ਆਪਣੇ ਨਾਲ ਹੀ ਲੈ ਜਾਵਾਂਗੇ
ਇਹ ਪਿੰਡ, ਇਹ ਬ੍ਰਹਮੰਡ
ਆਪਣਾ ਸੂਰਜ, ਆਪਣੇ ਅੰਦਰ,
ਹੋ ਜਾਣਾ ਖੰਡ, ਖੰਡ
ਆਪ ਅਤੇ ਅਨਾਪ ਦੀ ਟੱਕਰ,
ਉਮਰ ਬੀਤ ਗਈ ਸਾਰੀ
ਆਪੇ ਤੋਂ ਆਪੇ ਤਕ ਤੁਰਨੇ
ਦੀ ਆ ਗਈ ਫਿਰ ਵਾਰੀ
ਕੱਲੀਆਂ ਧੁੱਪਾਂ, ਕੱਲੀਆਂ ਛਾਵਾਂ,
ਆਪੇ ਨੂੰ ਆਪੇ ਦਾ ਦੰਡ
ਨਜ਼ਰਾਂ ਵਿਚ ਹੈ ਹੋਂਦ ਸ਼ਬਦ ਦੀ,
ਚਿੰਤਨ ਵਿਚ ਅਰਥਾਂ ਦਾ ਵਾਸਾ
ਸੋਮਿਓਂ ਤੁਰ, ਵਣ, ਪਰਬਤ ਲੰਘੇ
ਦਰਿਆ ਅਜੇ ਪਿਆਸਾ
ਦੇਸ਼, ਭੂਮੀਆਂ, ਵੰਡਿਆ ਪਾਣੀ
ਸਾਗਰ ਵਿਚ ਅਖੰਡ
ਤੁਰਨ-ਬਿੰਦੂ ਤੋਂ ਖੜ੍ਹਨ-ਬਿੰਦੂ ਤਕ,
ਆਤਮ-ਕਥਾ ਉਸਾਰੀ
ਖਾਲੀ ਪਿੰਜਰਾ, ਛੱਡ ਕੇ ਤੁਰ ਗਏ,
ਪੰਛੀ ਮਾਰ ਉਡਾਰੀ
ਸ਼ਬਦਾਂ ਵਿਚ ਜੋ ਅਗਨੀ ਰੱਖੀ,
ਸ਼ਦਾ ਰਹੂ ਪਰਚੰਡ