ਕਲਮੀਂ ਸੇਵਾ ਇਕ ਵੱਡਾ ਪੁੰਨ ਹੈ
(ਲੇਖ )
ਅੱਜ ਜਿਸ ਵੇਲੇ ਕਿ ਦੁਨੀਆਂ ਆਪਣੇ ਆਪ ਵਿਚ ਸਿਰਫ਼ ਤੇ ਸਿਰਫ਼ ਆਪਣੇ ਤੱਕ ਹੀ ਸਿਮਟ ਕੇ ਰਹਿ ਗਈ ਹੈ ਉਸ ਸਮੇਂ ਦੌਰਾਨ ਮੇਰੇ ਕੁਝ ਲੇਖਕ ਵੀਰ ਇਸ ਦੁਨੀਆਂ ਨੂੰ ਸਮਾਜ ਨੂੰ ਆਪਣੇ ਪੰਜਾਬੀ ਸਹਿਤ ਨਾਲ ਜੋੜ ਕੇ ਇਸ ਸਮਾਜ ਨੂੰ ਇਕ ਸਚੁੱਜਾ ਸਮਾਜ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਜਿਹੜਾ ਕਿ ਹਰ ਇਕ ਦੇ ਵਸ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਦੇ ਕੰਮ ਨੂੰ ਕਲਮੀਂ ਸੇਵਾ ਵੀ ਕਿਹਾ ਜਾ ਸਕਦਾ ਹੈ।
ਸਮਾਜ ਦੇ ਲਈ ਕੁਰਬਾਨੀ ਕਰਨ ਦਾ ਜਜ਼ਬਾ ਤਾਂ ਕੋਈ ਕੋਈ ਹੀ ਰੱਖਦਾ ਹੈ। ਜ਼ਿਆਦਾਤਰ ਇਹ ਹੀ ਦੇਖਿਆ ਗਿਆ ਹੈ ਕਿ ਕਿਸੇ ਦੇ ਹੋਣ 'ਤੇ ਤਾਂ ਉਸ ਦੀ ਕੋਈ ਕਦਰ ਨਹੀਂ ਹੁੰਦੀ ਪਰ ਬਾਅਦ ਵਿੱਚ ਉਹੀ ਸਮਾਜ ਉਸ ਦੇ ਨਾਂਅ 'ਤੇ ਮੇਲੇ ਲਗਾਉਂਦਾ ਦਿਖਾਈ ਦਿੰਦਾ ਹੈ। ਸਮਾਜ ਵਿਚਲੇ ਗ਼ਲਤ ਅਨਸਰਾਂ ਦੇ ਖ਼ਿਲਾਫ਼ ਨਿਡਰ ਹੋ ਕੇ ਕਲਮੀਂ ਯੁੱਧ ਛੇੜ ਦੇਣਾ ਤੇ ਉਨ੍ਹਾਂ ਗਲ਼ਤ ਅਨਸਰਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਲਈ ਇਕ ਚਨੌਤੀ ਦੇ ਦੇਣਾ ਜਿਹੀ ਕਲਮੀਂ ਦੇਣ ਸਮਾਜ ਨੂੰ ਇਕ ਬਹੁਤ ਵੱਡੀ ਦੇਣ ਹੈ।
ਸਾਡੇ ਇਸ ਸਮਾਜ ਵਿੱਚ ਕੁਝ ਇਕ ਤਾਂ ਐਸੇ ਵੀ ਹਨ ਜਿਹੜੇ ਕਿ ਪਿਛਲੱਗੂ ਬਣ ਕੇ ਤੇ ਆਪਣੇ ਤੇ ਸਿਰਫ਼ ਤੇ ਸਿਰਫ਼ ਆਪਣੇ ਨਿੱਜੀ ਫ਼ਾਇਦੇ ਜਾਂ ਆਰਥਿਕ ਲਾਭ ਨੂੰ ਹੀ ਪਹਿਲ ਦੇ ਆਧਾਰ 'ਤੇ ਦੇਖਦੇ ਹਨ। ਜੇ ਕੋਈ ਉਸ ਨੂੰ ਕੁਝ ਗ਼ਲਤ ਵੀ ਲਿਖਣ ਨੂੰ ਕਹਿ ਦੇਵੇ ਤਾਂ ਉਹ ਝੱਟ ਲਿਖ ਦਿੰਦੇ ਹਨ। ਜਿਸ ਦਾ ਅੰਦਾਜ਼ਾ ਪਾਠਕ ਜਾਂ ਸਰੋਤੇ ਆਦਿ ਅੱਜ ਦੀਆਂ ਫਿਲਮਾਂ ਦੇਖ ਕੇ ਜਾਂ ਗੀਤ ਸੁਣ ਕੇ ਭਲੀ ਭਾਂਤੀ ਲਗਾ ਸਕਦੇ ਹਨ। ਜੇਕਰ ਇਨ੍ਹਾਂ ਲੇਖਕਾਂ ਜਾਂ ਗੀਤਕਾਰਾਂ ਤੋਂ ਪੁੱਛਿਆ ਜਾਵੇ ਕਿ ਭਾਈ ਇਹ ਸਭ ਲਿਖ ਕੇ ਜਾਂ ਫਿਲਮਾ ਕੇ ਜਾਂ ਦਿਖਾ ਕੇ ਕੀ ਕੜੀ ਘੋਲੀ ਗਈ ਹੈ ਤਾਂ ਉਹ ਕਹਿੰਦੇ ਹਨ ਕਿ ਸਾਡਾ ਸਮਾਜ ਇਹੋ ਹੀ ਪਸੰਦ ਕਰਦਾ ਹੈ ਤੇ ਫਿਰ ਅਸੀਂ ਆਪਣਾ ਪੇਟ ਵੀ ਤਾਂ ਇਸ ਕੰਮ ਤੋਂ ਹੀ ਭਰਨਾ ਹੈ।
ਹੁਣ ਮੈਂ ਏਥੇ ਕਲਮੀਂ ਸੇਵਾ ਦੀ ਗੱਲ ਕੀਤੀ ਹੈ। ਬਾਕੀ ਕਲਮੀਂ ਸੇਵਾ ਤੋਂ ਭਾਵ ਕਿਸੇ ਦਾ ਸਿਰ ਕਲਮ ਕਰਨ ਜਾਂ ਉਸ ਨੂੰ ਕਤਲ ਕਰ ਕੇ ਸੁੱਟ ਦੇਣਾ ਤੋਂ ਨਹੀਂ ਹੈ ਬਲਕਿ ਕਲਮੀਂ ਸੇਵਾ ਤੋਂ ਭਾਵ ਕਲਮ ਜਾਂ ਪੈੱਨ ਉਠਾ ਕੇ ਐਸਾ ਸਹਿਤ ਸਮਾਜ ਦੀ ਝੋਲੀ ਪਾਉਣਾ ਜਿਸ ਨਾਲ ਕਿ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਸਮਾਜ ਦੇ ਸਾਹਮਣਾ ਲਿਆ ਕੇ ਉਨ੍ਹਾਂ ਨੂੰ ਸਿੱਧੇ ਰਾਹ ਵੱਲ ਚੱਲਣ ਲਈ ਪ੍ਰੇਰਿਆ ਜਾਏ ਤੇ ਇਕ ਸੁਚੱਜੇ ਤੇ ਨਰੋਏ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ, ਤੋਂ ਲਿਆ ਜਾ ਸਕਦਾ ਹੈ। ਇਸ ਕਲਮੀਂ ਸੇਵਾ ਨਾਲ ਸਮਾਜ ਦੀ ਝੋਲੀ ਵਿੱਚ ਐਸਾ ਸਾਫ਼-ਸੁਥਰਾ ਤੇ ਸੁਚੱਜਾ ਸਹਿਤ ਪਾਇਆ ਜਾਵੇ ਜਿਸ ਨਾਲ ਕਿ ਇਕ ਵਧੀਆ ਤੇ ਨਰੋਆ ਸਮਾਜ ਸਿਰਜਿਆ ਜਾ ਸਕਦਾ ਹੈ।
ਕਲਮ ਵਿਚ ਮੰਨੋਰੰਜਨ ਦੇ ਨਾਲ ਸਮਾਜ ਨੂੰ ਸੇਧ ਦੇਣ ਦੀ ਤਾਕਤ ਵੀ ਹੋਣੀ ਚਾਹੀਦੀ ਹੈ। ਇਹ ਕਲਮ ਦੀ ਤਾਕਤ ਕੋਈ ਮਾੜੀ-ਮੋਟੀ ਤਾਕਤ ਨਹੀਂ ਹੈ। ਇਸ ਕਲਮ ਦੀ ਤਾਕਤ ਨੂੰ ਪਹਿਚਾਣਨ ਦੀ ਲੋੜ ਹੈ। ਇਸ ਕਲਮ ਦੀ ਤਾਕਤ ਅੱਗੇ ਬਹੁਤ ਵੱਡੇ ਵੱਡੇ ਖੱਬੀ-ਖ਼ਾਨ ਗੋਡੇ ਟੇਕ ਗਏ ਹਨ। ਇਸ ਤੋਂ ਕੋਈ ਜਿੱਤ ਨਹੀਂ ਸਕਿਆ। ਇਥੋਂ ਤੱਕ ਕੀ ਰਾਜਾ ਨੈਪੋਲੀਅਨ ਵੀ ਕਲਮ ਦੀ ਤਾਕਤ ਨਾਲ ਮੱਥਾ ਲਾਉਣ ਤੋਂ ਕੰਨੀ ਕਤਰਾਇਆ ਹੈ।
ਹੁਣ ਕਲਮ ਦੀ ਤਾਕਤ ਤੁਹਾਡੇ ਹੱਥ ਆ ਗਈ ਹੈ ਤਾਂ ਇਸ ਗੱਲ ਦਾ ਅਰਥ ਇਹ ਵੀ ਕਦਾਚਿਤ ਨਾ ਲੈ ਲੈਣਾ ਕਿ ਮੈਂ ਆਪਣੀ ਕਲਮ ਦੀ ਤਾਕਤ ਨਾਲ ਕਿਸੇ ਭਲੇ-ਮਾਨਸ ਦਾ ਹੀ ਬੇੜਾ ਗ਼ਰਕ ਕਰ ਦਿਆ। ਇਸ ਤਰ੍ਹਾਂ ਦੀ ਕਲਮੀਂ ਤਾਕਤ ਕੋਈ ਸੇਵਾ ਨਹੀਂ ਨਿਭਾਉਂਦੀ ਹੈ। ਕਲਮੀਂ ਸੇਵਾ ਸਿਰਫ਼ ਉਹ ਸੇਵਾ ਹੈ ਜਿਸ ਨਾਲ ਕਿ ਸਮਾਜਿਕ ਭਲਾਈ ਹੀ ਹੁੰਦੀ ਹੈ ਨਾ ਕਿ ਕਿਸੇ 'ਤੇ ਚਿੱਕੜ ਸੁੱਟਣਾ ਹੁੰਦਾ ਹੈ। ਮੈਂ ਅਕਸਰ ਦੇਖਦਾ ਹਾਂ ਕਿ ਕੁਝ ਮੇਰੇ ਲੇਖਕ ਭਾਈ ਭਰਾ ਵੀ ਆਪਣੇ ਆਪ ਨੂੰ ਉੱਚਾ ਦਰਸਾਉਣ ਦੀ ਹੋੜ ਵਿੱਚ ਦੂਜੇ ਆਪਣੇ ਵਰਗੇ ਲੇਖਕਾਂ ਉੱਤੇ ਹੀ ਚਿੱਕੜ ਸੁੱਟਦੇ ਹੋਏ ਨਜ਼ਰੀਂ ਆਉਂਦੇ ਹਨ। ਜਿਹੜਾ ਕਿ ਇਕ ਬਹੁਤ ਘਟੀਆਂ ਵਰਤਾਰਾ ਹੈ। ਜੇਕਰ ਇਹ ਅਕਲਾਂ ਵਾਲੇ ਜਾਂ ਕਲਮਾਂ ਵਾਲੇ ਹੀ ਆਪਸ ਵਿੱਚ ਲੜਨਾ- ਝਗੜਨਾ ਸ਼ੁਰੂ ਕਰ ਦੇਣ ਤਾਂ ਇਨ੍ਹਾਂ ਦੀ ਅਕਲ ਨੂੰ ਘਾਹ ਚਰਨ ਗਈ ਹੀ ਕਿਹਾ ਜਾ ਸਕਦਾ ਹੈ।
ਅਜਿਹੀ ਕਲਮੀਂ ਸੇਵਾ ਫਿਰ ਨਿਸਫਲ ਜਾਂਦੀਂ ਹੈ। ਕਲਮ ਉਠਾ ਕੇ ਤਾਂ ਆਪਾਂ ਲੋਕਾਂ ਨੇ ਵੈਰ ਵਿਰੋਧ ਨੂੰ ਦੂਰ ਕਰਨਾ ਹੈ ਤੇ ਸਮਾਜ ਨੂੰ ਸ਼ਾਂਤੀ-ਭਰਪੂਰ ਸਮਾਜ ਬਣਾਉਣ ਵਿੱਚ ਯੋਗਦਾਨ ਪਾਉਣਾ ਹੈ। ਇਸ ਤਰ੍ਹਾਂ ਕਰਨ ਨਾਲ ਫਿਰ ਕੰਮ ਵਾਲੀ ਸ਼ਾਂਤੀ ਵੀ ਆਉਣ ਨੂੰ ਤਿਆਰ ਨਹੀਂ ਹੋਵੇਗੀ। ਫਿਰ ਭਾਵਨਾਤਮਕ ਸ਼ਾਂਤੀ ਕਿੱਥੋਂ ਆ ਸਕਦੀ ਹੈ ਭਲਾ। ਕਲਮੀਂ ਸੇਵਾ ਤੋਂ ਭਾਵ ਚਿੱਕੜ 'ਚੋਂ ਡੱਡੂ ਕੱਢਣ ਤੋਂ ਵੀ ਲਿਆ ਜਾ ਸਕਦਾ ਹੈ। ਕਈ ਵਾਰੀ ਮੈਂ ਦੇਖਦਾ ਹਾਂ ਕਿ ਇਹ ਸਾਡਾ ਸਮਾਜ ਹੀ ਸਾਨੂੰ ਲੇਖਕਾਂ ਨੂੰ ਇਹ ਸ਼ਵਾਲ ਕਰਦਾ ਹੋਇਆ ਨਜ਼ਰੀਂ ਪੈਂਦਾ ਹੈ ਕਿ ਇਹ ਲਿਖਣਾ ਕਿਹੜੇ ਕੰਮਾਂ ਤੋਂ ਕੰਮ ਹੈ। ਕੀ ਮਿਲਦਾ ਹੈ ਤੁਹਾਨੂੰ ਇਸ ਤਰ੍ਹਾਂ ਲਿਖਣ ਤੋਂ? ਕੀ ਕੋਈ ਆਰਥਿਕ ਲਾਭ ਵੀ ਹੁੰਦੀ ਹੈ?
ਅਜਿਹੀਆਂ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਇਹ ਹੀ ਆਉਂਦਾ ਹੈ ਕਿ ਇਹ ਲੋਕ ਸਮਾਜ ਵਿੱਚ ਭਲਾ ਨਹੀਂ ਚਾਹੁੰਦੇ। ਇਹ ਲੋਕ ਤਾਂ ਸਿਰਫ਼ ਤੇ ਸਿਰਫ਼ ਆਪਣੇ ਆਪ ਤੱਕ ਹੀ ਸਿਮਟ ਕੇ ਰਹਿ ਗਏ ਹਨ। ਇਨ੍ਹਾਂ ਦਾ ਆਪਣਾ ਫ਼ਾਇਦਾ ਕਿਸ ਚੀਜ਼ ਵਿੱਚ ਹੈ ਦੀ ਗੱਲ ਇਨ੍ਹਾਂ ਦੇ ਦਿਮਾਗ 'ਤੇ ਪ੍ਰਧਾਨਤਾ ਦਾ ਰੂਪ ਧਾਰਨ ਕਰ ਗਈ ਹੈ ਤੇ ਸਿਰਫ਼ ਨਿੱਜੀ ਪੈਸੇ ਦੇ ਲਾਭ ਨੂੰ ਹੀ ਮਹੱਤਵ ਦਿੱਤਾ ਜਾਂਦਾ ਹੈ ਤੇ ਲੇਖਕ ਦੇ ਮਨ ਵਿੱਚ ਕੀ ਹੁੰਦਾ ਹੈ ਸਮਝਣ ਦੀ ਇਸ ਸਮਾਜ ਕੋਲ ਰਤਾ ਵੀ ਵਿਹਲ ਨਹੀਂ ਹੁੰਦੀ।
ਬਾਕੀ ਕੁਝ ਹੱਦ ਤੱਕ ਦੇਖਿਆ ਜਾਵੇ ਤਾਂ ਪੇਟ ਤਾਂ ਇਹਨਾਂ ਲੇਖਕ ਵੀਰਾਂ ਨੂੰ ਵੀ ਲੱਗਾ ਹੁੰਦਾ ਹੈ। ਜੇਕਰ ਇਹ ਆਪਣੇ ਪੇਟ ਦੀ ਭੁੱਖ ਨੂੰ ਦੂਰ ਨਹੀਂ ਕਰਨਗੇ ਤਾਂ ਜੀਵਿਤ ਰਹਿ ਕੇ ਚੰਗਾ ਲਿਖ ਕੇ ਵਧੀਆਂ ਤੇ ਨਰੋਆ ਸਮਾਜ ਸਿਰਜਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਕਿਉਂ ਪਾ ਸਕਣਗੇ। ਫਿਰ ਇਕ ਕਹਾਵਤ ਇਹ ਵੀ ਤਰ੍ਹਾਂ ਬੜੀ ਮਸ਼ਹੂਰ ਹੈ ''ਅਖੇ ਪੇਟ ਨਾ ਪਈਆਂ ਰੋਟੀਆਂ, ਤੇ ਸੱਭੇ ਗੱਲਾਂ ਖੋਟੀਆਂ।'' ਅਰਥਾਤ ਜੇਕਰ ਉਹ ਕਲਮ ਹੀ ਨਾ ਚਲਾ ਸਕੇ ਤਾਂ ਫਿਰ ਕਲਮੀਂ ਸੇਵਾ ਕਿਵੇਂ ਨਿਭਾਈ ਜਾ ਸਕੇਗੀ ? ਇਸ ਕਰਕੇ ਜੇਕਰ ਲੇਖਕ ਸਮਾਜ ਲਈ ਕੁਰਬਾਨੀ ਦਾ ਜਜ਼ਬਾ ਰੱਖਦਾ ਹੈ ਤਾਂ ਇਸ ਸਮਾਜ ਨੂੰ ਵੀ ਇਨ੍ਹਾਂ ਲੇਖਕਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।
ਜੇਕਰ ਲੇਖਕ ਵਧੀਆਂ ਨਾ ਲਿਖਣਗੇ ਤੇ ਜਾਂ ਫਿਰ ਚੋਰ ਉਚੱਕਿਆ ਤੋਂ ਡਰ ਕੇ ਆਪਣੀ ਕਲਮ ਦਾ ਮੁੱਖ ਹੋਰ ਪਾਸੇ ਵੱਲ ਮੋੜ ਲੈਣਗੇ ਜਾਂ ਇਨ੍ਹਾਂ ਦੇ ਕਹਿਣ ਅਨੁਸਾਰ ਹੀ ਆਪਣੀ ਕਲਮ ਚਲਾਉਣਗੇ ਤਾਂ ਇਹ ਕਲਮੀਂ ਸੇਵਾ ਚੋਰ ਸੇਵਾ ਦਾ ਰੂਪ ਧਾਰਨ ਕਰ ਲਵੇਗੀ। ਜਿਹੜਾ ਸਮਾਜ ਦੇ ਹਿੱਤ ਵਿੱਚ ਸਹੀ ਨਹੀਂ ਹੋਵੇਗਾ। ਮੈਂ ਆਪਣੇ ਕਲਮੀਂ ਵੀਰਾਂ ਜਾਂ ਹੋਰ ਕਲਮੀਂ ਸਾਥੀਆਂ ਅੱਗੇ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਵਧੀਆਂ ਲਿਖਣ ਤੇ ਕੁਝ ਐਸਾ ਨਾ ਲਿਖਣ ਜਿਸ ਨਾਲ ਕਿ ਸਮਾਜ ਗ਼ਲਤ ਪਾਸੇ ਵੱਲ ਜਾਂਦਾ ਹੋਵੇ। ਆਪਾਂ ਇਸ ਕਲਮੀਂ ਸੇਵਾ ਨਾਲ ਇਕ ਸਾਫ਼-ਸੁਥਰਾ ਤੇ ਸ਼ਾਂਤੀ ਵਾਲਾ ਸਮਾਜ ਸਿਰਜਣਾ ਹੈ ਨਾ ਕਿ ਕੁਰੀਤੀਆਂ ਵਾਲਾ ਸਮਾਜ। ਇਸ ਕਰਕੇ ਆਪਣੀ ਕਲਮੀਂ ਤਾਕਤ ਨੂੰ ਪਹਿਚਾਣਨ ਦੀ ਲੋੜ ਹੈ।