ਮੈਨੂੰ ਮੁਆਫ ਕਰੀਂ ਧੀਏ
(ਕਹਾਣੀ)
ਕਿੰਨੀ ਬਦਨਸੀਬ ਹਾਂ ਮੈਂ।ਜਿਸ ਨੇ ਕੋਮਲ ਜਿੰਦ ਨੂੰ ਕੁੱਖ ਵਿੱਚ ਮੁਕਾਉਣ ਲੱਗਿਆਂ ਇਕ ਵਾਰ ਵੀ ਨਾ ਸੋਚਿਆ।ਜੇ ਮੈਂ ਤੈਨੂੰ ਜਨਮ ਦਿੰਦੀ ਤਾਂ ਤੂੰ ਮੇਰੀ ਤੀਜੀ ਔਲਾਦ ਦੇ ਰੂਪ ਵਿੱਚ ਮੇਰੀ ਧੀ ਬਣ ਮੇਰੇ ਘਰ ਆਉਂਦੀ।ਪਤਾ ਨਹੀਂ ਕਿਉਂ ਮੈਂ ਵੀ ਦੁਜਿਆਂ ਦੀ ਤਰ੍ਹਾਂ ਆਪਣੇ ਘਰ ਵਿੱਚ ਹੁਣ ਪੁੱਤ ਦਾ ਹੀ ਮੂੰਹ ਦੇਖਣਾ ਚਾਹੁੰਦੀ ਸੀ।ਅੱਜ ਸੋਚਦੀ ਹਾਂ ਕਿ ਇੰਨੀ ਬੁਜਦਿਲ, ਕਮਜ਼ੋਰ ਤੇ ਸਵਾਰਥੀ ਕਿਉਂਂ ਬਣ ਗਈ ਸੀ ਮੈਂ।ਜਦੋਂ ਕਦੇ ਵੀ ਅਖ਼ਬਾਰਾਂ ਵਿੱਚ ਪੜ੍ਹਦੀ ਹਾਂ ਕਿ ਕੂੜੇ ਦੇ ਢੇਰ ਵਿੱਚੋਂ ਇਕ ਨਵਜੰਮੀ ਬੱਚੀ ਮਿਲੀ ਹੈ ਤਾਂ ਸੱਚ ਜਾਣੀ ਮੇਰੀ ਬੱਚੀਏ, ਮੇਰੀ ਆਤਮਾ ਕੁਰਲਾ ਉਠੱਦੀ ਹੈ।ਕੋਸਦੀ ਹਾਂ ਆਪਣੇ-ਆਪ ਨੂੰ।ਦੁਤਕਾਰਦੀ ਹਾਂ,ਕਾਲਜਾ ਫ਼ਟਦਾ ਹੈ ਮੇਰਾ।ਸੋਚਦੀ ਹਾਂ ਕਿ ਦੁਨੀਆਂ ਵਿੱਚ ਮੇਰੇ ਤੋਂ ਵੱਡਾ ਗੁਨਾਹਗਾਰ ਕੋਈ ਹੋਰ ਨਹੀਂ ਹੋਣਾ।ਕਿਉਂ ਮਾਰੀ ਗਈ ਸੀ ਮੇਰੀ ਮੱਤ।ਕੀ ਕਰਾਂ ਮੇਰੀ ਅਭਾਗਿਣ ਬੱਚੀਏ,ਮੇਰੇ ਲਈ ਤਾਂ ਹਰ ਵੱਡੀ ਤੋਂ ਵੱਡੀ ਸਜਾ ਵੀ ਥੋੜੀ ਹੈ।
ਮੈਂ ਕਈ ਵਾਰ ਰਾਤਾਂ ਨੂੰ ਤ੍ਰਭਕ ਕੇ ਉੱਠਦੀ ਹਾਂ,ਇੰਝ ਲਗਦਾ ਹੈ ਜਿਵੇਂ ਤੂੰ ਮੈਨੂੰ ਆਵਾਜ਼ਾਂ ਮਾਰ ਰਹੀ ਹੋਵੇਂ ਤੇ ਪੁੱਛ ਰਹੀਂ ਹੋਵੇਂ ,ਕਦੇ ਮਾਂ ਵੀ ਨਿਰਮੋਹੀ ਹੋ ਸਕਦੀ ਏ? ਬਹੁਤ ਹੈਰਾਨੀ ਹੁੰਦੀ ਹੈ ਇਹ ਸੋਚ ਕੇ ਕਿ ਮੇਰੀ ਮਾਂ ਜੋ ਦੂਜਿਆਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ, ਉਹ ਆਪਣੀ ਬੱਚੀ ਲਈ ਪੱਥਰ ਦਿਲ ਕਿਵੇਂ ਹੋ ਗਈ? ਸੱਚ ਦਸੀਂ ਮਾਂ ਕਿ ਤੇਰੀ ਕੋਈ ਮਜਬੂਰੀ ਸੀ ਜਾਂ ਇਕ ਹੋਰ ਧੀ ਤੇਰੇ ਲਈ ਬੋਝ ਸੀ।ਮਾਂ ਤੂੰ ਮੈਨੂੰ ਦੁਨੀਆਂ ਵਿੱਚ ਆਉਣ ਦਾ ਮੌਕਾ ਤਾਂ ਦੇ ਕੇ ਦੇਖ ਲੈਂਦੀ, ਮੈਂ ਆਪਣੇ ਭਾਗ ਨਾਲ ਹੀ ਤਾਂ ਲੈ ਕੇ ਆਉਣੇ ਸਨ ਮਾਂ।ਮੈਂ ਤਾਰਾ ਬਣ ਕੇ ਤੇਰੀ ਦੁਨੀਆਂ ਵਿੱਚ ਅੱਜ ਵੀ ਵਿਚਰ ਰਹੀਂ ਹਾਂ। ਮਾਂ ਤੈਨੂੰ ਤੀਜੀ ਧੀ ਹੀ ਬੋਝ ਲੱਗੀ ਸੀ ਨਾ ਮੇਰੀਏ ਅੰਮੀਏ।ਪਰ ਹੁਣ ਵੀ ਤਾਂ ਤਿੰਨ ਧੀਆਂ ਦੀ ਹੀ ਮਾਂ ਏਂ।ਮੈਂ ਤੇਰਾ ਕੀ ਵਿਗਾੜਿਆ ਸੀ ਮਾਂ।ਤੇਰੇ ਜਿਸਮ ਦਾ ਹੀ ਹਿੱਸਾ ਸੀ ਮੈਂ।ਤੇਰਾ ਹੀ ਖੂਨ ਸੀ।ਜਿਵੇਂ ਮੇਰੀਆਂ ਭੈਣਾਂ ਤੇਰੇ ਸਾਹ ਵਿੱਚ ਸਾਹ ਭਰਦੀਆਂ ਨੇ, ਮੈਂ ਵੀ ਤਾਂ ਇੰਝ ਹੀ ਕਰਨਾ ਸੀ ਮਾਂ।ਜੇ ਸੱਚਮੁੱਚ ਹੀ ਧੀਆਂ ਤੈਨੂੰ ਬੋਝ ਲਗਦੀਆਂ ਹੁੰਦੀਆਂ ਤਾਂ ਅੱਜ ਕੁੜੀਆਂ ਨੂੰ ਇੰਨਾ ਪਿਆਰ ਨਾ ਕਰਦੀ ਹੁੰਦੀ ਮਾਂ।
ਉਹੋ, ਮੈਂ ਤੈਨੂੰ ਦੋਸ਼ ਕਿaੌਂ ਦੇ ਰਹੀ ਹਾਂ, ਮੇਰੇ ਹੀ ਕਰਮ ਮਾੜੇ ਸੀ ਮਾਂ, ਜੋ ਮੈਂਨੂੰ ਰੱਬ ਨੇ ਤੇਰੀ ਠੰਡੜੀ ਛਾਂ ਮਾਨਣ ਦਾ ਮੌਕਾ ਨਹੀਂ ਦਿੱਤਾ।ਬਹੁਤ ਰੋਈ ਸੀ ਮੈਂ, ਜਦ ਮੈਨੂੰ ਪਤਾ ਲੱਗਾ ਕਿ ਮੇਰੇ ਕਤਲ ਤੋਂ ਬਾਅਦ ਤੇਰੇ ਪੈਰ ਫ਼ਿਰ ਤੋਂ ਭਾਰੀ ਹਨ। ਮੈਂ ਇਹ ਵੀ ਸੋਚਣ ਲਈ ਮਜਬੂਰ ਸੀ ਕਿ ਜੇ ਤੇਰੀ ਕੁੱਖ ਵਿੱਚ ਫ਼ਿਰ ਤੋਂ ਮੇਰੇ ਵਰਗੀ ਬਦਨਸੀਬ ਧੀ ਹੋਈ ਤਾਂ ਉਸਦਾ ਹਸ਼ਰ ਵੀ ਮੇਰੇ ਵਰਗਾ ਹੀ ਹੋਵੇਗਾ।ਪਰ ਮੈਨੂੰ ਉਦੋਂ ਹੈਰਾਨੀ ਭਰੀ ਖੁਸ਼ੀ ਹੋਈ ਮਾਂ, ਜਦੋਂ ਤੂੰ ਇਸ ਨੰਨੀ ਜਹੀ ਜਾਨ ਨੂੰ ਆਪਣੀ ਕੁੱਖ ਦਾ ਨਿੱਘ ਦਿੰਦੇ ਹੋਏ ਉਸਨੂੰ ਰੰਗਲੀ ਦੁਨੀਆਂ ਦੇਖਣ ਦਾ ਮੌਕਾ ਦਿੱਤਾ।ਮੈਂ ਤੈਨੂੰ ਮੁਆਫ਼ ਕਰ ਦਿੱਤਾ ਹੈ ਮੇਰੀਏ ਭੋਲੀਏ ਮਾਂਏ।ਆਪਣੀਆਂ ਭੈਣਾਂ ਪ੍ਰਤੀ ਤੇਰੇ ਪਿਆਰ ਨੂੰ ਦੇਖਦੇ ਹੋਏ ਮੈਨੂੰ ਤੇਰੇ ਤੇ ਮਾਣ ਹੁੰਦਾ ਏ ਅੰਮੀਏ।ਚਲ ਛੱਡ ਕਿਹੜੇ ਵਹਿਣਾਂ ਵਿੱਚ ਵਹਿ ਗਈ ਹਾਂ ਮੈਂ।ਜੋ ਹੋਇਆ ਸੋ ਹੋਇਆ।ਤੇਰਾ ਰਾਤਾਂ ਨੂੰ ਉੱਠ-ਉੱਠ ਕੇ ਰੋਣਾ, ਤੜਫ਼ਾ ਦਿੰਦਾ ਹੈ ਮੈਨੂੰ।ਕਹਿੰਦੇ ਨੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ ਮਾਂ।ਅੱਜ ਤੂੰ ਦੂਜਿਆਂ ਦੀਆਂ ਬੱਚੀਆਂ ਨੂੰ ਵੀ ਆਪਣਾ ਸਮਝ ਕੇ ਉਨ੍ਹਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦੀ ਏਂ ਤਾਂ ਮੈਨੂੰ ਕਿੰਨਾ ਸਕੂਨ ਮਿਲਦਾ ਏ , ਇਹ ਮੈਂ ਹੀ ਜਾਣਦੀ ਹਾਂ ਮਾਂ।
ਮੇਰੀ ਕਰਮਾਂ ਮਾਰੀਏ ਧੀਏ ਤੇਰੀ ਰ੍ਹੂਹ ਅਕਸਰ ਮੇਰੇ ਸੁਫ਼ਨਿਆਂ ਵਿੱਚ ਆ ਕੇ ਜਦੋਂ ਅਜਿਹੇ ਸੁੱਖ-ਦੁੱਖ ਮੇਰੇ ਨਾਲ ਸਾਂਝੇ ਕਰਦੀ ਹੈ ਤਾਂ ਮੇਰੀ ਰੂਹ ਕੰਬ ਉੱਠਦੀ ਹੈ।ਅੱਜ ਮੈਂ ਫ਼ਿਰ ਤੋਂ ਅੱਭੜਵਾਹੀ ਉੱਠੀ ਹਾਂ ਤੇ ਮੇਰੀਆਂ ਅੱਖਾਂ ਤੈਨੂੰ ਹੀ ਲੱਭ ਰਹੀਆਂ ਸਨ ਮੇਰੀਏ ਬੱਚੀਏ।ਪਰ ਪਛਤਾਵਾ ਵੀ ਬਹੁਤ ਹੁੰਦਾ ਹੈ ਜਦੋਂ ਮੇਰੀ ਹੀ ਧੀ, ਜਿਸਨੂੰ ਮੈਂ ਬੋਝ ਸਮਝ ਕੇ ਹਸਪਤਾਲ ਵਿੱਚ ਜਾ ਕਤਲ ਕਰ ਆਈ ਸੀ, ਅੱਜ ਮੇਰੀ ਉਹੀ ਧੀ ਮੈਨੂੰ ਸੁਫ਼ਨਿਆਂ ਵਿੱਚ ਵਿਚਰਦੀ ਹੋਈ, ਲੰਘਦੀ-ਵੜਦੀ ਆ ਕੇ ਮੈਨੂੰ ਮੱਤਾਂ ਦਿੰਦੀ ਹੈ ਕਿ ਮਾਂ ਤੂੰ ਮੇਰੇ ਕਰਕੇ ਦੁਖੀ ਨਾ ਹੋ।ਕਿੰਨੀ ਬਦਨਸੀਬ ਹਾਂ ਮੈਂ।ਕਾਸ਼ ਕਿ ਮੇਰੀਆਂ ਅਕਲ ਤੇ ਪਰਦਾ ਨਾ ਪਿਆ ਹੁੰਦਾ ਮੇਰੀਏ ਬੱਚੀਏ।ਮੈਂ ਜਦ ਵੀ ਅਸਮਾਨ ਵਲ ਦੇਖਦੀ ਹਾਂ ਤਾਂ ਮੈਨੂੰ ਇੰਝ ਲਗਦਾ ਹੈ ਜਿਵੇਂ ਦੋ ਅੱਖਾਂ ਮੈਨੂੰ ਲਗਾਤਾਰ ਘੂਰ ਰਹੀਆਂ ਹੋਣ ਤੇ ਮੈਂ ਉਨ੍ਹਾਂ ਤੋਂ ਨਜ਼ਰ ਚੁਰਾ ਰਹੀ ਹੋਵਾਂ।ਅੱਜ ਵੀ ਜਦੋਂ ਕਦੇ ਕਿਤੇ ਭਰੂਣ-ਹੱਤਿਆ ਤੇ ਸੈਮੀਨਾਰ ਹੁੰਦੇ ਹਨ ਤਾਂ ਮੈਂ ਜੋ ਕੁੱਝ ਵੀ ਸਟੇਜ ਤੇ ਬੋਲ ਰਹੀ ਹੁੰਦੀ ਹਾਂ ਉਹ ਮੇਰੇ ਅੰਦਰ ਦਾ ਦਰਦ ਹੁੰਦਾ ਏ।ਮੈਂ ਬਹੁਤ ਹੀ ਭਾਵ-ਭਿੰਨੇ ਸ਼ਬਦਾਂ ਵਿੱਚ ਭਰੂਣ-ਹੱਤਿਆ ਦੇ ਵਿਰੁੱਧ ਵਿਚਾਰਾਂ ਦਾ ਪ੍ਰਗਟਾਵਾ ਕਰਦੀ ਹਾਂ।ਜੋ ਵੀ ਟੀਸ ਮੇਰੇ ਅੰਦਰੋਂ ਨਿਕਲਦੀ ਹੈ,ਮੇਰੀਏ ਵਿਛੜੀ ਧੀਏ, ਉਦੋਂ ਮੈਂ ਸਮਾਜ ਨੂੰ ਨਹੀਂ ਆਪਣੇ-ਆਪ ਨੂੰ ਮੱਤਾਂ ਦੇ ਰਹੀ ਹੁੰਦੀ ਹਾਂ।
ਮੈਨੂੰ ਮਾਫ਼ ਕਰੀਂ ਮੇਰੀਏ ਵਿਛੜੀਏ ਧੀਏ! ਥੱਕ ਚੁੱਕੀ ਹਾਂ ਮੈਂ।ਆਪਣਾ ਦਰਦ ਕਿਸੇ ਨਾਲ ਸਾਂਝਾ ਵੀ ਤਾਂ ਨਹੀਂ ਕਰ ਸਕਦੀ।ਤੂੰ ਮੇਰੇ ਅੱਗੇ ਬਥੇਰੇ ਵਾਸਤੇ ਪਾਏ,ਮੇਰੇ ਅੰਦਰ ਤੇਰੀ ਮੱਛੀ ਜਹੀ ਸਰਸਰਾਹਟ ਨੂੰ ਮੈਂ ਪੱਥਰ ਬਣ ਕਿਵੇਂ ਅਣਗੌਲਿਆ, ਮੈਂ ਹੀ ਜਾਣਦੀ ਹਾਂ।ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਮੇਰਾ ਤੇਰੇ ਪ੍ਰਤੀ ਮੋਹ ਵਧਦਾ ਹੀ ਜਾ ਰਿਹਾ ਹੈ।ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਮੈਂ ਸਮਾਜ ਵਿੱਚ ਇੰਨੀ ਦਲੇਰੀ ਨਾਲ ਵਿਚਰਨ ਵਾਲੀ ਮਾਂ, ਇੰਨੀ ਕਮਜੋਰ ਤੇ ਸੁਆਰਥੀ ਕਿਵੇਂ ਬਣ ਗਈ ਸੀ।ਪਰ ਮੇਰੀਏ ਬੱਚੀਏ, ਇਹ ਤੈਨੂੰ ਖੋਹ ਦੇਣ ਦਾ ਹੀ ਪਛਤਾਵਾ ਸੀ ਕਿ ਮੈਂ ਤੇਰੇ ਤੋਂ ਬਾਅਦ ਆਉਣ ਵਾਲੀ ਨੰਨੀ ਜਾਨ ਦਾ ਟੈਸਟ ਨਹੀਂ ਸੀ ਕਰਵਾਇਆ।ਧੀ ਹੋਵੇ ਜਾਂ ਪੁੱਤ , ਮੈਂ ਨਵੇਂ ਜੀਅ ਨੂੰ ਦੁਨੀਆਂ ਦਿਖਾਉਣ ਦਾ ਫ਼ੈਸਲਾ ਕਰ ਲਿਆ ਸੀ।ਭਾਵਂੇ ਮੈਂ ਲੋਕਾਂ ਤੋਂ ਲੱਖ ਤਾਹਨੇ-ਮਿਹਣੇ ਸੁਣੇ ਕਿ ਸੋ ਤਰ੍ਹਾਂ ਦੇ ਟੈਸਟ ਚੱਲੇ ਹੋਏ ਹਨ ਕਰਵਾ ਲੈਂਦੇ ਤਾਂ ਮੁੰਡੇ ਕੁੜੀ ਦਾ ਪਤਾ ਲੱਗ ਜਾਂਦਾ, ਪਹਿਲਾਂ ਹੀ ਦੋ ਧੀਆਂ ਹਨ।ਪਰ ਮੈਂ ਦੁਨੀਆਂ ਨੂੰ ਕੀ ਦੱਸਦੀ ਕਿ ਮੈਂ ਤਾਂ ਪਹਿਲਾਂ ਹੀ ਅਜਿਹਾ ਨਾ ਮੁਆਫ਼ ਕੀਤਾ ਜਾਣ ਵਾਲਾ ਗੁਨਾਹ ਕਰ ਬੈਠੀ ਹਾਂ। ਮੈਂ ਤੇ ਤੇਰੇ ਪਾਪਾ ਨੇ ਦੁਨੀਆਂ ਦੀ ਇਕ ਨਾ ਸੁਣੀ ਤੇ ਤੇਰੀ ਛੋਟੀ ਭੈਣ ਸਮਾਂ ਆਉਣ ਤੇ ਮੇਰੀ ਗੋਦੀ ਵਿੱਚ ਕਿਲਕਾਰੀਆਂ ਮਾਰਨ ਲੱਗੀ।ਮੈਂ ਭਾਵਂੇ ਆਪਣੇ-ਆਪ ਨੂੰ ਤਸੱਲੀ ਦੇ ਲਈ ਪਰ ਤੇਰੇ ਨਾਲ ਕੀਤੀ ਬੇ-ਇਨਸਾਫ਼ੀ ਲਈ ਮੈਂ ਰਹਿੰਦੀ ਦੁਨੀਆਂ ਤੱਕ ਤੇਰੀ ਗੁਨਾਹਗਾਰ ਰਹਾਂ ਗੀ ਮੇਰੀਏ ਧੀਏ।ਮੁਆਫ਼ੀ ਦੇ ਲਾਇਕ ਤਾਂ ਨਹੀਂ, ਪਰ ਮੈਨੂੰ ਮਾਫ਼ ਕਰਨ ਦੀ ਕੋਸ਼ਿਸ਼ ਜਰੂਰ ਕਰੀਂ ਮੇਰੀਏ ਬੱਚੀਏ।ਮਾਂ ਹਾਂ ਤੇਰੀ, ਭਾਵਂੇ ਤੈਨੂੰ ਦੁਨੀਆਂ ਵਿੱਚ ਲਿਆਉਣ ਦਾ ਮੌਕਾ ਖੁੰਝਾਂ ਬੈਠੀ ਹਾਂ, ਪਰ ਮੇਰੀ ਰਗ-ਰਗ ਵਿੱਚ ਤੂੰ ਹੀ ਏ ਮੇਰੀਏ ਕਰਮਾਂ ਮਾਰੀਏ ਬੱਚੀਏ।ਤੇਰਾ ਮੇਰੇ ਨਾਲ ਹੋਣ ਦਾ ਅਹਿਸਾਸ ਹਮੇਸਾਂ ਹੀ ਮੇਰੇ ਨਾਲ ਰਹੇਗਾ।ਮੇਰੀ ਅਸਲ ਜ਼ਿੰਦਗੀ ਵਿੱਚ ਤੇਰੀ ਹੋਂਦ ਨਾ ਸਹੀ, ਪਰ ਮੇਰੇ ਸੁਫ਼ਨਿਆਂ ਦੀ ਰਾਣੀ ਏਂ ਤੂੰ ਮੇਰੀਏ ਬੱਚੀਏ।ਗਲਤੀ ਹਰ ਇਨਸਾਨ ਤੋਂ ਹੁੰਦੀ ਏ, ਪਰ ਮੇਰੇ ਜਹੀ ਗਲਤੀ ਕਰਨ ਵਾਲੀ ਅਭਾਗਿਣ ਮਾਂ ਕਦੇ ਵੀ ਮੁਆਫ਼ੀ ਦੇ ਕਾਬਲ ਨਹੀਂ ਹੋ ਸਕਦੀ।