ਯੁੱਧ ਵਿਚ ਹਾਰਨ ਵਾਲੇ ਲੋਕ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੇਅਣਖੇ ਹੋ ਕੇ ਗੁਲਾਮੀ ਦੀ ਜ਼ਿੰਦਗੀ ਜਿਉਣ ਨਾਲੋਂ

                                                              ਅਣਖ ਨਾਲ ਅਜਾਦੀ ਲਈ ਮਰ ਜਾਣਾ ਬਿਹਤਰ ਹੈ।

       ਜ਼ਿੰਦਗੀ ਵਿਚ ਹਰ ਕਦਮ ਤੇ ਸਾਡਾ ਇਮਤਿਹਾਨ ਹੁੰਦਾ ਹੈ। ਅਸੀ ਕਦੀ ਜਿੱਤਦੇ ਹਾਂ ਅਤੇ ਕਦੀ ਹਾਰਦੇ ਹਾਂ। ਚੱੜ੍ਹਦੇ ਸੂਰਜ ਨੂੰ ਸਲਾਮਾ ਹੁੰਦੀਆਂ ਹਨ। ਜਿੱਤਣ ਵਾਲੇ ਨੂੰ ਦੁਨੀਆਂ ਸਿਰ ਤੇ ਚੁੱਕਦੀ ਹੈ। ਉਸਨੂੰ ਮਾਣ ਅਤੇ ਸਤਿਕਾਰ ਮਿਲਦਾ ਹੈ। ਸਭ ਪਾਸਿਉਂ ਉਸਦਾ ਸੁਆਗਤ ਹੁੰਦਾ ਹੈ। ਉਸਦੀ ਉਨਤੀ ਦੇ ਅੱਗੇ ਰਾਹ ਖੁਲ੍ਹਦੇ ਹਨ। ਦੂਸਰੇ ਪਾਸੇ ਹਾਰਨ ਵਾਲੇ ਨੂੰ ਵਿਸਾਰ ਦਿੱਤਾ ਜਾਂਦਾ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯੁੱਧ ਵਿਚ ਹਾਰਨ ਵਾਲੇ ਲੋਕ ਵੀ ਘੱਟ ਤਾਕਤਵਰ ਨਹੀਂ ਹੁੰਦੇ। । ਹਾਰਦਾ ਉਹ ਹੀ ਹੈ ਜੋ ਯੁੱਧ ਦੇ ਮੈਦਾਨ ਵਿਚ ਲੜਦਾ ਹੈ ਜੋ ਡਰ ਦੇ ਮਾਰੇ ਮੈਦਾਨ ਵਿਚ ਹੀ ਨਹੀਂ ਉਤਰਦੇ ਉਹ ਕਿਸੇ ਗਿਣਤੀ ਵਿਚ ਨਹੀਂ ਆਉਂਦੇ। ਦਿਲ ਗੁਰਦੇ ਅਤੇ ਹੌਸਲੇ ਵਾਲੇ ਲੋਕ ਹੀ ਮੈਦਾਨ ਵਿਚ ਉਤਰਦੇ ਹਨ। ਮੈਦਾਨ ਵਿਚ ਦੁਸ਼ਮਣ ਨੂੰ ਲਲਕਾਰਨਾ ਹੀ ਅੱਧੀ ਜਿੱਤ ਹਾਸਲ ਕਰਨ ਬਰਾਬਰ ਹੈ। ਇਹ ਵੱਖਰੀ ਗੱਲ ਹੈ ਕਿ ਜਿਸ ਦਾ ਦਾਅ ਪੈ ਗਿਆ ਉਹ ਜਿੱਤ ਗਿਆ, ਦੂਜਾ ਹਾਰ ਗਿਆ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਦਾ ਲਈ ਹਾਰ ਗਿਆ। ਜੇ ਉਹ ਸੱਚਾ ਜਰਨੈਲ ਹੋਵੇਗਾ ਤਾਂ ਅੱਗੋਂ ਉਹ ਦੁਗਨੀ ਤਾਕਤ ਅਤੇ ਜੋਸ਼ ਨਾਲ ਮੈਦਾਨ ਵਿਚ ਉਤਰੇਗਾ।
    ਹਾਰ ਅਤੇ ਜਿੱਤ ਵਿਚ ਬਹੁਤ ਘੱਟ ਅੰਤਰ ਹੁੰਦਾ ਹੈ। ਹਾਰਨ ਦਾ ਮਤਲਬ ਇਹ ਨਹੀਂ ਕਿ ਅਸੀ ਜ਼ਿੰਦਗੀ ਹਾਰ ਗਏ। ਛੋਟੀਆਂ ਛੋਟੀਆਂ ਹਾਰਾਂ ਸਾਨੂੰ ਵੱਡੀ ਜਿੱਤ ਵੱਲ ਲਿਜਾਉਂਦੀਆਂ ਹਨ। ਅਸਫਲਤਾ ਦੀਆਂ ਨੀਹਾਂ ਤੇ ਹੀ ਸਫਲਤਾ ਦੇ ਮਹਿਲ ਖੜੇ ਹੁੰਦੇ ਹਨ। ਦੁਨੀਆਂ ਵਿਚ ਕੋਈ ਮਨੁੱਖ ਐਸਾ ਨਹੀਂ ਜਿਸਨੇ ਕਦੀ ਹਾਰ ਦਾ ਮੁੰਹ ਨਾ ਦੇਖਿਆ ਹੋਵੇ। ਜਦ ਬੱਚਾ ਲੜਖਾਉਂਦੇ ਹੋਏ ਕਦਮਾ ਨਾਲ ਚਲਦਾ ਚਲਦਾ ਡਿੱਗ ਪੈਂਦਾ ਹੈ ਤਾਂ ਮਾਂ ਬੱਚੇ ਦੀਆਂ ਅੱਖਾਂ ਵਿਚ ਅੱਖਾਂ ਪਾ ਕਿ ਕਹਿੰਦੀ ਹੈ,"ਕੋਈ ਗੱਲ ਨਹੀਂ , ਬੱਚੇ ਡਿੱਗ ਡਿੱਗ ਕਿ ਹੀ ਵੱਡੇ ਹੁੰਦੇ ਹਨ।" ਬੱਚੇ ਨੂੰ ਹੌਸਲਾ ਮਿਲਦਾ ਹੈ। ਉਹ ਫਿਰ ਉੱਠਦਾ ਹੈ, ਫਿਰ ਤੁਰਨਾ ਸ਼ੁਰੂ ਕਰਦਾ ਹੈ। ਇਸ ਤਰਾਂ ਕਰ ਕੇ ਇਕ ਮਾਂ ਆਪਣੇ ਬੱਚੇ ਨੂੰ ਜ਼ਿੰਦਗੀ ਆਉਣ ਵਾਲੀਆਂ ਮੁਸ਼ਕਲਾਂ ਲਈ ਤਿਆਰ ਕਰਦੀ ਹੈ।
    ਆਮ ਤੋਰ ਤੇ ਹਰ ਕੰਮ ਜਿੱਤਣ ਜਾਂ ਸਫਲ ਹੋਣ ਲਈ ਹੀ ਕੀਤਾ ਜਾਂਦਾ ਹੈ। ਜੇ ਸਾਡੇ ਮਨ ਵਿਚ ਜਿੱਤਣ ਜਾਂ ਸਫਲ ਹੋਣ ਦੀ ਭਾਵਨਾ ਨਹੀਂ ਹੋਵੇਗੀ ਤਾਂ ਅਸੀ ਕਦੇ ਸਫਲ ਨਹੀਂ ਹੋ ਸਕਾਂਗੇ। ਸਾਡਾ ਹਰ ਕੰਮ ਅਧੂਰਾ ਰਹਿ ਜਾਵੇਗਾ। ਬੇਸ਼ਕ ਹਾਰਾਂ ਨੂੰ ਜਰਨਾ ਬਹੁਤ ਮੁਸ਼ਕਲ ਹੈ। ਜੇ ਅਸੀ ਹਾਰ ਨੂੰ ਖੇਡ ਦੀ ਭਾਵਨਾ ਨਾਲ ਲਵਾਂਗੇ ਤਾਂ ਸਾਨੂੰ ਇਹ ਹਾਰ ਦੁਖਦਾਈ ਨਹੀਂ ਜਾਪੇਗੀ। ਸਾਨੂੰ ਆਪਣੈ ਹਾਰ ਵਿਚ ਵੀ ਅਨੰਦ ਆਵੇਗਾ। ਕਈ ਵਾਰੀ ਵੱਡੇ ਬੰਦੇ ਛੋਟੇ ਬੱਚੇ ਨਾਲ ਖੇਡਦੇ ਹਨ ਤਾਂ ਬੱਚੇ ਤੋਂ ਜਾਣ ਬੁੱਝ ਕਿ ਹਾਰ ਜਾਂਦੇ ਹਨ। ਇਸ ਨਾਲ ਬੱਚੇ ਦਾ ਹੌਸਲਾ ਵਧਦਾ ਹੈ। ਜਿੱਥੇ ਬੱਚਾ ਜਿੱਤ ਦਾ ਅਨੰਦ ਮਾਣਦਾ ਹੈ ਉਥੇ ਹਾਰਨ ਵਾਲਾ ਵੀ ਬੱਚੇ ਤੋਂ ਹਾਰ ਕਿ ਖੁਸ਼ੀ ਮਹਿਸੂਸ ਕਰਦਾ ਹੈ। ਇਨਸਾਨ ਦੁੱਖੀ ਉਸ ਸਮੇ ਹੁੰਦਾ ਹੈ ਜਦ ਉਸਦੀ ਇੱਛਾ ਤੋਂ ਕੁਝ ਉਲਟ ਵਾਪਰਦਾ ਹੈ। ਜੇ ਕਿਸੇ ਕੰਮ ਦਾ ਨਤੀਜਾ ਤੁਹਾਡੀ ਇੱਛਾ ਅਨੁਸਾਰ ਨਹੀਂ ਨਿਕਲਿਆ ਤਾਂ ਇਸ ਵਿਚ ਚਿੰਤਾ ਵਾਲੀ ਕੋਈ ਗੱਲ ਨਹੀਂ। ਤੁਹਾਡੇ ਲਈ ਫਖਰ ਦੀ ਗੱਲ ਇਹ ਹੈ ਕਿ ਤੁਸੀ ਲੜੇ ਤਾਂ ਹੋ। ਯਾਦ ਰੱਖੋ ਜੇ ਦੋ ਭਲਵਾਨ ਘੁਲਣਗੇ ਤਾਂ ਉਨਾਂ ਵਿਚੋਂ ਇਕ ਢੱਠੇਗਾ ਹੀ। ਜੇ ਸੋ ਬੰਦੇ ਦੌੜਨਗੇ ਤਾਂ ਪਹਿਲੇ ਨੰਬਰ ਤੇ ਕੇਵਲ ਇਕ ਹੀ ਆਵੇਗਾ ਜਿਹੜਾ ਸਭ ਤੋਂ ਬਿਹਤਰ ਦੌੜਾਕ ਹੋਵੇਗਾ। ਆਪਣੇ ਵਿਚ ਬਿਹਤਰ ਦੌੜਾਕ ਦੇ ਗੁਣ ਪੈਦਾ ਕਰੋ। ਇਕ ਦਿਨ ਸਫਲਤਾ ਤੁਹਾਡੇ ਕਦਮ ਚੁੰਮੇਗੀ ।
     ਜਿੰਨਾਂ ਲੋਕਾਂ ਵਿਚ ਆਤਮ-ਵਿਸ਼ਵਾਸ ਦੀ ਕਮੀ ਹੋਵੇ ਉਹ ਜਲਦੀ ਹੀ ਹਾਲਤ ਅੱਗੇ ਈਨ ਮੰਨ ਲੈਦੇ ਹਨ। ਇਨਸਾਨ ਉਦੋਂ ਹੀ ਹਾਰਦਾ ਹੈ ਜਦ ਉਸਦਾ ਦਿਲ ਹਾਰਦਾ ਹੈ। ਉਹ ਜਿੱਤ ਦੀ ਇੱਛਾ ਤੇ ਸੰਘਰਸ਼ ਦਾ ਤਿਆਗ ਕਰ ਦਿੰਦਾ ਹੈ। ਜਿਸ ਇਨਸਾਨ ਦੇ ਦਿਲ ਵਿਚ ਸੰਘਰਸ਼ ਅਤੇ ਜਿੱਤ ਦੀ ਇੱਛਾ ਬਾਕੀ ਹੈ ਉਸ ਕੋਲੋਂ ਲੜਾਈ ਥੋਹੜੇ ਸਮੇ ਲਈ ਤਾਂ ਜਿੱਤੀ ਜਾ ਸਕਦੀ ਹੈ ਪਰ ਉਸਨੂੰ ਸਦਾ ਲਈ ਨਹੀਂ ਹਰਾਇਆ ਜਾ ਸਕਦਾ। ਅਜਿਹੇ ਲੋਕ ਹਾਰ ਕਿ ਵੀ ਨਹੀਂ ਹਾਰਦੇ। ਬੇਸ਼ੱਕ ਸਿਕੰਦਰ ਨੇ ਯੁੱਧ ਜਿੱਤ ਲਿਆ ਸੀ ਪਰ ਉਹ ਪੋਰਸ ਨੂੰ ਨਹੀਂ ਸੀ ਹਰਾ ਸੱਕਿਆ। ਪੋਰਸ ਨੇ ਸਿਕੰਦਰ ਦਾ ਦਿਲ ਜਿੱਤ ਕਿ ਸਭ ਕੁਝ ਜਿੱਤ ਲਿਆ ਸੀ। ਸੋ ਹਾਰਨ ਵਿਚ ਨਮੋਸ਼ੀ ਜਾਂ ਸ਼ਰਮ ਨਹੀਂ। ਨਮੋਸ਼ੀ ਮੁਕਾਬਲਾ ਨਾ ਕਰਨ ਵਿਚ ਹੈ।
          ਹਿੰਮਤੀ ਲੋਕ ਆਪਣੀ ਹਾਰ ਤੇ ਅੱਥਰੂ ਨਹੀਂ ਕੇਰਦੇ। ਕਿਸਮਤ ਦੇ ਰੌਣੇ ਨਹੀਂ ਰੌਂਦੇ। ਆਪਣੀਆਂ ਅਸਫਲਤਾਵਾਂ ਦਾ ਦੋਸ਼ ਕਿਸੇ ਦੂਸਰੇ ਨੂੰ ਨਹੀਂ ਦਿੰਦੇ। ਉਹ ਆਪਣੀਆਂ ਚੁਣੌਤੀਆਂ ਆਪ ਮਿਥਦੇ ਹਨ। ਭਾਵੇਂ ਪੜ੍ਹਾਈ ਦਾ ਮੈਦਾਨ ਹੋਵੇ ਜਾਂ ਖੈਡ ਦਾ ਜਾਂ ਫਿਰ ਜੰਗ ਦਾ ਮੈਦਾਨ ਹੀ ਕਿਉਂ ਨਾ ਹੋਵੇ। ਬੇਸ਼ੱਕ ਪਹਿਲੀ ਵਾਰੀ ਉਨਾਂ ਨੂੰ ਸਫਲਤਾ ਨਾ ਮਿਲੇ। ਉਹ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਹਨ। ਦ੍ਰਿੜ ਇਰਾਦੇ ਨਾਲ ਅਤੇ ਅੱਗੇ ਨਾਲੋਂ ਜਿਆਦਾ ਸ਼ਕਤੀ ਨਾਲ ਮੈਦਾਨ ਵਿਚ ਨਿੱਤਰਦੇ ਹਨ। ਅੰਤ ਕਾਮਯਾਬ ਹੁੰਦੇ ਹਨ।
           ਕਿਸੇ ਵਿਦਵਾਨ ਨੇ ਠੀਕ ਹੀ ਕਿਹਾ ਹੈ—"ਪੱਥਰ ਟੁੱਟਦਾ ਤਾਂ ਆਖਰੀ ਸੱਟ ਨਾਲ ਹੀ ਹੈ ਪਰ ਉਸ ਤੋਂ ਪਹਿਲਾਂ ਮਾਰੀਆਂ ਸੱਟਾਂ ਵੀ ਅਜਾਈਂ ਨਹੀਂ ਜਾਂਦੀਆਂ। ਉਨਾਂ ਦਾ ਵੀ ਆਪਣਾ ਮਹੱਤਵ ਹੁੰਦਾ ਹੈ।ਕਈ ਲੋਕ ਕਹਿੰਦੇ ਹਨ , ਅਜਾਦੀ ਮਹਾਤਮਾ ਗਾਂਧੀ ਦੀਆਂ ਕੋਸ਼ਿਸ਼ਾਂ ਸਦਕਾ ਆਈ। ਭਾਵ ਮਹਾਤਮਾ ਗਾਂਧੀ ਨੇ ਅਜਾਦੀ ਸ਼ਾਂਤੀ ਦੇ ਤਰੀਕੇ ਨਾਲ , ਬਿਨਾ ਕੋਈ ਹਥਿਆਰ ਚੁੱਕਣ ਦੇ ਲੈ ਕਿ ਦਿੱਤੀ। ਬੇਸ਼ੱਕ ਗਾਂਧੀ ਜੀ ਦੀਆਂ ਕੋਸ਼ਿਸ਼ਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਫਿਰ ਵੀ ਉਪਰੋਕਤ ਗੱਲ ਕਹਿਣੀ ਦੇਸ਼ ਦੇ ਲੱਖਾਂ ਸ਼ਹੀਦਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੋਵੇਗੀ। ਕੀ ਲਾਲਾ ਲਾਜਪਤ ਰਾਇ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਅਜਾਦ ਆਦਿ ਸ਼ਹੀਦਾਂ ਦੀਆਂ ਕੁਰਬਾਨੀਆਂ ਐਵੇਂ ਹੀ ਸਨ? ਦੇਸ਼ ਲਈ ਉਨ੍ਹਾਂ ਦੇ ਡੁੱਲੇ ਖੁਨ ਦੀ ਕੀਮਤ ਅਸੀ ਇਹ ਹੀ ਦੇ ਰਹੇ ਹਾਂ? ਬੇਸ਼ੱਕ ਇਹ ਲੋਕ ਅਜਾਦੀ ਦੀ ਦੁਲ੍ਹਨ ਦਾ ਘੁੰਡ ਚੁੱਕ ਕਿ ਨਹੀਂ ਸਨ ਦੇਖ ਸੱਕੇ ਪਰ ਇਨਾਂ ਨੇ ਬੇ-ਅਨਖੇ ਹੋ ਕਿ ਗੁਲਾਮੀ ਦੀ ਜ਼ਿੰਦਗੀ ਜਿਉਣ ਨਾਲੋਂ ਅਣਖ ਨਾਲ ਅਜਾਦੀ ਲਈ ਮਰ ਜਾਣਾ ਬਿਹਤਰ ਸਮਝਿਆਂ। ਗੁਰਬਾਣੀ ਵਿਚ ਵੀ ਆਇਆ ਹੈ ਕਿ—ਕੋਈ ਕਿਸੀ ਕੋ ਰਾਜ ਦੇਤ ਹੈ, ਜੋ ਭੀ ਲੇ ਹੈ ਨਿਜ ਬੱਲ ਸੇ ਲੇ ਹੈ। ਇਸ ਲਈ ਅਸੀ ਇਹ ਨਹੀਂ ਕਹਿ ਸਕਦੇ ਕਿ ਇਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਵਿਅਰਥ ਸਨ ਜਾਂ ਇਹ ਲੋਕ ਜ਼ਿੰਦਗੀ ਹਾਰ ਗਏ ਸਨ ਅਤੇ ਅਜਾਦੀ ਇਨਾਂ ਕੁਰਬਾਨੀਆਂ ਤੋਂ ਬਿਨਾਂ ਹੀ ਮਿਲ ਗਈ।ਇਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਗੁਲਾਮੀ ਦੀਆਂ ਜੰਜੀਰਾਂ ਤੇ ਲਗਾਤਾਰ ਵਾਰ ਕਰ ਕੇ ਇਨਾਂ ਨੂੰ ਕੱਟਿਆਂ। ਇਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭਾਰਤ ਦੇ ਇਤਿਹਾਸ ਵਿਚ ਸੁਨੈਹਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਅੱਜ ਅਸੀ ਜਿਹੜੀ ਅਜਾਦੀ ਦਾ ਅਨੰਦ ਮਾਣ ਰਹੇ ਹਾਂ ਉਹ ਇਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਹੀ ਸਦਕਾ ਹੈ। ਜਿਵੇਂ ਇਕ ਮਾਲੀ ਇਕ ਦਰਖਤ ਲਾਉਂਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਸਦੇ ਫਲ ਖਾਂਦੀਆਂ ਹਨ। ਇਕ ਥਾਂ ਸ਼ਹੀਦਾਂ ਦੀ ਯਾਦਗਰ ਦੇਖਣ ਗਏ, ਸਮਾਧੀ ਤੇ ਲਿਖਿਆ ਹੋਇਆਂ ਸੀ—ਅਸੀ ਆਪਣਾ ਅੱਜ ਕੁਰਬਾਨ ਕਰਦੇ ਹਾਂ ਤਾਂ ਕਿ ਤੁਹਾਡਾ ਕੱਲ ਉੱਜਲਾ ਹੋਵੇ।" ਇਹ ਸ਼ਬਦ ਅੱਜ ਵੀ ਦਿਲ ਨੂੰ ਟੁੰਬਦੇ ਹਨ। ਕਹਿੰਦੇ ਹਨ –"ਹੱਥਾਂ ਬਾਝ ਕਰਾਰਿਆਂ ਵੈਰੀ ਮਿਤ ਨਾ ਹੋਣ।" ਜੇ ਕੇਵਲ ਸ਼ਾਂਤੀ ਦਾ ਰਾਗ ਅਲਾਪ ਕਿ ਹੀ ਗੱਲ ਬਣਦੀ ਹੋਵੇ ਤਾਂ ਫਿਰ ਸਾਡੇ ਮੁਲਕ ਨੂੰ ਐਡੀਆਂ ਫੌਜਾਂ ਰੱਖਣ ਦੀ ਅਤੇ ਹਰ ਸਾਲ ਕਰੌੜਾਂ ਰੁਪਏ ਖਰਚਣ ਦੀ ਕੀ ਲੋੜ ਹੈ?
      ਕਈ ਖੌਜਾਂ, ਲੱਭਤਾਂ ਅਤੇ ਪ੍ਰਾਪਤੀਆਂ ਕਿਸੇ ਕੌਮ, ਦੇਸ਼ ਜਾਂ ਪੂਰੀ ਮਾਨਵਤਾ ਦੀਆਂ ਸਾਂਝੀਆਂ ਹੁੰਦੀਆਂ ਹਨ। ਇਨਾਂ ਲਈ ਕਈ ਲੋਕਾਂ ਨੂੰ ਲਗਾਤਰ ਮਿਹਨਤ ਅਤੇ ਕੁਰਬਾਨੀ ਕਰਨੀ ਪੈਂਦੀ ਹੈ। ਸਾਡੇ ਵਿਗਿਆਨੀ ਕਈ ਖਤਰਨਾਕ ਬਿਮਾਰੀਆਂ ਦਾ ਇਲਾਜ ਲੱਭਣ ਲਈ ਲਗਾਤਾਰ ਮਿਹਨਤ ਕਰਦੇ ਰਹੇ ਅਤੇ ਪੋਲੀਓ, ਪਲੇਗ, ਹੈਜਾ, ਖਸਰਾ ਅਤੇ ਟੀ ਬੀ ਆਂਦਿ ਬਿਮਾਰੀਆਂ ਦੇ ਇਲਾਜ ਲੱਭੇ ਅਤੇ ਇਨਾਂ ਨੂੰ ਕਰੀਬ ਕਰੀਬ ਜੜ੍ਹੋਂ ਖਤਮ ਕਰ ਦਿੱਤਾ। ਅੱਜ ਵੀ ਕੈਂਸਰ ਅਤੇ ਏਡਜ਼ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਵੱਖ ਵੱਖ ਦੇਸ਼ਾਂ ਦੇ ਵਿਗਿਆਨਿਕ ਜੁੱਟੇ ਪਏ ਹਨ। ਉਧਰ ਪੁਲਾੜ ਵਿਚ ਨਵੀਆਂ ਉਲਾਂਘਾਂ ਪੁੱਟੀਆਂ ਜਾ ਰਹੀਆਂ ਹਨ। ਇਸ ਜਦੋ ਜਹਿਦ ਵਿਚ ਕਈ ਵਿਗਿਆਨੀਆਂ ਦੀਆਂ ਜਾਨਾਂ ਚਲੀਆਂ ਗਈਆਂ ਪਰ ਇਨਾਂ ਦੀਆਂ ਪ੍ਰਾਪਤੀਆਂ ਦਾ ਸੁੱਖ ਸਾਰੀ ਮਨੁੱਖਤਾ ਉਠਾਵੇਗੀ।
    ਇਹ ਜੋ ਸਾਰੀ ਦੁਨੀਆਂ ਦਾ ਵਿਕਾਸ ਅੱਜ ਨਜਰ ਆ ਰਿਹਾ ਹੈ ਇਹ ਇਕ ਦਮ ਪਲਕ ਝਪਕਦੇ ਨਹੀਂ ਹੋ ਗਿਆਂ। ਅਸੀ ਪੱਥਰ ਯੁਗ ਤੋਂ ਪੁਲਾੜ ਯੁੱਗ ਤਕ ਪਹੁੰਚੇ ਹਾਂ। ਇਂਟਰਨੈਟ ਨੇ ਸਮੁੱਚੀ ਦੁਨੀਆਂ ਨੂੰ ਇਕ ਪਰਿਵਾਰ ਵਾਂਗ ਨਜਦੀਕ ਲਿਆਂ ਕਿ ਖੜਾ ਕਰ ਦਿੱਤਾ ਹੈ।
     ਮਹਾਨ ਕੰਮਾ ਤੋਂ ਕੁਰਬਾਨੀ ਦੇਣ ਤੋਂ ਕਦੀ ਨਹੀਂ ਡਰਨਾ ਚਾਹੀਦਾ। ਹੱਕ ਤੇ ਸੱਚ ਉੱਤੇ ਪਹਿਰਾ ਦੇਣ ਵਾਲੇ ਲੋਕ ਮਹਾਨ ਹੁੰਦੇ ਹਨ। ਉਹ ਯੁਗ ਪੁਰਸ਼ ਹੁੰਦੇ ਹਨ। ਉਹ ਅਸੂਲਾਂ ਤੇ ਪਹਿਰਾ ਦਿੰਦੇ ਹਨ। ਉਹ ਸਿਰ ਕਟਾ ਸਕਦੇ ਹਨ ਪਰ ਸਿਰ ਝੁਕਾ ਨਹੀਂ ਸਕਦੇ। ਦੁਸ਼ਮਣ ਦੀ ਈਨ ਮੰਨਣ ਨਾਲੋਂ ਯੁੱਧ ਵਿਚ ਹਾਰਨ ਵਾਲੇ ਲੋਕ ਜਿਆਦਾ ਮਹਾਨ ਹੁੰਦੇ ਹਨ। ਇਨਾਂ ਦੀ ਕੁਰਬਾਨੀ ਤੇ ਸਾਰੇ ਦੇਸ਼ ਅਤੇ ਕੌਮ ਨੂੰ ਮਾਣ ਹੁੰਦਾ ਹੈ। ਬੇਸ਼ੱਕ ਉਹ ਆਪ ਬਿਖੜੇ ਪੈਂਡਿਆਂ ਤੇ ਚਲਦੇ ਹਨ ਪਰ ਉਨਾਂ ਨੂੰ ਆਪਣੀ ਮੰਜਲ ਸਪਸ਼ਟ ਹੁੰਦੀ ਹੈ। ਉਹ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ।