ਜ਼ਿੰਦਗੀ ਦਾ ਗੀਤ
(ਮਿੰਨੀ ਕਹਾਣੀ)
ਹਸਪਤਾਲ ਦੇ ਵਾਰਡ ਨੰ: 1 'ਚ ਪਏ ਕਲਾਕਾਰ ਨੂੰ ਹੋਣ ਵਾਲੇ ਅਪ੍ਰੇਸ਼ਨ ਲਈ ਮਾਨਸਿਕ ਤੌਰ ਤੇ ਤਿਆਰ ਕਰਨ ਲਈ ਵਾਰਡ ਵਿਚਲੀ ਨਰਸ ਨੇ ਉਸਦੇ ਡਰਿੱਪ ਲਗਾਉਣ ਤੋਂ ਪਹਿਲਾਂ ਪੁੱਛਿਆ ,“ਤਹਾਨੂੰ ਪਹਿਲਾਂ ਵੀ ਕਦੀ ਦੇਖਿਐ, ਕੀ ਤੁਸੀਂ ਪਹਿਲਾਂ ਵੀ ਹਸਪਤਾਲ ਆਏ ਹੋ ਕਦੀ?” “ਨਹੀਂ”, ਕਲਾਕਾਰ ਨੇ ਮੁਸਕਰਾਉਂਦੇ ਹੋਏ ਉੱਤਰ ਦਿੱਤਾ। “ ਤਹਾਨੂੰ ਕਿਤੇ ਦੇਖਿਆ ਜ਼ਰੂਰ ਐ” ਨਰਸ ਨੇ ਫਿਰ ਕਿਹਾ। “ਹਾਂ,ਤੁਸੀ ਮੈਨੂੰ ਟੀ.ਵੀ. ਉੱਪਰ ਗੀਤ ਗਾਉਂਦੇ ਨੂੰ ਦੇਖਿਆ ਹੋਵੇਗਾ” ਕਲਾਕਾਰ ਨੇ ਆਦਤ ਅਨੁਸਾਰ ਉੱਤਰ ਦਿੱਤਾ। ਹਾਂ, ਤਹਾਨੂੰ ਟੀ.ਵੀ. ਉੱਪਰ ਹੀ ਦੇਖਿਆ ਹੋਵੇਗਾ। “ਅੱਛਾ! ਤਾਂ ਤੁਸੀ ਗਾਇਕ ਹੋ।” ਨਰਸ ਤੇ ਅੱਖਾਂ ਮਟਕਾਉਂਦਿਆਂ ਕਿਹਾ, ਤਾਂ ਪਹਿਲਾਂ ਇੱਕ ਗੀਤ ਸਣਾਓ ਫਿਰ ਹੀ ਤੁਹਾਡੇ ਡਰਿੱਪ ਲਗਾਵਾਂਗੇ। ਗਾਇਕ ਨੇ ਨਾ ਚਾਹੁੰਦੇ ਹੋਏ ਵੀ ਹਲਕੀ ਜਿਹੀ ਆਵਾਜ਼ ਵਿਚ ਆਪਣੇ ਗੀਤ ਦੀਆਂ ਦੋ ਸਤਰਾਂ ਗੁਣਗੁਣਾ ਕੇ ਸੁਣਾਈਆਂ ਤਾਂ ਨਰਸ ਖ਼ੁਸ਼ੀ ਭਰੇ ਮੂਡ ਵਿਚ ਆਪਣੀ ਡਿਊਟੀ ਨਿਭਾ ਨਾਲ਼ ਦੇ ਬੈੱਡ ਤੇ ਪਏ ਦਿਲ ਦੀ ਬਿਮਾਰੀ ਤੋਂ ਪੀੜਤ ਅੱਸੀ ਸਾਲਾ ਬਜ਼ੁਰਗ ਨਾਲ਼ ਉਸੇ ਅੰਦਾਜ਼ ਵਿਚ ਗੱਲ ਕਰਦਿਆਂ ਕਹਿਣ ਲੱਗੀ ,“ਬਾਬਾ ਜੀ, ਤੁਸੀਂ ਵੀ ਕੋਈ ਗੀਤ ਸਣਾਓ।” ਤਾਂ ਬਜ਼ੁਰਗ ਨੇ ਹੱਸਦਿਆਂ ਕਿਹਾ ,“ਪੁੱਤ, ਮੈਨੂੰ ਨਹੀਂ ਆਉਂਦਾ ਕੋਈ ਗੀਤ-ਗੂਤ, ਮੈਨੂੰ ਤਾਂ ਕਬੀਲਦਾਰੀ ਆਉਂਦੀ ਐ, ਸੁਰਤ ਸੰਭਲਦਿਆਂ ਹੀ ਪਿਓ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਸਾਰਾ ਕਬੀਲਦਾਰ ਦਾ ਬੋਝ ਮੇਰੇ ਮੋਢਿਆਂ ਤੇ ਆ ਪਿਆ। ਜਿਸ ਨੂੰ ਨਿਭਾÀਂਦਿਆਂ ਪੰਜ ਭੈਣਾਂ ਤੇ ਚਾਰ ਭਾਰਵਾਂ ਨੂੰ ਪਾਲ਼ਿਆ-ਪੋਸਿਆਂ , ਵਿਆਹ ਕੀਤੇ ਤੇ ਪੈਰਾਂ ਸਿਰ ਕੀਤਾ। ਇਹ ਸਾਰਾ ਕੁਝ ਕਰਦਿਆਂ ਪਤਾ ਹੀ ਨਈਂ ਲੱਗਾ ਕਦੋਂ ਜ਼ਿੰਦਗੀ ਅਗਲੇ ਕਿਨਾਰੇ ਦੇ ਨੇੜੇ ਜਾ ਪੁੱਜੀ ਤੇ ਗੀਤ ਤਾਂ ਪਤਾ ਨਹੀਂ. . . . . . . . . . . . . . .।” ਕੋਲ ਪਏ ਕਲਾਕਾਰ ਨੂੰ ਬਾਬੇ ਦੀ ਸੰਖੇਪ ਜੀਵਨ ਗਾਥਾ ਸੁਣਦਿਆਂ ਇੰਝ ਲੱਗਾ ਜਿਵੇ ਬਾਬਾ ਸੱਚੀ-ਮੁੱਚੀ ਜ਼ਿੰਦਗੀ ਦਾ ਅਸਲੀ ਗੀਤ ਗਾ ਰਿਹਾ ਹੋਵੇ।