ਜਮਲੇ ਜੱਟ ਦੇ ਆਖੇ ਲੱਗ ਕੇ, ਦਿਲ ਦੀ ਗੱਲ ਨਾ ਬੋਲਾਂ,
ਪਰ ਜਦ ਡਾਕਟਰ ਕੋਲ਼ੇ ਜਾਵਾਂ, ਆਖੇ ਪੈ ਜਾ ਖੋਲ੍ਹਾਂ?
ਮੈਂ ਸੋਚਾਂ ਦਿਲ ਖੁੱਲ੍ਹਿਆਂ ਕਿਧਰੇ, ਪੰਗਾ ਹੀ ਨਾ ਪੈ ਜੇ,
ਹੋਰ ਨਾ ਭੈੜਾ ਕਰਨ ਹੀ ਲੱਗ ਜੇ, ਡਾਕਟਰ ਨਾਲ਼ ਕਲੋਲਾਂ।
ਜਦ ਵੀ ਸੱਜਣ ਮਿਿਲਆ ਮਿਿਲਆ, ਨਵੀਆਂ ਮੰਗਾਂ ਲੈ ਕੇ,
ਸਮਝ ਨੀਂ ਆਉਂਦੀ ਉਸ ਸੱਜਣ ਨੂੰ, ਕਿਸ ਤੱਕੜੀ ਨਾਲ਼ ਤੋਲਾਂ।
ਵੇਖਣ ਨੂੰ ਤਾਂ ਪਿਆਰ ਵਪਾਰ ਨੇ, ਵੱਖਰੇ ਵੱਖਰੇ ਮੁੱਦੇ,
ਪਰ ਦੋਨਾਂ ਵਿਚ ਸਾਂਝਾਂ ਵੇਖਾਂ, ਜਦ ’ਕੱਲਾ ਬਹਿ ਟੋਹਲਾਂ।
ਹੱਕ ਤੇ ਸੱਚ ਲਈ ਲੜਦੇ ਲੜਦੇ, ਵੀਰ ਵਾਰ ਗਏ ਜਾਨਾਂ,
ਨਸਲ, ਫਸਲ, ਅਣਖਾਂ ਲਈ ਲੜਨੋਂ, ਮੈਂ ਫਿਰ ਕਾਹਤੋਂ ਡੋਲਾਂ!
ਹਾਲੇ ਤਾਂ ਕੁਝ ਸੂਰਜ ਨਿਕਲੇ, ਪਾੜ ਬੱਦਲ ਦੇ ਸੀਨੇ,
ਲੱਖਾਂ ਜੁਗਨੂੰ ਤਿਆਰ ਖੜੇ੍ਹ ਨੇ, ਖੜਕਾਵਣ ਲਈ ਢੋਲਾਂ।
ਤੇਰਾ ਕੰਮ ਤਾਂ ਅੱਗਾਂ ਲਾਉਣਾ, ਨਫ਼ਰਤ, ਵੰਡੀਆਂ ਪਾਉਣਾ,
ਮੈਂ ਤੇਰੀ ਪਰਜਾਤੀ ’ਚੋਂ ਨੀਂ, ਮੈਂ ਕਿਉਂ ਜ਼ਹਿਰਾਂ ਘੋਲਾਂ।