ਚਿਰਾਗ ਮੈਂ ਬਲਦੇ ਦੇਖੇ
(ਕਵਿਤਾ)
ਕਈ ਘਰਾਂ ਦੇ ਸੁਪਨੇ ਮੇਰੇ ਸਕੂਲ 'ਚ ਪਲ਼ਦੇ ਦੇਖੇ
ਕਾਲ਼ੀਆਂ ਰਾਤਾਂ ਰੌਸ਼ਨ ਕਰਦੇ ਚਿਰਾਗ ਮੈਂ ਬਲਦੇ ਦੇਖੇ
ਲਿਬੜੇ ਪਿੰਡੇ ਪਾਟੇ ਕੱਪੜੇ ਫਿਰ ਵੀ ਜੋਸ਼ ਨਿਰਾਲਾ
ਸਹਿੰਦੇ ਧੁੱਪਾਂ ਕੋਰੇ ਤਨ 'ਤੇ ਨਾ ਹੀ ਠਾਰੇ ਪਾਲ਼ਾ
ਬੰਜਰ ਭੂੰਮੀ ਫਿਰ ਵੀ ਉੱਗ ਕੇ ਰੁੱਖ ਇਹ ਫਲ਼ਦੇ ਦੇਖੇ
ਕਈ ਘਰਾਂ ਦੇ ਸੁਪਨੇ ਮੇਰੇ ਸਕੂਲ 'ਚ ਪਲ਼ਦੇ ਦੇਖੇ
ਢਿੱਡੋਂ ਭੁੱਖੇ ਫੇਰ ਵੀ ਹੱਸਦੇ ਨਾ ਰੱਬ ਨੂੰ ਕੋਈ ਉਲਾਂਭਾ
ਵਿੱਚ ਗ਼ਰੀਬੀ ਇਹਨਾਂ ਦੇ ਘਰ ਰੱਬ ਵੀ ਮੰਗਣ ਜਾਂਦਾ
ਕੱਚਿਆਂ ਘਰਾਂ ਦੀਆਂ ਕੰਧਾਂ ਉੱਤੇ ਪੱਥਰ ਝੱਲਦੇ ਦੇਖੇ
ਕਈ ਘਰਾਂ ਦੇ ਸੁਪਨੇ ਮੇਰੇ ਸਕੂਲ 'ਚ ਪਲ਼ਦੇ ਦੇਖੇ
ਨੰਗੇ ਪੈਰੀਂ ਕੰਡਿਆਂ ਉੱਤੇ ਚੱਲਦੇ ਨਾ ਘਬਰਾਉਂਦੇ
ਹੋਵੇ ਦਰਦ ਤਾਂ ਮੁਸਕਰਾ ਕੇ ਸੀਨੇ ਵਿੱਚ ਲੁਕਾਉਂਦੇ
ਤਿੱਖੜ ਦੁਪਹਿਰੀਂ ਨੰਗੇ ਸਿਰ ਮੰਜ਼ਿਲ ਵੱਲ ਚਲਦੇ ਦੇਖੇ
ਕਈ ਘਰਾਂ ਦੇ ਸੁਪਨੇ ਮੇਰੇ ਸਕੂਲ 'ਚ ਪਲ਼ਦੇ ਦੇਖ