ਪਹਿਲੀ ਮੱਧ ਭਾਰਤੀ ਪੰਜਾਬੀ ਕਾਨਫ਼ਰੰਸ, ਇੰਦੌਰ (ਲੇਖ )

ਪਰਮਵੀਰ ਸਿੰਘ (ਡਾ.)   

Email: paramvirsingh68@gmail.com
Address: ਪੰਜਾਬੀ ਯੂਨੀਵਰਸਿਟੀ
ਪਟਿਆਲਾ India
ਪਰਮਵੀਰ ਸਿੰਘ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬੀ ਬੋਲੀ ਦਾ ਇਤਿਹਾਸ ਕਿੰਨਾ ਪੁਰਾਣਾ ਹੈ, ਇਸ ਬਾਰੇ ਹਾਲੇ ਤੱਕ ਕੋਈ ਸਹੀ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਿਆ ਪਰ ਇਸ ਵਿਚਾਰ ਨਾਲ ਲਗਪਗ ਸਾਰੇ ਵਿਦਵਾਨ ਸਹਿਮਤ ਹਨ ਕਿ ਪੰਜਾਬੀ ਬੋਲੀ ਵਿੱਚ ਪਹਿਲਾਂ ਤੋਂ ਪ੍ਰਚਲਿਤ ਅੱਖਰਾਂ ਨੂੰ ਯੋਜਨਾਬੱਧ ਤਰੀਕੇ ਨਾਲ ਲਿਪੀਬੱਧ ਕਰਨ ਦਾ ਕਾਰਜ ਗੁਰੂ ਸਾਹਿਬਾਨ ਨੇ ਕੀਤਾ ਸੀ। ਪੰਜਾਬ ਦੇ ਲੋਕਾਂ ਤੇ ਗੁਰੂ ਸਾਹਿਬਾਨ ਦਾ ਪ੍ਰਭਾਵ ਸੀ ਅਤੇ ਏਸੇ ਕਰਕੇ ਉਨ੍ਹਾਂ ਦੁਆਰਾ ਪ੍ਰਵਾਹਿਤ ਕੀਤੇ ਸੰਦੇਸ਼ ਦੀ ਬੋਲੀ ਦਾ ਪ੍ਰਭਾਵ ਵੀ ਆਮ ਲੋਕਾਂ ਤੇ ਵਧੇਰੇ ਪਿਆ ਅਤੇ ਪੰਜਾਬ ਵਿੱਚ ਇਹ ਬੋਲੀ ਗੁਰਮੁਖੀ ਦੇ ਨਾਂ ਨਾਲ ਪ੍ਰਸਿੱਧ ਹੋਈ। ਪੰਜਾਬ ਵਿੱਚ ਜੰਮੇ ਬੱਚਿਆਂ ਦੀ ਇਹ ਮਾਂ-ਬੋਲੀ ਹੋਣ ਕਰਕੇ ਉਨ੍ਹਾਂ ਦੇ ਜੀਵਨ 'ਤੇ ਇਸ ਦਾ ਪ੍ਰਭਾਵ ਪੈਣਾ ਸਪਸ਼ਟ ਹੈ ਅਤੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਉਨ੍ਹਾਂ ਨੂੰ ਆਪਣੀ ਮਾਂ ਬੋਲੀ ਸੁਣਨ ਦੀ ਇੱਛਾ ਹਰ ਵੇਲੇ ਬਣੀ ਰਹਿੰਦੀ ਹੈ। ਘਰ-ਪਰਿਵਾਰ ਅਤੇ ਦਫ਼ਤਰੀ ਕੰਮ ਕਾਜ ਸਮੇਂ ਉਹ ਭਾਵੇਂ ਜਿਹੜੀ ਵੀ ਭਾਸ਼ਾ ਬੋਲਣ ਪਰ ਇਕਾਂਤ ਵਿੱਚ ਜਾਂ ਸਭਾਵਾਂ ਵਿੱਚ ਗੁਰਬਾਣੀ ਜਾਂ ਪੰਜਾਬੀ ਗਾਣਿਆਂ ਪ੍ਰਤੀ ਉਨ੍ਹਾਂ ਦੀ ਰੁਚੀ ਇਹ ਸਾਬਿਤ ਕਰਦੀ ਹੈ ਕਿ ਉਹ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਪੰਜਾਬੀ ਧੁਨ (ਬੀਟ) ਦੁਨੀਆਂ ਵਿੱਚ ਇਤਨੀ ਪ੍ਰਸਿੱਧ ਹੋ ਚੁੱਕੀ ਹੈ ਕਿ ਹਰ ਪੰਜਾਬੀ ਅਤੇ ਗ਼ੈਰ-ਪੰਜਾਬੀ ਦੇ ਮਨ ਤੇ ਪ੍ਰਭਾਵ ਪਾਉਂਦੀ ਹੈ।
ਇਸ ਵਾਰਤਾ ਦਾ ਦੂਜਾ ਪਹਿਲੂ ਇਹ ਹੈ ਕਿ ਦੇਸਾਂ-ਪ੍ਰਦੇਸਾਂ ਵਿੱਚ ਵਿਚਰਨ ਕਰਕੇ ਦੂਜੀਆਂ ਭਾਸ਼ਾਵਾਂ ਅਤੇ ਸੱਭਿਆਚਾਰਾਂ ਦਾ ਪੰਜਾਬੀਆਂ ਦੇ ਜੀਵਨ ਤੇ ਬਹੁਤ ਪ੍ਰਭਾਵ ਪਿਆ ਹੈ। ਜਿਹੜੀਆਂ ਕਦਰਾਂ-ਕੀਮਤਾਂ ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਵਿੱਚੋਂ ਪ੍ਰਾਪਤ ਹੋਈਆਂ ਸਨ, ਉਨ੍ਹਾਂ ਦੀ ਸੰਤਾਨ ਵਿੱਚੋਂ ਉਹ ਵਿਸਰਦੀਆਂ ਜਾ ਰਹੀਆਂ ਹਨ। ਇਸ ਕਰਕੇ ਮਾਪੇ ਬਹੁਤ ਚਿੰਤਤ ਹਨ ਅਤੇ ਉਹ ਚਾਹੁੰਦੇ ਹਨ ਕਿ ਜਿਹੜੀਆਂ ਕਦਰਾਂ-ਕੀਮਤਾਂ ਉਨ੍ਹਾਂ ਨੂੰ ਆਪਣੀ ਵਿਰਾਸਤ ਵਿੱਚੋਂ ਪ੍ਰਾਪਤ ਹੋਈਆਂ ਸਨ, ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਕਦਰਾਂ-ਕੀਮਤਾਂ ਵੱਲ ਹੀ ਵਾਪਸ ਪਰਤ ਆਉਣ। ਭਾਰਤ ਦੇ ਵੱਖ-ਵੱਖ ਕੋਨਿਆਂ ਅਤੇ ਪ੍ਰਦੇਸਾਂ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਪੰਜਾਬੀ ਸਭਾਵਾਂ, ਸਾਹਿਤ ਸਭਾਵਾਂ ਅਤੇ ਅਕਾਦਮੀਆਂ ਹੋਂਦ ਵਿੱਚ ਆਈਆਂ ਹਨ ਤਾਂ ਕਿ ਪੰਜਾਬੀ ਭਾਸ਼ਾ ਦੀ ਮਸ਼ਾਲ ਨੂੰ ਜਾਗ੍ਰਿਤ ਰੱਖਿਆ ਜਾ ਸਕੇ। ਪੰਜਾਬ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਵੀ ਏਸੇ ਉਦੇਸ਼ ਦੀ ਪੂਰਤੀ ਹਿਤ ਹੋਈ ਹੈ। ਇਹ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਹੜੀ ਕਿ ਭਾਸ਼ਾ ਦੇ ਨਾਂ ਤੇ ਹੋਂਦ ਵਿੱਚ ਆਈ ਹੈ। ਆਪਣੇ ਉਦੇਸ਼ ਦੀ ਪੂਰਤੀ ਲਈ ਇਹ ਯੂਨੀਵਰਸਿਟੀ ਲਗਾਤਾਰ ਯਤਨਸ਼ੀਲ ਰਹਿੰਦੀ ਹੈ। ਇਹ ਯੂਨੀਵਰਸਿਟੇ ਇਕ ਪਾਸੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਉੱਚ ਸਿੱਖਿਆ ਪ੍ਰਦਾਨ ਕਰ ਰਹੀ ਹੈ ਅਤੇ ਦੂਜੇ ਪਾਸੇ ਸੈਮੀਨਾਰਾਂ, ਗੋਸ਼ਟੀਆਂ ਅਤੇ ਮੇਲਿਆਂ ਰਾਹੀਂ ਆਮ ਲੋਕਾਂ ਨੂੰ ਆਪਣੀ ਮਾਤ-ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਨ ਦਾ ਕਾਰਜ ਸਫ਼ਲਤਾ ਪੂਰਬਕ ਕਰ ਰਹੀ ਹੈ। ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਦੀ ਸਥਾਪਨਾ ਵੀ ਏਸੇ ਮਨੋਰਥ ਅਧੀਨ ਕੀਤੀ ਗਈ ਹੈ ਜਿਸ ਰਾਹੀ ਭਾਰਤ ਦੇ ਵੱਖ-ਵੱਖ ਕੋਨਿਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਇਕ ਅਜਿਹਾ ਪਲੇਟਫਾਰਮ ਪ੍ਰਦਾਨ ਕੀਤਾ ਜਾ ਰਿਹਾ ਹੈ ਜਿਥੇ ਉਹ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕਦੇ ਹਨ। ਇਹ ਕਾਰਜ ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੀ ਖ਼ੁਸ਼ੀ ਸਾਂਝੀ ਕਰਨ ਲਈ ਅਰੰਭ ਕੀਤਾ ਗਿਆ ਸੀ ਪਰ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਦੀ ਮੰਗ ਤੇ ਇਸ ਦਾ ਪ੍ਰਸਾਰ ਭਾਰਤ ਦੇ ਦੂਜੇ ਸੂਬਿਆਂ ਵਿੱਚ ਵੀ ਹੋ ਗਿਆ ਹੈ ਜਿਸ ਦੇ ਸਿੱਟੇ ਵੱਜੋਂ ਪੂਰਬੀ ਭਾਰਤ ਵਿਖੇ ਦੋ ਕਾਨਫ਼ਰੰਸਾਂ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਪੰਜਾਬੀ ਸਭਾ, ਇੰਦੌਰ, ਦੇ ਸਹਿਯੋਗ ਨਾਲ ਮੱਧ ਭਾਰਤ ਵਿਖੇ ਕਰਵਾਈ ਜਾ ਰਹੀ ਇਹ ਪਹਿਲੀ ਪੰਜਾਬੀ ਕਾਨਫ਼ਰੰਸ ਵੀ ਏਸੇ ਲੜੀ ਦਾ ਇਕ ਹਿੱਸਾ ਹੈ।
ਪਹਿਲੀ ਮੱਧ ਭਾਰਤੀ ਪੰਜਾਬੀ ਕਾਨਫ਼ਰੰਸ ਦਾ ਉਦਘਾਟਨੀ ਸਮਾਰੋਹ ੧੨ ਫ਼ਰਵਰੀ ੨੦੧੨ ਨੂੰ ਸਵੇਰੇ ੧੦:੦੦ ਵਜੇ ਰਵਿੰਦਰ ਨਾਟਯ ਗ੍ਰਹਿ, ਆਰ. ਐਨ. ਟੀ. ਮਾਰਗ, ਇੰਦੌਰ ਵਿਖੇ, ਗੁਰੂ ਨਾਨਕ ਦੇਵ ਜੀ ਦੇ ਆਰਤੀ ਦੇ ਸ਼ਬਦ ਅਤੇ ਯੂਨੀਵਰਸਿਟੀ ਧੁਨੀ ਰਾਹੀਂ, ਅਰੰਭ ਹੋਇਆ। ਇਸ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਣਯੋਗ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਪਦਮ ਭੂਸ਼ਣ ਨਾਲ ਸਨਮਾਨਿਤ ਡਾ. ਪ੍ਰਿਥੀਪਾਲ ਸਿੰਘ ਮੈਨੀ ਮੁੱਖ ਮਹਿਮਾਨ ਵਜੋਂ ਅਤੇ ਦੇਵੀ ਅਹਿਲਯਾ ਵਿਸ਼ਵ ਵਿਦਿਆਲਯ, ਇੰਦੌਰ, ਦੇ ਵਾਈਸ-ਚਾਂਸਲਰ ਡਾ. ਰਾਜ ਕਮਲ ਵਿਸ਼ੇਸ਼ ਮਹਿਮਾਨ ਵੱਜੋਂ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਏ। ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਦੇ ਚੀਫ਼-ਕੋਆਰਡੀਨੇਟਰ, ਡਾ. ਜੋਧ ਸਿੰਘ, ਨੇ ਇਸ ਕਾਨਫ਼ਰੰਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਵਿੱਚ ਕਰਵਾਈਆਂ ਗਈਆਂ ਕਾਨਫ਼ਰੰਸਾਂ ਵਿੱਚ ਭਾਰਤ ਦੇ ਕੋਨੇ-ਕੋਨੇ ਤੋਂ ਪੰਜਾਬੀ ਉਤਸ਼ਾਹ ਭਰਪੂਰ ਹਿੱਸਾ ਲੈਂਦੇ ਆ ਰਹੇ ਹਨ, ਉਨ੍ਹਾਂ ਦੇ ਮਨ ਵਿੱਚ ਆਪਣੀ ਮਾਂ-ਬੋਲੀ ਪ੍ਰਤੀ ਚੇਤਨਾ ਪੈਦਾ ਹੋਈ ਹੈ। ਪੰਜਾਬ ਤੋਂ ਬਾਹਰਲੇ ਪੰਜਾਬੀਆਂ ਨੂੰ ਪੰਜਾਬੀ ਦੀ ਮੁੱਢਲੀ ਸਿੱਖਿਆ ਦੇਣ ਲਈ ਯੂਨੀਵਰਸਿਟੀ ਨੇ ਪੁਸਤਕਾਂ ਤਿਆਰ ਕੀਤੀਆਂ ਹਨ ਜਿਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਕਾਨਫ਼ਰੰਸ ਵੀ ਪੰਜਾਬੀਆਂ ਦੇ ਮਨ ਵਿੱਚ ਪੰਜਾਬੀਅਤ ਦੀ ਭਾਵਨਾ ਪੈਦਾ ਕਰਨ ਵਿੱਚ ਸਫ਼ਲ ਸਿੱਧ ਹੋਵੇਗੀ ਅਤੇ ਸਮੁੱਚੇ ਪੰਜਾਬੀ ਜਗਤ ਨੂੰ ਇਹ ਪ੍ਰੇਰਨਾ ਦੇਵੇਗੀ ਕਿ ਉਹ ਆਪਣੀ ਮਾਂ-ਬੋਲੀ ਅਤੇ ਸੱਭਿਆਚਾਰ ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਭਾਰਤੀ ਅਤੇ ਪੰਜਾਬੀਅਤ ਨੂੰ ਪ੍ਰਫ਼ੁਲਿਤ ਕਰਨ ਵਿੱਚ ਭਰਪੂਰ ਯੋਗਦਾਨ ਪਾਉਣਗੇ। ਸ੍ਰੀ ਪ੍ਰੀਤਮ ਲਾਲ ਦੂਆ ਨੇ ਕਾਨਫ਼ਰੰਸ ਵਿੱਚ ਹਿੱਸਾ ਲੈਣ ਆਏ ਸਮੂਹ ਪੰਜਾਬੀ ਪ੍ਰੇਮੀਆਂ ਅਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਹਿਲਾ ਕਦਮ ਪੁੱਟਣਾ ਜ਼ਰੂਰੀ ਹੁੰਦਾ ਹੈ ਅਤੇ ਉਸ ਤੋਂ ਬਾਅਦ ਹਜ਼ਾਰਾਂ ਮੀਲ ਦਾ ਪੈਂਡਾ ਤੈਅ ਕੀਤਾ ਜਾ ਸਕਦਾ ਹੈ; ਇੰਦੌਰ ਵਿਖੇ ਪੰਜਾਬੀ ਕਾਨਫ਼ਰੰਸ ਇਸੇ ਦਿਸ਼ਾ ਵੱਲ ਪਹਿਲਾ ਕਦਮ ਹੈ। ਕਾਨਫ਼ਰੰਸ ਦਾ ਉਦਾਘਟਨ ਮੱਧ ਪ੍ਰਦੇਸ਼ ਦੇ ਵਨ ਮੰਤਰੀ ਸਰਦਾਰ ਸਰਤਾਜ ਸਿੰਘ ਨੇ ਕੀਤਾ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੰਦੌਰ ਵਿਖੇ ਪੰਜਾਬੀਆਂ ਦੀ ਵਧੇਰੇ ਵੱਸੋਂ ਦੇਸ-ਵੰਡ ਉਪਰੰਤ ਹੋਈ ਹੈ। ਪੰਜਾਬੀ ਹਮੇਸ਼ਾਂ ਸੰਘਰਸ਼ਸੀਲ ਅਤੇ ਅਗਾਂਹਵਧੂ ਬਿਰਤੀ ਦੇ ਮਾਲਕ ਰਹੇ ਹਨ ਅਤੇ ਏਸੇ ਬਿਰਤੀ ਅਧੀਨ ਇਹ ਕਦੇ ਨਿਰਾਸ਼ ਨਹੀਂ ਹੁੰਦੇ, ਦੁਨੀਆਂ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਦਬਾਉ ਅਧੀਨ ਵੀ ਉਹ ਆਪਣੀ ਮਾਂ-ਬੋਲੀ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹਨ। ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਦੇ ਮਨਾਂ ਵਿੱਚ ਆਪਣੀ ਮਾਂ-ਬੋਲੀ ਪ੍ਰਤੀ ਆਸ ਦੀ ਕਿਰਨ ਪੰਜਾਬੀ ਯੂਨੀਵਰਸਿਟੀ ਨੇ ਜਗਾਈ ਹੈ ਅਤੇ ਇਹ ਜੋਤ ਨਿਰੰਤਰ ਜਗਦੀ ਰਹਿਣੀ ਚਾਹੀਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜ ਕਰ ਰਹੇ ਪੰਜਾਬੀ ਦੇ ਉੱਘੇ ਵਿਦਵਾਨ ਪ੍ਰੋ. ਸਤੀਸ਼ ਕੁਮਾਰ ਵਰਮਾ ਨੇ ਇਸ ਮੌਕੇ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਵਿੱਚ ਪੰਜਾਬੀ ਭਾਸ਼ਾ ਦਾ ਅਧਿਐਨ ਤੇ ਅਧਿਆਪਨ ਵਿਸ਼ੇ ਤੇ ਵਿਚਾਰ ਪ੍ਰਗਟ ਕਰਦੇ ਹੋਏ ਆਪਣੇ ਮੁੱਖ-ਸਰ (ਕੁੰਜੀਵਤ) ਭਾਸ਼ਣ ਵਿੱਚ ਦੱਸਿਆ ਕਿ ਮਾਂ-ਬੋਲੀ ਮਨੁੱਖ ਦੇ ਨਾਲ ਹੀ ਤੁਰਦੀ ਹੈ ਅਤੇ ਇਸ ਕਰਕੇ ਪੰਜਾਬੀ ਦੁਨੀਆਂ ਵਿੱਚ ਜਿੱਥੇ ਵੀ ਗਏ ਹਨ ਅਤੇ ਦੁਨੀਆਂ  ਦੀ ਕੋਈ ਵੀ ਭਾਸ਼ਾ ਸਿੱਖ ਕੇ ਉਹ ਕਿਸੇ ਵੀ ਮੁਕਾਮ ਤੱਕ ਪੁੱਜੇ ਹਨ, ਮਾਂ-ਬੋਲੀ ਉਨ੍ਹਾਂ ਦੇ ਦਿਲ ਵਿੱਚ ਵਸਦੀ ਰਹੀ ਹੈ। ਇਸ ਕਰਕੇ ਜਦੋਂ ਕੋਈ ਪੰਜਾਬੀ ਦੂਜੀ ਭਾਸ਼ਾ ਵਿੱਚ ਨਿਰੰਤਰ ਗੱਲ ਕਰਦਾ ਰਹਿੰਦਾ ਹੈ ਤਾਂ ਸੁਣਨ ਵਾਲੇ ਨੂੰ ਇਹ ਲੱਗਦਾ ਹੈ ਕਿ ਇਸ ਨੇ ਆਪਣੀ ਮਾਂ-ਬੋਲੀ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਨਕਾਰਨਾ ਨਹੀਂ ਬਲਕਿ ਵਿਸਾਰਨਾ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਕਿਤੇ ਮੌਕਾ ਮਿਲੇ ਤਾਂ ਕਈ ਵਾਰੀ ਸਮੇਂ ਦੇ ਹਾਲਾਤਾਂ ਅਧੀਨ ਮਾਂ-ਬੋਲੀ ਆਪ ਮੁਹਾਰੇ ਫੁੱਟ ਪੈਂਦੀ ਹੈ। ਪੰਜਾਬੀ ਮਾਂ-ਬੋਲੀ ਨੂੰ ਵਿਸਾਰਨ ਦੀ ਬਜਾਏ ਸਵੀਕਾਰਨ ਵਾਲੀ ਭਾਵਨਾ ਪੈਦਾ ਕਰਕੇ ਇਸਨੂੰ ਸਨਮਾਨਣ ਦੀ ਸਥਿਤੀ ਵਿੱਚ ਲਿਆਉਣ ਤੇ ਉਨ੍ਹਾਂ ਵਧੇਰੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬੀ ਭਾਰਤ ਅਤੇ ਭਾਰਤ ਤੋਂ ਬਾਹਰ ਵੱਡੀ ਗਿਣਤੀ ਵਿੱਚ ਫ਼ੈਲੇ ਹੋਏ ਹਨ ਅਤੇ ਸਮੂਹ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨਾ ਇਕ ਵੱਡਾ ਕਾਰਜ ਹੈ ਜਿਹੜਾ ਕਿ ਚੇਤਨਾ ਪੈਦਾ ਹੋਣ ਤੇ ਸਹਿਜੇ ਹੀ ਕੀਤਾ ਜਾ ਸਕਦਾ ਹੈ। ਵੱਖ-ਵੱਖ ਤਰੀਕਿਆਂ ਰਾਹੀਂ ਭਾਰਤ ਦੇ ਵਿਭਿੰਨ ਪ੍ਰਦੇਸਾਂ ਵਿੱਚ ਵੱਸਦੇ ਅਤੇ ਭਾਰਤ ਤੋਂ ਬਾਹਰ ਦੂਜੇ ਦੇਸਾਂ ਵਿੱਚ ਪ੍ਰਵਾਸ ਕਰ ਗਏ ਪੰਜਾਬੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਲਈ ਵੱਖੋ-ਵੱਖਰੇ ਤਰੀਕੇ ਇਸਤੇਮਾਲ ਕਰਨੇ ਚਾਹੀਦੇ ਹਨ ਅਤੇ ਜਿਹੜੇ ਵੀ ਇਲਾਕੇ ਦਾ ਪੰਜਾਬੀ ਜਿਸ ਵੀ ਪੱਧਰ ਤੇ ਪਹੁੰਚਿਆ ਹੋਇਆ ਹੈ, ਉਸ ਨੂੰ ਉਸ ਤੋਂ ਅੱਗੇ ਪੰਜਾਬੀ ਸਿਖਾਉਣ ਦੀਆਂ ਨਵੀਨ ਵਿਧੀਆਂ ਦੀ ਵਰਤੋਂ ਕਰਨੀ ਪਵੇਗੀ। ਮੌਜੂਦਾ ਸਮੇਂ ਵਿੱਚ ਅਧੁਨਿਕ ਤਰੀਕੇ ਨਾਲ ਪੰਜਾਬੀ ਸਿਖਾਉਣ ਲਈ ਕਿਹੜੇ ਤਰੀਕੇ ਵਧੇਰੇ ਅਤੇ ਵਧੀਆ ਕਾਰਗਾਰ ਸਾਬਿਤ ਹੋ ਸਕਦੇ ਹਨ, ਇਨ੍ਹਾਂ ਨੇ ਮਿਸਾਲਾਂ ਦੇ ਕੇ ਉਨ੍ਹਾਂ ਬਾਰੇ ਚਾਨਣਾ ਪਾਇਆ ਹੈ। ਮੁੱਖ ਮਹਿਮਾਨ ਡਾ. ਪ੍ਰਿਥੀਪਾਲ ਸਿੰਘ ਮੈਨੀ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਨੇ ਜੀਵਨ ਵਿੱਚ ਬਹੁਤ ਸੰਘਰਸ਼ ਕਰਕੇ ਸਮਾਜ ਵਿੱਚ ਸਵੈਮਾਨ ਅਤੇ ਉੱਚ-ਅਹੁਦੇ ਪ੍ਰਾਪਤ ਕੀਤੇ ਹਨ। ਇਹ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਆਪਣੇ ਪੰਜਾਬੀ ਹੋਣ ਤੇ ਮਾਣ ਕਰਦੇ ਹਨ ਪਰ ਨਾਲ ਹੀ ਇਹ ਅਫ਼ਸੋਸ ਵੀ ਹੈ ਕਿ ਇਹ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਇਨ੍ਹਾਂ ਦੀ ਮਾਨਸਿਕਤਾ ਵਿੱਚ ਇਕ ਗੱਲ ਪ੍ਰਵੇਸ਼ ਕਰ ਗਈ ਹੈ ਕਿ ਪੰਜਾਬੀ ਪੇਂਡੂਆਂ ਅਤੇ ਅਨਪੜ੍ਹਾਂ ਦੀ ਭਾਸ਼ਾ ਹੈ, ਇਸ ਮਾਨਸਿਕਤਾ ਨੂੰ ਨਾ ਕੇਵਲ ਬਦਲਣ ਦੀ ਲੋੜ ਹੈ ਬਲਕਿ ਆਪਣੀ ਮਾਂ-ਬੋਲੀ 'ਤੇ 'ਤੇ ਫ਼ਖ਼ਰ ਕਰਨਾ ਚਾਹੀਦਾ ਹੈ। ਪੰਜਾਬੀਆਂ ਨੂੰ ਦੇਸਾਂ-ਪ੍ਰਦੇਸਾਂ ਵਿੱਚ ਪੰਜਾਬੀ ਅਤੇ ਪੰਜਾਬੀਅਤ ਦੀ ਖ਼ੁਸ਼ਬੋ ਫ਼ੈਲਾਉਂਦੇ ਰਹਿਣਾ ਚਾਹੀਦਾ ਹੈ ਪਰ ਇਹ ਆਪਣੀ ਵਿਰਾਸਤ ਨਾਲ ਜੁੜਿਆਂ ਹੀ ਸੰਭਵ ਹੋ ਸਕਦਾ ਹੈ। ਵਿਸ਼ੇਸ਼ ਮਹਿਮਾਨ ਵੱਜੋਂ ਇਸ ਸਭਾ ਵਿੱਚ ਹਾਜ਼ਰ ਹੋਏ ਦੇਵੀ ਅਹਿਲਯਾ ਵਿਸ਼ਵ ਵਿਦਿਆਲਯ, ਇੰਦੌਰ, ਦੇ ਵਾਈਸ-ਚਾਂਸਲਰ ਡਾ. ਰਾਜ ਕਮਲ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੁਆਰਾ ਟੈਕਨਾਲੋਜੀ ਦੀ ਵਰਤੋਂ ਰਾਹੀਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਇਸ ਦੇ ਨਿਰੰਤਰ ਵਿਕਾਸ ਦੀ ਹੋਰ ਵਧੇਰੇ ਲੋੜ ਜਾਪਦੀ ਹੈ, ਇਸ ਦਿਸ਼ਾ ਵਿੱਚ ਯੂਨੀਵਰਸਿਟੀ ਲਗਾਤਾਰ ਯਤਨਸ਼ੀਲ ਹੈ।
ਕਾਨਫ਼ਰੰਸ ਦੀ ਪ੍ਰਧਾਨਗੀ ਕਰਦੇ ਹੋਏ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਜਿਥੇ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਉਥੇ ਇਸ ਕਾਨਫ਼ਰੰਸ ਨੂੰ ਸਫ਼ਲਤਾ ਪੂਰਬਕ ਆਯੋਜਿਤ ਕਰਨ ਲਈ ਪੰਜਾਬੀ ਸਭਾ ਇੰਦੌਰ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਤੋਂ ਬਾਹਰ ਪੰਜਾਬੀ ਕਾਨਫ਼ਰੰਸਾਂ ਕਰਾਉਣ ਦਾ ਜਿਹੜਾ ਸਿਲਸਿਲਾ ਅਰੰਭ ਹੋਇਆ ਹੈ ਇਸ ਨੇ ਸਮੂਹ ਪੰਜਾਬੀਆਂ ਨੂੰ ਇਕ ਪਲੇਟਫ਼ਾਰਮ ਪ੍ਰਦਾਨ ਕੀਤਾ ਹੈ। ਇਸ ਮੰਚ ਤੇ ਉਨ੍ਹਾਂ ਨੇ ਜਿਥੇ ਪੰਜਾਬੀ ਪ੍ਰਤੀ ਇਲਾਕਾਈ ਸਮੱਸਿਆਵਾਂ ਹੀ ਸਾਂਝੀਆਂ ਕੀਤੀਆਂ ਹਨ ਬਲਕਿ ਉਨ੍ਹਾਂ ਦੇ ਵਿਚਾਰਾਂ ਨਾਲ ਯੂਨੀਵਰਸਿਟੀ ਨੂੰ ਆਪਣੇ ਉਦੇਸ਼ ਦੀ ਪੂਰਤੀ ਲਈ ਹੋਰ ਵਧੇਰੇ ਦ੍ਰਿੜਤਾ ਪ੍ਰਦਾਨ ਹੋਈ ਹੈ। 
ਇਸ ਸਮਾਰੋਹ ਵਿੱਚ ਪੰਜਾਬੀ ਦੀਆਂ ਚਾਰ ਪ੍ਰਮੁੱਖ ਸ਼ਖ਼ਸੀਅਤਾਂ ਸ੍ਰੀਮਤੀ ਵੀਨਾ ਸਾਹਨੀ, ਸ. ਚਰਨਜੀਤ ਸਿੰਘ ਚੱਢਾ, ਸ੍ਰੀ ਪ੍ਰੀਤਮ ਲਾਲ ਦੂਆ ਅਤੇ ਸ. ਈਸ਼ਰ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਨੇ ਇਨ੍ਹਾਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਪੰਜਾਬੀ ਯੂਨੀਵਰਸਿਟੀ ਵਿਖੇ ਕਾਰਜ ਕਰ ਰਹੇ ਪੰਜਾਬੀ ਦੇ ਪ੍ਰੋ. ਬਲਦੇਵ ਸਿੰਘ ਚੀਮਾ ਨੇ ਸ੍ਰੀਮਤੀ ਵੀਨਾ ਸਾਹਨੀ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ ਨੇ ਸ. ਚਰਨਜੀਤ ਸਿੰਘ ਚੱਢਾ, ਇਨ੍ਹਾਂ ਸਤਰਾਂ ਦੇ ਲੇਖਕ ਨੇ ਸ੍ਰੀ ਪ੍ਰੀਤਮ ਲਾਲ ਦੂਆ ਅਤੇ ਡਾ. ਦਵਿੰਦਰ ਸਿੰਘ ਨੇ ਸ. ਈਸ਼ਰ ਸਿੰਘ ਨੂੰ ਪ੍ਰਦਾਨ ਕੀਤੇ ਗਏ ਮਾਣ ਪੱਤਰ ਪੜ੍ਹਦੇ ਹੋਏ ਦੱਸਿਆ ਕਿ ਇਨ੍ਹਾਂ ਸਨਮਾਨਿਤ ਸ਼ਖ਼ਸੀਅਤਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਕਾਰਜ ਕਰਦੇ ਹੋਏ ਪੰਜਾਬ ਅਤੇ ਪੰਜਾਬੀਆਂ ਦੇ ਮਾਣ ਵਿੱਚ ਵਾਧਾ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀ ਗਈ ਸਨਮਾਨ ਰਾਸ਼ੀ ਵਿੱਚ ਇਕ ਲੱਖ ਰੁਪਏ ਹੋਰ ਪਾ ਕੇ ਸ੍ਰੀ ਪ੍ਰੀਤਮ ਲਾਲ ਦੂਆ ਨੇ ਗ਼ਰੀਬ ਬੱਚਿਆਂ ਦੀ ਭਲਾਈ ਕਰਨ ਦਾ ਐਲਾਨ ਕੀਤਾ। ਸ੍ਰੀਮਤੀ ਵੀਨਾ ਸਾਹਨੀ ਨੇ ਵੀ ਪ੍ਰਾਪਤ ਸਨਮਾਨ ਰਾਸ਼ੀ ਇਸ ਕਾਰਜ ਲਈ ਪ੍ਰਦਾਨ ਕਰ ਦਿੱਤੀ। ਮੁੱਖ ਮਹਿਮਾਨ ਸਮੇਤ ਹਾਜ਼ਰ ਸਮੂਹ ਪ੍ਰਮੁਖ ਸ਼ਖ਼ਸੀਅਤਾਂ ਨੇ ਕਾਨਫ਼ਰੰਸ ਦਾ ਸੁਵੀਨਰ ਅਤੇ ਇੰਦੌਰ ਤੋਂ ਪ੍ਰਕਾਸ਼ਿਤ ਹੋਣ ਜਾ ਰਹੇ ਪੰਜਾਬੀ ਦਰਪਣ ਦਾ ਪਹਿਲਾ ਅੰਕ ਰਿਲੀਜ਼ ਕੀਤਾ। ਸ. ਮਨਮੋਹਨ ਸਿੰਘ ਇੰਦੌਰ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ।
ਦੁਪਹਿਰ ਦੇ ਖਾਣੇ ਉਪਰੰਤ ਲਗਪਗ ੨:੦੦ ਵਜੇ ਪੰਜਾਬੀ ਸਭਾ ਇੰਦੌਰ ਵੱਲੋਂ ਮਨੁੱਖੀ ਸੱਭਿਆਚਾਰ ਅਤੇ ਸੱਭਿਅਤਾ ਪ੍ਰਤੀ ਪੰਜਾਬ ਦਾ ਯੋਗਦਾਨ ਨੂੰ ਪੇਸ਼ ਕਰਦਾ ਇਕ ਵਿਸ਼ੇਸ਼ ਆਡੀਓ-ਵਿਜ਼ੂਅਲ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਹੜਾ ਸ਼ਾਮ ਦੇ ਚਾਰ ਵਜੇ ਤੱਕ ਜਾਰੀ ਰਿਹਾ। ਇਸ ਪ੍ਰੋਗਰਾਮ ਵਿੱਚ ਪਿਛਲੇ ੫੦੦੦ ਸਾਲ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਪੰਜਾਬੀਆਂ ਦੁਆਰਾ ਭਾਰਤੀ ਸੱਭਿਅਤਾ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਪੇਸ਼ ਕੀਤਾ ਗਿਆ। ਅਕਾਦਮਿਕ, ਡੈਲੀਗੇਟ ਅਤੇ ਵਿਦਾਇਗੀ ਸਮਾਰੋਹ ਦਾ ਇਕ ਸੰਯੁਕਤ ਅਤੇ ਸੰਖੇਪ ਸੈਸ਼ਨ ਬਾਅਦ ਦੁਪਹਿਰ ੪:੦੦ ਵਜੇ ਅਰੰਭ ਹੋਇਆ। ਅਕਾਦਮਿਕ ਸੈਸ਼ਨ ਵਿੱਚ ਜਿਥੇ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਉਥੇ ਯੂਨੀਵਰਸਿਟੀ ਦੇ ਸੋਵੀਨਰ ਰਾਹੀਂ ਵੀ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਕੀਤੀ ਗਈ। ਇਸ ਸੋਵੀਨਰ ਵਿੱਚ ਸ. ਅਜੀਤ ਸ਼ੇਰ ਇੰਦਰ ਸਿੰਘ ਪਾਲ ਅਤੇ ਸ. ਈਸ਼ਰ ਸਿੰਘ ਦੁਆਰਾ ਲਿਖੇ ਪਰਚੇ ਪ੍ਰਕਾਸ਼ਿਤ ਕੀਤੇ ਗਏ ਸਨ। ਸ. ਅਜੀਤ ਸ਼ੇਰ ਇੰਦਰ ਸਿੰਘ ਪਾਲ ਨੇ ਮਨੁੱਖੀ ਸੱਭਿਆਚਾਰ ਅਤੇ ਸੱਭਿਅਤਾ ਨੂੰ ਪੰਜਾਬ ਦਾ ਯੋਗਦਾਨ ਵਿਸ਼ੇ ਤੇ ਆਪਣੇ ਲਿਖਤੀ ਵਿਚਾਰਾਂ ਵਿੱਚ ਦੱਸਿਆ ਹੈ ਕਿ ਪੰਜਾਬ ਦੀ ਤਵਾਰੀਖ਼ ਪ੍ਰਾਚੀਨ ਸਿੰਧੂ ਘਾਟੀ ਸੱਭਿਅਤਾ ਦੇ ਸਮੇਂ ਤੋਂ ਦੇਖਣ ਨੂੰ ਮਿਲਦੀ ਹੈ। ਇਸ ਧਰਤੀ ਨੇ ਬਹੁਤ ਸਾਰੇ ਉਤਰਾਅ-ਚੜਾਅ ਦੇਖੇ ਹਨ। ਕਲਾਸਕੀ ਸਾਹਿਤ, ਜੋਧਿਆਂ ਦੀ ਦਲੇਰੀ, ਧਰਮ ਦਾ ਪੈਗਾਮ, ਕਲਾ, ਪ੍ਰੇਮ, ਵਪਾਰ, ਚਿੱਟੀ ਅਤੇ ਹਰੀ ਕ੍ਰਾਂਤੀ ਇਸ ਧਰਤੀ ਦਾ ਸ਼ਿੰਗਾਰ ਰਹੇ ਹਨ। ਇਥੇ ਪੈਦਾ ਹੁੰਦੀਆਂ ਨਿੱਤ ਨਵੀਆਂ ਸਮੱਸਿਆਵਾਂ ਨੇ ਇਥੋਂ ਦੇ ਵਸਨੀਕਾਂ ਨੂੰ ਹਮੇਸ਼ਾਂ ਗਤੀਸ਼ੀਲ ਕਰੀ ਰੱਖਿਆ ਹੈ। ਆਪਣੀ ਆਨ-ਸ਼ਾਨ ਨੂੰ ਕਾਇਮ ਰੱਖਣ ਲਈ ਇਥੋਂ ਦੇ ਲੋਕਾਂ ਨੇ ਭਰਪੂਰ ਯੋਗਦਾਨ ਪਾਇਆ ਹੈ ਜਿਸ ਕਰਕੇ ਦੁਨੀਆਂ ਦੇ ਨਕਸ਼ੇ ਤੇ ਇਸ ਧਰਤੀ ਦੀ ਆਪਣੀ ਵਿਲੱਖਣ ਪਛਾਣ ਸਥਾਪਤ ਹੋਈ ਹੈ। ਲੋਕਾਂ ਤੇ ਇਥੋਂ ਦੇ ਪੌਣ-ਪਾਣੀ 'ਤੇ ਮੌਸਮ ਦਾ ਪ੍ਰਭਾਵ ਸਪਸ਼ਟ ਦੇਖਿਆ ਜਾ ਸਕਦਾ ਹੈ ਜਿਸ ਨੇ ਇਨ੍ਹਾਂ ਦੇ ਸੁਭਾਅ ਵਿੱਚ ਵਿਲੱਖਣ ਤਬਦੀਲੀ ਲਿਆਂਦੀ ਹੈ। ਖੁੱਲ੍ਹੇ-ਡੁੱਲੇ ਸੁਭਾਅ ਦੇ ਮਾਲਕ ਪੰਜਾਬੀਆਂ ਦੇ ਮਨਾਂ ਨੂੰ ਇਕ ਵਿਸ਼ੇਸ਼ ਦਿਸ਼ਾ ਪ੍ਰਦਾਨ ਕਰਨ ਲਈ ਇਥੋਂ ਦੀ ਭਾਸ਼ਾ ਅਤੇ ਸਾਹਿਤ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੰਜਾਬ ਏਸ਼ੀਆ ਦੀਆਂ ਦੋ ਪ੍ਰਮੁਖ ਸਭਿਅਤਾਵਾਂ ਦਾ ਕੇਂਦਰ ਬਣਿਆ ਹੈ ਜਿਥੇ ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕਾਂ ਦਾ ਪ੍ਰਭਾਵ ਰਿਹਾ ਹੈ। ਇਥੋਂ ਤੱਕ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਪ੍ਰਭਾਵ ਸਪਸ਼ਟ ਦੇਖਿਆ ਜਾ ਸਕਦਾ ਹੈ। ਇਸ ਬਿਰਤੀ ਨੇ ਪੰਜਾਬੀਆਂ ਦੇ ਮਨਾਂ ਵਿੱਚ ਵੱਖ-ਵੱਖ ਭਾਸ਼ਾਵਾਂ ਸਿੱਖਣ ਦੀ ਬਿਰਤੀ ਪੈਦਾ ਕੀਤੀ ਹੈ। ਪੰਜਾਬ ਦੇ ਲੋਕਾਂ ਤੇ ਇਸ ਤਬਦੀਲੀ ਦਾ ਪ੍ਰਭਾਵ ਪਿਆ ਹੈ ਜਿਸ ਕਰਕੇ ਉਹ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਗਏ ਹਨ, ਉਨ੍ਹਾਂ ਨੇ ਸਥਾਨਕ ਭਾਸ਼ਾ ਸਿੱਖਣ ਨੂੰ ਤਰਜੀਹ ਦਿੱਤੀ ਹੈ। ਭਾਰਤੀ ਸੱਭਿਆਚਾਰ ਨੂੰ ਜਿਸ ਸਾਹਿਤ ਨੇ ਜਗਤ ਵਿੱਚ ਪ੍ਰਸਿੱਧ ਕੀਤਾ ਹੈ, ਉਸ ਦੀ ਸਿਰਜਨਾ ਪੰਜਾਬ ਦੀ ਧਰਤੀ ਤੇ ਹੋਈ ਹੈ। ਇਕ ਪਾਸੇ ਵੇਦ ਅਤੇ ਰਾਮਾਇਣ ਇਸ ਧਰਤੀ ਦਾ ਸ਼ਿੰਗਾਰ ਬਣੇ ਹਨ, ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਨਾ ਨੇ ਸਮੁਚੇ ਜਗਤ ਦੇ ਸਾਹਿਤ ਅਤੇ ਜੀਵਨਜਾਚ ਵਿੱਚ ਪਰਿਵਰਤਨ ਲਿਆਂਦਾ ਹੈ। ਇਸ ਤੋਂ ਇਲਾਵਾ ਸੂਫ਼ੀ ਫ਼ਕੀਰਾਂ ਅਤੇ ਲੋਕ ਗਾਇਕਾਂ ਨੇ ਆਪਣੀ ਮਾਤ-ਭਾਸ਼ਾ ਨੂੰ ਪ੍ਰਫ਼ੁਲਿਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਮੱਧ ਭਾਰਤ ਵਿੱਚ ਪੰਜਾਬੀ ਭਾਸ਼ਾ ਅਤੇ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਤੇ ਪੇਸ਼ ਕੀਤੇ ਆਪਣੇ ਲਿਖਤੀ ਵਿਚਾਰਾਂ ਵਿੱਚ ਸ. ਈਸ਼ਰ ਸਿੰਘ ਨੇ ਦੁੱਖ ਪ੍ਰਗਟ ਕੀਤਾ ਕਿ ਰਾਜਨੀਤੀ ਦਾ ਸ਼ਿਕਾਰ ਹੋ ਜਾਣ ਉਪਰੰਤ ਭਾਸ਼ਾ ਦੇ ਵਿਕਾਸ ਵਿੱਚ ਜਿਹੜੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਉਨ੍ਹਾਂ ਦਾ ਅੰਦਾਜ਼ਾ ਸਹਿਜੇ ਹੀ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਇਸ ਦਾ ਪ੍ਰਭਾਵ ਕਈ ਦਹਾਕਿਆਂ ਤੋਂ ਬਾਅਦ ਦੇਖਣ ਨੂੰ ਮਿਲਦਾ ਹੈ, ਪੰਜਾਬੀ ਭਾਸ਼ਾ ਨਾਲ ਕੁੱਝ ਅਜਿਹਾ ਹੀ ਹੋਇਆ ਹੈ। ਇਸ ਭਾਸ਼ਾ ਨੂੰ ਕਿਸੇ ਇਕ ਵਰਗ ਨਾਲ ਜੋੜ ਕੇ ਪੇਸ਼ ਕਰਨ ਨਾਲ ਇਸ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਪੈਦਾ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਸਭ ਤੱਂ ਵੱਡੀ ਚਿੰਤਾ ਬਣੀ ਹੋਈ ਹੈ ਕਿ ਘਰ ਤੋਂ ਬਾਹਰ ਬੱਚੇ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਹਨ ਅਤੇ ਘਰ ਵਿੱਚ ਮਾਪੇ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨ ਨੂੰ ਤਿਆਰ ਨਹੀਂ। ਏਸੇ ਚਿੰਤਾ ਵਿੱਚੋਂ ਜਿਹੜਾ ਚਿੰਤਨ ਅਤੇ ਚੇਤਨਾ ਪੈਦਾ ਹੋਈ ਉਸ ਨੇ ਸੰਡੇ ਸਕੂਲ ਖੋਲਣ ਦੀ ਬਿਰਤੀ ਪੈਦਾ ਕੀਤੀ ਜਿਸ ਅਧੀਨ ਗੁਰਦਵਾਰਿਆਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ। ਸਕੂਲਾਂ ਵਿੱਚ ਯੋਜਨਾਬੱਧ ਤਰੀਕੇ ਨਾਲ ਪੜ੍ਹਾਈ ਨਾ ਹੋਣ ਕਾਰਨ ਅਤੇ ਆਪਣੇ ਯਤਨਾਂ ਦੁਆਰਾ ਸਿੱਖੀ ਥੋੜ੍ਹੀ ਬਹੁਤ ਪੰਜਾਬੀ ਨੇ ਪੰਜਾਬੀ ਪਾਠਕ ਪੈਦਾ ਨਹੀਂ ਹੋਣ ਦਿੱਤੇ ਜਿਸ ਕਾਰਨ ਪੰਜਾਬੀ ਦੇ ਪਰਚੇ, ਨਿਊਜ਼ ਲੈਟਰ ਅਤੇ ਲਾਇਬ੍ਰੇਰੀਆਂ ਦੀਆਂ ਪੁਸਤਕਾਂ ਮਿੱਟੀ ਝਾੜ੍ਹਨ ਤੋਂ ਵੀ ਵਾਂਝੀਆਂ ਹੋ ਗਈਆਂ। ਪੰਜਾਬੀ ਸਾਹਿਤ ਪ੍ਰਤੀ ਪੈਦਾ ਹੋ ਰਹੇ ਨਕਾਰਾਤਮਕ ਰੁਝਾਨ ਦਾ ਇਕ ਹੋਰ ਵੱਡਾ ਕਾਰਨ ਉਹ ਪੰਜਾਬੀ ਦੇ ਵਿਦਵਾਨਾਂ ਨੂੰ ਮੰਨਦੇ ਹੋਏ ਕਹਿੰਦੇ ਹਨ ਕਿ ਪੰਜਾਬੀ ਨੂੰ ਲੋਕ-ਭਾਸ਼ਾ ਅਤੇ ਸੰਸਕ੍ਰਿਤ ਨੂੰ ਵਿਦਵਾਨਾਂ ਦੀ ਭਾਸ਼ਾ ਮੰਨਿਆ ਜਾਂਦਾ ਸੀ। ਗੁਰੂ ਸਾਹਿਬਾਨ ਨੇ ਜਨ-ਮਾਨਸ ਨੂੰ ਸੰਸਕ੍ਰਿਤ ਤੋਂ ਪੰਜਾਬੀ ਭਾਸ਼ਾ ਵੱਲ ਮੋੜਿਆ ਸੀ ਪਰ ਸਾਡੇ ਵਿਦਵਾਨ ਪੰਜਾਬੀ ਨੂੰ ਜਨ-ਮਾਨਸ ਦੀ ਭਾਸ਼ਾ ਤੋਂ ਮੁਕਤ ਕਰਕੇ ਇਸ ਨੂੰ ਵਿਦਵਾਨਾਂ ਦੀ ਭਾਸ਼ਾ ਬਣਾਉਣ ਵਿੱਚ ਲੱਗੇ ਹੋਏ ਹਨ ਜਿਸ ਕਾਰਨ ਆਮ ਲੋਕਾਂ ਦਾ ਰੁਝਾਨ ਪੰਜਾਬੀ ਸਾਹਿਤ ਪੜ੍ਹਨ ਤੋਂ ਘਟਿਆ ਹੈ। ਹਰ ਤਰ੍ਹਾਂ ਦੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਵਿਦਵਾਨ ਵਕਤਾ ਨਿਰਾਸ਼ਾਵਾਦੀ ਨਹੀਂ ਹੋਇਆ ਬਲਕਿ ਸਕਾਰਾਤਮਕ ਰਵੱਈਆ ਪ੍ਰਗਟ ਕਰਦੇ ਹੋਏ ਕਹਿੰਦਾ ਹੈ ਕਿ ਆਸ ਦਾ ਦੀਵਾ ਕਦੇ ਬੁੱਝਣਾ ਨਹੀਂ ਚਾਹੀਦਾ। ਜਦੋਂ ਇਸ ਦੀਵੇ ਵਿੱਚ ਤੇਲ ਪੈਣਾ ਅਰੰਭ ਹੋ ਗਿਆ ਤਾਂ ਸਮਝੋ ਵਿਕਾਸ ਦੀ ਦਿਸ਼ਾ ਰੌਸ਼ਨ ਹੋਣੀ ਸ਼ੁਰੂ ਹੋ ਗਈ। ਆਸ ਦੇ ਦੀਵੇ ਵਿੱਚ ਤੇਲ ਪਾਉਣ ਲਈ ਇਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵੱਲ ਮੂੰਹ ਕੀਤਾ ਹੈ ਜਿਹੜੀ ਕਿ, ਪੰਜਾਬੀ ਭਾਸ਼ਾ ਦੇ ਮੁੱਦੇ ਤੇ, ਕਿਸੇ ਨੂੰ ਨਿਰਾਸ਼ ਨਹੀਂ ਕਰਦੀ।
ਵਿਦਾਇਗੀ ਭਾਸ਼ਣ ਦੌਰਾਨ ਸ. ਰਜਿੰਦਰ ਸਿੰਘ ਚਹਿਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਪੰਜਾਬੀ ਨੂੰ ਧਾਰਮਿਕ ਪ੍ਰਭਾਵ ਤੋਂ ਮੁਕਤ ਕਰਕੇ ਦੇਖਣਾ ਚਾਹੀਦਾ ਹੈ। ਰਸਮਾਂ-ਰੀਤਾਂ ਤਾਂ ਹਰ ਧਰਮ ਦੇ ਮਹੱਤਵਪੂਰਨ ਅੰਗ ਹਨ ਪਰ ਬੋਲੀ ਨੂੰ ਇਨ੍ਹਾਂ ਨਾਲ ਨਹੀਂ ਜੋੜਨਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਭਾਸ਼ਾ ਨੂੰ ਸੁਚਾਰੂ ਰੂਪ ਵਿੱਚ ਅੱਗੇ ਲਿਜਾਣ ਲਈ ਅਕਾਦਮਿਕਤਾ ਦਾ ਸਹਾਰਾ ਲੈਣਾ ਚਾਹੀਦਾ ਹੈ। ਘਰਾਂ ਵਿੱਚ ਪੰਜਾਬੀ ਲਾਜ਼ਮੀ ਤੌਰ ਤੇ ਬੋਲੀ ਜਾਣੀ ਚਾਹੀਦੀ ਹੈ ਤਾਂ ਕਿ ਬੱਚੇ ਬਾਹਰ ਜਿਹੜੀ ਮਰਜ਼ੀ ਭਾਸ਼ਾ ਲਿਖਣ ਜਾਂ ਬੋਲਣ ਪਰ ਆਪਣੀ ਮਾਂ-ਬੋਲੀ ਪ੍ਰਤੀ ਵਿਸ਼ਵਾਸ ਉਨ੍ਹਾਂ ਦੇ ਮਨ ਕਾਇਮ ਰਹਿ ਸਕੇ। ਆਪਣੀ ਮਾਂ-ਬੋਲੀ ਪ੍ਰਤੀ ਮਾਣ ਪੈਦਾ ਕਰਨ ਦੀ ਲੋੜ ਹੈ ਤਾਂ ਹੀ ਪੰਜਾਬੀਆਂ ਦੇ ਮਨਾਂ ਵਿੱਚ ਇਸ ਬੋਲੀ ਪ੍ਰਤੀ ਰੁਚੀ ਪੈਦਾ ਹੋਵੇਗੀ। ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਤੋਂ ਬਾਹਰ ਪੰਜਾਬੀ ਦੇ ਵਿਕਾਸ ਲਈ ਜਿਹੜੇ ਯਤਨ ਅਰੰਭ ਕੀਤੇ ਹਨ, ਉਨ੍ਹਾਂ ਨੂੰ ਵਿਸਤਾਰ ਕਿਵੇਂ ਦੇਣਾ ਹੈ, ਇਸ ਬਾਰੇ ਪੰਜਾਬੀਆਂ ਨੇ ਯਤਨ ਆਪ ਕਰਨਾ ਹੈ। ਇੰਦੌਰ ਦੀਆਂ ਪ੍ਰਮੁਖ ਪੰਜਾਬੀ ਸ਼ਖ਼ਸੀਅਤਾਂ ਸ. ਅਜੀਤ ਸਿੰਘ ਨਾਰੰਗ, ਸ. ਰਣਜੀਤ ਸਿੰਘ ਅਹੂਜਾ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਸ ਪ੍ਰੋਗਰਾਮ ਲਈ ਪੁੱਜੇ ਪ੍ਰੋ. ਦੀਪਕ ਮਨਮੋਹਨ ਸਿੰਘ, ਪ੍ਰੋ. ਜੋਗਾ ਸਿੰਘ, ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ, ਡਾ. ਪਰਮਵੀਰ ਸਿੰਘ ਅਤੇ ਡਾ. ਦਵਿੰਦਰ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ। ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਦੇ ਕੋ-ਕੋਆਰਡੀਨੇਟਰ ਪ੍ਰੋ. ਬਲਦੇਵ ਸਿੰਘ ਚੀਮਾ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਚਾਲੀ ਤੋਂ ਵਧੇਰੇ ਕਲਾਕਾਰਾਂ ਨੇ ਪ੍ਰੋ. ਸਤੀਸ਼ ਵਰਮਾ ਦੀ ਅਗਵਾਈ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦਾ ਇਕ ਰੰਗਾਰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਦੀ ਇੰਦੌਰ ਵਾਸੀਆਂ ਨੇ ਭਰਪੂਰ ਸ਼ਲਾਘਾ ਕੀਤੀ। ਮੱਧ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚੋਂ ਪੰਜ ਸੌ ਤੋਂ ਵਧੇਰੇ ਡੈਲੀਗੇਟ ਅਤੇ ਪੰਜਾਬੀ ਪ੍ਰੇਮੀਆਂ ਨੇ ਇਸ ਕਾਨਫ਼ਰੰਸ ਵਿੱਚ ਹਿੱਸਾ ਲਿਆ।