ਕੱਢ ਘਰੋਂ ਮਾਪੇ ਇਹ ਕਹਿਣਾ ਸਾਡੀ ਤਾਂ ਮਜਬੂਰੀ ਏ।
ਗੇੜ ਸਮੇਂ ਦਾ ਬਦਲੇ ਤਾਂ ਫਿਰ ਆਖਣ ਬਦ ਦਸਤੂਰੀ ਏ।
ਸ਼ਾਮ ਨੂੰ ਬਹਿ ਇਹ ਧਰਮਾਂ ਵਾਲੇ ਜਾਮ ਜਦੋਂ ਖੜਕਾਉਂਣ,
ਇਕ ਦੂਜੇ ਦੀ ਵਾਂਗ ਭਰਾਵਾਂ ਇੱਜਤ ਕਰਦੇ ਪੂਰੀ ਏ।
ਰੋਟੀ ਪਿੱਛੇ ਲੱਗੀ ਦੌੜ ਚ ਹਰ ਕੋਈ ਭੱਜਾ ਫਿਰਦਾ,
ਇਹ ਰੋਟੀ ਤਾਂ ਤੇਰੀ ਵੀ ਤੇ ਮੇਰੀ ਵੀ ਮਜਬੂਰੀ ਏ।
ਸੱਚੇ ਸੁੱਚੇ ਵਾਅਦਿਆਂ ਦੇ ਹੋਣ ਪੁਰਸ਼ ਵਿਰਲੇ ਪੱਕੇ,
ਉਹਨਾਂ ਵੱਲੋਂ ਆਖੀ ਆਖਰ ਨੂੰ ਤਾਂ ਹੁੰਦੀ ਪੂਰੀ ਏ।
ਸ਼ਾਹੂਕਾਰ ਦਰਾਂ ਵਿਚ ਖੜਕੇ ਆਖੇ ਕਰਜਾ ਮੋੜਨ ਨੂੰ,
ਨਾਲ ਸ਼ਰਮ ਦੇ ਨੀਵੀਂ ਪਉਂਣੀ ਬਣ ਜਾਦੀ ਮਜਬੂਰੀ ਏ।
ਉੱਚਾ ਨੱਕ ਕਰਨ ਦੀ ਖਾਤਰ ਪੈਲੀ ਗਹਿਣੇ ਪਾ ਕੇ,
ਦੇਣੀ ਦੱਸੋ ਦਾਜ ਚ ਧੀ ਨੂੰ ਕੀ ਇਹ ਕਾਰ ਜਰੂਰੀ ਏ।
ਕਰਜਾ ਲੈ ਸਿੱਧੂ ਕੋਠੀ ਪਾ ਲੀ ਕਾਰ ਲਿਆਂਦੀ ਵੱਡੀ,
ਖਰਚ ਵਧ ਗਿਆ ਕਰਜ ਮੁੜੇ ਨਾਂ ਬੈਠਾ ਜਾਂਦਾ ਝੂਰੀ ਏ।