ਦੋ ਕਵਿਤਾਵਾਂ (ਕਵਿਤਾ)

ਕੁਲਦੀਪ ਸਿੰਘ ਬਾਸੀ    

Email: kbassi@comcast.net
Phone: 651 748 1061
Address:
United States
ਕੁਲਦੀਪ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


1. ਵਾਣੀ
 
ਕਮਾਨੋਂ ਛੁੱਟਿਆ ਬਾਣ
ਟਿਕੇ ਨਿਸ਼ਾਨੇ ਤੇ
ਬਣੇ ਘਾਤਕ
ਨਿਸ਼ਾਨਾ ਚੁੱਕਿਆਂ
ਖੁਭੈ ਕਿਤੇ
ਕੁਥਾਂਵੇਂ
ਕਰੇ ਘਾਣ
ਅਣਚਿਤਵਿਆ
ਅਣਚਾਹਿਆ
ਮੁੱਖੋਂ ਨਿਕਲ਼ੇ ਬੋਲ
ਸਿੱਖੇ ਨਹੀਂ ਪਰਤਣਾ
ਕਮਾਨੋਂ ਛੁੱਟੇ
ਤੀਰ ਵਾਂਗ
ਮੰਦ ਵਾਣੀ ਵੀ
ਚੁਭੈ ਥਾਵੇਂ
ਨਹੀਂ ਤਾਂ ਕੁਥਾਵੇਂ
ਕਿਤੇ ਨਾ ਕਿਤੇ!
ਕੇਹੀ ਹੋਵੇ ਵਾਣੀ?
ਦੱਸੇ ਗੁਰਬਾਣੀ
ਪੜ੍ਹੀਏ
ਗੁਰ ਗਿਆਨ!
ਉਦਕ ਗੰਗਾ ਵਾਣੀ।।
ਗੰਗਾ ਜਲ ਵਾਂਗ ਪਵਿੱਤਰ
ਮੂਹੋਂ ਕਿ ਬੋਲਣ ਬੋਲੀਐ
ਜਿਤ ਸੁਣ ਧਰੇ ਪਿਆਰ।।
ਸਨੇਹ ਉਭਾਰਕ
ਬਾਬਾ ਬੋਲੀਐ
ਪਤਿ ਹੋਇ।।
ਮਾਣ ਵਧਾਇਕ
------------------------------------------
2. ਲੀਤੜਾ ਲਬਿ ਰੰਗਾਏ
 
ਸਮਾਂ ਨਹੀਂ ਰਹਿੰਦਾ
ਇੱਕੋ ਜਿਹਾ
ਕਿਸਮਤ ਕਿਸ ਪੱਖ
ਲਵੇ ਕਰਵਟ
ਅਬੁੱਝ ਸਵਾਲ
ਉੱਤਰ, ਅਸੰਭਵ!
ਭਰਾਵਾਂ ਪੱਲੇ
ਭਰਾ ਨੇ ਪਾਏ
ਰੁਪੱਈਏ
ਡਾਲਰਾਂ ਦੇ
ਚਾਅ ਨਾਲ਼
ਸਹੀ ਸੀ
ਸਮਾਂ
ਜ਼ਮੀਨ ਖਰੀਦੀ
ਆਈ ਖੁਸ਼ਹਾਲੀ
ਹੋਰ ਬਹੁਤ ਕੁੱਝ
ਇਜ਼ਤ ਵਧੀ
ਲੜ ਫੜਿਆ,
ਅਮੀਰੀ ਨੇ
ਅਪਣਿਆਂ ਦਾ
ਕਮਾਲ ਕਰਵਟ
ਭਾਗਾਂ ਦੀ!
ਬਾਹਰ ਵਾਲੇ ਨੂੰ
ਪਈ ਗਲਵੱਕੜੀ
ਖੋਟੇ ਕਰਮਾ ਦੀ
ਘਾਟਾ, ਕੰਮ ਬੰਦ, ਦਿਵਾਲਾ
ਮਾਇਆ ਤੋਂ ਮਹੁਤਾਜ!
ਔਖੇ ਵੇਲ਼ੇ
ਡੰਗ ਟਪਾਉਣ ਲਈ
ਜਾ ਖਲੋਤਾ
ਇਹ ਵਿਚਾਰਾ
ਅਪਣਿਆਂ ਅੱਗੇ
ਹੱਥ ਫੈਲਾ
ਗੁਪਤ ਗੁਫਤਗੂ ਹੋਈ
ਅਪਣਿਆਂ ਵਿਚਕਾਰ
ਘੁਸਰ ਮੁਸਰ ਹੋਈ
ਸ਼ਬਦ ਉੱਚਰੇ ਗਏ
ਭਾਬੀ ਮੁਖੋਂ
ਲੋਕੀਂ ਲਿਆਉਂਦੇ ਨੇ
ਓਧਰੋਂ
ਲੈ ਜਾਣਾ ਮੰਗੇਂ, ਤੂੰ
ਐਧਰੋਂ
ਸ਼ਰਮ ਦੀ ਗੱਲ
ਕੁੰਨੀ ਪਿੱਛੈ ਮੱਤ,
ਤੇਰੀ
ਪਾ ਦਿੱਤੀ ਗੁੰਝਲ
ਦੁਖੀ ਮੰਨ 'ਚ
ਵੀਰਿਓ
ਮਿਲ ਗਈ
ਪਿਆਰ ਭਿੱਜੀ
ਮੰਗੀ ਖ਼ੈਰਾਤ!
ਸੁਆਣੀ ਵੱਲੋਂ
ਸਿਆਣੀ ਮੂੰਹੋਂ
ਭੁੱਲ ਗਿਓਂ
ਅਮੀਰੀ ਦਾ ਮੁੱਢ
ਜੋ ਬੰਨ੍ਹਿਆਂ ਡਾਲਰਾਂ ਨੇ
ਮਨ ਵਿੱਚ ਹੈ
ਅੱਜ ਵੀ ਮੇਰੇ
ਭਾਬੀ ਦੀ ਇੱਜ਼ਤ!
ਪਰ ਵੀਰੋ
ਭੁੱਲ ਗਏ
ਛੋਟਿਆਂ ਦਾ ਵੀ ਹੁੰਦੈ
ਸਵੈਮਾਨ!
ਮਿਚ ਗਈ ਮੁੱਠੀ?
ਲਿੱਬੜ ਗਏ ਦਾਨੀ ਹੱਥ
ਮਾਇਆ 'ਚ
ਟਪਕਦਾ ਸੀ ਕਦੇ ਸਨੇਹ
ਜਿਨਾਂ੍ਹ ਸਵੱਛ ਹੱਥਾਂ 'ਚੋ!
ਸਿੰਮਦੈ ਲਬਿ, ਲਿਭ
ਕਿਉਂ?
ਲੀਤੜਾ ਲਬਿ ਰੰਗਾਏ।।