ਮੈਂ ਹੀ ਕਾਰਣ ਮੈਂ ਹੀ ਕਰਤਾ
ਜ਼ਿੰਦਗੀ ਦੀਆਂ ਤਪਸ਼ਾਂ ਤੇ ਬੈਠਾ
ਅਨਸੁਲਜੇ ਭੇੱਦਾਂ ਨੂੰ ਲਭਦਾ
ਸੋਚ ਮੇਰੀ ਲੱਟ ਲੱਟ ਬੱਲ ਪਈ
ਕਿੰਝ ਮੈਂ ਉਸਦੇ ਸੇਕ ਨੂੰ ਜਰਦਾ ।
ਢਲਦੇ ਸੂਰਜ , ਮੰਨ ਨੇਂ ਪੁਛਿੱਆ
ਅੱਜ ਤੱਕ ਪੱਲ ਜਿਹੜੇ ਤੂੰ ਜੀਵੇ
ਕਿੰਨੇ ਝੂੱਠੇ ਕਿੰਨੇ ਸੱਚੇ
ਸੱਚੀ ਗੱਲ ਤੂੰ ਸੁਣ ਮੰਨ ਮੇਰੇ
ਜੱਗ ਜੀਉੰਣਾ ਤਾਂ ਬਸ ਇਕ ਪਰਦਾ ।
ਤਾਰੇ ਫੜ ਲੋ ਚੰਨ ਉਗਾ ਲੋ
ਸੂਰਜ ਨੂੰ ਗਲਵਕੜੀ ਲੈ ਲੋ
ਜਿੰਨੇ ਮਰਜ਼ੀ ਖ਼ਾਬ ਪਏ ਬੀੱਜੋ
ਖ਼ਾਬ ਸਿਰਫ਼ ਅੱਗਾਂ ਦੀ ਖੇੱਤੀ
ਮੰਨ ਦੀ ਅਗਨੀਂ ਮੰਨ ਹੀ ਸੜਦਾ ।
ਭੀੜ ਅਖੱਰਾਂ ਦੀ ਪਾਏ ਭੁਲੇਖੇ
ਕਿਹੜਾ ਅੱਖਰ ਸੱਚ ਪਿਆ ਦੇਖੇ
ਸੱਚ ਦਾ ਅੱਖਰ ਸੱਚ ਬਿਆਨੇਂ
ਧੁਖਦੇ ਦਿੱਲ ਵਾਲਾ ਹੀ ਕੋਈ
ਧੁਖਦੀ ਹੋਈ ਗਾਥਾ ਨੂੰ ਪੜਦਾ ।
ਝਖੱੜ ਝੁੱਲੇ ਰੇਤ ਉਡਾਵੇ
ਪੈਰਾਂ ਦੇ ਸਭ ਚਿੰਨ ਮਿਟਾਵੇ
ਰਾਹਾਂ ਦੀ ਹੁਣ ਸੁੱਧ ਬੁੱਧ ਕੋਈ ਨਾਂ
ਗਗਨਾਂ ਵਿੱਚ ਇੱਕ ਤਾਰਾ ਟੁੱਟਿਆ
ਕੋਈ ਨਹੀਂ ਉਸਦੀ ਕੰਨੀ ਫੜਦਾ ।
ਕਿਹੜਾ ਪੂਰਾ ਕੌਣ ਅਧੂਰਾ
ਇਹ ਹੈ ਸਾਰੀ ਮੰਨ ਦੀ ਰਚਨਾ
ਸਾਹਾਂ ਨੂੰ ਵੀ ਧੋੱਖਾ ਦੇਕੇ
ਮੈਲੀ ਅੱਖ ਦੀ ਚੱਦਰ ਲੈਕੇ
ਆਪੇ ਨਾਲ ਆਪਾ ਪਿਆ ਲੜਦਾ ।