹੀ ਹੈ ਤੇਰੀ ਬੇ-ਵਫ਼ਾਈ, ਪਰ ਮੈਂ ਹੈਰਾਨ ਨਹੀਂ ਹਾਂ।
ਇਸ ਭੀੜ ਵਿੱਚ ਮੇਰੇ ਨਾਲ ਮੇਰੀ ਤਨਹਾਈ, ਪਰ ਮੈਂ ਹੈਰਾਨ ਨਹੀਂ ਹਾਂ।
ਭਾਵੇਂ ਰਾਤਾਂ ਜਾਗ ਲੰਘਾਈਆਂ ਸੀ, ਚਾਹੇ ਆਸਾਂ ਕਈ ਜਗਾਈਆਂ ਸੀ।
ਚਮਕਦੇ ਤਾਰੇ ਵੀ ਤਾਂ ਟੁੱਟ ਜਾਂਦੇ ਨੇ, ਕੋਈ ਵਾਹਲਾ ਮੈਂ ਪ੍ਰੇਸ਼ਾਨ ਨਹੀਂ ਹਾਂ।
ਸੱਜਣਾ, ਤੇਰੀ ਜ਼ਿਦ ਤੈਨੂੰ ਹੈ ਮੁਬਾਰਕ, ਮੇਰੀ ਅਦਾ ਮੈਨੂੰ ਹੈ ਮੁਬਾਰਕ।
ਤੈਨੂੰ ਦੁਆਵਾਂ ਹੈਨ ਸਦਾ; ਕੁਰਬਾਨ ਸੀ ਮੈਂ, ਮੈਂ ਕਹਿਰਵਾਨ ਨਹੀਂ ਹਾਂ।
ਯਾਦਾਂ ਦੇ ਰੱਥ ਦਾ ਸਵਾਰ ਹਾਂ, ਮੋਢੇ ਦਾ ਤੀਰ, ਲੱਕ ਦੀ ਤਲਵਾਰ ਹਾਂ।
ਪਿਆਸੇ ਲਈ ਨੀਰ ਵੀ ਹੋ ਸਕਦਾ ਹਾਂ, ਤਬਾਹੀ ਦਾ ਤੂਫ਼ਾਨ ਨਹੀਂ ਹਾਂ।
ਗਗਨ ਵਿੱਚ ਤੈਨੂੰ ਜੇ ਕਦੇ, ਟੁੱਟਦਾ ਤਾਰਾ ਨਜ਼ਰ ਆ ਜਾਵੇ ਜੇ ਕਦੇ।
ਯਾਦ ਆਵਾਂਗਾ ਜ਼ਰੂਰ, ਕੀ ਹੋਇਆ ਜੇ ਅੱਜ ਮੈਂ ਪ੍ਰਵਾਨ ਨਹੀਂ ਹਾਂ।
ਜੇ ਅੱਜ ਥੋੜ੍ਹਾ ਮਜ਼ਬੂਰ ਹੋ ਗਏ ਹਾਂ, ਥੋੜ੍ਹੇ ਹੋਰ ਮਗ਼ਰੂਰ ਵੀ ਹੋ ਗਏ ਹਾਂ।
ਨਵੀਂ ਬਹਾਰ ਹੈ ਬਰੂਹਾਂ 'ਤੇ, ਸਦੀਵੀ ਬਾਗ ਕੋਈ ਬੀਆਬਾਨ ਨਹੀਂ ਹਾਂ।