ਅਸੀਂ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਸੈਨਾਪਤੀ ਦੇ ਰੂਪ ਵਿਚ ਇਕ ਬਹਾਦਰ, ਨਿਡਰ, ਸਖ਼ਤ ਅਨੁਸ਼ਾਸ਼ਨ ਅਤੇ ਮਿਲਾਪੜੇ ਸੁਭਾਅ ਵਾਲੇ ਇਨਸਾਨ ਵਜੋਂ ਜਾਣਦੇ ਹਾਂ। ਆਜ਼ਾਦ ਦਾ ਜਨਮ ਮਧ ਭਾਰਤ ਦੀ ਝਾਬੂਆ ਤਹਿਸੀਲ ਦੇ ਪਿੰਡ ਭਾਵਰਾ ਵਿਚ ੨੩ ਜੁਲਾਈ ੧੯੦੬ ਨੂੰ ਹੋਇਆ। ਆਪ ਦੇ ਪਿਤਾ ਦਾ ਨਾਮ ਪੰਡਿਤ ਸੀਤਾ ਰਾਮ ਤਿਵਾਰੀ ਅਤੇ ਮਾਤਾ ਦਾ ਨਾਮ ਜਗਰਾਣੀ ਦੇਵੀ ਸੀ। ੧੯੨੦–੨੧ ਦੇ ਸਤਿਆਗ੍ਰਹਿ ਅੰਦੋਲਨ 'ਚ ਭਾਗ ਲੈਣ ਤੇ ਉਨ੍ਹਾਂ ਨੂੰ ਬੈਂਤਾਂ ਦੀ ਸਜ਼ਾ ਮਿਲੀ ਜਿਹੜੀ ਉਨ੍ਹਾਂ ਦਲੇਰੀ ਨਾਲ ਭੁਗਤੀ ਅਤੇ ਸ਼੍ਰੀ ਪ੍ਰਕਾਸ਼ ਜੀ ਤੋਂ ਉਨ੍ਹਾਂ ਨੂੰ 'ਆਜ਼ਾਦ' ਉਪਨਾਮ ਮਿਲਿਆ।
ਬੰਬਈ ਵਿਚ ਜ਼ਹਾਜ਼ਾਂ ਨੂੰ ਰੰਗਨ ਵਾਲੇ ਰੰਗਸਾਜਾਂ ਦੇ ਸਹਾਇਕ ਦੇ ਤੌਰ ਤੇ ਕਠਿਨ ਹਲਾਤਾਂ ਵਿਚ ਕੰਮ ਕੀਤਾ। ਹੌਲੀ–ਹੌਲੀ ਉਨ੍ਹਾਂ ਨੂੰ ਬੰਬਈ ਦੀ ਮਸ਼ੀਨੀ ਜਿੰਦਗੀ ਤੋਂ ਨਫ਼ਰਤ ਹੋ ਗਈ ਅਤੇ ਸੰਸਕ੍ਰਿਤ ਪੜ੍ਹਨ ਲਈ ਬਨਾਰਸ ਜਾਣ ਦਾ ਸੋਚਿਆ। ਬੰਬਈ ਤੋਂ ਜਾਂਦੇ ਸਮੇਂ ਇਕ ਚੀਜ਼ ਨਾਲ ਲੈ ਗਏ, ਉਹ ਸੀ ਮਜਦੂਰਾਂ ਦੀ ਜ਼ਿੰਦਗੀ ਬਾਰੇ ਉਨ੍ਹਾਂ ਦਾ ਆਪਣਾ ਅਨੁਭਵ, ਇਸੇ ਤਰ੍ਹਾਂ ਉਹ ਭਾਵਰਾ ਦੇ ਆਦਿਵਾਸੀਆਂ ਅਤੇ ਕਿਸਾਨਾਂ ਦੀ ਜ਼ਿੰਦਗੀ ਨੂੰ ਵੀ ਬਹੁਤ ਨੇੜੇ ਤੋਂ ਵੇਖ ਚੁਕੇ ਸਨ। ਇਸੇ ਕਾਰਨ ਜਦੋਂ ਵੀ ਉਹ ਮਜ਼ਦੂਰਾਂ ਅਤੇ ਕਿਸਾਨਾਂ ਦੇ ਰਾਜ ਦੀ ਗਲ ਕਰਦੇ ਤਾਂ ਉਸ ਵਿਚ ਉਨ੍ਹਾਂ ਦੀ ਹਮਦਰਦੀ ਦੀ ਝਲਕ ਦਿਖਾਈ ਦਿੰਦੀ ਸੀ।
ਅਮਰ ਸ਼ਹੀਦ ਪੰਡਿਤ ਰਾਮ ਪ੍ਰਸਾਦ ਬਿਸਮਿਲ ਦੀ ਅਗਵਾਈ 'ਚ ਉਨ੍ਹਾਂ ਨੇ ੯ ਅਗਸਤ ੧੯੨੫ ਕਾਕੋਰੀ ਰੇਲ ਕਾਂਡ 'ਚ ਭਾਗ ਲਿਆ, ਇਸ ਕੇਸ 'ਚੋਂ ਫਰਾਰ ਹੋ ਕੇ ਝਾਂਸੀ ਚਲੇ ਗਏ ਅਤੇ ਉਥੇ ਹਰੀਸ਼ੰਕਰ ਬ੍ਰਹਮਚਾਰੀ ਬਣ ਕੇ ਰਹੇ। ਇਥੇ ਮਾਸਟਰ ਰੁਦਰਨਰਾਇਣ ਸਿੰਘ ਦੇ ਘਰ ਉਨ੍ਹਾਂ ਦੇ ਛੋਟੇ ਭਰਾ ਅਤੇ ਉਸ ਦੀ ਪਤਨੀ ਦੇ ਲਾਡਲੇ ਝਗੜਾਲੂ ਦੇਵਰ ਵਾਂਗ ਵਿਚਰਦੇ ਰਹੇ, ਜਿਸ ਤੋਂ ਉਨ੍ਹਾਂ ਦੇ ਨਿਘੇ ਅਤੇ ਜਲਦੀ ਰਚਣ ਮਿਲਣ ਵਾਲੇ ਸੁਭਾਅ ਦਾ ਪਤਾ ਲਗਦਾ ਹੈ। ਇਥੋਂ ਦੇ ਸਰਦਾਰ ਦੇ ਬੁੰਦੇਲਖੰਡ ਦੇ ਰਾਜੇ ਨਾਲ ਸਬੰਧ ਚੰਗੇ ਨਹੀਂ ਸਨ, ਉਹ ਰਾਜੇ ਨੂੰ ਰਾਹ 'ਚੋਂ ਹਟਾਉਣਾ ਚਾਹੁੰਦੇ ਸਨ ਅਤੇ ਇਸ ਲਈ ਪਾਰਟੀ ਨੂੰ ਬਹੁਤ ਸਾਰਾ ਧਨ ਦੇਣ ਦੀ ਪੇਸ਼ਕਸ਼ ਕੀਤੀ, ਪਰ ਆਜ਼ਾਦ ਟਾਲਦੇ ਰਹੇ। ਜਦ ਦਲ ਦੇ ਹਮਦਰਦੀ ਵਾਲੇ ਸਜਣ ਨੇ ਆਜ਼ਾਦ ਨੂੰ ਬੇਨਤੀ ਕੀਤੀ ਕਿ ਕੀ ਹਰਜ਼ ਹੈ, ਇਸ ਕੰਮ ਨਾਲ ਪਾਰਟੀ ਨੂੰ ਬਹੁਤ ਰੁਪਈਆ ਮਿਲ ਜਾਵੇਗਾ। ਇਸ ਤੇ ਆਜ਼ਾਦ ਨੇ ਦ੍ਰਿੜ੍ਹਤਾ ਨਾਲ ਬੋਲੇ, 'ਸਾਡੀ ਪਾਰਟੀ ਇਨਕਲਾਬੀਆਂ ਦੀ ਪਾਰਟੀ ਹੈ, ਦੇਸ਼ ਭਗਤਾਂ ਦੀ ਪਾਰਟੀ ਹੈ, ਕਾਤਲਾਂ ਦੀ ਨਹੀਂ। ਪੈਸੇ ਭਾਵੇ ਨਾ ਹੋਣ, ਅਸੀਂ ਭੁਖੇ ਫੜ੍ਹੇ ਜਾ ਕੇ ਫਾਂਸੀ ਭਾਵੇ ਚੜ੍ਹ ਜਾਈਏ ਪਰ ਅਜਿਹਾ ਨਫਰਤਯੋਗ ਕੰਮ ਨਹੀਂ ਕਰ ਸਕਦੇ।'
ਝਾਂਸੀ ਵਿਚ ਉਨ੍ਹਾਂ ਨੇ ਪਾਰਟੀ ਦੇ ਸੂਤਰਾਂ ਨੂੰ ਫਿਰ ਤੋਂ ਜੋੜ ਦਿਤਾ ਅਤੇ ਇਨਕਲਾਬੀ ਦਲ ਦੇ ਆਗੂ ਦੇ ਰੂਪ 'ਚ ਸ਼ਹੀਦ ਭਗਤ ਸਿੰਘ ਆਦਿ ਨਾਲ ਮਿਲ ਕੇ ਪਾਰਟੀ ਨੂੰ ਜਥੇਬੰਦ ਕੀਤਾ ਅਤੇ ਪ੍ਰਮੁਖ ਕਾਰਜ ਲਾਹੌਰ 'ਚ ਲਾਲਾ ਲਾਜਪਤ ਰਾਏ ਤੇ ਲਾਠੀ ਚਾਰਜ ਕਰਨ ਵਾਲੇ ਏ·ਐਸ·ਪੀ· ਸਾਂਡਰਸ ਦਾ ਕਤਲ, ਦਿਲੀ ਦੀ ਅਸੈਂਬਲੀ 'ਚ ਬੰਦ ਬਿਸਫੋਟ ਅਤੇ ਵਾਇਸਰਾਏ ਦੀ ਗਡੀ ਹੇਠ ਬੰਬ ਬਿਸਫੋਟ ਕਰਨਾ ਸਨ। ਸਾਂਡਰਸ ਕਾਂਡ ਵੇਲੇ ਭਗਤ ਸਿੰਘ ਅਤੇ ਰਾਜਗੁਰੂ ਨੂੰ ਹਵਲਦਾਰ ਚੰਨਣ ਸਿੰਘ ਦੀ ਪਕੜ ਤੋਂ ਬਚਾਉਣ ਲਈ ਆਜ਼ਾਦ ਨੂੰ ਹਵਲਦਾਰ ਨੂੰ ਮਜਬੂਰਨ ਗੋਲੀ ਮਾਰਨੀ ਪਈ। ਭਾਵੇਂ ਆਜ਼ਾਦ ਹਥਿਆਰਬੰਦ ਕ੍ਰਾਂਤੀ ਦੇ ਰਸਤੇ ਤੇ ਚਲਦੇ ਸਨ ਪਰ ਉਨ੍ਹਾਂ ਦੀ ਕ੍ਰਾਂਤੀ ਦਾ ਮੁਖ ਉਦੇਸ਼ ਮਨੁਖ ਹਥੋਂ ਮਨੁਖ ਦੀ ਲੁਟ ਖਤਮ ਕਰਨਾ ਅਤੇ ਵਧੀਆ ਸਮਾਜ ਸਿਰਜਣਾ ਸੀ। ਉਨ੍ਹਾਂ ਨੂੰ ਮਨੁਖਾਂ ਦੀਆਂ ਜਿੰਦਗੀਆਂ ਨਾਲ ਡੂੰਘਾ ਮੋਹ ਸੀ। ਉਹ ਅਨਿਆਂ, ਅਤਿਆਚਾਰ, ਲੁਟ ਅਤੇ ਸ਼ੋਸ਼ਣ ਤੇ ਟਿਕੇ ਪ੍ਰਬੰਧ ਦੇ ਵਿਰੋਧੀ ਸਨ ਅਤੇ ਸ਼ੋਸ਼ਣ ਰਹਿਤ ਸਮਾਜ ਦੇ ਨਿਰਮਾਣ ਲਈ ਉਨ੍ਹਾਂ ਨੇ ਆਪਣਾ ਜੀਵਨ ਸਮਰਪਿਤ ਕਰ ਦਿਤਾ ਸੀ।
ਚੰਗੇ ਵਿਅਕਤੀਗਤ ਵਿਵਹਾਰ ਨੇ ਆਜ਼ਾਦ ਨੂੰ ਸਾਥੀਆਂ ਵਿਚ ਹਰਮਨ ਪਿਆਰਾ ਆਗੂ ਬਣਾ ਦਿਤਾ ਸੀ ਅਤੇ ਉਨ੍ਹਾਂ ਵਿਚ ਅਜਿਹਾ ਵਿਸ਼ਵਾਸ਼ ਪੈਦਾ ਕੀਤਾ ਕਿ ਹਰ ਕੋਈ ਆਜ਼ਾਦ ਦੇ ਇਕ ਇਸ਼ਾਰੇ ਤੇ ਜਾਨ ਵਾਰਨ ਨੂੰ ਤਿਆਰ ਰਹਿੰਦਾ ਸੀ। ਸ਼ਿਵ ਵਰਮਾ ਲਿਖਦੇ ਹਨ "ਆਜ਼ਾਦ ਸਾਡੇ ਸੈਨਾਪਤੀ ਹੀ ਨਹੀਂ ਸਨ, ਉਹ ਸਾਡੇ ਪਰਿਵਾਰ ਦੇ ਵਡੇ ਭਰਾ ਦੀ ਥਾਂ ਵੀ ਸਨ, ਜਿਸ ਨੂੰ ਹਰ ਸਾਥੀ ਦੀ ਛੋਟੀ ਤੋਂ ਛੋਟੀ ਜਰੂਰਤ ਦਾ ਧਿਆਨ ਰਹਿੰਦਾ ਸੀ। ਮੋਹਣ (ਬੀ·ਕੇ· ਦਤ) ਦੀ ਦਵਾਈ ਨਹੀਂ ਆਈ, ਹਰੀਸ਼ (ਜੈਦੇਵ) ਨੂੰ ਕਮੀਜ਼ ਦੀ ਜਰੂਰਤ ਹੈ, ਰਘੂਨਾਥ (ਰਾਜਗੁਰੂ) ਕੋਲ ਜੁਤੀ ਨਹੀਂ ਹੈ, ਬਚੂ (ਵਿਜੈ) ਦੀ ਸਿਹਤ ਠੀਕ ਨਹੀਂ ਹੈ ਆਦਿ ਉਨ੍ਹਾਂ ਦੀਆਂ ਰੋਜ਼ ਦੀਆਂ ਚਿੰਤਾਵਾਂ ਸਨ।
ਜਦ ਭਗਤ ਸਿੰਘ, ਸੁਖਦੇਵ, ਬੁਟਕੇਸਵਰ ਦਤ, ਸ਼ਿਵ ਵਰਮਾ ਅਤੇ ਹੋਰ ਕਈ ਸਾਥੀ ਕੌਣ ਕਿਸ ਹਾਲਤ ਵਿਚ ਫੜ੍ਹਿਆ ਜਾਵੇਗਾ ਤੇ ਹਾਸਾ ਮਜ਼ਾਕ ਕਰ ਰਹੇ ਸਨ ਤਾਂ ਭਗਤ ਸਿੰਘ ਨੇ ਕਿਹਾ "ਪੰਡਿਤ ਜੀ ਤੁਹਾਡੇ ਲਈ ਤਾਂ ਦੋ ਰਸਿਆਂ ਦੀ ਜਰੂਰਤ ਪਏਗੀ, ਇਕ ਗਲ ਲਈ ਤੇ ਦੂਜਾ ਤੁਹਾਡੇ ਭਾਰੀ ਢਿਡ ਲਈ। ਅਜ਼ਾਦ ਤੁਰੰਤ ਹਸ ਕੇ ਬੋਲੇ "ਵੇਖ ਫਾਂਸੀ ਚੜ੍ਹਨ ਦਾ ਸ਼ੌਂਕ ਮੈਨੂੰ ਨਹੀਂ ਹੈ। ਉਹ ਤੈਨੁੰ ਮੁਬਾਰਕ ਹੋਵੇ, ਰਸਾ–ਰੁਸਾ ਤੇਰੇ ਗਲ ਲਈ ਹੈ।ਜਦੋਂ ਤਕ ਇਹ ਬਮਤਮ ਬੁਖਾਰ (ਆਜ਼ਾਦ ਨੇ ਆਪਣੇ ਮਾਊਜਰ ਪਿਸਤੋਲ ਦਾ ਇਹ ਅਜੀਬ ਨਾਮ ਰਖਿਆ ਸੀ) ਮੇਰੇ ਕੋਲ ਹੈ ਕਿਸ ਨੇ ਮਾਂ ਦਾ ਦੁਧ ਪੀਤਾ ਹੈ ਕਿ ਮੈਨੂੰ ਜਿਊਂਦਾ ਫੜ੍ਹ ਲੈ ਜਾਵੇ। ਇਸ ਗਲ ਦਾ ਸਬੂਤ ਉਨ੍ਹਾਂ ਨੇ ਆਪਣੇ ਅੰਤਿਮ ਸਮੇਂ ਬੜੀ ਬਹਾਦਰੀ ਨਾਲ ਦਿਤਾ।
'ਨਾਰੀ ਨਰਕ ਕੀ ਖਾਨ' ਵਾਲੀ ਮਨੋਬਿਰਤੀ ਤੋਂ ਨਾਰੀ ਨੂੰ ਇਕ ਸਰਗਰਮ ਇਨਕਲਾਬੀ ਬਰਾਬਰ ਸਹਿਯੋਗ ਦੇ ਰੂਪ 'ਚ ਮੰਨਣ ਦੀਆਂ ਮਨੋਦਸ਼ਾਵਾਂ ਆਜ਼ਾਦ ਦੀ ਸੋਚ 'ਚ ਵਿਕਸਿਤ ਹੁੰਦੀਆਂ ਗਈਆਂ। ਅੰਤਿਮ ਦਿਨਾਂ 'ਚ ਆਜ਼ਾਦ ਬੁਤ ਉਤਸ਼ਾਹ ਨਾਲ ਪਾਰਟੀ ਦੀਆਂ ਸਾਰੀਆਂ ਔਰਤ ਮੈਂਬਰਾਂ ਨੂੰ ਗੋਲੀ ਚਲਾਉਣ ਆਦਿ ਸਿਖਾਉਂਦੇ ਅਤੇ ਇਨਕਲਾਬੀ ਪਾਰਟੀ ਦੇ ਪਰਿਵਾਰਾਂ ਦੀਆਂ ਔਰਤਾਂ ਨੂੰ ਪਤੀ ਦੇ ਨਾਲ ਸਰਗਰਮ ਸਹਿਯੋਗ ਲਈ ਪ੍ਰੇਰਦੇ ਰਹੇ। ਪਤੀ – ਪਤਨੀ ਦੋਨੋਂ ਇਨਕਲਾਬੀ ਕੰਮ 'ਚ ਲਗਣ ਉਨ੍ਹਾਂ ਲਈ ਇਸ ਤੋਂ ਪਿਆਰੀ ਕੋਈ ਗਲ ਨਹੀਂ ਸੀ।
ਆਜ਼ਾਦ ਦਾ ਜਨਮ ਹਦ ਦਰਜੇ ਦੀ ਗਰੀਬੀ, ਅਗਿਆਨਤਾ, ਅੰਧਵਿਸ਼ਵਾਸ਼ ਅਤੇ ਧਾਰਮਿਕ ਕਟੜਤਾ 'ਚ ਹੋਇਆ ਸੀ। ਉਹ ਸਿਆਸੀ ਜੀਵਨ ਸੰਘਰਸ਼ 'ਚ ਆਪਣੇ ਸਰਗਰਮ ਤਜਰਬਿਆਂ ਤੋਂ ਸਿਖਦੇ ਹੋਏ ਹੀ ਉਸ ਇਨਕਲਾਬੀ ਪਾਰਟੀ ਦੇ ਆਗੂ ਬਣੇ ਜਿਸ ਦਾ ਟੀਚਾ ਹੀ ਭਾਰਤ 'ਚ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨਾ ਸੀ।
ਪੜ੍ਹਨ ਲਿਖਣ ਦੇ ਮਾਮਲੇ 'ਚ ਆਜ਼ਾਦ ਦੀ ਸੀਮਾ ਸੀ। ਉਨ੍ਹਾਂ ਦਿਨਾਂ ਵਿਚ ਸਮਾਜਵਾਦ ਬਾਰੇ ਕੁਝ ਕੁ ਕਿਤਾਬਾਂ ਹੀ ਭਾਰਤ ਆਈਆਂ ਸਨ। ਕੇਂਦਰ ਵਿਚ ਪੜ੍ਹਨ ਲਿਖਣ ਲਈ ਆਜ਼ਾਦ ਹੀ ਸਭ ਤੋਂ ਵਧ ਸਾਥੀਆਂ ਨੂੰ ਪ੍ਰੇਰਦੇ ਅਤੇ ਕਿਸੇ ਸਾਥੀ ਤੋਂ ਸਿਧਾਂਤਕ ਕਿਤਾਬਾਂ ਪੜ੍ਹਵਾਉਂਦੇ ਅਤੇ ਹਿੰਦੀ ਅਰਥ ਕਰਵਾ ਕੇ ਸਮਝਣ ਦੀ ਕੋਸ਼ਿਸ਼ ਕਰਦੇ। ਕਾਰਲ ਮਾਰਕਸ ਦਾ 'ਕਮਿਊਨਿਸਟ ਮੈਨੀਫੈਸਟੋ' ਪਹਿਲੀ ਵਾਰ ਸ਼ੁਰੂ ਤੋਂ ਆਖੀਰ ਤਕ ਸ਼ਿਵ ਵਰਮਾ ਨੇ ਆਜ਼ਾਦ ਨੂੰ ਸੁਣਾਉਂਦੇ ਸਮੇਂ ਹੀ ਪੜ੍ਹਿਆ ਸੀ। ਭਗਤ ਸਿੰਘ ਅਤੇ ਸੁਖਦੇਵ ਦੇ ਆਉਣ ਨਾਲ ਸਿਧਾਂਤਕ ਸਵਾਲਾਂ ਤੇ ਬਹਿਤ ਛਿੜੀ ਰਹਿੰਦੀ। ਲੁਟ ਦਾ ਖਾਤਮਾ, ਮਨੁਖਤਾ ਦੀ ਬਾਰਬਰੀ ਦੀ ਗਲ ਅਤੇ ਜਮਾਤ ਰਹਿਤ ਸਮਾਜ ਦੀ ਕਲਪਨਾ ਅਤੇ ਸਮਾਜਵਾਦ ਦੀਆਂ ਗਲਾਂ ਨੇ ਉਨ੍ਹਾਂ ਨੂੰ ਕੀਲ ਕੇ ਰਖ ਦਿਤਾ ਸੀ। ਸਮਾਜਵਾਦ ਬਾਰੇ ਜਿਨ੍ਹਾਂ ਗਲਾਂ ਨੂੰ ਉਹ ਸਮਝ ਸਕੇ, ਉਨ੍ਹਾਂ ਨੂੰ ਹੀ ਆਜ਼ਾਦੀ ਦਾ ਉਦੇਸ਼ ਅਤੇ ਜੀਵਨ ਦਾ ਆਦਰਸ਼ ਵੀ ਮੰਨ ਲਿਆ ਸੀ।
ਇਸ ਤਰ੍ਹਾਂ ਸਾਡੇ ਇਹ ਮਹਾਨ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਵਿਦੇਸ਼ੀ ਸਮਰਾਜਵਾਦ ਦੀ ਲੁਟ, ਮਨੁਖਤਾ ਦੀ ਬਾਰਬਰੀ ਅਤੇ ਜਮਾਤ ਰਹਿਤ ਸਮਾਜ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦੇ ਹੋਏ ਬੜੀ ਬਹਾਦਰੀ ਨਾਲ ੨੭ ਫਰਵਰੀ ੧੯੩੧ ਨੂੰ ਅਲਾਹਾਬਾਦ ਦੇ ਐਲਫਰੇਂਡ ਪਾਰਕ ਵਿਚ ਸ਼ਹਾਦਤ ਦਾ ਜਾਮ ਪੀ ਗਏ। ਉਹ ਜਬਰ–ਜੁਲਮ, ਅਨਿਆਂ ਵਿਰੁਧ ਦਲੇਰੀ ਨਾਲ ਲੜਨ ਵਾਲੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸਨ। ਭਗਤ ਸਿੰਘ ਨੇ ਕਿਹਾ ਹੈ ਕਿ ਨੌਜਵਾਨ ਸ਼ਕਤੀ ਸਮਾਜ ਦਾ ਭਵਿਖ ਬਦਲ ਸਕਦੀ ਹੈ ਜੇਕਰ ਇਹ ਸਹੀ ਮੁਹਿੰਮ ਅਤੇ ਹਾਂ ਪਖੀ ਤਬਦੀਲੀਆ ਲਈ ਵਰਤੀ ਜਾਵੇ।
ਗਵਰਨਰ ਪੰਜਾਬ ਨੂੰ ੨੦ ਮਾਰਚ ੧੯੩੧ 'ਚ ਲਿਖੇ ਖਤ ਵਿਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਆਪਣੇ ਬਹਾਦਰ ਸੈਨਾਪਤੀ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਕੀਤਾ – "ਸਾਮਰਾਜੀ ਤੇ ਸਰਮਾਏਦਾਰ ਲੁਟ ਕੁਝ ਦਿਨਾਂ ਦੀ ਖੇਡ ਹੈ। ਇਹ ਜੰਗ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖਤਮ ਹੋਵੇਗਾ। ਇਹ ਤਾਂ ਇਤਿਹਾਸਿਕ ਕਾਰਨਾਂ ਤੇ ਆਲੇ ਦੁਆਲੇ ਪਸਰੇ ਹਾਲਾਤ ਦਾ ਜਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਿਕ ਲੜੀ ਦੀ ਇਕ ਕੜੀ ਹੈ, ਜਿਸ ਨੂੰ ਜਤਿਨ ਦਾਸ ਦੀ ਬੇਮਿਸਾਲ ਕੁਰਬਾਨੀ ਨੇ, ਸ਼ਹੀਦ ਭਗਵਤੀ ਚਰਨ ਜੀ ਦੀ ਅਤਿ ਭਿਆਨਕ ਪਰ ਪਵਿਤਰ ਤੇ ਮਹਾਨ ਕੁਰਬਾਨੀ ਨੇ ਅਤੇ ਸਾਡੇ ਮਹਿਬੂਬ ਜਰਨੈਲ ਆਜ਼ਾਦ ਦੀ ਸ਼ਾਨਦਾਰ ਸ਼ਹਾਦਤ ਨੇ ਚਾਰ ਚੰਨ ਲਾਏ ਹਨ।
ਸੋ ਅਜ ਦੇ ਨੌਜਵਾਨਾਂ ਦੀ ਇਹ ਜੁੰਮੇਵਾਰੀ ਬਣਦੀ ਹੈ ਕਿ ਉਹ ਅਜੋਕੇ ਸਮੇਂ ਦੀਆਂ ਸਮਾਜਿਕ ਸਮਸਿਆਵਾਂ ਦੀ ਜੜ੍ਹ ਨੂੰ ਲਭ ਕੇ ਉਸ ਦੇ ਹਲ ਲਈ ਸੁਹਿਰਦ ਯਤਨ ਜੁਟਾਉਣ। ਇਹੀ ਸਾਡੀ ਸਾਡੇ ਇਸ ਪਿਆਰੇ ਜਰਨੈਲ ਨੂੰ ਸਚੀ ਸ਼ਰਧਾਂਜਲੀ ਹੋਵੇਗੀ।