ਕਿਊਬਾ ਨੂੰ ਅਲਵਿਦਾ
28 ਦਸੰਬਰ ਦੀ ਬਾਅਦ ਦੋਪਹਿਰ ਤਕ ਅਸੀਂ ਇਕ ਵਾਰ ਫਿਰ ਕੇਮਲੀਓਨ ਕੰਪਨੀ ਦਾ ਇਸ ਸਾਂਤਾ ਲੂਸੀਆ ਦਾ ਰੀਜ਼ੋਰਟ ਵੱਧ ਤੋਂ ਵਧ ਤੁਰ ਫਿਰ ਕੇ ਵੇਖ ਲਿਆ ਸੀ। ਕਿਉਂਕਿ ਅਸੀਂ 29 ਦਸੰਬਰ ਦੀ ਸਵੇਰ ਨੂੰ 6 ਵਜੇ ਹੀ ਰੀਜ਼ੋਰਟ ਛਡ ਦੇਣਾ ਸੀ, ਇਸ ਲਈ ਨੌਜਵਾਨ ਬੈਂਕ ਮੈਨੇਜਰ ਮੁੰਡੇ 'ਜੋਸੇ' ਕੋਲੋਂ ਕੈਨੇਡੀਅਨ ਡਾਲਰ ਦੇ ਕੇ ਏਅਪੋਰਟ ਫੀਸ ਭਰਨ ਲਈ ਚਾਹੀਦੀ ਕਿਊਬਾ ਕਨਵਰਟੇਬਲ ਕਰੰਸੀ 30 ਪੀਸੋ ਪ੍ਰਤੀ ਸੈਲਾਨੀ 28 ਦਸੰਬਰ ਨੂੰ ਹੀ ਲੈ ਲਈ ਸੀ। ਜੋਸੇ ਨੇ ਮੈਨੂੰ ਕੈਨੇਡਾ ਦੇ ਇਕ ਡਾਲਰ ਬਦਲੇ ਕਿਊਬਾ ਦੀ ਨੈਸ਼ਨਲ ਮਨੀ ਦੇ 25 ਪੀਸੋ ਵੀ ਦੇ ਦਿਤੇ ਸਨ ਜੋ ਮੈਂ ਆਪਣੀ ਯਾਦ-ਦਾਸ਼ਤ ਲਈ ਕੈਨੇਡਾ ਨਾਲ ਲੈ ਕੇ ਆਉਣੇ ਸਨ। ਭਾਵੇਂ ਇਹ ਰੀਜ਼ੋਰਟ ਤੇ ਚਲਦੇ ਨਹੀਂ ਸਨ ਅਤੇ ਇਹਨਾਂ ਦਾ ਕੋਈ ਮਤਲਬ ਵੀ ਨਹੀਂ ਸੀ ਪਰ ਕਿਊਬਾ ਨੈਸ਼ਨਲ ਪੀਸੋ ਅਤੇ ਕਿਊਬਾ ਕਨਵਰਟੇਬਲ ਪੀਸੋ ਦੇ ਫਰਕ ਬਾਰੇ ਲਿਖਣ ਲਈ ਮੈਂ ਇਕੋ ਮੁਲਕ ਦੀਆਂ ਦੋਵੇਂ ਕਰੰਸੀਆਂ ਆਪਣੇ ਕੋਲ ਰੱਖ ਲਈਆਂ ਸਨ। ਇਕੋ ਮੁਲਕ ਵਿਚ ਸੈਲਾਨੀਆਂ ਲਈ ਹੋਰ ਅਤੇ ਕਿਊਬਾ ਦੇ ਬਾਸਿੰæਦਆਂ ਲਈ ਹੋਰ ਕਰੰਸੀ ਵੇਖ ਕੇ ਮੈਨੂੰ ਬਾਵਾ ਬਲਵੰਤ ਦਾ ਇਕ ਬੜਾ ਪਿਆਰਾ ਤੇ ਮਸ਼ਹੂਰ ਸ਼ਿਅਰ ਯਾਦ ਆ ਰਿਹਾ ਸੀ ਜੋ ਉਸ ਨੇ ਆਪਣੀ ਮਹਿਬੂਬਾ ਲਈ ਲਿਖਿਆ ਸੀ, "ਤੇਰਾ ਇਕ ਦਿਲ ਹੈ ਜਾਂ ਦੋ-ਆਪੇ ਕਹੀਂ ਮੈਂ ਤੇਰੀ ਤੇਰੀ ਆਪੇ ਕਹੇਂ ਨਾ ਛੋਹ।"

ਬਾਰ ਅਤੇ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਸਟਾਫ ਤੋਂ ਇਲਾਵਾ ਕਮਰੇ ਸਾਫ ਕਰਨ ਵਾਲੀਆਂ ਕਲੀਨਿੰਗ ਲੇਡੀਜ਼ ਨੂੰ ਵੀ ਪਤਾ ਸੀ ਕਿ ਅਸੀਂ ਜਾਣ ਵਾਲੇ ਹਨ ਅਤੇ ਨਵੇਂ ਸੈਲਾਨੀ ਆਉਣ ਵਾਲੇ ਹਨ। ਉਹਨਾਂ ਦਾ ਦਿਨ ਰਾਤ ਦਾ ਇਹੋ ਕੰਮ ਸੀ ਕਿ ਜਾਣ ਵਾਲਿਆਂ ਦੇ ਬਿਸਤੇ ਚੁਕ ਦੇਣੇ ਅਤੇ ਆਉਣ ਵਾਲਿਆਂ ਲਈ ਵਿਛਾ ਦੇਣੇ। ਰੀਜ਼ੋਰਟ ਦਾ ਬਿਜ਼ਨਸ ਹੋਣ ਕਰ ਕੇ ਸੈਲਾਨੀਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ। ਪਤਾ ਨਹੀਂ ਰੋਜ਼ਾਨਾ ਇਹਨਾਂ ਲੋਕਾਂ ਦਾ ਸਾਡੇ ਵਰਗੇ ਕਿੰਨੇ ਲੋਕਾਂ ਨਾਲ ਵਾਹ ਪੈਂਦਾ ਸੀ। ਵਧ ਤੋਂ ਵਧ ਟਿੱਪ ਹਾਸਲ ਕਰਨ ਲਈ ਮੈਨੂੰ ਉਹਨਾਂ ਦੀਆਂ ਬੁਲ੍ਹੀਆਂ ਵਿਚੋਂ "ਥੈਂਕਸ" ਸ਼ਬਦ ਕਿਰਣਾ ਆਮ ਜਹੀ ਗੱਲ ਬਣ ਕੇ ਰਹਿ ਗਿਆ ਸੀ। ਪਰ ਇਹ ਤਾਂ ਸਭ ਕੁਝ ਇਥੋਂ ਦੀ ਰੀਜ਼ੋਰਟ ਦੀ ਕਲਚਰ ਦਾ ਇਕ ਹਿੱਸਾ ਸੀ। ਪਤਾ ਨਹੀਂ ਇਹ ਸਾਨੂੰ ਬੇਵਕੂਫ ਸਮਝਦੇ ਸਨ ਜਾਂ ਅਸੀਂ ਇਹਨਾਂ ਨੂੰ। ਜਾਂ ਇਹਨਾਂ ਨੂੰ ਐਨੀ ਸਮਝ ਹੀ ਨਹੀਂ ਸੀ। ਇਹ ਕਿਵੇਂ ਹੋ ਸਕਦਾ ਸੀ ਕਿ ਇਹ ਬਿਲਕੁਲ ਭੋਲੇ ਭਾਲੇ ਹੋਣ ਅਤੇ ਪੀਸੋ ਦੀ ਵੈਲਿਊ ਤੋਂ ਅਣਜਾਣ ਹੋਣ। ਮੈਂ ਤਾਂ ਆਪਣੀ ਜ਼ਿੰਦਗੀ ਵਿਚ ਕਈ ਐਸਾ ਬੰਦਾ ਨਹੀਂ ਵੇਖਿਆ ਸੀ ਜੋ ਡਾਲਰ 25 ਸੈਂਟ ਵਿਚ ਚਲਾਉਂਦਾ ਹੋਵੇ ਜਾਂ ਇੰਡੀਆ ਦਾ ਦਸਾਂ ਦਾ ਨੋਟ ਇਕ ਰੁਪੈ ਵਿਚ। ਪੈਸੇ ਦਾ ਲੈਣ ਦੇਣ ਵੀ ਜੀਵਨ ਦਾ ਕੈਸਾ ਅਜੀਬ ਚੱਕਰ ਸੀ। ਜਦੋਂ ਛੋਟੇ ਹੁੰਦੇ ਸਾਂ ਤਾਂ ਦਾਣਆਿਂ ਦੀ ਝੋਲੀ ਬ੍ਰ ਕੇ ਹੱਟੀ ਤੇ ਲੈ ਜਾਣੀ ਅਤੇ ਇਵਜ਼ ਵਿਚ ਕਾਗਜ਼, ਪੈਨਸਿਲ, ਲਡੂ ਜਾਂ ਪਕੌੜੇ ਲੈ ਆਉਣੇ।
ਸ਼ਾਮ ਤਕ ਜਿਥੇ ਅਸੀਂ ਫਰੀ ਦਾਰੂ ਪੀਣ ਦਾ ਜਾਇਜ਼ ਅਤੇ ਨਾਜਾਇਜ਼ ਲਾਭ ਉਠਾਂਦੇ ਰਹੇ ਅਤੇ ਬੈਂਕ ਮੈਨੇਜਰ ਮੁੰਡੇ ਜੋਸੇ ਤੋਂ ਇਲਾਵਾ ਹੋਰ ਵੀ ਕਈਆਂ ਨੂੰ ਵੀ ਪਿਲਾਂਦੇ ਰਹੇ। ਜਦ ਕਿ ਸਚਾਈ ਤਾਂ ਇਹ ਸੀ ਕਿ ਇਹ ਮੁਫਤ ਦੀ ਸ਼ਰਾਬ ਰੀਜ਼ੋਰਟ ਦੀ ਨਹੀਂ ਸਗੋਂ ਸਾਡੇ ਉਹਨਾਂ ਪੈਸਿਆਂ ਦੀ ਸੀ ਜਿਹੜੇ ਅਸੀਂ ਬਾਰਾਂ ਬਾਰਾਂ ਸੌ ਡਾਲਰ ਫੂਕ ਕੇ ਵੇਕੇਸ਼ਨ ਕਰਨ ਲਈ ਏਥੇ ਆਏ ਸਾਂ। ਇਸ ਪੈਕਜ ਡੀਲ ਵਿਚ ਕੈਨੇਡਾ ਤੋਂ ਕਿਊਬਾ ਦਾ ਹਵਾਈ ਜਹਾਜ਼ ਦਾ ਸਫਰ, ਰਹਾਇਸ਼ ਅਤੇ ਖਾਣਾ ਪੀਣਾ ਸਭ ਕੁਝ ਫਰੀ ਸੀ। ਇਹ ਵੇਕੇਸ਼ਨ ਵਿਚ ਫਰੀ ਖਾਣ ਪੀਣ ਲਈ ਇਕੱਲਾ ਰੀਜ਼ੋਰਟ ਨਹੀਂ ਬੋਲ ਰਿਹਾ ਸੀ, ਸਗੋਂ ਇਸ ਪਿਛੇ ਸਾਡੇ ਬਾਰਾਂ ਬਾਰਾਂ ਸੌ ਡਾਲਰ ਬੋਲ ਰਹੇ ਸਨ ਜੋ ਵੇਕੇਸ਼ਨ ਕਰਨ ਦੇ ਬਹਾਨੇ ਜੋ ਅਸੀਂ ਆਪੋ ਆਪਣੇ ਸਟਰੱੈਸ ਦੂਰ ਕਰਨ ਲਈ ਬੜੀ ਜੁਗਤ ਨਾਲ ਬੜੀ ਦੇਰ ਤੋਂ ਬਚਾ ਕੇ ਰਖੇ ਸਨ। ਟਰਾਂਟੋ ਤੋਂ ਕਿਊਬਾ ਵੇਕੇਸ਼ਨ ਕਰਨ ਜਾਣ ਲਗਿਆਂ ਸਾਨੂੰ ਕਈਆਂ ਖਾਸਕਰ ਪ੍ਰਿੰਸੀਪਲ ਸਾਹਿਬ ਦੀ ਬੜੀ ਇਨਟੈਲੀਜੰਟ ਲੜਕੀ ਮੀਨਾ ਜੋ ਟਰੈਵਲ ਏਜੰਸੀ ਦੇ ਬਿਜ਼ਨਸ ਵਿਚ ਸੀ, ਨੇ ਕਿਹਾ ਸੀ ਕਿ ਤੁਸੀਂ ਬਹੁਤ ਮਹਿੰਗੀਆਂ ਟਿਕਟਾਂ ਲਈਆਂ ਹਨ। ਜੇ ਬਹੁਤ ਪਹਿਲਾਂ ਬੁਕ ਕਰਵਾਈਆਂ ਹੁੰਦੀਆਂ ਤਾਂ ਬਹੁਤ ਸਸਤੀਆਂ ਮਿਲ ਜਾਣੀਆਂ ਸਨ। ਇਕੋ ਦਿਨ ਵਿਚ ਫੈਸਲਾ ਕਰਨ ਕਰ ਕੇ ਅਤੇ ਦਸੰਬਰ ਦੀਆਂ ਛੁਟੀਆਂ ਦਾ ਪੀਕ ਸੀਜ਼ਨ ਕਾਰਨ ਮਹਿੰਗੀ ਡੀਲ ਦੀਆਂ ਟਿਕਟਾਂ ਲੈਣੀਆਂ ਪੈ ਗਈਆਂ ਸਨ, ਪਰ ਜੋ ਹੋ ਗਿਆ ਸੋ ਹੋ ਗਿਆ ਸੀ। ਦਰਵੇਸ਼ ਸੁਭਾਅ ਦੇ ਮਾਲਕ ਪ੍ਰਿੰਸੀਪਲ ਸਾਹਿਬ ਕਹਿ ਰਹੇ ਸਨ ਕਿ ਕੋਈ ਗਿਲਾ, ਕੋਈ ਅਫਸੋਸ ਨਹੀਂ ਹੈ। ਜੋ ਹੋਇਆ ਹੈ, ਬਿਲਕੁਲ ਠੀਕ ਹੈ ਹੋਇਆ ਹੈ।
ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਿ ਕਿਊਬਾ ਵਿਚ ਇਸ ਰੀਜ਼ੋਰਟ ਇਸ ਬੀਚ ਤੇ ਇਸ ਠਾਠਾਂ ਮਾਰਦੇ ਖਾਰੇ ਜਾਂ ਨਮਕੀਨ ਸਮੁੰਦਰ ਦੇ ਕੰਢੇ ਇਹ ਸਾਡੀ ਆਖਰੀ ਸ਼ਾਮ ਜਾਂ ਆਖਰੀ ਰਾਤ ਹੈ। ਫਿਰ ਕਦੀ ਕਦੀ ਸੁਪਨਿਆਂ ਜਾਂ ਖਿਆਲਾਂ ਵਿਚ ਹੀ ਏਥੇ ਆਇਆ ਕਰਾਂਗੇ ਜਾਂ ਵਾਪਸ ਜਾ ਕੇ ਆਪਣੇ ਦੋਸਤਾਂ ਨਾਲ ਕਿਊਬਾ ਦੀਆਂ ਗੱਲਾਂ ਕਰਿਆ ਕਰਾਂਗੇ। ਚਲੋ ਆਪਣੇ ਆਪਣੇ ਗਲਾਸ ਲੈ ਕੇ ਜਾਂਦੀ ਵਾਰ ਸਮੁੰਦਰ ਕੰਢੇ ਚੱਲ ਕੇ ਕੁਰਸੀਆਂ ਤੇ ਲੇਟਦੇ ਤੇ ਦਾਰੂ ਦੀਆਂ ਚੁਸਕੀਆਂ ਭਰਦੇ ਹਾਂ। ਕੁਝ ਚਿਰ ਉਹ ਤੇ ਮੈਂ ਸਮੁੰਦਰ ਕੰਢੇ ਕੁਰਸੀਆਂ ਤੇ ਬੈਠੇ ਰਹੇ ਪਰ ਤਬੀਅਤ ਨਾਸਾਜ਼ ਹੋਣ ਕਾਰਨ ਉਹਨਾਂ ਕਮਰੇ ਵਿਚ ਜਾ ਕੇ ਆਰਾਮ ਕਰਨਾ ਜ਼ਿਆਦਾ ਮੁਨਾਸਬ ਸਮਝਿਆ ਅਤੇ ਉਹ ਵਾਪਸ ਚਲੇ ਗਏ। ਮੈਂ ਇਕੱਲਾ ਹੀ ਸਮੁੰਦਰ ਦੇ ਕੰਢੇ ਬੈਠਾ ਰਿਹਾ। ਘੁੱਪ ਹਨੇਰੇ ਵਿਚ ਓਥੇ ਕੋਈ ਦਿਖਾਈ ਨਹੀਂ ਦੇ ਰਿਹਾ ਸੀ। ਨਾ ਘੋੜ੍ਹੈ, ਨਾ ਕਿਊਬਾ ਦੀਆਂ ਗਰੀਬ ਕੁੜੀਆਂ ਮੁੰਡੇ ਜੋ ਸੈਲਾਨੀਆਂ ਨੂੰ ਛੋਟੀਆਂ ਛੋਟੀਆਂ ਵਸਤੂਆਂ ਵੇਚ ਕੇ ਗੁਜ਼ਾਰਾ ਕਰਦੇ ਸਨ। ਡੂੰਘੀ ਹੁੰਦੀ ਜਾ ਰਹੀ ਕਾਲੀ ਬੋਲੀ ਰਾਤ ਵਿਚ ਲਹਿਰਾਂ ਦੇ ਸ਼ੋਰ ਨਾਲ ਸਮੁੰਦਰ ਕਿਸੇ ਦੈਂਤ ਵਾਂਗ ਚੰਘਿਆੜਦਾ ਦਿਖਾਈ ਦੇ ਰਿਹਾ ਸੀ। ਭਾਵੇਂ ਪਿਛੇ ਰੀਜ਼ੋਰਟ ਦੀਆਂ ਰੋਸ਼ਨੀਆਂ ਜਗਮਗਾ ਰਹੀਆਂ ਸਨ ਪਰ ਇਸ ਇਕੱਲ ਅਤੇ ਇਕਾਂਤ ਵਿਚ ਮੈਂ ਇਕ ਕੁਰਸੀ ਤੇ ਲੇਟ ਗਿਆ। ਕਈ ਮਿੰਟ ਬੀਤ ਗਏ ਪਰ ਮਨ ਅੰਦਰ ਜੋ ਸ਼ੋਰ ਸੀ, ਉਹ ਸ਼ਾਂਤ ਨਹੀਂ ਹੋ ਰਿਹਾ ਸੀ। ਪੈਰਾਂ ਵਿਚੋਂ ਸੇਕ ਨਿਕਲ ਰਿਹਾ ਸੀ। ਪਤਾ ਨਹੀਂ ਮੈਨੂੰ ਇਸ ਤਰ੍ਹਾਂ ਕਿਉਂ ਲੱਗਾ ਜਿਵੇਂ ਬਾਬਾ ਸ਼ੇਖ ਫਰੀਦ ਜੀ ਦੀ ਆਤਮਾ ਸਾਰੀ ਰਾਤ ਤਕ ਸਮੁੰਦਰ ਕੰਢੇ ਫਿਰਦੀ ਰਹੇਗੀ। ਜਦ ਸਵੇਰ ਹੋਵੇਗੀ ਤੇ ਬਗਲੇ ਮਛੀ ਫੜਨ ਲਈ ਆ ਜਾਣਗੇ ਤੇ ਉਸ ਨਜ਼ਾਰੇ ਨੂੰ ਵੇਖਣ ਤੋਂ ਬਾਅਦ ਉਹ ਲਿਖਣਗੇ, "ਫਰੀਦਾ ਦਰੀਆਵੈ ਕੰਨ੍ਹੇ ਬਗੁਲਾ ਬੈਠਾ ਕੇਲ ਕਰੇ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥ ਪਰ ਇਹ ਤਾਂ ਮੇਰੇ ਹਿਤਾਸ਼ ਮਨ ਦੀ ਸੋਚ ਦਾ ਅਕਸ ਸੀ। ਬਾਬਾ ਸ਼ੇਖ ਫਰੀਦ ਜੀ ਨੇ ਜੋ ਲਿਖਿਆ ਸੀ, ਉਹ ਸਮੁੰਦਰ ਕੰਢੇ ਨਹੀਂ ਸਗੋਂ ਕਿਸੇ ਦਰਿਆ ਦੇ ਕੰਢੇ ਦੇ ਹਵਾਲੇ ਨਾਲ ਲਿਖਿਆ ਸੀ। ਇਸ ਸਮੁੰਦਰ ਅਤੇ ਦਰਿਆ ਦੀ ਸੋਚ ਤੋਂ ਬਾਹਰ ਨਿਕਲਣ ਲਈ ਮੈਂ ਬਾਬਾ ਸ਼ੇਖ ਫਰੀਦ ਵੱਲੋਂ ਆਪਣਾ ਮਨ ਹਟਾ ਕੇ ਇਕ ਦਮ ਸ਼ਾਹ ਹੁਸੈਨ ਜੀ ਵੱਲ ਲੈ ਆਂਦਾ ਕਿਉਂਕਿ ਤਿੰਨੇ ਮਹਾਨ ਸੂਫੀ ਸੰਤਾਂ ਬਾਬਾ ਸ਼ੇਖ ਫਰੀਦ, ਸ਼ਾਹ ਹੁਸੈਨ ਅਤੇ ਬਾਬਾ ਬੁਲ੍ਹੇ ਸ਼ਾਹ ਦੀਆਂ ਸੂਫੀਵਾਦ ਰਚਨਾਵਾਂ ਦਾ ਮੇਰੇ ਤੇ ਬੜਾ ਅਸਰ ਸੀ।
ਸ਼ਾਹ ਹੁਸੈਨ ਨੇ ਲਾਹੌਰ ਤੋਂ ਬਾਹਰਵਾਰ ਕਿੰਨੀਆਂ ਹੀ ਰਾਤਾਂ ਦਰਿਆ ਰਾਵੀ ਵਿਚ ਖੜ੍ਹ ਕੇ ਕੁਰਾਨ ਦੀ ਬੰਦਗੀ ਵਿਚ ਗੁਜ਼ਾਰੀਆਂ ਸਨ। ਇਸ ਤੋਂ ਪਹਿਲਾਂ ਸ਼ਾਹ ਹੁਸੈਨ ਦਸ ਸਾਲ ਦੀ ਉਮਰ ਵਿਚ ਸ਼ੇਖ ਬਹਿਲੋਲ ਦਾ ਚੇਲਾ ਬਣ ਗਿਆ ਸੀ ਅਤੇ ਜਾਂਦਾ ਜਾਂਦਾ ਸ਼ੇਖ ਬਹਿਲੋਲ ਸ਼ਾਹ ਹੁਸੈਨ ਨੂੰ ਲਾਹੌਰ ਸਥਿਤ ਦਾਤਾ ਗੰਜ ਬਖਸ਼ ਦੀ ਦਰਗਾਹ ਤੇ ਸੂਫੀ ਸਾਧਨਾ ਦੀ ਤਾਲੀਮ ਜਾਰੀ ਰਖਣ ਦੀ ਹਦਾਇਤ ਕਰ ਗਿਆ ਸੀ। ਬਾਰਾਂ ਵਰ੍ਹੇ ਇਸ ਕਬਰ ਤੇ ਸ਼ਾਹ ਹੁਸੈਨ ਨੇ ਸੇਵਾ ਕੀਤੀ ਤੇ ਸ਼ਰ੍ਹਾ ਤੇ ਕੁਰਾਨ ਦਾ ਪਾਬੰਦ ਰਿਹਾ। 26 ਸਾਲ ਦੀ ਉਮਰ ਵਿਚ ਉਸਨੇ ਦਾਤਾ ਗੰਜ ਬਖਸ਼ ਨੂੰ ਛਡ ਦਿਤਾ ਅਤੇ ਸਾਅਦ ਉੱਲਾ ਦਾ ਮੁਰੀਦ ਬਣ ਗਿਆ। ਉਹਨੇ ਸੂਫੀ ਮੱਤ ਬਾਰੇ ਬਹੁਤ ਸਾਰੀਆਂ ਪੁਸਤਕਾਂ ਪੜ੍ਹੀਆਂ ਤੇ ਉਸ ਨੂੰ ਪਤਾ ਲੱਗ ਗਿਆ ਕਿ ਉਸ ਨੇ ਖੁਦਾ ਦੇ ਮਰ੍ਹਮ ਨੂੰ ਜਾਣ ਲਿਆ ਹੈ। ਇਸ ਖੁਸ਼ੀ ਵਿਚ ਉਸਨੇ ਆਪਣੇ ਹਥ ਵਾਲਾ ਪਵਿਤਰ ਕੁਰਾਨ ਖੂਹ ਵਿਚ ਸੁੱਟ ਦਿਤਾ। ਕੁਰਾਨ ਦੀ ਬੇਅਦਬੀ ਤੇ ਕੁਫਰ ਵੇਖ ਕੇ ਉਸਦੇ ਸਹਿਪਾਠੀ ਅੱਗ ਬਗੋਲਾ ਹੋ ਗਏ। ਇਸ ਤੋਂ ਬਾਅਦ ਸ਼ਾਹ ਹੁਸੈਨ ਨੇ ਪੋਥੀ ਨੂੰ ਬਾਹਰ ਆਉਣ ਲਈ ਪੁਕਾਰਿਆ। ਪਵਿਤਰ ਕੁਰਾਨ ਦੇ ਬਗੈਰ ਗਿੱਲੇ ਹੋਇਆਂ ਬਾਹਰ ਆਉਣ ਤੇ ਉਸਦੇ ਕਲਾਸਫੈਲੋ ਹੈਰਾਨ ਰਹਿ ਗਏ। ਇਸ ਤੋਂ ਬਾਅਦ ਸ਼ਾਹ ਹੁਸੈਨ ਨੇ ਲਾਲ ਬਾਣਾ ਪਾ ਲਿਆ। ਦਾੜ੍ਹੀ ਮੁਛਾਂ ਮਨਾ ਦਿਤੀਆਂ ਤੇ ਸ਼ਰ੍ਹਾ ਦੀਆਂ ਪਾਬੰਦੀਆਂ ਤੋੜ ਕੇ ਸ਼ਰਾਬ ਪੀਣੀ, ਨੱਚਣਾ ਅਤੇ ਗਾਉਣਾ ਸ਼ੁਰੂ ਕਰ ਦਿਤਾ, "ਸਈਓ ਨੀ ਅਸੀਂ ਨੈਣਾਂ ਦੇ ਆਖੇ ਲਗੇ"। ਉਹ ਮੁਲਾਮਤੀ ਹੋ ਗਿਆ ਪਰ ਅਕਬਰ ਅਤੇ ਸ਼ਹਿਜ਼ਾਦਾ ਸਲੀਮ ਦੇ ਹਰਮ ਦੀਆਂ ਔਰਤਾਂ ਸ਼ਾਹ ਹੁਸੈਨ ਦੀਆਂ ਕਰਾਮਾਤਾਂ ਵਿਚ ਯਕੀਨ ਰਖਦੀਆਂ ਸਨ ਅਤੇ ਉਸ ਨੂੰ ਬਹੁਤ ਮਾਣ ਇੱਜ਼ਤ ਦਿੰਦੀਆਂ ਸਨ। ਪ੍ਰਿੰਸੀਪਲ ਪਾਖਰ ਸਿੰਘ ਜੋ ਪੀ ਕੇ ਕਮਰੇ ਵਿਚ ਆਰਾਮ ਕਰ ਰਹੇ ਸਨ ਜਾਂ ਕਿਸੇ ਅਧਿਆਤਮਕ ਅਵਸਥਾ ਵਿਚ ਸਨ, ਵਿਚੋਂ ਕਈ ਵਾਰ ਮੈਂਨੂੰ ਸ਼ਾਹ ਹੁਸੈਨ ਦੀ ਝਲਕ ਪੈਂਦੀ ਸੀ। ਮੈਂ ਬੇਚੈਨੀ ਤੋਂ ਬਚਣ ਲਈ ਤੇ ਸਮੁੰਦਰ ਨੂੰ ਆਖਰੀ ਸਲਾਮ ਕਹਿਣ ਲਈ ਉਠਿਆ ਅਤੇ ਸ਼ਰਾਬ ਦਾ ਭਰਿਆ ਗਲਾਸ ਸਮੁੰਦਰ ਵਿਚ ਡੋਲ੍ਹ ਦਿਤਾ। ਮੇਰਾ ਇਕ ਦੋਸਤ ਖਵਾਜਾ ਖਿਜਰ ਨੂੰ ਮੰਨਦਾ ਸੀ ਅਤੇ ਉਹਦੀ ਮੰਨਤਾ ਮੰਨਦਿਆਂ ਕਦੀ ਕਦੀ ਦਰਿਆ ਤੇ ਜਾ ਕੇ ਉਹਨੂੰ ਧਿਆਉਂਦਾ ਅਤੇ ਸ਼ਰਾਬ ਦੀ ਬੋਤਲ ਦਰਿਆ ਦੇ ਪਾਣੀ ਵਿਚ ਰੋੜ੍ਹ ਦਿੰਦਾ। ਪਤਾ ਨਹੀਂ ਉਹ ਠੀਕ ਸੀ ਕਿ ਗਲਤ ਸੀ ਪਰ ਉਹਦਾ ਯਕੀਨ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆ ਸੀ।
ਬੀਚ ਦੇ ਪਾਣੀ, ਨਾਰੀਅਲ ਦੇ ਰੁੱਖਾਂ ਅਤੇ ਫਾਈਵ ਸਟਾਰ ਹੋਟਲ ਦੇ ਕਮਰਿਆਂ ਅਗੋਂ ਲੰਘਦਿਆਂ ਤੇ ਯਾਦਾਂ ਦੇ ਖਜ਼ਾਨੇ ਨੂੰ ਭਰਦਿਆਂ ਮੈਂ ਕਮਰੇ ਵਿਚ ਆ ਗਿਆ। ਪ੍ਰਿੰਸੀਪਲ ਸਾਹਿਬ ਨੇ ਆਪਣਾ ਸਾਮਾਨ ਪੈਕ ਕਰ ਲਿਆ ਹੋਇਆ ਸੀ। ਮੈਂ ਵੀ ਆਪਣਾ ਸਾਮਾਨ ਪੈਕ ਕਰ ਲਿਆ ਤਾਂ ਜੋ ਸਵੇਰੇ ਸਵੇਰੇ 6 ਵਜੇ ਤੋਂ ਪਹਿਲਾਂ ਰੀਸੈਪਸ਼ਨ ਤੇ ਜਾ ਕੇ ਚੈਕ ਇਨ ਕਰਵਾਈ ਜਾ ਸਕੇ। ਸਾਡੇ ਸਭ ਦੇ ਪਾਸਪੋਰਟ, ਇਨਸ਼ੋਰੰਸ ਦੇ ਪੇਪਰ ਅਤੇ ਬਾਕੀ ਕਾਰਵਾਈ ਬੇਟੇ ਦਰਸ਼ਨ ਨੇ ਕਰਨੀ ਸੀ। ਕਿਊਬਾ ਵਿਚ ਵੇਕੇਸ਼ਨ ਦੀ ਇਹ ਆਖਰੀ ਰਾਤ ਸੀ। ਨਾ ਚਹੁੰਦਿਆਂ ਵੀ ਮਨ ਜਜ਼ਬਾਤੀ ਹੁੰਦਾ ਜਾ ਰਿਹਾ ਸੀ। ਦੁਨੀਆ ਵਿਚ ਕਿਊਬਾ ਦਾ ਬੜਾ ਨਾਂ ਸੀ ਕਿਉਂਕਿ ਕਮਿਉਨਿਸਟ ਦੇਸ਼ ਹੋਣ ਕਰ ਕੇ ਇਹਦੀ ਆਪਣੀ ਇਕ ਵਿਲਖਣਤਾ ਸੀ। ਮੈਂ ਸ਼ੁਰੂ ਜਵਾਨੀ ਵਿਚ ਕਾਲਜ ਪੜ੍ਹਦਿਆਂ ਕਮਿਉਨਿਸਟ ਪਾਰਟੀ ਵਿਚ ਰਲ ਗਿਆ ਸਾਂ ਅਤੇ ਕਈ ਸਾਲ ਪਾਰਟੀ ਵਿਚ ਧਕੇ ਖਾਣ ਤੋਂ ਬਾਅਦ ਜਦ ਹੋਸ਼ ਆਈ ਤਾਂ ਪਤਾ ਲੱਗਾ ਕਿ ਸੰਕੀਰਨਤਾ ਵਿਚ ਇਸ ਮੱਤ ਦੇ ਲੋਕ ਕਿਸੇ ਤਰ੍ਹਾਂ ਵੀ ਵਖ ਵਖ ਧਰਮਾਂ ਦੇ ਮਜ਼੍ਹਬੀ ਜਨੂਨੀਆਂ ਵਾਲੀ ਹੈਂਕੜ ਤੋਂ ਘੱਟ ਨਹੀਂ ਸਨ। ਇਹ ਕੁੱਕੜ ਦੀ ਇਕ ਲੱਤ ਮਨਾਉਣ ਵਿਚ ਬਜ਼ਿਦ ਰਹਿੰਦੇ ਸਨ। ਇਹਨਾਂ ਵਿਚੋਂ ਕਈਆਂ ਵਿਚ ਉਹ ਸਾਰੇ ਐਬ ਸ਼ਾਮਲ ਸਨ, ਜਿਨ੍ਹਾਂ ਗੱਲਾਂ ਦੀ ਇਹ ਖੁਦ ਨਿੰਦਾ ਕਰਦੇ ਸਨ, ਉਹ ਇਹਨਾਂ ਵਿਚ ਮੌਜੂਦ ਸਨ। ਇਹ ਗੱਲਾਂ ਦੇ ਗਾਦੜੀ ਤੇ ਵਜਰੀ ਹੋਣ ਕਰ ਕੇ ਦੂਜੇ ਨੂੰ ਮੌਕਾ ਨਹੀਂ ਦਿੰਦੇ ਸਨ। ਅਤਿ ਦਰਜੇ ਦੇ ਜਿੱæਦੀ, ਲਾਲਚੀ ਅਤੇ ਰੁਅਬ ਪਾਉਣ ਵਾਲੇ ਸਨ। ਇਹ ਉਤੋਂ ਹੋਰ ਅਤੇ ਅੰਦਰੋਂ ਹੋਰ ਸਨ। ਮੈਂ ਤਾਂ ਇਹਨਾਂ ਦੇ ਝੱਫੇ ਵਿਚੋਂ ਨਿਕਲ ਗਿਆ ਸਾਂ ਪਰ ਕਈ ਪੜ੍ਹ ਲਿਖ ਕੇ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਰਗੇ ਅਮੀਰ ਮੁਲਕਾਂ ਵਿਚ ਆ ਕੇ ਵੀ ਕਾਮਰੇਡੀ ਦੇ ਝਫੇ ਵਿਚੋਂ ਨਹੀਂ ਨਿਕਲੇ ਸਨ। ਅਜੇ ਵੀ ਲਾਲ ਲਾਲ ਗੱਲਾਂ ਕਰਦੇ ਸਨ ਤੇ ਸੀਟੀ ਸੁਣਨ ਤੇ ਮਾਰਨ ਦੀ ਆਵਾਜ਼ ਤੇ ਚਲਦੇ ਸਨ। ਅਮੀਰ ਮੁਲਕਾਂ ਵਿਚ ਰੱਜਵੀਂ ਰੋਟੀ ਖਾ ਕੇ ਗੁਣ ਰੂਸ ਤੇ ਚੀਨ ਦੇ ਗਾਉਂਦੇ ਸਨ। ਮਰਜ਼ੀ ਇਹਨਾਂ ਦੀ।
ਪ੍ਰਿੰਸੀਪਲ ਸਾਹਿਬ ਇਸ ਰੀਜ਼ੋਰਟ ਵਿਚ ਰਾਤ ਦਾ ਆਖਰੀ ਡਿਨਰ ਕਰਨ ਲਈ ਵੀ ਤਿਆਰ ਨਾ ਹੋਏ। ਕਹਿਣ ਲੱਗੇ ਕਿ ਤੁਸੀਂ ਜਾਓ ਤੇ ਡਿਨਰ ਕਰ ਆਓ। ਹੋ ਸਕੇ ਖਾਣਾ ਖਾਣ ਤੋਂ ਪਹਿਲਾਂ ਸ਼ਾਟ ਲਾ ਲੈਣਾ ਤੇ ਆਉਣ ਵੇਲੇ ਮੇਰੇ ਲਈ ਲੈ ਆਉਣਾ। ਰਾਤ ਬੀਤਦੀ ਜਾ ਰਹੀ ਸੀ। ਮੈਂ ਸੱਤ ਬਚਨ ਕਹਿ ਕੇ ਜਾਣ ਵਾਲਾ ਸਾਂ ਕਿ ਕਲੀਨਿੰਗ ਲੇਡੀ ਆ ਗਈ। ਅਸੀਂ ਜੋ ਕਪੜੇ ਬਚੇ ਸਨ, ਉਹ ਤੇ ਕੁਝ ਪੀਸੋ ਉਸ ਨੂੰ ਦੇ ਦਿਤੇ। ਉਹਨੇ ਖੁਸ਼ ਹੋ ਕੇ ਥੈਂਕਸ ਕੀਤਾ ਤੇ ਚਲੀ ਗਈ। ਮੈਂ ਹੌਲੀ ਹੌਲੀ ਰੈਸਟੋਰੈਂਟ ਵਿਚ ਚਲਾ ਗਿਆ ਤੇ ਇਸ ਰੈਸਟੋਰੈਂਟ ਵਿਚ ਆਖਰੀ ਡਿਨਰ ਕਰਨ ਲਈ ਮਨ ਬਨਾਉਣ ਲੱਗਾ। ਕਈ ਸੈਲਾਨੀ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਸਟਾਫ ਨਾਲ ਫੋਟੋਜ਼ ਖਿਚਵਾ ਰਹੇ ਸਨ ਤੇ ਉਹਨਾਂ ਨੂੰ ਟਿੱਪ ਦੇ ਰਹੇ ਸਨ। ਇਕ ਵੇਟਰ ਮੇਰੇ ਲਈ ਡਰਿੰਕ ਦਾ ਗਲਾਸ ਲੈ ਆਈ ਤੇ ਖਾਣ ਲਈ ਪੁੱਛਣ ਲੱਗੀ। ਹਲਕਾ ਡਿਨਰ ਕਰ ਕੇ ਕੁਝ ਚਿਰ ਟਹਿਲ ਕਦਮੀ ਕੀਤੀ ਤੇ ਵਾਪਸ ਕਮਰੇ ਵਿਚ ਆ ਗਿਆ। ਸਵੇਰੇ ਜਲਦੀ ਉਠਣ ਲਈ ਹੁਣ ਸੌਂ ਜਾਣਾ ਹੀ ਬਿਹਤਰ ਸੀ। ਪ੍ਰਿੰਸੀਪਲ ਸਾਹਿਬ ਨੇ ਵੀ ਗੁਡ ਨਾਈਟ ਕੀਤਾ ਤੇ ਸਵੇਰੇ ਜਲਦੀ ਉਠ ਕੇ ਤਿਆਰ ਹੋਣ ਕਾਰਨ ਸੌਂ ਗਏ। ਆਮ ਕਿਹਾ ਜਾਂਦਾ ਹੈ ਕਿ ਨੀਂਦ ਸੂਲੀ ਤੇ ਵੀ ਆ ਜਾਂਦੀ ਹੈ ਅਤੇ ਵੇਕੇਸ਼ਨ ਦੀ ਇਸ ਆਖਰੀ ਰਾਤ ਨੂੰ ਸੂਲੀ ਦੀ ਬਜਾਏ ਕਿਸੇ ਕਿਆਸੇ ਸਵਰਗ ਦੀ ਝਾਕੀ ਨਾਲ ਤੁਲਣਾ ਕਰਦਿਆਂ ਅਸੀਂ ਸਵੇਰੇ ਪੰਜ ਵਜੇ ਤੋਂ ਪਹਿਲਾਂ ਉਠ ਦੰਦਾਂ ਤੇ ਬੁਰਸ਼ ਆਦਿ ਕਰ ਤੇ ਦਾੜ੍ਹੀਆਂ ਬੰਨ੍ਹ ਕੇ ਤਿਆਰ ਹੋ ਆਪੋ ਆਪਣਾ ਸਾਮਾਨ ਲੈ ਕੇ ਕੁਝ ਮਿੰਟਾਂ ਵਿਚ ਰੀਜ਼ੋਰਟ ਤੇ ਪਹੁੰਚ ਗਏ। ਅਜੇ ਸਵੇਰ ਦੇ ਛੇ ਨਹੀਂ ਵੱਜੇ ਸਨ ਅਤੇ ਚੰਗੀ ਤਰ੍ਹਾਂ ਦਿਨ ਵੀ ਨਹੀਂ ਚੜ੍ਹਿਆ ਸੀ। ਸਾਥੋਂ ਪਹਿਲਾਂ ਦੋ ਤਿੰਨ ਹੋਰ ਸੈਲਾਨੀ ਆਪਣਾ ਸਾਮਾਨ ਲੈ ਕੇ ਪਹੁੰਚ ਚੁਕੇ ਸਨ। ਸੋਫੇ ਅਤੇ ਕੁਰਸੀਆਂ ਖਾਲੀ ਪਈਆਂ ਸਨ। ਬੈਠਣਾ ਬਿਹਤਰ ਸਮਝਦਿਆਂ ਅਸੀਂ ਸੋਫੇ ਮੱਲ ਲਏ ਕਿਉਂਕਿ ਪਤਾ ਨਹੀਂ ਇਥੋਂ ਕਿੰਨੇ ਵਜੇ ਬੱਸਾਂ ਨੇ ਚੱਲਣਾ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਸਾਹਮਣੇ ਕੁਝ ਵਿੱਥ ਤੇ ਸਵੇਰੇ ਹੀ ਬਾਰ ਖੁਲ੍ਹ ਗਈ ਸੀ ਅਤੇ ਕੁਝ ਲੋਕ ਆਪਣੇ ਸੂਟਕੇਸ ਅਤੇ ਹੈਂਡ ਬੈਗ ਆਦਿ ਰੀਸੈਪਸ਼ਨ ਅਗੇ ਬਣੇ ਬਰਾਂਡੇ ਵਿਚ ਟਿਕਾ ਕੇ ਬਾਰ ਵੱਲ ਆਖਰੀ ਚੂਪਾ ਲਾਉਣ ਲਈ ਚਲੇ ਗਏ ਸਨ। ਕੁਝ ਦੇ ਹਥਾਂ ਵਿਚ ਚਾਹ ਜਾਂ ਕਾਫੀ ਦੇ ਡਿਸਪੋਜ਼ੇਬਲ ਗਲਾਸ ਵੀ ਸਨ। ਮੈਨੂੰ ਵੀ ਚਾਹ ਦੀ ਬਹੁਤ ਤਲਬ ਹੋ ਰਹੀ ਸੀ। ਏਨੇ ਨੂੰ ਮੇਰੀ ਲੜਕੀ, ਜਵਾਈ, ਦੋਹਤੇ, ਦੋਹਤੀ ਵੀ ਆਪੋ ਆਪਣੇ ਸੂਟ ਕੇਸ ਲੈ ਕੇ ਪੁਜ ਗਏ ਅਤੇ ਬੱਚੇ ਸਾਡੇ ਨਾਲ ਸੋਫਿਆਂ ਤੇ ਬੈਠ ਗਏ। ਆਟਵਾ ਵਾਲੇ ਚੀਫ ਇੰਜਨੀਅਰ ਸਰਾ ਸਾਹਿਬ, ਉਹਨਾਂ ਦੀ ਪਤਨੀ ਅਤੇ ਬੱਚੀਆਂ ਵੀ ਪਹੁੰਚ ਗਈਆਂ। ਅਗਲੇ ਕੁਝ ਸਮੇਂ ਵਿਚ ਰੀਸੈਪਸ਼ਨ ਤੇ ਵੇਕੇਸ਼ਨ ਤੋਂ ਮੁੜਨ ਵਾਲਿਆਂ ਦਾ ਜਮਘਟਾ ਬਝ ਗਿਆ। ਮੇਰੀ ਬੇਟੀ ਤੇ ਗਗਨ ਰੈਸਟੋਰੈਂਟ ਵਿਚ ਗਏ ਤੇ ਸਾਰਿਆਂ ਲਈ ਚਾਹ ਲੈ ਆਏ। ਇਹ ਸਵੇਰ ਦੀ ਚਾਹ ਪੀਂਦਿਆਂ ਹੀ ਦਮ ਵਿਚ ਦਮ ਤੇ ਸਰੀਰ ਵਿਚ ਚੁਸਤੀ ਤੇ ਮਨ ਵਿਚ ਉਤਸ਼ਾਹ ਆ ਗਿਆ। ਪਤਾ ਲੱਗਾ ਕਿ ਬੱਸਾਂ ਆਉਣ ਵਾਲੀਆਂ ਹਨ। ਦਰਸ਼ਨ ਨੇ ਬੜੀ ਹੋਸ਼ਿਆਰੀ ਅਤੇ ਫੁਰਤੀ ਨਾਲ ਰੀਸੈਪਸ਼ਨ ਤੇ ਚੈੱਕ ਇਨ ਕਰਵਾ ਕੇ ਉਹਨਾਂ ਦੀ ਹਦਾਇਤ ਅਨੁਸਾਰ ਸਾਰੇ ਸੂਟਕੇਸ ਅਤੇ ਸਾਮਾਨ ਇਕ ਲਾਈਨ ਵਿਚ ਕਰ ਦਿਤੇ ਜੋ ਬੱਸਾਂ ਵਾਲਿਆਂ ਨੇ ਖੁਦ ਬੱਸਾਂ ਵਿਚ ਰੱਖਣੇ ਸਨ।
ਆਖਰ ਚੈੱਕ ਇਨ ਦੀ ਕਾਰਵਾਈ ਪੂਰੀ ਹੋਈ ਅਤੇ ਬੱਸਾਂ ਵਿਚ ਬੈਠਣ ਦਾ ਸਮਾਂ ਹੋ ਗਿਆ। ਤਿੰਨ ਬੱਸਾਂ ਅਗੇ ਪਿਛੇ ਆ ਕੇ ਖਲੋ ਗਈਆਂ। ਪੋਰਟਰਜ਼ ਨੇ ਰੀਸੈਪਸ਼ਨ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਸਾਮਾਨ ਬੱਸਾਂ ਵਿਚ ਰੱਖਣਾ ਸ਼ੁਰੂ ਕੀਤਾ ਅਤੇ ਸੈਲਾਨੀ ਵੀ ਦੱਸੀਆਂ ਬੱਸਾਂ ਵਿਚ ਸਵਾਰ ਹੁੰਦੇ ਗਏ। ਇਹਨਾਂ ਬੱਸਾਂ ਵਿਚ ਹੀ 22 ਦਸੰਬਰ ਨੂੰ ਅਸੀਂ ਏਰਪੋਰਟ ਤੋਂ ਇਥੇ ਰੀਜ਼ੋਰਟ ਵਿਚ ਆਏ ਸਾਂ। ਜਦ ਬੱਸਾਂ ਅਗੇ ਪਿਛੇ ਕਾਮਾਗੂਈ ਏਅਰਪੋਰਟ ਨੂੰ ਤੁਰੀਆਂ ਤਾਂ ਮੈਂ ਹਸਰਤ ਭਰੀਆਂ ਅੱਖਾਂ ਨਾਲ ਇਕ ਵਾਰ ਫਿਰ ਰੀਜ਼ੋਰਟ ਨੂੰ ਵੇਖਿਆ ਜਿਥੇ ਇਕ ਹਫਤਾ ਛੁਟੀਆਂ ਮਨਾ ਕੇ ਵਾਪਸ ਜਾ ਰਹੇ ਸਾਂ। ਆਪਣੇ ਆਪ ਨੂੰ ਸਵਾਲ ਕੀਤਾ ਕਿ ਪਤਾ ਨਹੀਂ ਦੋਬਾਰਾ ਕਦੀ ਏਥੇ ਆਣ ਹੋਵੇਗਾ ਕਿ ਨਹੀਂ। ਦੋ ਘੰਟੇ ਦੇ ਸਫਰ ਵਿਚ ਵਾਪਸ ਜਾਂਦਿਆਂ ਬੱਸ ਵਿਚੋਂ ਜੋ ਕੁਝ ਇਸ ਦੇਸ਼ ਬਾਰੇ ਵੇਖਿਆ ਜਾ ਸਕਦਾ ਸੀ ਜਾਂ ਜੋ ਕੁਝ ਵੇਖਣ ਨੂੰ ਦਿਸਦਾ ਸੀ, ਬੜੀ ਈਮਾਨਦਾਰੀ ਨਾਲ ਚਾਨਣ ਦੀ ਚਾਟੀ ਭਰ ਕੇ ਰੱਖਣ ਵਾਂਗ ਮੈਂ ਆਪਣੇ ਮਨ ਵਿਚ ਰੱਖੀ ਜਾ ਰਿਹਾ ਸਾਂ। ਰਸਤੇ ਵਿਚ ਥਾਂ ਥਾਂ ਬੱਸ ਅਡਿਆਂ ਤੇ ਖੜ੍ਹੇ ਮੁਸਾਫਰ ਬੱਸਾਂ ਦਾ ਇੰਤਜ਼ਾਰ ਕਰ ਰਹੇ ਸਨ। ਹੋਰ ਟਰੈਫਿਕ ਬਹੁਤ ਘਟ ਸੀ। ਕਿਧਰੇ ਕਿਧਰੇ ਜ਼ਿਆਦਾ ਹਰਿਆਵਲ ਤੇ ਉਹੀ ਕੰਡੇਦਾਰ ਝਾੜੀਆਂ ਤੋਂ ਇਲਾਵਾ ਵਡੇ ਪਤਿਆਂ ਵਾਲੇ ਢਾਕ ਦੇ ਰੁੱਖ ਦਿਸ ਰਹੇ ਸਨ। ਸੜਕ ਦੇ ਨਾਲ ਨਾਲ ਰੇਲਵੇ ਲਾਈਨ ਜਾ ਰਹੀ ਸੀ ਪਰ ਦੋ ਘੰਟੇ ਦੇ ਸਫਰ ਵਿਚ ਕੋਈ ਗੱਡੀ ਆਂਦੀ ਜਾਂ ਜਾਂਦੀ ਨਾ ਦਿਸੀ। ਕਿਊਬਾ ਦਾ ਅਸਲੀ ਜੀਵਨ ਕਿਹੋ ਜਿਹਾ ਸੀ, ਬਹੁਤ ਜਾਨਣ ਦੀ ਕੋਸ਼ਿਸ਼ ਕਰਦਿਆਂ ਵੀ ਓਥੋਂ ਤਕ ਝਾਤ ਨਾ ਪੈ ਸਕੀ ਤੇ ਆਖਰ ਅਸੀਂ ਏਅਰਪੋਰਟ ਤੇ ਪਹੁੰਚ ਕੇ ਬੋਰਡਿੰਗ ਪਾਸ ਲੈਣ ਲਈ ਬਣੀਆਂ ਲਾਈਨਜ਼ ਵਿਚ ਲਗ ਗਏ। ਇਥੇ ਏਰਪੋਰਟ ਦੀ ਫੀਸ ਵੀ ਭਰਨੀ ਪਈ ਤੇ ਇਮੀਗਰੇਸ਼ਨ ਅਤੇ ਸਿਕਿਓਰਟੀ ਚੈੱਕ ਅਪ ਪਾਰ ਕਰ ਕੇ ਦੋ ਮੰਜ਼ਲੀ ਬਿਲਿਡੰਗ ਵਾਲੀ ਇਸ ਏਅਰਪੋਰਟ ਦੀ ਲਾਬੀ ਵਿਚ ਹਵਾਈ ਜਹਾਜ਼ ਦਾ ਇੰਤਜ਼ਾਰ ਕਰਨ ਲਗੇ। ਮੈਂ ਉਪਰਲੀ ਮੰਜ਼ਲ ਤੇ ਜਾ ਕੇ ਏਅਰਪੋਰਟ ਦੀਆਂ ਕਈ ਫੋਟੋਜ਼ ਖਿਚੀਆਂ। ਖੁਲ੍ਹੇ ਖੇਤਾਂ ਵਿਚ ਬਣੇ ਏਅਰਪੋਰਟ ਤੇ ਸਾਦਗੀ, ਧੁੱਪ ਅਤੇ ਨੀਲੇ ਅਸਮਾਨ ਦਾ ਨਜ਼ਾਰਾ ਕੈਨੇਡਾ ਨਾਲੋਂ ਕਿਤੇ ਬਹੁਤ ਜ਼ਿਆਦਾ ਵਖਰਾ ਸੀ।
ਡਿਊਟੀ ਫਰੀ ਤੇ ਕਿਊਬਾ ਦੀ ਲਿਟਰ ਦੀ ਬੋਤਲ ਸਿਰਫ ਪੰਜ ਪੀਸੋ ਦੀ ਸੀ। ਸਿਗਾਰ ਤੇ ਹੋਰ ਵੀ ਸਾਮਾਨ ਸਸਤਾ ਸੀ ਪਰ ਸ਼ਿਵਾਸ ਰੀਗਲ ਅਤੇ ਬਲੈਕ ਲੇਬਲ ਮਹਿੰਗੀ ਸੀ। ਇਕ ਇਕ ਡਿਊਟੀ ਫਰੀ ਬੋਤਲ ਖਰੀਦ ਕੇ ਕਿਊਬਾ ਨੂੰ ਯਾਦ ਰਖਣ ਵਿਚ ਹੋਰ ਵਾਧਾ ਕਰ ਲਿਆ। ਸਮੇਂ ਸਿਰ ਜਹਾਜ਼ ਆ ਗਿਆ ਤੇ ਅਸੀਂ ਪੈਦਲ ਹੀ ਥੋੜ੍ਹੀ ਵਿਥ ਤੇ ਖੜ੍ਹੇ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ ਫੋਟੋ ਲੁਹਾਈਆਂ। ਕੋਈ ਰਸ਼ ਨਹੀਂ ਸੀ ਕਿਉਂਕਿ ਇਕੋ ਇਕ ਜਹਾਜ਼ ਸੀ ਜਿਸ ਨੇ ਸਾਨੂੰ ਤਿੰਨ ਘੰਟਿਆਂ ਵਿਚ ਮੁੜ ਆਪਣੇ ਪਿਆਰੇ ਵਤਨ ਕੈਨੇਡਾ ਲੈ ਆਂਦਾ। ਸਾਮਾਨ ਲੈ ਕੇ ਬਾਹਰ ਨਿਕਲੇ ਤਾਂ ਸੀਨਾ ਚੀਰਦੀ ਤੇਜ਼ ਰਫਤਾਰ ਠੰਢੀ ਹਵਾ ਅਤੇ ਬਰਫ ਦੀਆਂ ਫਲਰੀਜ਼ ਨੇ ਸਾਡਾ ਸਵਾਗਤ ਕੀਤਾ। ਗਰਮ ਦੇਸ਼ ਵਿਚੋਂ ਆਉਣ ਕਰ ਕੇ ਸਰਦੀ ਨਾਲ ਜਿਸਮ ਵਿਚ ਫਿਰ ਝੁਣਝੁਣੀ ਪੈਦਾ ਹੋ ਗਈ। ਕੈਨੇਡਾ ਕਿਉਂ ਐਨਾ ਠੰਢਾ ਸੀ ਜਦ ਕਿ ਢਾਈ ਤਿੰਨ ਘੰਟੇ ਦੀ ਫਲਾਈਟ ਪਿਛੋਂ ਕਿਊਬਾ ਵਿਚ ਓਥੇ ਕਿਉਂ ਐਨੀ ਜ਼ਿਆਦਾ ਗਰਮੀ ਸੀ, ਦੀਆਂ ਸੋਚਾਂ ਵਿਚ ਗੜੁੱਚਾ ਮਨ ਇਕ ਹਫਤੇ ਤੋਂ ਦਾਲ ਰੋਟੀ ਖਾਣ ਲਈ ਤਰਸ ਗਿਆ ਸੀ। ਘਰ ਫੋਨ ਕੀਤਾ ਤਾਂ ਵਡੀ ਬੇਟੀ ਨੇ ਦਸਿਆ ਕਿ ਮੱਕੀ ਦੀ ਰੋਟੀ ਤੇ ਸਾਗ, ਰੜ੍ਹੇ ਫੁਲਕਿਆਂ ਨਾਲ ਤੜਕੇ ਵਾਲੀ ਦਾਲ, ਮੂਲੀ ਤੇ ਹਰਾ ਪਿਆਜ਼, ਪੂਦਨੇ ਤੇ ਅੰਬੀਆਂ ਦੀ ਚਟਨੀ ਅਤੇ ਤਾਜ਼ਾ ਮਟਰਾਂ ਦੀ ਸੁਕੀ ਭੁੱਜੀ ਸਬਜ਼ੀ ਤੁਹਾਡਾ ਸਭ ਦਾ ਇੰਤਜ਼ਾਰ ਕਰ ਰਹੀ ਹੈ। ਪ੍ਰਿੰਸੀਪਲ ਸਾਹਿਬ ਦਾ ਆਗਿਆਕਾਰ ਲੜਕਾ ਮਨਜੀਤ ਉਹਨਾਂ ਨੂੰ ਲੈਣ ਲਈ ਏਅਰਪੋਰਟ ਤੇ ਪਹਿਲਾਂ ਹੀ ਪਹੁੰਚ ਕੇ ਉਡੀਕ ਕਰ ਰਿਹਾ ਸੀ।
ਸਮਾਪਤ