ਗਿੱਧੇ ਵਿਚ ਨੱਚ ਨੱਚ ਕੇ
(ਗੀਤ )
ਮੈਂ ਗਿੱਧੇ ਵਿਚ ਨੱਚੀ ਸੋਹਣਿਆਂ' ,
ਧੁੱਮਾਂ ਪੈ ਗਈਆਂ ਜੱਗ ਉਤੇ ਹਾਣੀਆਂ।
ਵੇ ਰੂਪ ਮੈਨੂੰ, ਦਿੱਤਾ ਰੱਬ ਨੇ ,
ਗੀਤ ਮੈਨੂੰ ਦਿੱਤੇ ਪੰਜ ਪਾਣੀਆਂ।
ਵੇ ਮੈਂ ਹੀਰ ਸਲੇਟੀ, ਸ੍ਹਾਲੂ ਵਿਚ ਲਪੇਟੀ।
ਮੇਰਾ ਅੰਗ-ਅੰਗ ਨੱਚੇ, ਅੱਗ ਬਣ ਕੇ ਮੱਚੇ।
ਮੈਨੂੰ ਚੜ੍ਹੀ ਜਵਾਨੀ, ਮੇਰੀ ਅੱਖ ਮਸਤਾਨੀ।
ਤੱਕ ਨਖ਼ਰਾ ਪੰਜਾਬਣ ਦਾ,
ਅੱਜ ਬਣ ਗਿਆ ਮੇਰੀਆਂ ਕਹਾਣੀਆਂ,
ਵੇ ਰੂਪ ਮੈਨੂੰ, ਦਿੱਤਾ ਰੱਬ ਨੇ,
ਗੀਤ ਮੈਨੂੰ ਦਿੱਤੇ ਪੰਜ ਪਾਣੀਆਂ..........।
ਨੀ ਮੇਰਾ ਵੇਖੋ ਨਖ਼ਰਾ, ਜੱਗ ਨਾਲੋਂ ਵੱਖ਼ਰਾ।
ਮੇਰੀ ਝਾਂਝਰ ਬੋਲੇ , ਨਾ ਉਹ ਘੁੰਡ੍ਹੀ ਖੋਹਲੇ।
ਗਿੱਧੇ ਵਿਚ ਨੱਚਾਂ, ਮੈਂ ਖਿੱੜ -ਖਿੱੜ ਹੱਸਾਂ।
ਪਿੰਡ 'ਚ ਧਮਾਲਾਂ ਪੈ ਗਈਆਂ,
ਨੱਚੀਆਂ ਗਿੱਧੇ ਦੀਆਂ ਰਾਣੀਆਂ,
ਵੇ ਰੂਪ ਮੈਨੂੰ ਦਿੱਤਾ ਰੱਬ ਨੇ,
ਗੀਤ ਮੈਨੂੰ ਦਿੱਤੇ ਪੰਜ ਪਾਣੀਆਂ..........।
ਵੇ ਲਾਲ ਪਰਾਂਦਾ, ਮੈਨੂੰ ਵਢ੍ਹ-ਵਢ੍ਹ ਖਾਂਦਾ।
ਮੇਰੇ ਨੈਣੀਂ ਸੁਰਮਾਂ, ਮੈਂ ਨੱਖ਼ਰੇ ਨਾਲ ਤੁਰਨਾ।
ਕੰਨੀਂ ਪਾ ਕੇ ਵਾਲੇ, ਵੇ ਮੈਂ ਨੱਚਾਂ ਪਆਿਲੇ।
ਉਹ ਨੱਚਦੀ ਤੋਂ ਕਰੇ ਵਾਰਨੇ,
ਸ਼ਹਿਰ ਦਾ ਮੁੰਡਾ ਇਕ ਬਾਣੀਆਂ;
ਵੇ ਰੂਪ ਮੈਨੂੰ ਦਿੱਤਾ ਰੱਬ ਨੇ ,
ਗੀਤ ਮੈਨੂੰ ਦਿੱਤੇ ਪੰਜ ਪਾਣੀਆਂ.......... ।
ਮੇਰਾ ਰੰਗਲਾ ਚੂੜਾ, ਰੰਗ ਜਿਹਦਾ ਗੂੜ੍ਹਾ।
ਮੈਂ ਇਸ਼ਕੇ ਦੀ ਮਾਰੀ, ਜੱਗ ਤੋਂ ਅੱਜ ਹਾਰੀ।
"ਸੁਹਲ" ਮੇਰਾ ਮੀਤ,ਮੇਰੇ ਲਿਖਦਾ ਏ ਗੀਤ।
ਹੁਣ! ਚਰਖ਼ਾ ਨਾ ਜੱਟੀ ਕੱਤਦੀ,
ਜੱਟੀਆਂ ਨੂੰ ਭੁੱਲੀਆਂ ਮਧਾਣੀਆਂ,
ਵੇ ਰੂਪ ਮੈਨੂੰ ਦਿੱਤਾ ਰੱਬ ਨੇ,
ਗੀਤ ਮੈਨੂੰ ਦਿੱਤੇ ਪੰਜ ਪਾਣੀਆਂ............।