ਆਮ ਆਦਮੀ ਦਾ ਸਰਪੰਚ (ਮਿੰਨੀ ਕਹਾਣੀ)

ਜਸਕਰਨ ਲੰਡੇ   

Cell: +91 94176 17337
Address: ਪਿੰਡ ਤੇ ਡਾਕ -- ਲੰਡੇ
ਮੋਗਾ India 142049
ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਇੱਕ ਦਿਨ ਗੈਸ ਏਜੰਸੀ ਵਿੱਚ ਸਿਲੰਡਰ ਲੈਣ ਗਿਆ। ਓਥੇ ਬਹੁਤ ਲੰਬੀ ਲਾਈਨ ਲੱਗੀ ਸੀ। ਮੈਂ ਓਥੇ ਲਾਈਨ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ।ਓਥੇ ਪੱਤਰਕਾਰ ਦੋਸਤ ਬੇਅੰਤ ਸਿੰਘ ਮਿਲ਼ ਗਿਆ। ਮੈਂ ਉਸ ਨੂੰ ਕਿਹਾ,”ਤੂੰ ਖ਼ਬਰ ਬਣਾਉਣ ਆਇਆ ਸੀ।”

ਉਸ ਨੇ ਕਿਹਾ,” ਨਹੀਂ ਮੈਂ ਤਾਂ ਆਪ ਸਿਲੰਡਰ ਲੈਣ ਆਇਆ ਸੀ।”

ਮੈਂ ਕਿਹਾ “ ਇਹ ਸਿਲੰਡਰ ਤਾਂ ਬਹੁਤ ਚਿਰ ਦਾ ਇਥੇ ਪਿਆ ਹੈ। ਪਹਿਲਾਂ ਤੇਰੇ ਸਿਲੰਡਰ ਕੋਲ ਕੌਣ ਸੀ।”

ਬੇਅੰਤ ਨੇ ਕਿਹਾ ਪਹਿਲਾਂ ਆ ਅੰਕਲ ਅਰਸ਼ ਦੇ ਡੈਡੀ ਜੀ ਸਨ।”

ਮੈਂ ਚੁੱਪ ਕਰ ਗਿਆ।

ਜਦੋਂ ਸਿਲੰਡਰ ਲੈਣ ਲਈ ਉਹਨਾਂ ਪਰਚੀ ਕੱਟਣ ਲਈ ਦਫ਼ਤਰ ਬੁਲਾਇਆ ਤਾਂ ਅੰਦਰ ਬੈਠਾ ਪਰਚੀਆਂ ਕੱਟਣ ਵਾਲਾ ਕਹਿ ਰਿਹਾ ਸੀ।”ਲੋਕ ਸਾਨੂੰ ਐਵੇਂ ਬੁਰਾ ਭਲਾ ਕਹਿ ਰਹੇ ਹਨ ਅਸੀਂ ਤਾਂ ਬਗੈਰ ਕਿਸੇ ਸਿਫਾਰਸ਼ ਦੇ ਕੰਮ ਕਰਦੇ ਹਾਂ ਆਹ ਬਾਹਰ ਸਰਪੰਚ ਅਰਸ਼ ਦੇ ਡੈਡੀ ਤੇ ਪੱਤਰਕਾਰ ਬੇਅੰਤ ਵੀ ਲੈਣ ਵਿੱਚ ਲੱਗੇ ਹੋਏ ਹਨ।”

ਹੁਣ ਮੇਰੀ ਸਮਝ ਵਿੱਚ ਆਇਆ ਜਿਸ ਨੂੰ ਬੇਅੰਤ ਅਰਸ਼ ਦੇ ਡੈਡੀ ਕਹਿ ਰਿਹਾ ਸੀ ਉਹ ਅਰਸ਼ ਸਰਪੰਚ ਦੇ ਡੈਡੀ ਜੀ ਸਨ।ਜੋ ਐਨੀਂ ਧੁੱਪ ਵਿਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।

ਉਹਨਾਂ ਤੋਂ ਥੋੜ੍ਹੀ ਦੂਰ ਇਕ ਆਦਮੀ ਜੋ ਚਿੱਟੀ ਪੱਗ ਬੰਨ੍ਹੀ ਖੜ੍ਹਾ ਆਪਣੇ ਨਾਲ ਦੇ ਨੂੰ ਕਹਿ ਰਿਹਾ ਸੀ। “ਹੁੰਦਾ ਸਾਡੀ ਪਾਰਟੀ ਦਾ ਸਰਪੰਚ  ਉਹਨੇ ਮੇਰੇ ਵਰਗੇ ਮਹਾਤੜ ਨੂੰ ਘੱਲਣਾ ਸੀ ਸਿਲੰਡਰ ਲੈਣ ਆਪਣੇ ਪਿਓ ਨੂੰ ਨਹੀਂ ਸੀ ਲਾਈਨ ਵਿੱਚ ਲੱਗਣ ਦਿੰਦਾ।”

ਨਾਲ਼ ਖੜ੍ਹਾ ਨੀਲੀ ਪੱਗ ਵਾਲ਼ਾ ਕਹਿੰਦਾ,”ਜੇ ਸਾਡੀ ਸਰਕਾਰ ਤੇ ਸਾਡਾ ਸਰਪੰਚ ਹੁੰਦਾ ਇਹ ਏਜੰਸੀ ਵਾਲੇ ਆਪ ਘਰੇ ਛੱਡ ਕੇ ਆਉਂਦੇ ਸਿਲੰਡਰ।”

ਮੈਂ ਓਥੋਂ ਸਿਲੰਡਰ ਲੈ ਕੇ ਵਾਪਸ ਆ ਰਿਹਾ ਸੀ ਤਾਂ ਸਰਪੰਚ ਅਰਸ਼ ਮਿਲ ਗਿਆ। ਮੈਂ ਉਸ ਨੂੰ ਕਿਹਾ, “ਤੂੰ ਚੰਗਾ ਸਰਪੰਚ ਐਂ ਤੇਰਾ ਡੈਡੀ ਤਾਂ ਲਾਈਨ ਵਿੱਚ ਖੜ੍ਹ ਹੈ ਸਿਲੰਡਰ ਲੈਣ ਨੂੰ ਸਾਡੇ ਪਿੰਡ ਦੇ ਸਰਪੰਚ ਦੇ ਗੈਸ ਵਾਲਿਆਂ ਦੀ ਗੱਡੀ ਘਰੇ ਸਿਲੰਡਰ ਲਾਹ ਕੇ ਆਉਂਦੀ ਹੈ।”

ਅਰਸ਼ ਸਰਪੰਚ ਹੱਸ ਕੇ ਕਹਿਣ ਲੱਗਾ,”ਯਾਰ ਮੈਂ ਆਮ ਆਦਮੀ ਦਾ ਸਰਪੰਚ ਆ।”