ਇਤਿਹਾਸਿਕ ਸਥਾਨ ਦੀ ਯਾਤਰਾ
(ਲੇਖ )
ਇਸ ਸਾਲ ਮੇਰੇ ਸਕੂਲ ਦੇ ਵਿਦਿਆਰਥੀਆਂ ਸੰਗ ਇੱਕ ਰੋਜ਼ਾ ਵਿੱਦਿਅਕ ਦੌਰੇ ਲਈ ਜਾਣ ਦਾ ਮੌਕਾ ਮਿਲਿਆ ।ਇਸ ਲਈ ਅਸੀਂ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਅਤੇ ਧਾਰਮਿਕ ਮਹੱਤਾ ਵਾਲੇ ਸਥਾਨਾਂ ਨੂੰ ਚੁਣਿਆ । ਵਿਦਿਆਰਥੀਆਂ ਤੋਂ ਇਲਾਵਾ ਉਹਨਾਂ ਦੀ ਸਾਂਭ-ਸੰਭਾਲ ਲਈ ਗੁਰਦੀਪ ਸਿੰਘ,ਸੁਰਿੰਦਰਜੀਤ ਸਿੰਘ, ਗਗਨਦੀਪ ਕੌਰ, ਲਵਜੋਤ , ਖੁਸ਼ਬੂ, ਹਰਗੁਰਜੋਤ ਕੌਰ ਅਤੇ ਪ੍ਰਦੀਪ ਸਿੰਘ ਸਾਥੀ ਅਧਿਆਪਕ ਸ਼ਾਮਲ ਸਨ ।
ਸਾਰੇ ਵਿਦਿਆਰਥੀ ਸੁਬਹ ਮਿੱਥੇ ਹੋਏ ਸਮੇਂ ਸਕੂਲ ਪਹੁੰਚ ਗਏ । ਅਸੀਂ ਸਵੇਰੇ ਛੇ ਵਜੇ ਦੇ ਕਰੀਬ ਸ੍ਰੀ ਗੋਇੰਦਵਾਲ ਸਾਹਿਬ,ਖਡੂਰ ਸਾਹਿਬ ਲਈ ਰਵਾਨਾ ਹੋਏ । ਬੱਚਿਆਂ ਵਿੱਚ ਟੂਰ ਤੇ ਜਾਣ ਲਈ ਬਹੁਤ ਉਤਸ਼ਾਹ ਸੀ । ਕਿਉਂਕਿ ਅੱਜ ਓਨ੍ਹਾਂ ਨੂੰ ਜਮਾਤ ਦੇ ਮਾਹੌਲ ਵਿਚੋਂ ਬਾਹਰ ਨਿਕਲ ਵਿਹਾਰਿਕ ਰੂਪ ਵਿੱਚ ਗਿਆਨ ਪ੍ਰਾਪਤ ਕਰਨ ਦਾ ਮੌਕਾ ਜੋ ਮਿਲਣਾ ਸੀ ।
ਪ੍ਰਿੰਸੀਪਲ ਸ.ਪਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਕੱਤਰ ਸ਼੍ਰੀਮਤੀ ਵੀਰਪਾਲ ਕੌਰ , ਚੇਅਰਮੈਨ( ਐੱਸ ਐੱਮ ਸੀ) ਅਤੇ ਮਾਪਿਆਂ ਨੇ ਸਾਨੂੰ ਰਵਾਨਾ ਕੀਤਾ ।

ਗੋਇੰਦਵਾਲ ਸਾਹਿਬ ਤੋਂ ਪਹਿਲਾ ਅਸੀਂ ਹਰੀਕੇ ਪੱਤਣ ਜੋ ਕੇ ਰਸਤੇ ਵਿੱਚ ਪੈਂਦਾ ਹੋਣ ਕਰਕੇ ਰੁਕਣ ਦਾ ਫੈਸਲਾ ਕੀਤਾ । ਸਾਢੇ ਅੱਠ ਵਜੇ ਅਸੀਂ ਹਰੀਕੇ ਪੱਤਣ ਪਹੁੰਚ ਗਏ ।
ਹਰੀਕੇ ਪੱਤਣ ਚੜਦੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਅੰਮ੍ਰਿਤਸਰ ਸਾਹਿਬ ਤੋਂ ਮਹਿਜ਼ 79-75 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਇੱਕ ਮਹੱਤਵਪੂਰਨ ਕੁਦਰਤੀ ਅਤੇ ਇਤਿਹਾਸਕ ਸਥਾਨ ਹੈ । ਜਿੱਥੇ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ ।
ਇਹਨਾਂ ਦੋ ਦਰਿਆਵਾਂ ਦੇ ਆਪਸੀ ਮੇਲ ਕਰਕੇ ਇੱਥੇ ਉੱਤਰ ਭਾਰਤ ਦੀ ਸਭ ਤੋਂ ਵੱਡੀ ਝੀਲ ਅਤੇ ਵੈਟਲੈਂਡ ਬਣਦੀ ਹੈ । 1953 ਵਿੱਚ ਇੱਥੇ ਬੰਨ੍ਹ ਬਣਾ ਕੇ ਪਾਣੀ ਨੂੰ ਨਹਿਰਾਂ ਵਿੱਚ ਮੋੜਿਆ ਗਿਆ । ਹਰੀਕੇ ਪੱਤਣ ਨੂੰ ਰਾਮਸਰ ਸਾਈਟ ਵਜੋਂ ਵੀ ਜਾਣਿਆ ਜਾਂਦਾ ਹੈ ।
ਇਸ ਦੀ ਕੁਦਰਤੀ ਮਹੱਤਾ ਇਸ ਲਈ ਵੀ ਹੈ ਕਿ ਇੱਥੇ ਸਰਦੀਆਂ ਵਿੱਚ ਦੂਰ ਦੁਰਾਡੇ ਤੋਂ ਲੱਖਾਂ ਪਰਵਾਸੀ ਪੰਛੀ ਪਰਵਾਸ ਕਰਕੇ ਆਉਂਦੇ ਹਨ । ਉਸ ਸਮੇਂ ਪੰਛੀ ਪ੍ਰੇਮੀ ਇਹਨਾਂ ਪੰਛੀਆਂ ਨੂੰ ਦੇਖਣ ਖ਼ਾਸ ਤੌਰ ਤੇ ਪਹੁੰਚਦੇ ਹਨ । ਇਸ ਦੀ ਛੰਬ ਵਿੱਚ ਬਹੁਤ ਸਾਰੇ ਜੰਗਲੀ ਜੀਵ-ਜੰਤੂਆਂ ਦਾ ਰਹਿਣ ਬਸੇਰਾ ਹੈ ।
ਸਵੇਰ ਦਾ ਵੇਲ਼ਾ ਹੋਣ ਕਰਕੇ ਇੱਥੋਂ ਦਾ ਸ਼ਾਂਤ ਮਾਹੌਲ,ਹਰੇ ਭਰੇ ਰੁੱਖਾਂ ਨਾਲ ਸੱਜਿਆ ਰਸਤਾ ,ਪੰਛੀਆਂ ਦੀ ਸੁਣਦੀ ਚਹਿਚਹਾਟ ਬਹੁਤ ਖ਼ੂਬਸੂਰਤ ਮੰਜ਼ਰ ਪੇਸ਼ ਕਰਦਾ ਸੀ।
ਇੱਥੇ ਪਹੁੰਚਦਿਆਂ ਹੀ ਇੱਥੋਂ ਦੇ ਗਾਈਡ ਸ.ਧਰਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਸਾਡਾ ਨਿੱਘਾ ਸੁਆਗਤ ਕਰਦਿਆਂ ਹਰੀਕੇ ਪੱਤਣ ਬਾਰੇ ਮੁਖ਼ਤਸਰ ਜਾਣਕਾਰੀ ਸਾਂਝੀ ਕਰਦਿਆਂ ਵਾਤਾਵਰਣ ਵਿੱਚ ਮਨੁੱਖੀ ਦਖ਼ਲ ਕਰਨ ਆਈਆਂ ਤਬਦੀਲੀਆਂ ,ਕੁਦਰਤੀ ਸਰੋਤਾਂ,ਆਫ਼ਤਾਂ, ਪੰਛੀਆਂ ਅਤੇ ਜੀਵ ਜੰਤੂਆਂ ਦੀਆਂ ਅਨੇਕ ਪ੍ਰਜਾਤੀਆਂ ਦੇ ਅਲੋਪ ਹੋਣ ਬਾਰੇ ਦੱਸਿਆ । ਕੁਦਰਤ ਪ੍ਰਤੀ ਸਾਡੇ ਬਣਦੇ ਫ਼ਰਜ਼ਾਂ ਤੋ ਜਾਣੂ ਕਰਵਾਇਆ ।ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਹੋਏ ਯਾਦਗਾਰੀ ਤਸਵੀਰਾਂ ਬਣਵਾਈਆਂ ਅਤੇ ਫੇਰ ਆਉਣ ਦਾ ਵਾਅਦਾ ਕਰ ਮਿੱਥੇ ਵੇ ਟਿਕਾਣੇ ਲਈ ਚਾਲੇ ਪਾਏ ।
ਜਿਸ ਰਸਤੇ ਆਦਿ ਗੋਇੰਦਵਾਲ ਸਾਹਿਬ ਵੱਲ ਜਾ ਰਹੇ ਸਾਂ ਇਸ ਮਾਰਗ ਦੇ ਨਾਲ ਰਜਬਾਹਾ ,ਦੋਨੋਂ ਪਾਸੇ ਲੱਗੇ ਵੰਨ ਸੁਵੰਨੇ ਰੁੱਖਾਂ ਸਦਕੇ ਹਰਿਆਵਲ ਵਾਲਾ ਮਾਹੌਲ ਬਹੁਤ ਮਨਮੋਹਣਾ ਸੀ ।
ਤਕਰੀਬਨ 10:30 ਵਜੇ ਅਸੀਂ ਗੋਇੰਦਵਾਲ ਸਾਹਿਬ ਪਹੁੰਚ ਗਏ ।ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਸਾਹਿਬ ਵਿੱਚ ਬਿਆਸ ਦਰਿਆ ਦੇ ਕੰਢੇ ਵੱਸਿਆ ਹੈ । ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ 16ਵੀਂ ਸਦੀ ਵਿੱਚ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਅਨੁਸਾਰ ਆਪ ਵਸਾਇਆ । ਇਸ ਤੋਂ ਪਹਿਲਾਂ ਇੱਥੇ ਗੋਇੰਦਾ ਨਾਮਕ ਖੱਤਰੀ ਦਾ ਨਗਰ ਸੀ ਜੋ ਉੱਜੜ ਗਿਆ ਸੀ ।
।ਬੱਚਿਆਂ ਨੂੰ ਰਫ਼ਾ ਹਾਜਤ ਲਈ ਲਿਜਾਣ ਤੋਂ ਬਾਅਦ ਜੋੜਾ ਘਰ,ਜੋੜੇ ਜਮਾਂ ਕਰਵਾ ਕੇ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ‘ਪਹਿਲੇ ਪੰਗਤ ਪਾਛੇ ਸੰਗਤ ਦੇ ਸਿਧਾਂਤ ਅਨੁਸਾਰ ਸੰਗਤ ਵਿੱਚ ਬੈਠ ਲੰਗਰ ਛਕਿਆ । ਫਿਰ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਬੱਚਿਆਂ ਸੰਗ ਦਰਬਾਰ ਸਾਹਿਬ ਮੱਥਾ ਟੇਕਣ ਲਈ ਲੱਗੀ ਕਤਾਰ ਵਿੱਚ ਸ਼ਾਮਲ ਹੋ ਮੱਥਾ ਟੇਕਿਆ । ਕੀਰਤਨੀ ਜਥੇ ਵੱਲੋਂ ਬਹੁਤ ਹੀ ਰਸਭਿੰਨੀ ਆਵਾਜ਼ ਵਿੱਚ ਸ਼ਬਦ,’ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ’ ਸੁਣ ਰੂਹ ਸ਼ਰਸ਼ਾਰ ਹੋ ਗਈ ।
ਕੁਛ ਸਮਾਂ ਅਸੀਂ ਸ਼ਬਦ ਸੁਣਨ ਲਈ ਬੈਠ ਗਏ । ਬਹੁਤ ਆਨੰਦ ਮਿਲਿਆ ।
ਇਸ ਤੋਂ ਬਾਅਦ 16ਵੀਂ ਸਦੀ ਵਿੱਚ ਗੁਰੂ ਸਾਹਿਬ ਵੱਲੋਂ ਤਾਮੀਰ ਕਰਵਾਈ ਪਵਿੱਤਰ ਬਾਉਲੀ ਸਾਹਿਬ ਦੇ ਦਰਸ਼ਨ ਕੀਤੇ । ਗੁਰੂ ਜੀ ਨੇ ਆਪਣੇ ਸਮੇਂ ਲੋਕਾਈ ਲਈ ਬਹੁਤ ਕਲਿਆਣਕਾਰੀ ਕੰਮ ਕੀਤੇ । ਜਿਨ੍ਹਾਂ ਵਿਚੋਂ ਇਕ 1539 ਈ. ਵਿਚ ਚੁਰਾਸੀ ਪੌੜੀਆਂ ਵਾਲੀ ਬਾਉਲੀ ਦਾ ਨਿਰਮਾਣ ਕਰਵਾਇਆ ।ਜਿਸ ਨਾਲ ਪਾਣੀ ਦੀ ਕਿੱਲਤ ਖਤਮ ਹੋਈ । ਇਸ ਤੋਂ ਪਹਿਲਾਂ ਲੋਕ ਇਸ਼ਨਾਨ ਕਰਨ ਲਈ ਤੀਰਥ ਸਥਾਨਾਂ ਤੇ ਜਾਂਦੇ ਸਨ ਪਰ ਬਾਉਲੀ ਦਾ ਨਿਰਮਾਣ ਹੋਣ ਕਰਕੇ ਲੋਕ ਉਥੇ ਇਸ਼ਨਾਨ ਕਰਨ ਲੱਗੇ ਤੇ ਹੌਲੀ ਹੌਲੀ ਇਹ ਸਥਾਨ ,ਤੀਰਥ ਅਸਥਾਨ ਬਣ ਗਿਆ । ਇੱਥੇ ਆਉਣ ਵਾਲੇ ਯਾਤਰੂਆਂ ਲਈ ਲੰਗਰ ਅਤੇ ਪਾਣੀ ਦੀ ਲੋੜ ਪੂਰੀ ਹੋ ਗਈ ।
ਅੱਠ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਗੋਇੰਦਵਾਲ ਸਾਹਿਬ ਨੂੰ ‘ਸਿੱਖੀ ਦਾ ਧੁਰਾ’ ਵੀ ਕਿਹਾ ਜਾਂਦਾ ਹੈ ।
ਇੱਥੇ ਗੁਰੂ ਅਮਰ ਦਾਸ ਜੀ ਨੇ ਲੰਗਰ ਪ੍ਰਥਾ ਅਰੰਭ ਕੀਤੀ । ਜਿੱਥੇ ਸਾਰੇ ਬਿਨ੍ਹਾ ਕਿਸੇ ਧਰਮ ,ਜਾਤ-ਪਾਤ ,ਛੂਤ-ਛਾਤ ਦੇ ਭੇਦ ਭਾਵ ਤੋਂ ਇਕੱਠੇ ਪੰਗਤਾਂ ਵਿੱਚ ਬੈਠ ਕੇ ਲੰਗਰ ਛਕਦੇ ਸਨ। ਸਮਾਜ ਵਿੱਚ ਫੈਲੀ ਛੂਤ ਛਾਤ ਨੂੰ ਇਸ ਸਮਾਜਿਕ ਤਬਦੀਲੀ ਸਦਕੇ ਕਰਾਰੀ ਚੋਟ ਵੱਜੀ । ਤਵਾਰੀਖ਼ ਅਨੁਸਾਰ ਉਸ ਸਮੇਂ ਮੁਗ਼ਲ ਬਾਦਸ਼ਾਹ ਅਕਬਰ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਸੀ । ਉਸ ਨੇ ਆਮ ਲੋਕਾਂ ਵਾਂਗ ਪੰਗਤ ਵਿਚ ਭੁੰਝੇ ਬੈਠ ਲੰਗਰ ਛਕਿਆ ।
ਇਸ ਪਵਿੱਤਰ ਅਸਥਾਨ ਤੋਂ ਹੀ ਗੁਰੂ ਜੀ ਨੇ ਸਿੱਖ ਧਰਮ ਦੇ ਫ਼ਲਸਫ਼ੇ ਦੇ ਪ੍ਰਚਾਰ ਪ੍ਰਸਾਰ ਲਈ ਬਾਈ ਮੰਜੀਆਂ ਦੀ ਸਥਾਪਨਾ ਕੀਤੀ ।
ਇਸੇ ਅਸਥਾਨ ‘ਤੇ ਹੀ ਗੁਰੂ ਅਮਰਦਾਸ ਜੀ ਨੇ ਅਗਲੇ ਗੁਰੂ (ਭਾਈ ਜੇਠਾ ਜੀ) ਗੁਰੂ ਰਾਮਦਾਸ ਜੀ ਨੂੰ ਮਿਲੇ ।
ਇਸ ਮੁਕੱਦਸ ਅਸਥਾਨ ‘ਤੇ ਹੀ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 15 ਅਪ੍ਰੈਲ 1563 ਈ. ਨੂੰ ਜਨਮ ਲਿਆ ।
ਗੋਇੰਦਵਾਲ ਸਾਹਿਬ ਵਿਖੇ ਹੋਰ ਕਿੱਲੀ ਸਾਹਿਬ,ਬੀਬੀ ਭਾਨੀ ਜੀ ਦਾ ਚੁੱਲ੍ਹਾ-ਚੌਕਾ,ਅਤੇ ਬਾਬਾ ਮੋਹਨ ਜੀ ਦਾ ਚੁਬਾਰਾਆਦਿ ਪਵਿੱਤਰ ਅਸਥਾਨ ਹਨ ।
ਫੇਰ ਅਸੀਂ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੀ ਕਰਮ ਭੂਮੀ ਖਡੂਰ ਸਾਹਿਬ ਲਈ ਰਵਾਨਾ ਹੋਏ ।
ਖਡੂਰ ਸਾਹਿਬ ਗੋਇੰਦਵਾਲ ਸਾਹਿਬ ਤੋਂ ਮਹਿਜ਼ ਨੌਂ ਕੁ ਕਿਲੋਮੀਟਰ ਦੀ ਦੂਰੀ ‘ਤੇ ਬਿਆਸ ਦਰਿਆ ਦੇ ਨੇੜੇ ਸਥਿਤ ਹੈ ।
ਇੱਥੇ ਹੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਵਜੋਂ ਗੁਰਗੱਦੀ ਸੌਂਪੀ ।
ਇੱਥੇ ਗੁਰੂ ਅੰਗਦ ਦੇਵ ਜੀ ਤਕਰੀਬਨ ਤੇਰਾਂ ਸਾਲ ਨਿਵਾਸ ਕਰਦਿਆਂ ਸਿੱਖੀ ਦਾ ਪ੍ਰਚਾਰ ਕਰਦੇ ਰਹੇ ।ਉਹਨਾਂ ਨੇ ਗੁਰਮੁਖੀ ਲਿਪੀ ਦਾ ਵਿਕਾਸ ਤੇ ਪ੍ਰਚਾਰ ਕੀਤਾ । ਮੱਲ ਅਖਾੜਾ ਬਣਵਾਇਆ ।
ਲੰਗਰ ਘਰ ਪਹੁੰਚ ਕੇ ਲੰਗਰ ਛਕਣ ਉਪਰੰਤ ਅਸੀ ਦਰਬਾਰ ਸਾਹਿਬ ਮੱਥਾ ਟੇਕਿਆ । ਇੱਥੇ ਗੰਨੇ ਦੇ ਰਸ ਤੋਂ ਤਿਆਰ ਕੀਤੀ ਲੱਸੀ ਮਿਲਦੀ ਹੈ ।
ਗੁਰੂ ਘਰ ਦੇ ਮਹਿਲ (ਸੁਪਤਨੀ ) ਮਾਤਾ ਖੀਵੀ ਜੀ ਨੇ ਲੰਗਰ ਪ੍ਰਥਾ (ਖੀਰ ) ਨੂੰ ਵਿਆਪਕ ਰੂਪ ਦਿੱਤਾ ।
ਮੁਗ਼ਲ ਬਾਦਸ਼ਾਹ ਹਮਾਯੂੰ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਆਇਆ ਸੀ ।
ਗੁਰਗੱਦੀ ਮਿਲਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਇੱਥੇ ਬਾਰਾਂ ਸਾਲ ਨਿਮਰਤਾ ਸਹਿਤ ਪਾਣੀ ਦੀ ਸੇਵਾ ਕੀਤੀ ।
1552 ਈ. ਵਿੱਚ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸਿੱਖਾਂ ਦੇ ਤੀਜੇ ਗੁਰੂ ਵਜੋਂ ਗੁਰਗੱਦੀ ਸੌਂਪੀ ।
ਇੱਥੋਂ ਅਸੀਂ ਵਾਪਸੀ ਵਾਇਆ ਸੁਲਤਾਨਪੁਰ ਲੋਧੀ ਕਰਨੀ ਸੀ । ਸੁਲਤਾਨਪੁਰ ਲੋਧੀ ਕਈ ਸੌ ਸਾਲ ਪੁਰਾਣਾ ਇਤਿਹਾਸਕ ਸ਼ਹਿਰ ਹੈ । ਪਹਿਲੀ ਤੋਂ ਛੇਵੀਂ ਸਦੀ ਤੱਕ ਇਹ ਸ਼ਹਿਰ ਬੁੱਧ ਧਰਮ ਦੇ ਭਗਤੀ ਮਾਰਗ ਅਤੇ ਗਿਆਨ ਦਾ ਕੇਂਦਰ ਰਿਹਾ । ਦਿੱਲੀ ਦੇ ਬਾਦਸ਼ਾਹ ਦੇ ਜਰਨੈਲ ਸੁਲਤਾਨ ਖਾਨ ਲੋਧੀ ਦੁਆਰਾ 1103 ਈ. ਵਿੱਚ ਵਸਾਇਆ ।ਕਿਸੇ ਸਮੇਂ ਇਸਲਾਮਿਕ ਸਿੱਖਿਆ ਦਾ ਮੁੱਖ ਕੇਂਦਰ ਵੀ ਸੀ ।ਬਰਸਾਤੀ ਨਦੀ ਕਾਲੀ ਵੇਈ ਦੇ ਦੱਖਣੀ ਕਿਨਾਰੇ ‘ਤੇ ਸਥਿਤ ਇਹ ਸ਼ਹਿਰ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ । ਭਾਈਆ ਜੈ ਰਾਮ ਅਤੇ ਭੈਣ ਬੇਬੇ ਨਾਨਕੀ ਜੀ ਦੀ ਪ੍ਰੇਰਨਾ ਸਦਕਾ ਗੁਰੂ ਜੀ ਨੇ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ । ਦਿਨੇ ਨੌਕਰੀ ਕਰਨਾ, ਅੰਮ੍ਰਿਤ ਵੇਲੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਉਪਰੰਤ ਭਜਨ ਕੀਰਤਨ ਕਰਨਾ ਗੁਰੂ ਜੀ ਦਾ ਨਿਤਨੇਮ ਸੀ । ਗੁਰੂ ਸਾਹਿਬ ਕਰੀਬ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ।
ਇੱਕ ਵਾਰ ਇਸ਼ਨਾਨ ਕਰਨ ਗਏ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਪ੍ਰਗਟ ਹੋਏ ਤੇ ਲੋਕਾਈ ਨੂੰ ‘ਨਾ ਕੋਇ ਹਿੰਦੂ ਨਾ ਕੋਈ ਮੁਸਲਮਾਨ’ ਦਾ ਸੰਦੇਸ਼ ਦਿੱਤਾ ।ਜਿੱਥੇ ਗੁਰੂ ਜੀ ਨੂੰ ਗਿਆਨ ਪ੍ਰਾਪਤ ਹੋਇਆ ਉੱਥੇ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ ।
ਇੱਥੇ ਗੁਰੂ ਜੀ ਨੇ ਮੂਲਮੰਤਰ ਦਾ ਉਚਾਰਨ ਕੀਤਾ । ਇੱਥੋਂ ਹੀ ਗੁਰੂ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਸੰਗ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਕਰਨ ਲਈ ਰਵਾਨਾ ਹੋਏ ਸਨ ।
ਅਸੀਂ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਣ ਉਪਰੰਤ ਬੱਚਿਆਂ ਨੂੰਪ ਵਿੱਤਰ ਕਾਲੀ ਵੇਈ ਦੇ ਦਰਸ਼ਨ ਕਰਵਾਏ ।ਇੱਥੇ ਸਾਥੀ ਸੁਰਿੰਦਰਜੀਤ ਸਿੰਘ ਨੇ ਬੱਚਿਆਂ ਨੂੰ ਕਾਲੀ ਵੇਈਂ ਨਦੀ ਦੇ ਕਿਨਾਰੇ ਇਸ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇੱਥੋਂ ਹੀ ਗੁਰੂ ਜੀ ਗਿਆਨ ਦੀ ਪ੍ਰਾਪਤੀ ਹੋਈ । ਉਹਨਾਂ ਦੱਸਿਆ ਕਿ ਕਿਸੇ ਵੇਲੇ ਇਹ ਪਵਿੱਤਰ ਨਦੀ ਸੰਭਾਲ ਨਾ ਹੋਣ ਕਰਕੇ ਗੰਦੇ ਨਾਲੇ ਦਾ ਰੂਪ ਲੈ ਗਈ ਸੀ ਪਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਇਸ ਨਦੀ ਦੀ ਮਹੱਤਾ ਨੂੰ ਦੇਖਦੇ ਹੋਏ ਸਫਾਈ ਅਭਿਆਨ ਚਲਾ ਕੇ ਇਸ ਨੂੰ ਨਵੀਂ ਦਿੱਖ ਦਿੱਤੀ ।
ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਹੋਰ ਸਥਾਨ - ਗੁ.ਕੋਠੜੀ ਸਾਹਿਬ , ਗੁ.ਸੇਹਰਾ ਸਾਹਿਬ,ਗੁ. ਹੱਟ ਸਾਹਿਬ,ਗੁ. ਗੁਰੂ ਕਾ ਬਾਗ ਅਤੇ ਗੁ.ਬੇਬੇ ਨਾਨਕੀ ਜੀ ਮੌਜੂਦ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਬੱਚਿਆਂ ਨੇ ਬਾਜ਼ਾਰ ਵਿਚੋਂ ਖ਼ਰੀਦੋ ਫ਼ਰੋਖ਼ਤ ਕੀਤੀ ।
ਸ਼ਾਮ ਦੇ ਪੰਜ ਵੱਜ ਚੁੱਕੇ ਸਨ ।ਅਸੀਂ ਵਾਪਸੀ ਕਰਨ ਲਈ ਬੱਸ ਵਿੱਚ ਬੈਠੇ । ਇੱਥੋਂ ਚੱਲ ਕੇ ਅਸੀਂ ਹਰੀਕੇ ਪੱਤਣ ਸਰਤਾਜ ਹਵੇਲੀ ਤੋਂ ਬੱਚਿਆਂ ਨੂੰ ਖਾਣਾ ਖੁਆਉਣ ਲਈ ਰੁਕੇ । ਜਿਸ ਦਾ ਪ੍ਰਬੰਧ ਸਾਥੀ ਪ੍ਰਦੀਪ ਨੇ ਪਹਿਲਾਂ ਹੀ ਕੀਤਾ ਹੋਇਆ ਸੀ । ਇਸ ਦੌਰਾਨ ਬੱਚਿਆਂ ਦੇ ਮਾਪਿਆਂ ਦੇ ਫੋਨ ਆਉਣ ਲੱਗ ਪਏ ਸਨ । ਲਗਭਗ 7:30 ਵਜੇ ਅਸੀਂ ਵਾਪਸ ਆਪਣੇ ਪਿੰਡ ਨੂੰ ਚਾਲੇ ਪਾਏ ਅਤੇ ਇਹ ਲੰਮਾ ਪੈਂਡਾ ਤੈਅ ਕਰਦਿਆਂ 9:30 ਵਜੇ ਸਕੂਲ ਪਹੁੰਚ ਕੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਸੰਗ ਤੋਰ ਆਪਣੇ ਆਪਣੇ ਘਰਾਂ ਨੂੰ ਪਰਤ ਗਏ । ਸਮੁੱਚੇ ਟੂਰ ਦੇ ਖੂਬਸੂਰਤ ਪਲਾਂ ਨੂੰ ਸਾਥੀ ਗੁਰਦੀਪ ਸਿੰਘ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ । ਇਹ ਇੱਕ ਰੋਜ਼ਾ ਟੂਰ ਸਦੀਵੀ ਯਾਦਗਾਰ ਬਣ ਗਿਆ ।
|