ਪੇਪਰ ਪਤਨੀ ਚਾਹੀਦੀ,
ਮੈਨੂੰ ਪੇਪਰ ਪਤਨੀ ਚਾਹੀਦੀ।
ਡੀਪੋਰਟੇਸ਼ਨ ਤੁੜਾਉਣ ਲਈ,
ਛਾਪਿਆਂ ਤੋਂ ਬਚਾਉਣ ਲਈ,
ਮੇਰੇ ਸਿਰ ਤੇ ਛਤਰੀ ਚਾਹੀਦੀ,
ਮੰਦਿਰ ਨਿੱਤ ਟੱਲੀ ਖੜਕਾਈਦੀ,
ਏਹ ਇੱਕੋ ਮੰਨਤ ਮਨਾਈਦੀ,
ਮੈਨੂੰ ਪੇਪਰ ਪਤਨੀ ਚਾਹੀਦੀ।
ਲੋੜਵੰਦ ਹੋਵੇ, ਕੋਈ ਦੁਖਿਆਰੀ,
ਅਪਾਹਜ ਹੋਵੇ ਜਾਂ ਸੋਕੜੇ ਮਾਰੀ।
ਗੁੰਗੀ, ਬੋਲ਼ੀ, ਲੁੰਜੀ, ਗੰਜੀ,
ਜੁਆਰੀ, ਸ਼ਰਾਬੀ, ਵੈਲਣ, ਭੰਗੀ।
ਜੋੜ, ਅਣਜੋੜ, ਹਾਨਣ, ਹਾਣੀ,
ਟੀਰੀ, ਭੈਂਗੀ, ਲਾਡੋ ਰਾਣੀ,
ਮਨਜੂਰ ਹੈ ਮੈਨੂੰ ਅੰਨ੍ਹੀ ਕਾਣੀ,
ਭਰਾਂਗਾ ਮੈਂ ਉਸ ਦਾ ਪਾਣੀ।
ਕਟਹਿਰੇ ਤੋਂ ਬਚਾ ਲਏ ਜਿਹੜੀ,
ਉਜੜਿਆ ਘਰ ਵਸਾ ਦਏ ਜਿਹੜੀ,
ਖੁਸ਼-ਕਿਸਮਤ ਰਤਨੀ ਚਾਹੀਦੀ,
ਮੈਨੂੰ ਪੇਪਰ ਪਤਨੀ ਚਾਹੀਦੀ।
ਮਧਰੀ, ਲੰਮੀ ਭਾਵੇਂ ਬੌਣੀ ਹੋਵੇ,
ਕੱਦ ਦੀ ਊਣੀ, ਦੂਣੀ, ਚੌਣੀ ਹੋਵੇ।
ਚਮਕੀਲੀ ਭੜਕੀਲੀ ਕੁਢੱਬੀ ਕੋਈ,
ਅੱਲ੍ਹੜ, ਗਭਰੀਟ ਜਾਂ ਨੱਢੀ ਕੋਈ।
ਅੱਧਖੜ੍ਹ, ਬੁੱਢੜ ਜਾਂ ਗਭਰੇਟ,
ਮੈਂ ਨਹੀਂ ਕਰਦਾ ਜਰਾ ਵੀ ਹੇਟ।
ਉਮਰ ਦਾ ਨਹੀਂ ਕੋਈ ਵਿਚਾਰ,
ਲੰਘਾ ਦਏ ਮੇਰੀ ਬੇੜੀ ਪਾਰ।
ਚੋਰਾਂ ਜਿਓਂ ਸ਼ਿਫਟ ਲਗਾਈਦੀ।
ਆਵਾਸ ਦੇ ਲੇਖੇ ਲੱਗ ਜਾਂਦੀ,
ਛੱਲੀ ਪੂਣੀ ਜੋ ਸਖਤ ਕਮਾਈਦੀ।
ਸੰਸੇ ਵਿੱਚ ਰਾਤ ਹੰਢਾਈਦੀ।
ਮੈਨੂੰ ਪੇਪਰ ਪਤਨੀ ਚਾਹੀਦੀ।
ਅਨਪੜ੍ਹ ਹੋਵੇ ਜਾਂ ਪੜ੍ਹੀ ਸਚਿਆਰੀ,
ਸਿੰਗਲ, ਛੁੱਟੜ ਜਾਂ ਕੁੰਜ ਕਵਾਰੀ,
ਮੰਦਬੁੱਧੀ, ਝੱਲੀ, ਕੋਹੜ ਦੀ ਮਾਰੀ,
ਬਾਂਝ, ਖੁਸਰਾ ਜਾਂ ਪੂਰਨ ਨਾਰੀ।
ਚੀਨੀ, ਚਪਟੀ, ਗੋਰੀ, ਕਾਲੀ,
ਡਾਈਨਾ, ਮੋਨਿਕਾ, ਕਿੱਮ, ਮਿਸ਼ਾਲੀ,
ਭੈਣ, ਭਰਜਾਈ, ਨਾਢੂ ਦੀ ਸਾਲੀ।
ਭਾਵੇਂ ਦਰਜਨ ਬਾਲਾਂ ਵਾਲੀ ਹੋਵੇ,
'ਸਿਟੀਜ਼ਨ' ਰੁਤਬੇ ਵਾਲੀ ਹੋਵੇ।
ਹੁਣ ਲੁਕ ਛਿਪ ਜਾਨ ਬਚਾਈਦੀ।
ਮੈਨੂੰ ਪੇਪਰ ਪਤਨੀ ਚਾਹੀਦੀ।
ਪਰੀ, ਛਲੇਡਾ ਜਾਂ ਸ਼ੈ ਡਰਾਉਣੀ,
ਝੂਠੀ ਮੂਠੀ ਵਹੁਟੀ ਵਿਆਹੁਣੀ,
ਇੱਲੀਗਲ ਦੀ ਅੱਲ ਮਿਟਾਉਣੀ,
ਡੰਗ-ਟਪਾਊ ਸਰਕਾਰ ਚਲਾਉਣੀ।
ਦਰਖਾਸਤ ਫਿੱਟ ਕਰਾ ਦਏ ਮੇਰੀ,
ਪੇਟੀਸ਼ਨ ਪਾਸ ਕਰਾ ਦਏ ਮੇਰੀ।
ਗਰੀਨ ਕਾਰਡ ਦਵਾ ਦਏ ਮੈਨੂੰ,
ਪੱਕਾ ਨਾਗਰਿਕ ਬਣਾ ਦਏ ਮੈਨੂੰ।
ਪ੍ਰੇਸ਼ਾਨੀ ਵਿੱਚ ਰੱਤ ਸੁਕਾਈਦੀ।
ਮੈਨੂੰ ਪੇਪਰ ਪਤਨੀ ਚਾਹੀਦੀ।
ਕੰਮ ਕਰੇ ਜਾਂ ਰਹੇ ਉਹ ਸੁੱਤੀ,
ਕਰਦਾ ਰਹਾਂ ਮੈਂ ਉਸ ਦੀ ਬੁੱਤੀ।
ਕੋਲ ਰਹੇ ਜਾਂ ਜਿੱਥੇ ਮਰਜੀ ਜਾਵੇ,
ਕਾਗਜ਼-ਪੇਟਾ ਭਰ ਦਿਖਾਵੇ,
ਹਲਫ਼ਨਾਮਾ ਮੇਰੇ ਹੱਕ ਭਗਤਾਵੇ,
ਸਪਾਊਸ ਦੇ ਖਾਨੇ ਪੰਨੂ ਲਿਖਵਾਵੇ।
ਹੋਰ ਸ਼ਰਤ ਨਹੀਂ ਲਾਈਦੀ,
ਪੇਪਰ ਪਤਨੀ ਚਾਹੀਦੀ,
ਮੈਨੂੰ ਪੇਪਰ ਪਤਨੀ ਚਾਹੀਦੀ।