ਬੰਦਿਆ ਆਇਐਂ ਵਿੱਚ ਜਹਾਨ।
ਤੂੰ ਕਰਕੇ ਜਾਵੀਂ ਕੰਮ ਮਹਾਨ।
ਗਰਭ ਚ ਕੀਤੇ ਵਾਅਦੇ ਸੀ ਜੋ,
ਯਾਦ ਤੂੰ ਕਰ ਲੈ ਐ ਇਨਸਾਨ।
ਜੱਗ ਵਿੱਚ ਆ ਕੇ ਭੁੱਲ ਗਿਆ ਤੂੰ,
ਬੰਦਿਆ ਆਪਣਾ ਕੰਮ ਤਮਾਮ!
ਝੋਰੇ ਸ਼ਿਕਵੇ ਗਮ ਹੀ ਕਾਹਤੋਂ,
ਕਿਉਂ ਸਦਾ ਹੀ ਤੈਨੂੰ ਖਾਈ ਜਾਣ!
ਪਰਿਵਾਰ ਨੂੰ ਪਾਲਣ ਦੇ ਵਿੱਚ ਰਹਿਣੈਂ,
ਗ੍ਰਿਸਤ ਤੂੰ ਬੰਦੇ ਸੁਬਹਾ ਤੇ ਸ਼ਾਮ।
ਮਾਇਆ ਪਿੱਛੇ ਹਫਿਆ ਫਿਰਦਾ,
ਕਰਦਾ ਕਿਉਂ ਨਹੀਂ ਕਦੇ ਆਰਾਮ!
ਭੱਜ ਭੱਜ ਜਾਵੇਂ ਤੀਰਥਾਂ ਉੱਤੇ,
ਤੂੰ ਕਰਦੈਂ ਜਾ ਉੱਥੇ ਇਸ਼ਨਾਨ।
ਕਦੇ ਵੀ ਨਾ ਤੂੰ ਭੁੱਲ ਕੇ ਟੋਲਿਆ,
ਜੋ ਤੇਰੇ ਅੰਦਰ ਬੈਠਾ ਹੈ ਭਗਵਾਨ!
ਇਨਸਾਨੀ ਜਾਮਾ ਕਾਹਤੋਂ ਮਿਲਿਆ,
ਸੋਚਿਆ ਨਾ ਕਦੇ ਨਾਲ ਧਿਆਨ!
ਅੰਦਾਜਾ ਨਾ ਕਦੇ ਲਾ ਸਕਿਆ ਤੂੰ,
ਹੈ ਕਿਹੜੇ ਕੰਮੀ ਲਾਭ ਤੇ ਹਾਨ।
ਮੋਹ ਮਾਇਆ ਦੇ ਚੱਕਰ ਦੇ ਵਿੱਚ,
ਭੁੱਲ ਗਿਐਂ ਬੰਦੇ ਜਪਨਾ ਨਾਮ।
ਗਿਆਨ ਨਾ ਕਿਤੋਂ ਵੀ ਹਾਸਲ ਕੀਤਾ,
ਵੇਦ ਗ੍ਰੰਥ ਜੋ ਕਰਨ ਬਿਆਨ!
ਘਰੇ ਸੀ ਗੰਗਾ ਟੁੱਭੀ ਨਾ ਲਾਈ,
ਮਾਂ ਬਾਪ ਤੀਰਥ ਅਸਥਾਨ!
ਆਖਰ ਇਕ ਦਿਨ ਮਿੱਟੀ ਹੋਣਾ,
ਚੱਕਲੋ ਚੱਕਲੋ ਹੋਊ ਐਲਾਨ।
ਇਸੇ ਹਫੜਾ ਦਫੜੀ ਦੇ ਵਿੱਚ,
ਜਾਣਾ ਇੱਕ ਦਿਨ ਹੋ ਰਵਾਣ!
ਧਰਮਰਾਜ ਦੇ ਦੂਤਾਂ ਦਾ ਕਿਹਾ,
ਤੈਨੂੰ ਕਰਨਾ ਪਊ ਪ੍ਰਵਾਨ ।
ਆਖਰ ਮਿਲਣਾ ਕਾਠ ਦਾ ਠੇਲਾ,
ਪਹੁੰਚਣਾ ਜਿਸ ਤੇ ਹੈ ਸ਼ਮਸ਼ਾਨ!
ਤੇਰੇ ਲਈ ਵੀ ਦੱਦਾਹੂਰੀਆ,
ਆਉਣ ਵਾਲਾ ਹੈ ਸਮਝ ਬਬਾਨ!