ਪਿਤਾ ਸ੍ਰ. ਪ੍ਰੀਤਮ ਸਿੰਘ ਦੇ ਘਰ, ਮਾਤਾ ਸਵਰਨ ਕੌਰ ਦੀ ਕੁੱਖੋਂ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨਰਾਇਣਗੜ੍ਹ ਵਿਖੇ ੧੦ ਅਪ੍ਰੈਲ, ੧੯੬੫ ਨੂੰ ਮੇਰਾ ਜਨਮ ਹੋਇਆ। ਗਿਆਰਵੀਂ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀਐਸਸੀ. (ਐਗਰੀਕਲਚਰ) ਦੀ ਇੰਟਰਵਿਯੂ ਦੇਣ ਲਈ ਆਇਆ ਸਾਂ, ਪਰ ਇੱਥੇ ਹੀ ਪੱਕੇ ਪੈਰ ਜਮਾ ਲਏ। ਕਹਿੰਦੇ ਹਨ ਕਿ ਜੋ ਮੁਕੱਦਰ ਵਿਚ ਲਿਖਿਆ ਹੁੰਦਾ ਹੈ, ਓਹੀ ਮਿਲਦਾ ਹੈ; ਨਾ ਤੋਲਾ ਵੱਧ, ਨਾ ਘੱਟ। ਸਮੇਂ ਦੀ ਪੈੜ ਨੱਪਦਿਆਂ ਸਾਹਿਤਕ ਰੁੱਚੀਆਂ ਭਾਰੂ ਹੋ ਗਈਆਂ ਤੇ ਨਤੀਜੇ ਵਜੋਂ 'ਦਲਵੀਰ ਸਿੰਘ' ਤੋਂ 'ਦਲਵੀਰ ਸਿੰਘ ਲੁਧਿਆਣਵੀ' ਬਣ ਗਿਆ।
ਸਾਡੀ ਅੱਛੀ-ਖਾਸੀ ਜ਼ਮੀਨ ਹੈ। ਪਿਤਾ ਜੀ ਅਨਪੜ੍ਹ ਹੋਣ ਦੇ ਬਾਵਜੂਦ ਇੱਕ ਸਫ਼ਲ ਜਿਮੀਂਦਾਰ ਹਨ। ਘਰ ਦੀ ਹਾਲਤ ਵਧੀਆ ਹੈ। ਅਸੀਂ ਛੇ ਭੈਣ-ਭਰਾ ਹਾਂ। ਉਸ ਸਮੇਂ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ। ਟ੍ਰੈਕਟਰ ਅਜੇ ਟਾਵਾਂ-ਟਾਵਾਂ ਹੀ ਆਇਆ ਸੀ।
ਛੇਵੀਂ ਜਮਾਤ ਤੀਕਰ ਰਾਤ ਨੂੰ ਟੇਬਲ-ਲੈੱਪ, ਜੋ ਮਿੱਟੀ ਦੇ ਤੇਲ ਨਾਲ ਬਲ਼ਦਾ ਸੀ, ਦੀ ਰੌਸ਼ਨੀ ਵਿੱਚ ਪੜ੍ਹਿਆ ਕਰਦੇ ਸਾਂ। ਸਾਡੇ ਪਿੰਡ ਵਿੱਚ ਸਿਰਫ਼ ਪੰਜਵੀਂ ਤੱਕ ਸਕੂਲ ਸੀ। ਛੇਵੀਂ ਤੋਂ ਦਸਵੀਂ ਤੱਕ ਪੜ੍ਹਾਈ ਗੌਰੰਿਮੰਟ ਹਾਈ ਸਕੂਲ, ਛਾਂਗਲਾਂ ਤੋਂ ਕੀਤੀ, ਜੋ ਸਾਡੇ ਪਿੰਡ ਤੋਂ ਚਾਰ ਕੁ ਕਿਲੋਮੀਟਰ ਦੀ ਵਿੱਥ 'ਤੇ ਸੀ। ਅਸੀਂ ੭੦-੮੦ ਬੱਚੇ, ਜਿਨ੍ਹਾਂ ਵਿਚ ੩੦-੩੫ ਲੜਕੀਆਂ ਵੀ ਸਨ, ਪੈਦਲ ਸਕੂਲ ਜਾਂਦੇ ਸਾਂ। ਕਈ ਵਾਰ ਸਵੇਰ ਵੇਲੇ ਵੀ ਪੱਠਿਆਂ ਦੀਆਂ ਭਰੀਆਂ ਸੁੱਟ ਕੇ ਜਾਣਾ ਅਤੇ ਸ਼ਾਮ ਨੂੰ ਪੱਠਿਆਂ ਨਾਲ ਰੇੜ੍ਹੀ ਭਰ ਕੇ ਲਿਆਉਣੀ; ਇਹ ਰੋਜ਼ ਦਾ ਨਿੱਤ-ਨੇਮ ਸੀ।
ਦਸਵੀਂ ਕਰਨ ਉਪਰੰਤ ਗਿਆਰਵੀਂ ਵਿਚ ਦਾਖਲਾ ਲੈ ਲਿਆ; ਵਿਸ਼ਿਆਂ ਦੀ ਚੋਣ ਕੀਤੀ ਨਾਨ-ਮੈਡੀਕਲ ਦੀ। ਸਕੂਲ ਤੋਂ ਕਾਲਜ ਵਿਚ ਆਏ ਸਾਂ, ਮਨ ਚਾਵਾਂ ਤੇ ਉਮੰਗਾਂ ਨਾਲ ਭਰਿਆ ਪਿਆ ਸੀ। ਅਸੀਂ ਬਹੁਤ ਖੁਸ਼ ਸਾਂ ਕਿ ਕਾਲਜ ਵਿਚ ਪੂਰੀ ਮੌਜ-ਮਸਤੀ ਕਰਿਆਂ ਕਰਾਂਗੇ। ਨਾ ਮਿਲੇਗਾ ਹੋਮ ਵਰਕ, ਨਾ ਚੁੱਕਣਾ ਪਏਗਾ ਬਸਤੇ ਦਾ ਭਾਰ। ਸਭ ਤੋਂ ਵੱਧ ਖੁਸ਼ੀ ਵਾਲੀ ਗੱਲ ਇਹ ਹੋਵੇਗੀ ਕਿ ਪੁੱਛਣ ਵਾਲਾ ਵੀ ਕੋਈ ਨਹੀਂ ਹੋਵੇਗਾ। ਸੁਣਿਆ ਹੈ ਕਿ ਪ੍ਰੋਫੈਸਰ ਸਾਹਿਬ ਆਉਂਦੇ ਨੇ ਤੇ ਆਪਣਾ ਲੈਕਚਰ ਦੇ ਕੇ ਚਲੇ ਜਾਂਦੇ ਨੇ। ਕਾਲਜ ਜਾਉ ਜਾਂ ਨਾ ਜਾਉ; ਫ਼ਿਲਮ ਦੇਖੋ ਜਾਂ ਬਾਜ਼ਾਰ ਘੁਮੋ। ਅਸੀਂ ਤਾਂ ਖੁਸ਼ੀਆਂ ਭਰੇ ਸਮੁੰਦਰ ਵਿਚ ਤਾਰੀਆਂ ਲਾ ਰਹੇ ਸਾਂ। ਪਰ, ਜਦੋਂ ਕਾਲਜ ਜਾ ਕੇ ਦੇਖਿਆ ਤਾਂ ਸਾਡੇ ਡੌਰ-ਭੌਰ ਉੱਡ ਗਏ। ਅਸੀਂ ਤਾਂ ਦੇਖਦੇ ਹੀ ਰਹਿ ਜਾਂਦੇ ਸਾਂ ਕਿ ਪ੍ਰੋਫੈਸਰ ਸਾਹਿਬ ਆਉਂਦੇ, ਆਪਣਾ ਲੈਕਚਰ ਦੇ ਕੇ ਤੁਰ ਜਾਂਦੇ। ਸਭ ਤੋਂ ਵੱਡੀ ਮੁਸ਼ਕਿਲ ਭਾਸ਼ਾ ਦੀ ਆਈ। ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਸਾਰੇ ਵਿਸ਼ੇ ਪੰਜਾਬੀ ਮਾਂ-ਬੋਲੀ ਵਿਚ ਪੜ੍ਹਾਏ ਜਾਂਦੇ ਹਨ, ਪਰ ਇੱਥੇ ਅੰਗਰੇਜ਼ੀ ਵਿਚ। ਸਕੂਲ ਵਿਚ ਤਾਂ ਮੌਜ ਹੀ ਬੜੀ ਹੈ, ਜਿੱਥੋਂ ਨਹੀਂ ਪਤਾ ਲੱਗਦਾ, ਖੜੇ ਹੋ ਪੁੱਛ ਲਓ। ਪਰ, ਕਾਲਜ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਸਾਨੂੰ ਤਾਂ ਓਦੋਂ ਪਤਾ ਲੱਗਿਆ ਕਿ ਦੂਰ ਦੇ ਢੋਲ ਸੁਹਾਵਣੇ ਹੁੰਦੇ ਨੇ। ਪਰ, ਇੱਕ ਗੱਲ ਪੱਲੇ ਪੈ ਗਈ ਕਿ ਮਿਹਨਤ ਕੀਤਿਆਂ ਹੀ ਕੁਝ ਪੱਲੇ ਪੈਂਦਾ ਹੈ।
ਜਿਹੜੇ ਕੰਮ ਲਈ ਵੱਡੇ ਵੀਰ ਜੀ ਕੋਲ ਲੁਧਿਆਣੇ ਆਇਆ ਸਾਂ, ਉਹ ਤਾਂ ਕੀਤਾ ਨਾ; ਪਰ ਯੂਨੀਵਰਸਿਟੀ ਵਿੱਚ ਹੀ ਛੋਟੇ-ਮੋਟੇ ਕੰਮ 'ਤੇ ਲੱਗ ਗਿਆ। ਦੋ ਕੁ ਮਹੀਨੇ ਬਾਅਦ ਸਟੈਨੋਗ੍ਰਾਫੀ ਸਿੱਖਣੀ ਸ਼ੁਰੂ ਕਰ ਦਿੱਤੀ। ਸਮਾਂ ਕਦੋਂ ਬੀਤ ਜਾਂਦਾ ਹੈ, ਕੁਝ ਪਤਾ ਨਹੀਂ ਚਲਦਾ। ਪੰਜ-ਛੇ ਮਹੀਨੇ ਬਾਅਦ ਯੂਨੀਵਰਸਿਟੀ ਤੋਂ ਕੰਮ ਛੱਡ ਦਿੱਤਾ ਤੇ ਬਾਹਰ ਕਿਸੇ ਦਫ਼ਤਰ ਵਿਚ ਲੱਗ ਗਿਆ। ਯਾਰਾਂ-ਦੋਸਤਾਂ ਤੋਂ ਪਤਾ ਲੱਗਿਆ ਕਿ ਗੌਰਮਿੰਟ ਕਾਲਜ (ਬੁਆਇਜ਼), ਲੁਧਿਆਣਾ ਵਿਖੇ ਸ਼ਾਮ ਨੂੰ ਅਗਲੇਰੀ ਪੜ੍ਹਾਈ ਲਈ ਕਲਾਸਾਂ ਲੱਗਦੀਆਂ ਹਨ, ਪਰ ਸ਼ਰਤ ਇਹ ਕਿ ਉਹ ਵਿਅਕਤੀ ਦਿਨੇ ਕੰਮ ਕਰਦਾ ਹੋਵੇ।
ਕਾਲਜ ਤੋਂ ਪਤਾ ਲੱਗਿਆ ਕਿ ਦਾਖਲ ਹੋਣ ਲਈ ਕੁਝ ਜ਼ਰੂਰੀ ਦਸਤਾਵੇਜ਼ ਚਾਹੀਦੇ ਹਨ। ਆਪਣੇ ਦਫ਼ਤਰ ਤੋਂ 'ਐਨ ਓ ਸੀ' ਪ੍ਰਾਪਤ ਕਰਨ ਉਪਰੰਤ ਬੀ.ਏ. ਪਾਰਟ-੧ ਦਾ ਫ਼ਾਰਮ ਭਰ ਦਿੱਤਾ। ਮੈਰਟ ਤਾਂ ਬਹੁਤ ਜਾਂਦੀ ਸੀ, ਪਰ ਮੇਰਾ ਨੰਬਰ ਵੀ ਆ ਗਿਆ। ਇਸ ਤਰ੍ਹਾਂ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ।
ਇਸ ਸਮੇਂ ਦੌਰਾਨ ਮੈਨੂੰ ਬਹੁਤ ਮਿਹਨਤ-ਮੁਸ਼ੱਕਤ ਕਰਨੀ ਪਈ। ਸਿਆਣੇ ਸੱਚ ਕਹਿੰਦੇ ਹਨ ਕਿ ਮਿਹਨਤ ਨੂੰ ਮਿੱਠਾ ਫ਼ਲ ਲੱਗਿਆ ਕਰਦਾ ਹੈ। ਸਵਖਤੇ ਉੱਠ ਕੇ ਸਟੈਨੋਗ੍ਰਾਫੀ ਦੀ ਕਲਾਸ ਲਗਾਉਣੀ, ਨੌਂ ਵਜੇ ਦਫ਼ਤਰ ਜਾਣਾ, ਸ਼ਾਮ ਨੂੰ ਕਾਲਜ। ਤੇਰਵੀਂ ਦੇ ਪੇਪਰ ਹੋਣ ਹੀ ਵਾਲੇ ਸਨ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਟੈਨੋਗ੍ਰਾਫੀ ਦੇ ਟੈਸਟ ਦੀ ਚਿੱਠੀ ਆ ਗਈ। ਟੈਸਟ ਦਿੱਤਾ, ਪਾਸ ਹੋ ਗਿਆ। ਥੋੜ੍ਹੇ ਹੀ ਦਿਨਾਂ ਬਾਅਦ ਇੰਟਰਵਿਯੂ ਹੋਈ ਤੇ ਸਰਕਾਰੀ ਨੌਕਰੀ ਮਿਲ ਗਈ; ਕੁਝ ਸੁੱਖ ਦਾ ਸਾਹ ਆਇਆ।
ਅਜੇ ਗਰੈਜੂਏਸ਼ਨ ਦੇ ਪੇਪਰ ਹੋ ਹੀ ਰਹੇ ਸਨ, ਪਤਾ ਲੱਗਿਆ ਕਿ ਪੋਸਟਗਰੈਜੂਏਸ਼ਨ (ਰਾਜਨੀਤੀ ਸ਼ਾਸਤਰ) ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਨਤੀਜਾ ਆਉਣ ਦੀ ਦੇਰ ਸੀ ਕਿ ਅਗਲੀ ਜਮਾਤ ਵਿੱਚ ਦਾਖਲਾ ਲੈ ਲਿਆ। ਪਰ, ਡਿਗਰੀ ਪੂਰੀ ਹੁੰਦਿਆਂ ਹੀ ਪੋਸਟਗਰੈਜੂਏਸ਼ਨ ਦੀਆਂ ਕਲਾਸਾਂ ਸ਼ਾਮ ਦੇ ਸਮੇਂ ਹਮੇਸ਼ਾ ਲਈ ਬੰਦ ਹੋ ਗਈਆਂ।
ਮਈ ੧੯੮੮ ਤੋਂ ਪੰਜਾਬ ਖੇਤਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਨੌਕਰੀ ਸ਼ੁਰੂ ਕੀਤੀ। ਅੱਜ ਕੱਲ੍ਹ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਸੇਵਾਰੱਤ ਹਾਂ। ਮੇਰੀ ਸੁਹਿਰਦ ਪਤਨੀ ਸ੍ਰੀਮਤੀ ਅਮਰਜੀਤ ਕੌਰ ਨੇ ਵੀ ਐਮ. ਏ. (ਪੰਜਾਬੀ) ਦੀ ਯੋਗਤਾ ਹਾਸਲ ਕੀਤੀ ਹੈ। ਉਹ ਮੇਰੀਆਂ ਸਾਹਿਤਕ ਸਰਗਰਮੀਆਂ ਪਿੱਛੇ ਇੱਕ ਸ਼ਕਤੀ-ਸੋਮੇ ਵਜੋਂ ਕਾਰਜਸ਼ੀਲ ਰਹਿੰਦੇ ਹਨ। ਬਾਲਵਾੜੀ ਦੀ ਬਖਸ਼ਿਸ ਜੋ ਕੁਦਰਤ ਵੱਲੋਂ ਹੋਈ ਹੈ, ਉਸ ਵਿੱਚ ਸਪੁੱਤਰ ਪਰਮ ਪਾਲ ਸਿੰਘ (ਕੈਨੇਡਾ) ਤੇ ਸਪੁੱਤਰੀ ਮਾਨਵ ਇੰਦਰ ਕੌਰ, ਜੋ ਪੜ੍ਹਾਈ ਵਿੱਚ ਰੁਝੇ ਹੋਏ ਹਨ---।
ਸਾਹਿਤਕ ਰੁੱਚੀਆਂ ਸਕੂਲ ਤੋਂ ਹੀ ਭਾਰੂ ਸਨ। ਇਨ੍ਹਾਂ ਸਦਕਾ ਹੀ ਪੜ੍ਹਾਈ ਵਿੱਚੋਂ ਅੱਵਲ ਆਉਂਦਾ ਰਿਹਾ। ਲੇਖ, ਕਵਿਤਾਵਾਂ, ਗੀਤ, ਆਦਿ ਤਾਂ ਬਹੁਤ ਲਿਖੇ ਸਨ, ਪਰ ਛਪਣ ਲਈ ਕਿਧਰੇ ਨਾ ਭੇਜੇ। ਸੰਨ ੧੯੯੧ ਵਿਚ ਵਿਆਹ ਹੋ ਗਿਆ। ਧਰਮ ਪਤਨੀ ਨੇ ਕਿਹਾ, "ਥੋਨੂੰ ਆਪਣੀ ਲਿਖਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ; ਅਖ਼ਬਾਰਾਂ-ਰਸਾਲਿਆਂ ਆਦਿ ਵਿਚ ਭੇਜਣਾ ਚਾਹੀਦਾ ਹੈ; ਫਿਰ ਹੀ ਪਤਾ ਲੱਗੂ ਕਿ ਇਨ੍ਹਾਂ ਵਿਚ ਕਿੰਨਾ ਕੁ ਦਮ ਹੈ? ਬੂੰਦ-ਬੂੰਦ ਇਕੱਠਾ ਕੀਤਿਆਂ ਹੀ ਸਮੁੰਦਰ ਭਰਦਾ ਹੈ। ਲਿਖਾਰੀ ਬਣਨਾ ਇੱਕ ਦਿਨ ਦੀ ਖੇਡ ਨਹੀਂ ਹੈ, ਉਮਰਾਂ ਲੱਗ ਜਾਂਦੀਆਂ ਨੇ----"।
ਸਾਹਿਤਕ ਪੂੰਜੀ ਦੀ ਬਹੁਲਤਾ ਹੋਣ ਕਰਕੇ, ਸੰਨ ੨੦੦੪ ਵਿੱਚ ਅਖਬਾਰਾਂ-ਰਸਾਲਿਆਂ ਨੂੰ ਰਚਨਾਵਾਂ ਭੇਜਣੀਆਂ ਸ਼ੁਰੂ ਕੀਤੀਆਂ। ਮੈਨੂੰ ਆਪਣੀਆਂ ਉਮੀਦਾਂ ਤੋਂ ਜ਼ਿਆਦਾ ਸਫ਼ਲਤਾ ਮਿਲੀ ਤੇ ਮੇਰਾ ਹੌਸਲਾ ਹੋਰ ਬੁਲੰਦ ਹੋ ਗਿਆ। ਜਿੱਥੇ ਵੀ ਅਖਬਾਰ ਜਾਂ ਰਸਾਲੇ ਨੂੰ ਕੋਈ ਰਚਨਾ (ਸਾਹਿਤਕ ਨਿਬੰਧ ਜਾਂ ਕਵਿਤਾ, ਗੀਤ) ਭੇਜਦਾ ਸਾਂ, ਉਹ ਅਕਸਰ ਛਪ ਹੀ ਜਾਂਦਾ ਹੈ; ਖਾਸ ਕਰਕੇ ਸਾਹਿਤਕ ਨਿਬੰਧ ਵਿਚ ਕਾਫ਼ੀ ਸਫਲਤਾ ਮਿਲ ਰਹੀ ਹੈ----।
ਮੇਰੀ ਪੁਸਤਕ, ਨਿਬੰਧ ਸੰਗ੍ਰਹਿ 'ਲੋਕ-ਮਨ ਮੰਥਨ' (੨੦੧੦), ਜੋ ਭਖਦੇ ਮਸਲਿਆਂ 'ਤੇ ਆਧਾਰਿਤ ਹੋਣ ਕਰਕੇ ਹੀ ਲੇਖਕਾਂ, ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬੀ ਦੀ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਸਾਂਝੀ ਪੁਸਤਕ 'ਸਹਿਜ ਸ਼ਕਤੀ ਅਤੇ ਧੀਰਜ' (੨੦੦੬), ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਵੱਲੋਂ ਸੁਰਜੀਤ ਸਿੰਘ ਰਾਹੀ ਦੁਆਰਾ ਸੰਪਾਦਿਤ ਪੁਸਤਕ 'ਪੰਜਾਬੀ ਮਾਂ ਬੋਲੀ' (੨੦੦੯) ਅਤੇ ਸ੍ਰ. ਸਰਬਜੀਤ ਸਿੰਘ ਵਿਰਦੀ ਦੀ ਸਪਾਦਿਤ ਪੁਸਤਕ 'ਗੀਤਾਂ ਦਾ ਕਾਫ਼ਲਾ' (੨੦੧੧) ਵਿੱਚ ਮੇਰੀਆਂ ਰਚਨਾਵਾਂ ਵੀ ਸ਼ਾਮਿਲ ਹਨ।
ਕਈ ਪ੍ਰਸਿੱਧ ਸਾਹਿਤਕਾਰਾਂ ਤੇ ਬੁੱਧੀਜੀਵਿਆਂ ਦੇ ਇੰਟਰਵਿਯੂ ਲੈ ਕੇ ਛਪਵਾਏ ਹਨ। ਮੇਰੇ ਲੇਖ ਅਕਸਰ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪਦੇ ਰਹਿੰਦੇ ਹਨ।
ਮਾਂ-ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਜੋ ਸਾਹਿਤਕ ਸਭਾਵਾਂ ਬਣਾਈਆਂ ਗਈਆਂ ਹਨ, ਉਨ੍ਹਾਂ ਵਿੱਚੋਂ ਕੁਝ ਦਾ ਸਰਗਰਮ ਮੈਂਬਰ ਹਾਂ: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਜਨਰਲ ਸਕੱਤਰ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ, ਆਦਿ।
ਕਈ ਸਾਹਿਤਕ ਵਿਧਾਵਾਂ ਵਿੱਚ ਲਿਖ ਰਿਹਾ ਹਾਂ, ਜਿਵੇਂ ਨਿਬੰਧ, ਨਾਵਲ, ਕਹਾਣੀ, ਕਵਿਤਾ, ਗ਼ਜ਼ਲ, ਗੀਤ, ਆਦਿ। ਕਈ ਮਾਣ-ਸਨਮਾਨ: ਸੰਤ ਬਲਵੀਰ ਸਿੰਘ ਸੀਚੇਵਾਲ ਤੇ ਖੇਤੀ ਵਿਰਾਸਤ ਵਲੋਂ 'ਮੇਲਾ ਨਦੀਆਂ ਦੇ ਰਾਖਿਆਂ ਦਾ' ਵੇਈਂ ਨਦੀ ਦੇ ਕੰਢੇ 'ਤੇ ੫ ਜੂਨ, ੨੦੦੫; ਪੰਜਾਬੀ ਸੱਥ ਸ੍ਰੀ ਫ਼ਤਹਿਗੜ੍ਹ ਸਾਹਿਬ ਵਲੋਂ ੨੩ ਮਾਰਚ, ੨੦੦੮; ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਦੇ ਚਰਨ-ਛੋਹ ਗੁਰਦੁਆਰਾ ਕਨੇਚ (ਲੁਧਿਆਣਾ) ਵੱਲੋਂ ੨੪ ਫਰਵਰੀ, ੨੦੦੯; ਗਿਆਨੀ ਦਿੱਤ ਸਿੰਘ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ (ਰਜਿ):), ਸਿਰਜਣਧਾਰਾ ਤੇ ਪੰਜਾਬੀ ਸਾਹਿਤ ਅਕੈਡਮੀ ਵੱਲੋਂ ੧੦ ਸਤੰਬਰ, ੨੦੦੯; ਸਿਰਜਣਧਾਰਾ ਵਲੋਂ ਪ੍ਰੋ: ਕੁਲਵੰਤ ਜਗਰਾਓਂ ਸਿਮ੍ਰਤੀ ਚਿੰਨ੍ਹ ੨੬ ਸਤੰਬਰ, ੨੦੦੯; ਪੰਜਾਬੀ ਨਾਵਲ ਅਕਾਡਮੀ, ਲੁਧਿਆਣਾ ਵੱਲੋਂ ਪੁਸਤਕ 'ਲੋਕ-ਮਨ ਮੰਥਨ' ਦੇ ਲੋਕ ਅਰਪਣ ਸਮੇਂ ੧੬ ਮਾਰਚ, ੨੦੧੦, ਆਦਿ ਪ੍ਰਾਪਤ ਹੋਏ ਹਨ।
ਜੋ ਵੀ ਜ਼ਿੰਦਗੀ ਵਿਚ ਪਾਇਆ, ਆਪਣੇ ਬਲਬੂਤੇ 'ਤੇ ਪਾਇਆ ਹੈ। ਮੇਰੀ ਇਹ ਦਿਲੀ ਤਮੰਨਾ ਹੈ ਕਿ ਮੈਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਵੱਧ ਤੋਂ ਵੱਧ ਸੇਵਾ ਕਰਾਂ ਤਾਂ ਜੋ ਪੰਜਾਬੀ ਸਾਹਿਤ ਨੂੰ ਸਾਰੇ ਸੰਸਰ ਵਿੱਚ ਵੱਧ ਤੋਂ ਵੱਧ ਮਾਣ-ਸਤਿਕਾਰ ਮਿਲ ਸਕੇ।