ਡਰ ਡਰ ਕੇ ਨਾ ਜੀਓ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਬਹੁਤੇ ਇਨਸਾਨ ਡਰ ਦੇ ਸਾਏ ਹੇਠ ਜੀਅ ਰਹੇ ਹਨ। ਡਰ ਇਨਸਾਨ ਨੂੰ ਘੁਣ ਵਾਂਗ ਖਾਈ ਜਾ ਰਿਹਾ ਹੈ।ਡਰ ਸਾਡੇ ਅੰਦਰੋਂ ਹੀ ਪੈਦਾ ਹੁੰਦਾ ਹੈ ਜੋ ਧੁਵੇਂ ਦੇ ਪਹਾੜ ਦੀ ਤਰਾਂ ਹੈ। ਸਵੇਟ ਮਾਰਡਨ ਧੁਵੇਂ ਨੂੰ ਇਕ ਜਿੰਨ ਨਾਲ ਤੁਲਨਾ ਦਿੰਦਾ ਹੈ ਜਿਹੜਾ ਸਾਡੇ ਅੰਦਰੋਂ ਹੀ ਪੈਦਾ ਹੁੰਦਾ ਹੈ ਅਤੇ ਅੰਦਰੋਂ ਹੀ ਖੁਰਾਕ ਲੈ ਕਿ ਵਧਦਾ ਰਹਿੰਦਾ ਹੈ।
ਡਰ ਨਾਲ ਆਤਮ ਵਿਸ਼ਵਾਸ ਖਤਮ ਹੋ ਜਾਂਦਾ ਹੈ। ਰਾਤਾਂ ਦੀ ਨੀਦ ਉੱਡ ਜਾਂਦੀ ਹੇ। ਦਿਨ ਦਾ ਚੈਨ ਗੁਆਚ ਜਾਂਦਾ ਹੈ। ਜੀਵਨ ਅਕਾਉ ਹੋ ਜਾਂਦਾ ਹੈ। ਇਨਸਾਨ ਸਾਰੀ ਉਮਰ ਡਰ ਅਤੇ ਇਕਲਾਪੇ ਦਾ ਭਾਰ ਢੋਂਦਾ ਹੈ। ਉਮਰ ਭਰ ਸਹਿਮਿਆ ਰਹਿੰਦਾ ਹੈ।ਜ਼ਿੰਦਗੀ ਉਸ ਨੂੰ ਚੰਗੀ ਨਹੀਂ ਲਗਦੀ। ਡਰ ਦਾ ਜਿੰਨ ਸਦਾ ਝਪਟਦਾ ਲਗਦਾ ਹੈ। ਉਹ ਹਰ ਸਮੇ ਆਪਣੇ ਆਪ ਨੂੰ ਮੌਤ ਦੇ ਨੇੜੇ ਸਮਝਦਾ ਹੈ। ਹਰ ਤਰਫ ਹਨੇਰਾ ਨਜਰ ਆਉਂਦਾ ਹੈ। ਉਹ ਰਸਤਾ ਭਟਕ ਜਾਂਦਾ ਹੈ। ਭਟਕਿਆ ਹੋਇਆ ਇਨਸਾਨ ਕਦੀ ਮੰਜਿਲ ਤੇ ਨਹੀਂ ਪਹੁੰਚਦਾ।

ਅਸੀ ਡਰਦੇ ਕਿਉਂ ਹਾਂ? ਇਕ ਵਿਦਿਆਰਥੀ ਨੂੰ ਪਾਸ ਹੋਣ ਦੀ ਚਿੰਤਾ ਹੈ। ਪਾਸ ਹੋਣ ਤੋਂ ਬਾਅਦ ਨੌਕਰੀ ਦੀ ਚਿੰਤਾ ਹੈ। ਕਿਸੇ ਦੀ ਜਮੀਨ ਜਾਦਾਦ ਦਾ ਝਗੜਾ ਹੈ। ਉਸਨੂੰ ਮੁਕਦਮੇਬਾਜੀ ਦਾ ਡਰ ਹੈ। ਕਿਸੇ ਬਿਮਾਰ ਨੂੰ ਆਪਣੀ ਸਿਹਤ ਦੀ ਚਿੰਤਾ ਹੈ। ਭਾਵ ਹਰ ਇਨਸਾਨ ਕਿਸੇ ਨਾ ਕਿਸੇ ਉਲਝਨ ਨੂੰ ਲੈ ਕਿ ਚਿੰਤਾ ਵਿਚ ਡੁੱਬਿਆ ਹੋਇਆ ਹੈ।ਹਰ ਚਿਹਰੇ ਤੇ ਇਕ ਓਪਰੀ ਮੁਸਕਰਾਹਟ ਹੈ। ਹਰ ਕੋਈ ਅੰਦਰੋਂ ਹੀ ਅੰਦਰੋਂ ਆਪਣੀ ਹੀ ਕਿਸੇ ਨਾ ਕਿਸੇ ਚਿੰਤਾ ਵਿਚ ਘੁਲ ਰਿਹਾ। ਸਮਝੋ ਕਿ ਅੱਜ ਹਰ ਇਨਸਾਨ ਇਕ ਮੁਖੌਟਾ ਆਪਣੇ ਚਿਹਰੇ ਤੇ ਲਗਾ ਕਿ ਜੀਅ ਰਿਹਾ ਹੈ।ਇਹ ਹੀ ਕਾਰਨ ਹੈ ਕਿ ਬੇਅੰਤ ਧੰਨ ਦੌਲਤ ਅਤੇ ਸੁੱਖ ਸਹੁਲਤਾਂ ਦੇ ਹੁੰਦਿਆਂ ਵੀ ਇਨਸਾਨ ਦੁਖੀ ਹੈ।

ਸ਼ਾਡੇ ਕਈ ਡਰ ਨਿਰਮੂਲ ਹੁੰਦੇ ਹਨ। ਅਸੀ ਕਈ ਐਸੀਆਂ ਆਉਣ ਵਾਲੀਆਂ ਘਟਨਾਵਾਂ ਬਾਰੇ ਚਿੰਤਾ ਕਰ ਕਰ ਕਿ ਡਰਦੇ ਰਹਿੰਦੇ ਹਾਂ ਜੋ ਕਦੀ ਵਾਪਰਨੀਆਂ ਹੀ ਨਹੀਂ। ਕਈ ਲੋਕ ਨਰਕਾਂ ਤੋਂ ਡਰ ਕਿ ਝੂਰ ਰਹੇ ਹਨ।ਚੁਰਾਸੀ ਲੱਖ ਜੂਨਾ ਦਾ ਡਰ ਉਨਾ ਨੂੰ ਵੱਡ ਵੱਡ ਖਾਈ ਜਾ ਰਿਹਾ ਹੈ।

ਇਸੇ ਡਰ ਨਾਲ ਉਹ ਸੋਹਣੀ ਜਹੀ ਮਨੁੱਖੀ ਜ਼ਿੰਦਗੀ ਨੂੰ ਇਕ ਨਰਕ ਦੀ ਤਰਾਂ ਹੰਢਾ ਰਹੇ ਹਨ। ਭਲਾ ਸਵਰਗ ਵਰਗੀ ਜ਼ਿੰਦਗੀ ਨੂੰ ਝੂਠੇ ਡਰ ਕਾਰਨ ਨਰਕ ਕਿਉਂ ਬਣਾਈਏ।
ਚਿੰਤਾ ਨੂੰ ਚਿਤਾ ਸਮਾਨ ਦੱਸਿਆ ਗਿਆ ਹੈ। ਇਸ ਤੋਂ ਕੋਈ ਨਹੀਂ ਬਚਿਆ। ਇਹ ਕਹਿਣਾ ਸੋਖਾ ਹੈ ਕਿ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਪਰ ਅਜਿਹਾ ਕਰਨਾ ਬਹੁਤ ਔਖਾ ਹੈ। ਫਿਰ ਵੀ ਜੇ ਅਸੀ ਕੋਸ਼ਿਸ਼ ਕਰੀਏ ਤਾਂ ਆਪਣੇ ਨਿਰਮੂਲ ਡਰਾਂ ਨੂੰ ਕੁਝ ਹੱਦ ਤੱਕ ਦੂਰ ਕਰ ਸਕਦੇ ਹਾਂ।

ਦੁੱਖ ਸੁੱਖ ਨੇ ਤਾਂ ਸਾਡੀ ਜ਼ਿੰਦਗੀ ਵਿਚ ਆਉਣਾ ਹੀ ਹੈ। ਅਸੀ ਦੁੱਖਾਂ ਤੋਂ ਭੱਜ ਨਹੀਂ ਸਕਦੇ ਕਿਉਂਕਿ ਦੁੱਖ ਸੁੱਖ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਹਨ।ਫਿਰ ਵੀ ਅਸੀ ਆਪਣੀ ਸੋਚ ਨੂੰ ਬਦਲ ਕਿ ਅਤੇ ਆਪਣੇ ਮਨ ਨੂੰ ਕੁਝ ਸਮਝਾ ਕਿ ਇਨਾਂ ਦੀ ਚੀਸ ਨੂੰ ਕੁਝ ਘਟਾ ਸਕਦੇ ਹਾਂ।ਕਹਿੰਦੇ ਹਨ ਕੋਈ ਵੀ ਚੀਜ ਚੰਗੀ ਜਾਂ@ ਮਾੜੀ ਨਹੀਂ ਹੁੰਦੀ। ਕੇਵਲ ਸਾਡੇ ਦੇਖਣ ਦਾ ਨਜਰੀਆ ਹੀ ਉਸ ਨੂੰ ਚੰਗੀ ਜਾਂ ਮਾੜੀ ਬਣਾਉਂਦਾ ਹੈ। ਇਸ ਲਈ ਦੁੱਖ ਦਾ ਸਬੰਧ ਬਹੁਤ ਹੱਦ ਤੱਕ ਸਾਡੀ ਸੋਚਣੀ ਨਾਲ ਹੈ। ਕਈ ਬੰਦੇ ਸਰੀਰ ਨੂੰ ਜਰਾ ਜਹੀ ਵੀ ਝਰੀਟ ਲੱਗ ਜਾਏ ਤਾਂ ਚੀਕਾਂ ਮਾਰਨ ਲੱਗ ਪੈਂਦੇ ਹਨ। ਦੂਜੇ ਪਾਸੇ ਕਈ ਅਜਾਦੀ ਦੇ ਪਰਵਨੇ ਫਾਂਸੀ ਦੇ ਰੱਸਿਆਂ ਨੂੰ ਵੀ ਹੱਸ ਹੱਸ ਕਿ ਚੁੰਮਦੇ ਹਨ ਅਤੇ ਵਰ੍ਹਦੀਆਂ ਗੋਲੀਆਂ ਅੱਗੇ ਛਾਤੀ ਡਾਹ ਦਿੰਦੇ ਹਨ। ਇਸੇ ਤਰਾਂ ਕਈ ਜਰਾ ਜਿਨੀ ਵੀ ਗਰਮੀ ਨਹੀ ਸਹਾਰ ਸਕਦੇ। ਦੂਜੇ ਪਾਸੇ ਕਈ ਤੱਤੀਆਂ ਤਵੀਆਂ ਤੇ ਬੈਠ ਕਿ ਵੀ—ਤੇਰਾ ਕੀਆ ਮੀਠਾ ਲਾਗੇ—ਉਚਾਰਦੇ ਹਨ।ਇਕ ਦਿਨ ਮੌਤ ਤਾਂ ਸਭ ਨੂੰ ਆਉਣੀ ਹੀ ਹੈ। ਇਕ ਇਨਸਾਨ ਉਮਰ ਭਰ ਮੌਤ ਤੋਂ ਡਰ ਡਰ ਕਿ ਜਿਉਂਦਾ ਹੈ ਅਤੇ ਮੌਤ ਤੋਂ ਪਹਿਲਾਂ ਕਈ ਵਾਰੀ ਮਰਦਾ ਹੈ। ਦੂਜਾ ਇਨਸਾਨ ਸਿਰ ਉਠਾ ਕਿ ਜਿਉਂਦਾ ਹੈ ਅਤੇ ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ।

ਕਈ ਲੋਕ ਮੁਸੀਬਤਾਂ ਵਿਚ ਵੀ ਦਿਲ ਨਹੀਂ ਛੱਡਦੇ। ਉਹ ਸੰਕਟ ਲਾਲ ਵਿਚ ਹੀ ਕੁਝ ਕਰ ਪਾਉਂਦੇ ਹਨ। ਅਚਾਨਕ ਕੋਈ ਝੱਟਕਾ ਉਨਾਂ ਦੇ ਮਨ ਨੂੰ ਲੱਗਦਾ ਹੈ। ਉਨਾਂ ਦੀਆਂ ਸੁੱਤੀਆਂ ਹੋਈਆਂ ਸ਼ਕਤੀਆਂ ਜਾਗ ਉਠਦਾਂ ਹਨ। ਉਨਾਂ ਦੀ ਦੱਬੀ ਪ੍ਰਤਿਭਾ ਸਾਹਮਣੇ ਆ ਜਾਂਦੀ ਹੈ। ਅਸੀ ਦੇਖਦੇ ਹਾਂ ਕਿ ਕਲਾਕਾਰਾਂ ਨੇ ਸੰਕਟਕਾਲ ਵਿਚ ਹੀ ਆਪਣੇ ਸ਼ਾਹਕਾਰ ਬਣਾਏ ਅਤੇ ਉੱਤਮ ਸਾਹਿਤ ਰਚਿਆ। ਐਂਵੇਂ ਛੋਟੀ ਛੋਟੀ ਗੱਲ ਤੇ ਘਬਰਾਉਣਾ ਜਾਂ ਡਰਨਾ ਨਹੀਂ ਚਾਹੀਦਾ। ਨਾ ਹੀ ਹਰ ਸਮੇ ਦੂਸਰੇ ਸਾਹਮਣੇ ਆਪਣੇ ਦੁੱਖਾਂ ਦੇ ਰੋਣੇ ਰੌਦੇ ਰਹਿਣਾ ਚਾਹੀਦਾ ਹੈ। ਜਿਵੇਂ ਕਿ ਫੁੱਲ ਕੰਡੇ ਤੇ ਵੀ ਮੁਸਕਰਾਉਂਦਾ ਹੈ, ਉਵੇਂ ਗਮਾ ਵਿਚ ਵੀ ਮੁਸਕਰਾਉਣਾ ਸਿੱਖੋ।ਫਿਰ ਵੀ ਜੇ ਕੋਈ ਆਉਣ ਵਾਲੀ ਵੱਡੀ ਮੁਸੀਬਤ ਤੁਹਾਡੇ ਤੋਂ ਨਹੀਂ ਸਾਂਭੀ ਜਾਂਦੀ ਤਾਂ ਆਪਣਾ ਕੋਈ ਹਮਰਾਜ ਜਰੂਰ ਬਣਾਓ। ਇਸ ਨਾਲ ਤੁਹਾਡਾ ਆਪਣਾ ਮਨ ਹਲਕਾ ਹੋਵੇਗਾ। ਹੋ ਸਕਦਾ ਹੈ ਕਿ ਤੁਹਾਡਾ ਦੋਸਤ ਜਾਂ ਹਮਦਰਦ ਤੁਹਾਡੀ ਸਮੱਸਿਆ ਦਾ ਹੱਲ ਸੋਖਿਆਂ ਹੀ ਕੱਢ ਕਿ ਤੁਹਾਨੂੰ ਚਿੰਤਾ ਵਿਚੋਂ ਉਭਾਰ ਲਏ। ਜਦੋਂ ਕਦੀ ਮਨ ਤੇ ਕੋਈ ਚਿੰਤਾ ਜਾਂ ਤਨਾਓ ਮਹਿਸੂਸ ਕਰੋ ਤਾਂ ਕੁਝ ਦੇਰ ਲਈ ਆਪਣੀਆ ਸਾਰੀਆਂ ਸੋਚਾਂ ਨੂੰ ਇਕ ਪਾਸੇ ਰੱਖ ਕਿ ਕੋਈ ਹੋਰ ਕੰਮ ਸ਼ੁਰੂ ਕਰ ਲਓ। ਟੈਲੀਵੀਜਨ ਦੇਖੋ। ਕੋਈ ਕਿਤਾਬ ਪੜ੍ਹੋ। ਬੱਚਿਆਂ ਦੀਆਂ ਕਿਲਕਾਰੀਆਂ ਸੁਣੋ। ਕਿਸੇ ਪਾਰਕ ਵਿਚ ਚਲੇ ਜਾਓ। ਖਿਲਦੇ ਫੁੱਲ ਦੇਖੋ। ਪੰਛੀਆਂ ਦਾ ਸੰਗੀਤ ਸੁਣੋ। ਤੁਹਾਡਾ ਮਨ ਕੁਝ ਹਲਕਾ ਹੋਵੇਗਾ ਅਤੇ ਰੂਹ ਨੂੰ ਸਕੂਨ ਮਿਲੇਗਾ।

ਅਸੀ ਫਾਲਤੂ ਦੇ ਡਰ ਛੱਡ ਦਈਏ ਤਾਂ ਸਾਡੇ ਅੱਧੇ ਦੁੱਖ ਆਪੇ ਦੂਰ ਹੋ ਜਾਣਗੇ।ਹੋ ਸਕਦਾ ਹੈ ਜਿਨਾਂ ਘਟਨਾਵਾਂ ਤੋਂ ਅਸੀ ਡਰ ਕਿ ਜੀਅ ਰਹੇ ਹਾਂ, ਉਹ ਕਦੀ ਵਾਪਰਨ ਹੀ ਨਾ। ਜੇ ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਤਾਂ ਉਹ ਸਾਨੂੰ ਇਨਾਂ ਨਾਲ ਨਿਪਟਨ ਦਾ ਬੱਲ ਵੀ ਦੇਵੇਗਾ। ਸਮਾ ਕਦੀ ਨਹੀਂ ਰੁਕਦਾ। ਸਾਰੇ ਦਿਨ ਇਕੋ ਜਹੇ ਨਹੀਂ ਰਹਿੰਦੇ। ਜੇ ਸੁੱਖ ਦੇ ਦਿਨ ਨਹੀਂ ਰਹੇ ਤਾਂ ਦੁੱਖ ਦੇ ਵੀ ਨਹੀਂ ਰਹਿਣੇ। ਰਾਤ ਤੋਂ ਬਾਅਦ ਦਿਨ ਦਾ ਨਿਕਲਣਾ ਲਾਜਮੀ ਹੈ। ਹਨੇਰੇ ਤੋਂ ਬਾਅਦ ਚਾਨਣ ਦਾ ਪ੍ਰਕਾਸ਼ ਹੋਣਾ ਹੀ ਹੈ।

ਕਈ ਵਾਰੀ ਅਸੀ ਆਪ ਹੀ ਆਪਣੇ ਮਾੜੇ ਕੰਮਾ ਤੋਂ ਡਰਦੇ ਰਹਿੰਦੇ ਹਾਂ। ਸਾਡੇ ਮਾੜੇ ਕਰਮ ਹੀ ਭਿਆਨਕ ਰੂਪ ਵਿਚ ਸਾਡੇ ਸਾਹਮਣੇ ਆਉਂਦੇ ਅਤੇ ਸਾਨੂੰ ਡਰਾਉਂਦੇ ਹਨ। ਅਸੀ ਆਪਣੇ ਕਰਮਾ ਤੋਂ ਡਰ ਕਿ ਕਿਧਰੇ ਭੱਜ ਨਹੀਂ ਸਕਦੇ। ਕੋਈ ਪਾਪ ਬੇਸ਼ੱਕ ਕਿੰਨਾ ਵੀ ਲੁਕ ਕਿ ਕਿਉਂ ਨਾ ਕੀਤਾ ਜਾਵੇ ਆਪਣੇ ਆਪ ਤੋਂ ਛੁਪਾਇਆ ਨਹੀਂ ਜਾ ਸਕਦਾ। ਕੋਈ ਗਲਤ ਕੰਮ ਕਰਨ ਲੱਗੇ ਆਪਣੀ ਆਤਮਾ ਦੀ ਅਵਾਜ ਨੂੰ ਜਰੂਰ ਸੁਣੋ। ਜਿਸ ਕੰਮ ਨੂੰ ਕਰਨ ਲੱਗੇ ਤੁਹਾਨੂੰ ਜਾਪੇ ਕਿ ਤੁਹਾਡੀ ਆਤਮਾ ਤੇ ਬੋਝ੍ਹ ਪੈ ਰਿਹਾ ਹੈ, ਉਹ ਕੰਮ ਗਲਤ ਹੈ। ਉਹ ਕੰਮ ਕਦੀ ਨਾ ਕਰੋ। ਨਹੀਂ ਤੇ ਇਹ ਬੋਝ੍ਹ ਵਧਦਾ ਜਾਵੇਗਾ ਅਤੇ ਇਕ ਦਿਨ ਤੁਹਾਡੇ ਤੋਂ ਚੁੱਕਿਆ ਨਹੀਂ ਜਾਵੇਗਾ।

ਰੋਜ਼ਾਨਾ ਕੁਝ ਸਮਾ ਆਪਣੇ ਲਈ ਜਰੂਰੀ ਕੱਢੋ। ਆਪਣੇ ਆਪ ਨੂੰ ਮਿਲੋ। ਆਪਣੇ ਆਪ ਤੋਂ ਦਿਹਾੜੀ ਦੇ ਕੰਮਾ ਦਾ ਹਿਸਾਬ ਮੰਗੋ। ਦਿਨ ਵਿਚ ਕਿੰਨੇ ਚੰਗੇ ਕੰਮ ਕੀਤੇ ਹਨ ਅਤੇ ਕਿੰਨੇ ਬੁਰੇ? ਕਿੰਨੇ ਲੋਕਾਂ ਦਾ ਦਿਲ ਦੁਖਾਇਆ ਹੈ? ਅੱਗੇ ਤੋਂ ਅਜਿਹੇ ਕੰਮ ਨਾ ਕਰਨ ਦਾ ਆਪਣੇ ਨਾਲ ਵਾਇਦਾ ਕਰੋ। ਜੇ ਡਰ ਤੋਂ ਮੁਕਤ ਰਹਿਣਾ ਹੈ ਤਾਂ ਆਪਣਾ ਕਰਮ ਇਮਾਨਦਾਰੀ ਨਾਲ ਕਰੋ। ਕਿਸੇ ਦਾ ਹੱਕ ਨਾ ਮਾਰੋ। ਦੂਸਰੇ ਦਾ ਦਿਲ ਨਾ ਦੁਖਾਓ। ਗਰੀਬ ਗੁਰਬੇ, ਦੁਖੀਏ ਅਤੇ ਬਿਮਾਰ ਦਾ ਭਲਾ ਕਰੋ। ਆਪਣੀ ਹੱਕ ਅਤੇ ਸੱਚ ਦੀ ਕਮਾਈ ਦਾ ਕੁਝ ਹਿੱਸਾ ਦੁੱਖੀਆਂ ਦੇ ਭਲੇ ਲਈ ਲਾਓ। ਹੱਥੀਂ ਕਿਸੇ ਦੀ ਸੇਵਾ ਕਰੋ।ਇਸ ਨਾਲ ਤੁਹਾਡੀ ਆਤਮਾ ਤੇ ਕੋਈ ਭਾਰ ਨਹੀਂ ਰਹੇਗਾ। ਮਨ ਨਿਰਮਲ ਹੋਵੇਗਾ। ਕੋਈ ਡਰ ਤੁਹਾਨੂੰ ਨਹੀਂ ਖਾਵੇਗਾ। ਕੋਈ ਰੱਬ ਤੁਹਾਨੂੰ ਚੁਰਾਸੀ ਲੱਖ ਜੂਨਾ ਵਿਚ ਨਹੀਂ ਸੁੱਟੇਗਾ। ਤੁਸੀ ਸਦਾ ਪ੍ਰਸੰਨ ਚਿੱਤ ਅਤੇ ਹਮੇਸ਼ਾਂ ਅਨੰਦ ਦੀ ਅਵਸਥਾ ਵਿਚ ਰਹੋਗੇ। ਇਹ ਹੀ ਤੁਹਾਡਾ ਸਵਰਗ ਹੋਵੇਗਾ।