ਘਰ ਅੰਦਰ ਘਰ ਹੋਣਾ ਚਾਹੀਦੈ (ਕਵਿਤਾ)

ਦਰਸ਼ਨ ਦਰਵੇਸ਼   

Email: dddcinema@yahoo.com
Cell: +91 97799 55887
Address: ਪਿੰਡ ਤੇ ਡਾਕਖਾਨਾਂ- ਕਿਸ਼ਨਗੜ੍ਹ ਫਰਵਾਹੀ
ਮਾਨਸਾ India
ਦਰਸ਼ਨ ਦਰਵੇਸ਼ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਹ ਅਕਸਰ

 ਸੌਣ ਤੋਂ ਪਹਿਲਾਂ ਯਾਦ ਕਰਦੀ

 ਆਪਣੀਆਂ ਗੱਲਾਂ


 ਬੱਚਿਆਂ ਨੂੰ ਥਪਥਪਾਦੀ 

 ਤੇ ਕਹਿੰਦੀ

 ਘਰਾਂ ਅੰਦਰ ਬਹੁਤ ਕੁਝ ਹੋਣਾ ਚਾਹੀਦੈ



 ਮੋਟੇ ਮੋਟੇ ਕਲੀਨ,

 ਸਕਿੱਨ ਕਲਰ ਪਰਦੇ ,

 ਬੈਡ,ਟੇਬਲ,ਸੋਫੇ ,ਦੀਵਾਨ

 ਤੇ ਹਰ ਕਮਰੇ 'ਚ

ਵਾਲ ਪੇਟਿੰਗਜ਼

 ਕੁਕਿੰਗ ਗੈਸ,ਫਰਿੱਜ,

 ਕਲਰ ਸਕਰੀਨ ,ਸਟੀਰੀਓ

 ਬੱਚਿਆਂ ਲਈ ਗਵਰਨੱੈਸ

 ਕੁਰਸੀਆਂ ,ਫੁੱਲਾਂ ਭਰਿਆ ਲਾਅਨ

 ਤੇ ਬੈਡਮਿੰਟਨ ਦਾ ਮੈਦਾਨ ਵੀ


 ਮੇਰੀਆਂ ਦੋਹੇਂ ਬਾਹਾਂ

 ਸਿਰ ਹੇਠ ਹੁੰਦੀਆਂ

 ਮੈਂ ਸੁਣਦਾ ਰਹਿੰਦਾ

 ਕਿਤਾਬਾਂ ਨੂੰ ਦੂਜੇ ਪਾਸੇ ਕਰਕੇ

 ਆਪਣੇ ਕੋਲ ਆਉਣ ਨੂੰ ਕਹਿੰਦਾ

 ਉਹ ਆਉਂਦੀ 

 ਮੈਂ ਉਹਨੂੰ ਬੁੱਕਲ ਜਿਹੀ 'ਚ ਘੁੱਟਕੇ

 ਸਹਿਲਾਉਂਦਾ

 ਕਿ ਇਸਨੂੰ ਮਹਿਸੂਸ ਨਾਂ ਹੋਵੇ

 ਇਹ ਸੋਚਦਾ ਇੱਕ ਹਉਕਾ ਲੈਂਦਾ

 ਕਹਿੰਦਾ

 ਹਾਂ-ਹਾਂ

 ਘਰਾਂ ਅੰਦਰ ਬਹੁਤ ਕੁਝ ਹੋਣਾ ਚਾਹੀਦੈ


 ਹੋਠਾਂ ਹੀ ਹੋਠਾਂ

 ਅਤੇ ਅੱਖਾਂ ਹੀ ਅੱਖਾਂ 'ਚ ਬੀਜਿਆ

                ਮੁਹੱਬਤ ਦਾ               

ਭਰਿਆ ਪੂਰਾ ਬਾਗ

 ਕਿਤਾਬਾਂ ਦੀ ਅਲਮਾਰੀ –

 ਪੜ੍ਹਨ ਮੇਜ਼

 ਅਤੇ

 ਕਿਧਰੇ ਕਿਧਰੇ ਤਿਊੜੀਆਂ ਜੋਗੇ

    ਖਿਲਰੇ ਪਏ ਕੰਮ

 ਤੇ ਨਾਲ ਹੀ

 ਘਰ ਅੰਦਰ ਘਰ ਵੀ ਤਾਂ ਹੋਣਾ ਚਾਹੀਦੈ


 ਉਹ ਬੁੱਕਲ 'ਚੋਂ ਪਰਾਂ ਸਰਕਦੀ

 ਟਿਊਬ ਆਫ਼ ਕਰਦੀ

 ਅਤੇ

 ਕਿਤਾਬਾਂ ਨੂੰ ਵਿਚਕਾਰ ਪਾ ਕੇ

 ਪਰਲੇ ਪਾਰ ਜਾ ਕੇ

 ਸੌਣ ਦੇ ਯਤਨ 'ਚ ਰੁੱਝ ਜਾਂਦੀ.. ..