ਖੁਸ਼ੀਆਂ ਦੇ ਦੀਵੇ (ਕਹਾਣੀ)

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੀਵਾਲੀ ਦੀ ਰਾਤ ਸੀ। ਪੂਰਾ ਪਿੰਡ ਰੰਗ-ਬਿਰੰਗੀਆਂ ਲਾਈਟਾਂ ਅਤੇ ਦੀਵਿਆਂ ਦੀ ਰੋਸ਼ਨੀ ਨਾਲ ਜਗਮਗਾ ਰਿਹਾ ਸੀ। ਸੰਜੀਵ ਦੀ ਮਾਂ ਨੇ ਇੱਕ ਵੱਡੀ ਥਾਲੀ ਵਿੱਚ ਦਸ ਮਿੱਟੀ ਦੇ ਦੀਵੇ ਸਜਾਏ। ਸਰ੍ਹੋਂ ਦੇ ਤੇਲ ਨਾਲ ਨੱਕੋ-ਨੱਕ ਭਰੇ ਉਨ੍ਹਾਂ ਦੀਵਿਆਂ ਵਿੱਚ ਟਿਕਾਈਆਂ ਰੂਈ ਦੀਆਂ ਬੱਤੀਆਂ ਦੀਆਂ ਨੋਕਾਂ ਜਗਣ ਲਈ ਤਿਆਰ ਸਨ । ਮਾਂ ਨੇ ਸੰਜੀਵ ਨੂੰ ਕੋਲ ਬੁਲਾਇਆ ਅਤੇ ਇੱਕ ਤੀਲਾਂ ਦੀ ਡੱਬੀ ਅਤੇ ਮਿਠਾਈ ਦੇ ਡੱਬਿਆਂ ਵਾਲਾ ਕੱਪੜੇ ਦਾ ਥੈਲਾ ਫੜਾਉਂਦਿਆਂ ਕਿਹਾ, "ਪੁੱਤਰ ਸੰਜੀਵ ! ਆਹ ਲਾਓ ਦਸ ਦੀਵੇ ਅਤੇ ਅੱਧਾ-ਅੱਧਾ ਕਿੱਲੋ ਮਿਠਾਈ ਦੇ ਦੋ ਡੱਬੇ। ਪੰਜ ਦੀਵੇ ਤੇ ਇੱਕ ਡੱਬਾ ਮੰਦਰ ਵਿੱਚ ਜਗਾ ਆਵੀਂ  ਅਤੇ ਪੰਜ ਦੀਵੇ ਤੇ ਦੂਜਾ ਡੱਬਾ ਗੁਰੂਦੁਆਰਾ ਸਾਹਿਬ ਵਿਖੇ ਜਗਾ ਆਵੀਂ ।" ਸੰਜੀਵ ਨੇ ਆਗਿਆਕਾਰੀ ਬੱਚਿਆਂ ਵਾਂਗ ਥਾਲੀ ਅਤੇ ਥੈਲਾ ਚੁੱਕਿਆ ਤੇ ਘਰੋਂ ਨਿਕਲ ਪਿਆ। ਪਰ ਜਿਉਂ ਹੀ ਉਹ ਗਲੀ ਵਿੱਚੋਂ ਲੰਘ ਕੇ ਪਿੰਡ ਦੇ ਵਿਚਕਾਰ ਜਿਹੇ ਪਹੁੰਚਿਆ, ਉਸ ਦੇ ਕਦਮ ਅਚਾਨਕ ਰੁਕ ਗਏ। ਉਸਨੂੰ ਪਿੰਡ ਦੇ ਬਾਹਰ ਸੂਏ ਦੇ ਪੁਲ ਕੋਲ ਬਣੀ ਇੱਕ ਛੋਟੀ ਜਿਹੀ ਝੁੱਗੀ-ਨੁਮਾ ਕੁਟੀਆ ਯਾਦ ਆਈ, ਜਿੱਥੇ ਇੱਕ ਗਰੀਬ, ਨੇਕਦਿਲ ਸਾਧੂ ਬਾਬਾ ਰਹਿੰਦੇ ਸਨ। ਸੰਜੀਵ ਦੇ ਬਾਲ-ਮਨ ਵਿੱਚ ਇੱਕ ਵਿਚਾਰ ਆਇਆ, "ਮੰਦਰ ਅਤੇ ਗੁਰੂਦੁਆਰੇ ਤਾਂ ਅੱਜ ਸਾਰਾ ਪਿੰਡ ਹੀ ਦੀਵੇ ਜਗਾਉਣ ਅਤੇ ਮਿਠਾਈ ਚੜ੍ਹਾਉਣ ਜਾਵੇਗਾ। ਉੱਥੇ ਤਾਂ ਪਹਿਲਾਂ ਹੀ ਰੋਸ਼ਨੀ ਦੇ ਅੰਬਾਰ ਲੱਗੇ ਹੋਣਗੇ। ਪਰ ਇਸ ਹਨੇਰੇ ਰਾਹ 'ਤੇ ਬੈਠੇ ਸਾਧੂ ਬਾਬਾ ਦੀ ਕੁਟੀਆ ਵੱਲ ਸ਼ਾਇਦ ਹੀ ਕਿਸੇ ਦਾ ਧਿਆਨ ਜਾਵੇ। ਦੀਵਾਲੀ ਦੀ ਖੁਸ਼ੀ ਤਾਂ ਸਾਰਿਆਂ ਲਈ ਹੋਣੀ ਚਾਹੀਦੀ ਹੈ !  ਧਰਮ ਸਿਰਫ ਰੀਤੀ ਰਿਵਾਜਾਂ ਵਿੱਚ ਨਹੀਂ ਬਲਕਿ ਮਨੁੱਖਤਾ ਦੀ ਸੇਵਾ ਵਿੱਚ ਹੈ।" ਉਸ ਨੇ ਇੱਕ ਬਹੁਤ ਹੀ ਪਿਆਰਾ ਫ਼ੈਸਲਾ ਲਿਆ। ਉਹ ਪਹਿਲਾਂ ਮੰਦਰ ਅਤੇ ਫਿਰ ਗੁਰੂਦੁਆਰੇ ਗਿਆ, ਉੱਥੇ ਪੂਰੀ ਸ਼ਰਧਾ ਨਾਲ ਇੱਕ-ਇੱਕ ਦੀਵਾ ਜਗਾਇਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਬਾਕੀ ਬਚੇ ਅੱਠ ਦੀਵੇ ਅਤੇ ਮਿਠਾਈ ਦੇ ਦੋਵੇਂ ਡੱਬੇ ਸੰਭਾਲ ਕੇ ਉਹ ਸਿੱਧਾ ਸਾਧੂ ਬਾਬਾ ਦੀ ਕੁਟੀਆ ਵੱਲ ਤੁਰ ਪਿਆ।

                ਕੁਟੀਆ ਦੇ ਬਾਹਰ ਪਹੁੰਚ ਕੇ ਉਸ ਨੇ ਦੇਖਿਆ ਕਿ ਬਾਬਾ ਜੀ ਇੱਕ ਪੁਰਾਣੇ ਮੂਹੜੇ 'ਤੇ ਬੈਠੇ ਸਨ। ਉਹ ਪਿੰਡ ਵੱਲ ਦੇਖ ਕੇ, ਉੱਥੇ ਹੋ ਰਹੀ ਆਤਿਸ਼ਬਾਜ਼ੀ ਅਤੇ ਦੀਪਮਾਲਾ ਦੇ ਨਜ਼ਾਰੇ ਦਾ ਦੂਰੋਂ ਹੀ ਆਨੰਦ ਲੈ ਰਹੇ ਸਨ। ਉਨ੍ਹਾਂ ਦੇ ਚਿਹਰੇ 'ਤੇ ਇੱਕ ਅਜੀਬ ਜਿਹਾ ਸਕੂਨ ਸੀ। ਸੰਜੀਵ ਨੂੰ ਅਚਾਨਕ ਆਪਣੇ ਸਾਹਮਣੇ ਦੇਖ ਕੇ ਬਾਬਾ ਜੀ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹ ਬਹੁਤ ਖੁਸ਼ ਹੋਏ ਅਤੇ ਬੋਲੇ, "ਆਓ ਬੇਟਾ, ਆਓ ! ਅੱਜ ਇਸ ਹਨੇਰੇ ਰਾਹ 'ਤੇ ਦੀਵਾਲੀ ਦਾ ਚੰਨ ਕਿਵੇਂ ਉੱਤਰ ਆਇਆ ?" ਉਨ੍ਹਾਂ ਨੇ ਸੰਜੀਵ ਨੂੰ ਬੜੇ ਪਿਆਰ ਨਾਲ ਕੋਲ ਪਏ ਇੱਕ ਮੂਹੜੇ 'ਤੇ ਬਿਠਾ ਲਿਆ। ਸੰਜੀਵ ਨੇ ਦੇਖਿਆ ਕਿ ਬਾਬਾ ਜੀ ਨੇ ਭਾਵੇਂ ਬਾਹਰ ਦੀਵਾ ਨਹੀਂ ਸੀ ਜਗਾਇਆ, ਪਰ ਕੁਟੀਆ ਦੇ ਅੰਦਰ ਇੱਕ ਛੋਟੇ ਜਿਹੇ ਲੱਕੜ ਦੇ ਮੰਦਰ ਵਿੱਚ ਘਿਓ ਦਾ ਇੱਕ ਪਵਿੱਤਰ ਦੀਪਕ ਅਤੇ ਅਗਰਬੱਤੀ ਜਗਾ ਰੱਖੀ ਸੀ, ਜਿਸ ਦੀ ਭਿੰਨੀ-ਭਿੰਨੀ ਮਹਿਕ ਪੂਰੀ ਕੁਟੀਆ ਵਿੱਚ ਪਸਰੀ ਹੋਈ ਸੀ। ਬਾਬਾ ਜੀ ਦੀ ਬਿਰਧ ਪਤਨੀ ਵੀ ਆ ਕੇ ਕੋਲ ਆ ਗਈ। ਉਸਨੇ ਆਪਣੇ ਮੰਦਰ ਵਿੱਚੋਂ ਇੱਕ ਪਤਾਸਾ ਚੁੱਕ ਕੇ ਸੰਜੀਵ ਨੂੰ ਪ੍ਰਸਾਦ ਵਜੋਂ ਦਿੱਤਾ। ਸੰਜੀਵ ਨੇ ਪਤਾਸੇ ਦਾ ਪ੍ਰਸਾਦ ਆਪਣੇ ਮੂੰਹ ਵਿੱਚ ਪਾ ਲਿਆ ਅਤੇ ਫਿਰ ਉਸਨੇ ਬੜੇ ਅਦਬ ਨਾਲ ਮਿਠਾਈ ਦੇ ਦੋਵੇਂ ਡੱਬੇ ਬਾਬਾ ਜੀ ਅੱਗੇ ਰੱਖ ਦਿੱਤੇ। ਬਾਬਾ ਜੀ ਨੇ ਮੁਸਕਰਾਉਂਦੇ ਹੋਏ ਡੱਬੇ ਖੋਲ੍ਹੇ, ਆਪਣੇ ਮੰਦਰ ਵਿੱਚ ਜਗਦੀ ਜੋਤ ਮੂਹਰੇ ਭੋਗ ਲਗਾਇਆ। ਫਿਰ ਉਨ੍ਹਾਂ ਨੇ ਇੱਕ ਡੱਬਾ ਆਪਣੇ ਕੋਲ ਰੱਖ ਲਿਆ ਅਤੇ ਦੂਜਾ ਡੱਬਾ ਸੰਜੀਵ ਨੂੰ ਵਾਪਸ ਕਰਦਿਆਂ ਕਿਹਾ, "ਲਓ ਪੁੱਤਰ ਜੀ , ਇਹ ਪ੍ਰਸ਼ਾਦ ਮੇਰੀ ਤਰਫ਼ੋਂ ਆਪਣੇ ਘਰ ਦੇ ਸਭ ਜੀਆਂ ਨੂੰ ਵੰਡ ਦੇਣਾ। ਮੇਰੀ ਦੀਵਾਲੀ ਤਾਂ ਤੁਹਾਡੇ ਵਰਗੇ ਰੱਬੀ ਰੂਪ ਬਾਲਕ ਦੇ ਦਰਸ਼ਨ ਕਰਕੇ ਹੀ ਮਨ ਗਈ।"
                 ਕੁਟੀਆ ਦੇ ਵਿਹੜੇ ਵਿੱਚ ਹਨੇਰਾ ਦੇਖ ਕੇ ਸੰਜੀਵ ਨੇ ਆਪਣੇ ਥਾਲੀ ਵਿੱਚੋਂ ਅੱਠੇ ਦੀਵੇ ਚੁੱਕੇ ਅਤੇ ਕੁਟੀਆ ਦੇ ਬਨੇਰਿਆਂ ਅਤੇ ਚੌਖਟਾਂ 'ਤੇ ਜਗਾ ਕੇ ਰੱਖ ਦਿੱਤੇ । ਪਲ ਭਰ ਵਿੱਚ ਉਹ ਹਨੇਰੀ ਕੁਟੀਆ ਵੀ ਜਗਮਗਾ ਉੱਠੀ। ਬਾਬਾ ਜੀ ਦੇ ਚਿਹਰੇ ਦੀ ਖੁਸ਼ੀ ਦੇਖ ਕੇ ਸੰਜੀਵ ਦਾ ਮਨ ਭਰ ਆਇਆ। ਉਸ ਨੇ ਨਿਮਰਤਾ ਨਾਲ ਕਿਹਾ, "ਬਾਬਾ ਜੀ, ਮੈਂ ਹੁਣੇ ਘਰ ਜਾ ਰਿਹਾ ਹਾਂ। ਮੈਂ ਤੁਹਾਡੇ ਲਈ ਰਾਤ ਦਾ ਗਰਮ-ਗਰਮ ਖਾਣਾ ਵੀ ਲੈ ਕੇ ਆਵਾਂਗਾ।" ਪਹਿਲਾਂ ਤਾਂ ਬਾਬਾ ਜੀ ਨੇ ਸੰਕੋਚ ਕੀਤਾ, ਪਰ ਸੰਜੀਵ ਦੇ ਚਿਹਰੇ ਦੀ ਸੱਚੀ ਪ੍ਰਸੰਨਤਾ ਅਤੇ ਜ਼ਿੱਦ ਅੱਗੇ ਉਨ੍ਹਾਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਸੰਜੀਵ ਨੇ ਤੁਰੰਤ ਆਪਣਾ ਮੋਬਾਈਲ ਫ਼ੋਨ ਕੱਢਿਆ ਅਤੇ ਮਾਂ ਨੂੰ ਫ਼ੋਨ ਲਾਇਆ। ਉਸ ਨੇ ਸਾਰੀ ਗੱਲ ਦੱਸਦਿਆਂ ਕਿਹਾ, "ਮੰਮੀ ! ਮੈਂ ਮੰਦਰ-ਗੁਰੂਦੁਆਰੇ ਇੱਕ-ਇੱਕ ਦੀਵਾ ਰੱਖ ਕੇ, ਬਾਕੀ ਦੀਵੇ ਅਤੇ ਮਿਠਾਈ ਸੂਏ ਵਾਲੇ ਸਾਧੂ ਬਾਬਾ ਦੀ ਕੁਟੀਆ ਵਿੱਚ ਦੇ ਆਇਆ ਹਾਂ । ਬਾਬਾ ਜੀ ਬਹੁਤ ਖੁਸ਼ ਹੋਏ ਨੇ। ਤੁਸੀਂ ਕਿਰਪਾ ਕਰਕੇ ਉਨ੍ਹਾਂ ਲਈ ਵੀ ਅੱਜ ਦਾ ਖਾਣਾ ਤਿਆਰ ਕਰ ਦਿਓ, ਮੈਂ ਘਰ ਆ ਕੇ ਲੈ ਜਾਂਦਾ ਹਾਂ।" ਫ਼ੋਨ ਦੇ ਦੂਜੇ ਪਾਸੇ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ । ਉਸ ਨੇ ਗਰਵ ਨਾਲ ਕਿਹਾ, "ਪੁੱਤਰ! ਖਾਣਾ ਬਿਲਕੁਲ ਤਿਆਰ ਹੈ। ਤੈਨੂੰ ਪਿੰਡ ਇਕੱਲੇ ਆਉਣ ਦੀ ਲੋੜ ਨਹੀਂ। ਮੈਂ ਤੇਰੇ ਪਾਪਾ ਜੀ ਹੱਥ ਖਾਣਾ ਭਿਜਵਾਉਂਦੀ ਹਾਂ। ਉਹ ਸਕੂਟਰੀ 'ਤੇ ਆ ਕੇ ਬਾਬਾ ਜੀ ਨੂੰ ਖਾਣਾ ਵੀ ਦੇ ਦੇਣਗੇ ਅਤੇ ਤੈਨੂੰ ਵੀ ਨਾਲ ਲੈ ਆਉਣਗੇ।" ਸੰਜੀਵ ਦੇ ਬਾਬਾ ਜੀ ਨਾਲ ਗੱਲਾਂ ਕਰਦਿਆਂ ਕੁਝ ਹੀ ਦੇਰ ਵਿੱਚ ਸਕੂਟਰੀ ਦੀ ਆਵਾਜ਼ ਸੁਣਾਈ ਦਿੱਤੀ । ਸੰਜੀਵ ਦੇ ਪਿਤਾ ਜੀ ਹੱਥ ਵਿੱਚ ਗਰਮ ਖਾਣੇ ਦਾ ਟਿਫ਼ਨ ਫੜੀ ਕੁਟੀਆ ਵਿੱਚ ਦਾਖ਼ਲ ਹੋਏ। ਜਦੋਂ ਉਨ੍ਹਾਂ ਨੇ ਕੁਟੀਆ ਨੂੰ ਦੀਵਿਆਂ ਨਾਲ ਜਗਮਗਾਉਂਦੇ ਅਤੇ ਆਪਣੇ ਪੁੱਤਰ ਦੇ ਚਿਹਰੇ 'ਤੇ ਇੱਕ ਸੱਚਾ ਨੂਰ ਦੇਖਿਆ, ਤਾਂ ਉਨ੍ਹਾਂ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ। ਸਾਧੂ ਬਾਬਾ ਨੇ ਪਿਤਾ ਜੀ ਵੱਲ ਦੇਖ ਕੇ ਕਿਹਾ, "ਭਾਈ ਸਾਹਿਬ, ਤੁਸੀਂ ਬਹੁਤ ਭਾਗਾਂ ਵਾਲੇ ਹੋ। ਤੁਹਾਡੇ ਬੇਟੇ ਨੇ ਅੱਜ ਮੇਰੀ ਇਸ ਬੇਰੰਗ ਕੁਟੀਆ ਵਿੱਚ ਦੀਵਾਲੀ ਦੇ ਅਸਲ ਰੰਗ ਭਰ ਦਿੱਤੇ ਨੇ । ਇਸ ਦੇ ਸੰਸਕਾਰ ਬਹੁਤ ਉੱਚੇ ਨੇ।" ਆਪਣੇ ਬੱਚੇ ਦੀ ਇਹ ਪ੍ਰਸ਼ੰਸਾ ਸੁਣ ਕੇ ਪਿਤਾ ਜੀ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਨੇ ਸੰਜੀਵ ਨੂੰ ਕਲੇਜੇ ਨਾਲ ਲਗਾ ਲਿਆ। ਉਸ ਰਾਤ ਸੰਜੀਵ ਨੇ ਸਿਰਫ਼ ਦੀਵੇ ਨਹੀਂ ਸਨ ਜਗਾਏ, ਬਲਕਿ ਕਿਸੇ ਦੇ ਉਦਾਸ ਮਨ ਵਿੱਚ ਖੁਸ਼ੀ ਦੀ ਉਹ ਰੋਸ਼ਨੀ ਕੀਤੀ ਸੀ, ਜੋ ਦੀਵਾਲੀ ਦਾ ਸਭ ਤੋਂ ਵੱਡਾ ਤੋਹਫ਼ਾ ਬਣ ਗਈ।