ਸਵੇਰੇ-ਸਵੇਰੇ ਜਦੋਂ ਕੁੱਕੜ ਨੇ ਬਾਂਗ ਦਿੱਤੀ, ਨਾਲ ਹੀ ਬਿਸ਼ਨੋ ਬੇਬੇ ਨੇ ਵੀ ਚੀਕ-ਚਿਹਾੜਾ ਪਾ ਦਿੱਤਾ। "ਹਾਏ ਮੇਰਾ ਢਿੱਡ, ਹਾਏ ਮੇਰਾ ਢਿੱਡ! ਮੈਂ ਮਰ ਗਈ ਓਏ ਲੋਕੋ, ਬੜੀ ਪੀੜ ਹੋ ਰਹੀ ਹੈ। ਕੋਈ ਵੈਦ ਕੋਲ ਲੈ ਜਾਓ, ਨਹੀਂ ਤਾਂ ਮੈਂ ਮਰ ਜਾਣਾ ਬਸ।"
ਨਾਲ ਦੀ ਗੁਆਂਢਣ ਚੰਨੋ ਭੱਜ ਕੇ ਆਈ ਤੇ ਬੇਬੇ ਨੂੰ ਹਲੂਣ ਕੇ ਪੁੱਛਣ ਲੱਗੀ, "ਕੀ ਹੋਇਆ ਤਾਈ? ਤੂੰ ਤਾਂ ਮੇਰੀ ਜਾਨ ਹੀ ਕੱਢ ਦਿੱਤੀ। ਮੈਨੂੰ ਲੱਗਿਆ ਫਿਰ ਓਸ ਓਂਤਰੇ ਜਗਤੂ ਨੇ ਤੈਨੂੰ ਕੁੱਟਿਆ ਹੋਣਾ।"
"ਨਾ ਨਾ ਧੀਏ, ਉਹ ਤਾਂ ਵੱਡ-ਖਾਣੀ ਦਾ ਡੱਫ ਕੇ ਪਿਆ ਮੂਤ।" ਬੇਬੇ ਨੇ ਅੱਧ-ਮਰੀ ਆਵਾਜ਼ ਵਿੱਚ ਕਿਹਾ।
"ਨੀ ਧੀਏ ਮੇਰਾ ਬੁਰਾ ਹਾਲ ਹੈ, ਮੈਨੂੰ ਡਾਕਟਰ ਕੋਲ ਲੈ ਜਾ। ਪਿਓ-ਪੁੱਤ ਨੂੰ ਤਾਂ ਇਹਦੀਆਂ ਟੈਂਸ਼ਨਾਂ ਨੇ ਲੈ ਲਿਆ, ਇਹ ਚੰਦਰੇ ਨੇ ਮੈਨੂੰ ਵੀ ਬਸ ਛੇਤੀ ਤੋਰ ਦੇਣਾ।"
ਚੰਨੋ - "ਕਿਉਂ? ਤੈਨੂੰ ਹੀ ਫਿਰ ਬਹੁਤੀ ਚੜ੍ਹਦੀ ਹੈ ਮੁੰਡਿਆਂ ਦੀ ਭੁੱਖ? ਲੈ ਲੈ ਫਿਰ ਸਵਾਦ।"
ਬਿਸ਼ਨੋ - "ਲੈ ਕਾਹਨੂੰ ਧੀਏ, ਏਸ ਤੋਂ ਚੰਗਾ ਰੱਬ ਪੱਥਰ ਹੀ ਮਾਰ ਦਿੰਦਾ ਮੇਰੇ ਮੁੰਡੇ ਦੇ ਮੱਥੇ, ਘੱਟੋ-ਘੱਟ ਅੱਜ ਜਿਉਂਦੇ ਤਾਂ ਹੁੰਦੇ ਉਹ।"
"ਵੇ ਪੁੱਤ ਮੈਂ ਮਰ ਜਾਣਾ, ਮੈਥੋਂ ਦਰਦ ਨਹੀਂ ਸਹਿ ਹੁੰਦਾ।"
ਚੰਨੋ ਆਪਣੀ ਧੀ ਨੂੰ ਨਾਲ ਲੈ ਕੇ ਨਜ਼ਦੀਕ ਵਾਲੇ ਹਸਪਤਾਲ ਵਿੱਚ ਬਿਸ਼ਨੋ ਬੇਬੇ ਨੂੰ ਲੈ ਗਈ।
ਹਸਪਤਾਲ ਵਿੱਚ ਜਿਵੇਂ ਹੀ ਡਾਕਟਰ ਨੇ ਬਿਸ਼ਨੋ ਬੇਬੇ ਨੂੰ ਦੇਖਿਆ, ਇੱਕੋ-ਦਮ ਬੋਲਿਆ, "ਓਹ ਹੋ ਬੇਬੇ ਜੀ, ਬੱਲੇ ਬੱਲੇ! ਬੜੇ ਦਿਨਾਂ ਬਾਅਦ ਦੇਖੇ।"
ਬਿਸ਼ਨੋ ਬੇਬੇ - "ਪੁੱਤ ਮੈਂ ਨਹੀਂ ਪਛਾਣਿਆ ਤੈਨੂੰ, ਕੌਣ ਐਂ ਭਾਈ?"
ਡਾਕਟਰ - "ਦੱਸ ਦਿੰਦੇ ਹਾਂ, ਦੱਸ ਦਿੰਦੇ ਹਾਂ। ਚੱਲ ਕੋਈ ਨਾ, ਕੋਈ ਨਾ।"
ਬਿਸ਼ਨੋ ਬੇਬੇ - "ਪੁੱਤ ਮੇਰਾ ਬੁਰਾ ਹਾਲ ਹੈ, ਢਿੱਡ ਵਿੱਚ ਬੜਾ ਦਰਦ ਹੋ ਰਿਹਾ ਹੈ, ਕਰ ਕੋਈ ਹੱਲ।"
ਡਾਕਟਰ - "ਬੇਬੇ, ਤੈਨੂੰ ਮੇਰੀ ਧੀ ਹੀ ਠੀਕ ਕਰ ਸਕਦੀ ਹੈ, ਉਹਦੀ ਪੜ੍ਹਾਈ ਮੇਰੇ ਨਾਲੋਂ ਜ਼ਿਆਦਾ ਹੈ।"
ਬਿਸ਼ਨੋ ਬੇਬੇ - "ਅੱਛਾ ਤੂੰ ਛੇਤੀ ਕਰ ਪੁੱਤ।"
ਡਾਕਟਰ ਅਤੇ ਉਸਦੀ ਧੀ, ਜੋ ਇੱਕੋ ਹਸਪਤਾਲ ਵਿੱਚ ਡਾਕਟਰ ਸੀ, ਕੋਈ ਗੱਲ ਕਰਕੇ ਹੱਸ ਪਏ।
"ਅੱਛਾ ਪਾਪਾ, ਇਹ ਉਹੀ ਬੇਬੇ ਹੈ?"
"ਹਾਂ ਪੁੱਤਰ ਜੀ।" ਤੇ ਹੱਸਦੇ-ਹੱਸਦੇ ਕਹਿਣ ਲੱਗੇ, "ਚੱਲ ਕੋਈ ਨਾ ਪੁੱਤ, ਹੌਂਸਲਾ ਰੱਖ। ਚੱਲ ਕੋਈ ਨਾ ਪੁੱਤ।"
ਬਿਸ਼ਨੋ ਬੇਬੇ - "ਨੀ ਧੀਏ, ਲਾ ਦੇ ਕੋਈ ਟੀਕਾ-ਟੂਕਾ, ਜਾਂ ਮੇਰੀ ਜਾਨ ਲੈਣੀ ਐ?"
ਲੇਡੀ ਡਾਕਟਰ - "ਚੱਲ ਕੋਈ ਨਾ ਬੇਬੇ, ਕੋਈ ਨਾ।"
ਬਿਸ਼ਨੋ ਬੇਬੇ ਨੇ ਕਈ ਵਾਰ ਡਾਕਟਰ ਤੇ ਉਸਦੀ ਧੀ ਡਾਕਟਰ ਦੇ ਮੂੰਹੋਂ ਇਹੀ ਸ਼ਬਦ ਸੁਣੇ - "ਚੱਲ ਕੋਈ ਨਾ, ਚੱਲ ਕੋਈ ਨਾ।" ਉਹਨੂੰ ਕੁਝ ਤਾਂ ਅਜੀਬ ਲੱਗ ਰਿਹਾ ਸੀ। ਬੇਬੇ ਕਹਿੰਦੀ, "ਪਾਣੀ ਹੀ ਦੇ ਦਿਓ ਕੋਈ, ਆਖ਼ਰੀ ਵਾਰ ਪਾਣੀ ਪੀ ਲਵਾਂ, ਮੈਂ ਤਾਂ ਚੱਲੀ ਬਸ।"
ਡਾਕਟਰ - "ਲੈ ਦੱਸ ਬੇਬੇ, ਜੇਕਰ ਤੂੰ ਚਲੀ ਗਈ ਤਾਂ ਮੇਰੇ ਵਰਗਿਆਂ ਨੂੰ ਹੌਂਸਲਾ ਕੌਣ ਦੇਵੇਗਾ ਕਿ 'ਚੱਲ ਕੋਈ ਨਾ ਪੁੱਤ', ਭਾਵੇਂ ਤੇਰਾ ਹੌਂਸਲਾ ਉਹਨੂੰ ਹੋਰ ਸੋਚੀਂ ਪਾ ਦੇਵੇ?"
ਬਿਸ਼ਨੋ - ਬਹੁਤ ਹੌਲੀ ਆਵਾਜ਼ ਵਿੱਚ, "ਪੁੱਤ ਤੂੰ ਕਹਿਣਾ ਕੀ ਚਾਹੁੰਨਾ ਐਂ, ਸਿੱਧਾ ਕਹਿ।"
ਡਾਕਟਰ ਅਤੇ ਉਸਦੀ ਧੀ ਫਿਰ ਹੱਸ ਪਏ, "ਚੱਲ ਕੋਈ ਨਾ ਬੇਬੇ, ਚੱਲ ਕੋਈ ਨਾ।"
ਫਿਰ ਡਾਕਟਰ ਦੱਸਣ ਲੱਗਾ, "ਬੇਬੇ ਜੀ, ਇਹ ਮੇਰੀ ਦੂਜੀ ਕੁੜੀ ਹੈ। ਇਸ ਤੋਂ ਵੱਡੀ ਇੱਕ ਹੋਰ ਕੁੜੀ ਹੈ ਜੋ ਵਕੀਲ ਬਣ ਚੁੱਕੀ ਹੈ।"
"ਬੇਬੇ ਜੀ, ਤੁਸੀਂ ਮੇਰੀ ਇਸ ਕੁੜੀ ਦੇ ਜਨਮ ਵੇਲੇ ਦਾਈ ਵਾਲਾ ਕੰਮ ਸੰਭਾਲਿਆ ਸੀ। ਪਰ ਤੁਸੀਂ ਮੈਨੂੰ ਕਈ ਵਾਰ ਇਹ ਸ਼ਬਦ ਬੋਲੇ ਸੀ - ਚੱਲ ਕੋਈ ਨਾ ਪੁੱਤ, ਚੱਲ ਕੋਈ ਨਾ, ਹੌਂਸਲਾ ਰੱਖ।"
"ਬੇਬੇ, ਮੇਰੇ ਤਾਂ ਚਿੱਤ-ਖਿਆਲ ਵਿੱਚ ਐਵੇਂ ਦਾ ਕੁਝ ਨਹੀਂ ਸੀ, ਮੈਂ ਖੁਸ਼ ਸੀ, ਪਰ ਤੇਰੇ ਹੌਂਸਲਾ ਦੇਣ ਤੋਂ ਬਾਅਦ ਮੈਂ ਟੁੱਟਦਾ ਜਾ ਰਿਹਾ ਸੀ।"
ਬੇਬੇ ਸਾਰਾ ਕੁਝ ਸਮਝ ਗਈ। "ਅੱਛਾ ਅੱਛਾ ਪੁੱਤ, ਤੂੰ ਤਾਰੋ ਕਾ ਛੋਕਰਾ ਐਂ?" ਅਤੇ ਅੱਖਾਂ ਵਿੱਚ ਸ਼ਰਮ ਜਿਹੀ ਕਰਕੇ ਕਹਿੰਦੀ, "ਓਹ ਤਾਂ ਬਸ ਉਦੋਂ ਦੀ ਗੱਲ ਹੁੰਦੀ ਐ ਪੁੱਤ, ਮੈਂ ਤਾਂ ਖ਼ੁਦ ਧੱਕੇ ਖਾ ਰਹੀ ਹਾਂ ਬਿਨਾਂ ਘਰ ਵਿੱਚ ਕਿਸੀ ਕੁੜੀ ਦੇ।"
"ਤੂੰ ਪੁੱਤ ਦਵਾਈ ਦੇ ਦੇ ਮੈਨੂੰ, ਅੱਧਾ ਦਰਦ ਤਾਂ ਮੇਰਾ ਗੱਲਾਂ ਨੇ ਹੀ ਮਾਰ ਦਿੱਤਾ।"
ਡਾਕਟਰ ਦੀ ਧੀ ਨੇ ਫਿਰ ਟੀਕਾ ਲਾਇਆ ਤੇ ਕਹਿੰਦੀ, "ਚੱਲ ਕੋਈ ਨਾ ਬੇਬੇ।" ਹਾਹਾਹਾ।
ਬੇਬੇ ਕਹਿੰਦੀ, "ਚੱਲ ਪੁੱਤ ਬਸ ਵੀ ਕਰ, ਮਾਫ਼ ਕਰ ਦੇ ਮੈਨੂੰ।"
ਬੇਬੇ ਨੂੰ ਗਲੂਕੋਜ਼ ਚੜ੍ਹਾਇਆ ਗਿਆ ਤੇ ਦਵਾਈ ਦਿੱਤੀ ਗਈ। ਬੇਬੇ ਬੜੀ ਡੂੰਘੀ ਸੋਚ ਵਿੱਚ ਪਈ ਰਹੀ।
ਦੋਵੇਂ ਪਿਓ-ਧੀ ਡਾਕਟਰਾਂ ਨੂੰ ਤਸੱਲੀ ਹੋ ਗਈ ਕਿ ਬੇਬੇ ਸਮਝ ਚੁੱਕੀ ਹੈ। ਬੇਬੇ ਵੀ ਕਹਿੰਦੀ ਰਹੀ, "ਪੁੱਤ, ਚੰਗੀ ਤਰ੍ਹਾਂ ਸਮਝ ਗਈ ਮੈਂ।"
ਅਗਲੀ ਸਵੇਰ ਬੇਬੇ ਦੀ ਅੱਖ ਖੁੱਲ੍ਹੀ। ਉਸਨੂੰ ਇੰਨਾ ਆਰਾਮ ਲੱਗ ਰਿਹਾ ਸੀ ਜਿਵੇਂ ਉਸਦਾ ਨਵਾਂ ਜਨਮ ਹੋਇਆ ਹੋਵੇ। ਉਸਨੂੰ ਛੁੱਟੀ ਦੇਣ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਦਵਾਈਆਂ ਦੇ ਦਿੱਤੀਆਂ ਤੇ ਕਿਹਾ, "ਬੇਬੇ, ਹੁਣ ਆਪਣੀ ਸਿਹਤ ਦਾ ਤੇ ਜ਼ੁਬਾਨ ਦਾ ਧਿਆਨ ਰੱਖੀਂ।"
ਬਿਸ਼ਨੋ ਬੇਬੇ - "ਲੈ ਦੱਸ ਪੁੱਤ, ਮੈਂ ਤਾਂ ਹੁਣ ਉਲਟ ਕਿਹਾ ਕਰੂੰਗੀ। ਮੁੰਡਾ ਹੋਣ ਤੇ ਕਹੂੰਗੀ - ਚੱਲ ਕੋਈ ਨਾ।" ਤੇ ਹੱਸਣ ਲੱਗੀ।
ਬੇਬੇ ਵਾਪਸ ਘਰ ਜਾ ਰਹੀ ਸੀ। ਦਰਵਾਜ਼ੇ ਕੋਲ ਉਸਨੂੰ ਉਸਦੇ ਪਿੰਡ ਦੀ ਨੂੰਹ ਟੱਕਰ ਗਈ।
ਬਿਸ਼ਨੋ ਬੇਬੇ - "ਨੀ ਕੁੜੇ, ਤੂੰ ਅੱਜ ਇੱਥੇ? ਤੇ ਇਹ ਬੱਚਾ ਤੇਰਾ ਹੈ?"
ਕਰਮੋ - "ਹਾਂ ਬੇਬੇ ਹਾਂ, ਹਫ਼ਤੇ ਦੀ ਹੋ ਗਈ ਧੀ, ਅੱਜ ਚੈੱਕ ਕਰਵਾਉਣ ਆਈ ਹਾਂ।"
ਬਿਸ਼ਨੋ ਬੇਬੇ - "ਅੱਛਾ ਅੱਛਾ ਕੁੜੀ ਹੋਈ ਐ? ਚੱਲ ਕੋਈ ਨਾ, ਕੋਈ ਨਾ, ਰੱਬ ਚੰਗੀ ਚੀਜ਼ ਵੀ ਦਵੇਗਾ"
ਬੇਬੇ ਬੋਲਦੀ ਬੋਲਦੀ ਇੱਕੋ-ਦਮ ਰੁਕ ਗਈ, ਬਿਨਾਂ ਪਿੱਛੇ ਦੇਖੇ ਤੇਜ਼ੀ ਨਾਲ ਬਾਹਰ ਨਿਕਲ ਗਈ।
ਵਾਰਡ ਵਿੱਚ ਸਾਰੇ ਮਰੀਜ਼ ਤੇ ਡਾਕਟਰ ਅਤੇ ਉਸਦੀ ਡਾਕਟਰ ਧੀ ਉੱਚੀ-ਉੱਚੀ ਹੱਸਣ ਲੱਗ ਪਏ, ਤੇ ਸਭ ਇੱਕੋ-ਦਮ ਬੋਲੇ, "ਚੱਲ ਕੋਈ ਨਾ... ਚੱਲ ਕੋਈ ਨਾ।"