ਪੌਣਾ ਗਲਾਸ ਦੁੱਧ ਦਾ (ਕਹਾਣੀ)

ਬਲਵਿੰਦਰ ਸਿੰਘ ਚਾਹਲ    

Email: chahal_italy@yahoo.com
Phone: +39 320 217 6490
Address:
Italy
ਬਲਵਿੰਦਰ ਸਿੰਘ ਚਾਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੀਪਾ ਵੀ ਆਮ ਲੋਕਾਂ ਦੇ ਮੁੰਡਿਆਂ ਵਾਂਗ ਕਿਸੇ ਏਜੰਟ ਰਾਹੀਂ ਜਰਮਨ ਆ ਗਿਆ ਸੀ। ਇੱਥੇ ਆਕੇ ਉਸਨੂੰ ਪਤਾ ਲੱਗਾ ਕਿ ਬਾਹਰ ਕਿਸ ਬਲਾ ਦਾ ਨਾਂ ਹੈ। ਉੱਥੇ ਤਾਂ ਬਾਹਰੋਂ ਗਏ ਹਰ ਕਿਸੇ ਦੇ ਸੋਹਣੇ ਕੱਪੜੇ ਲੀੜੇ ਤੇ ਕਾਰਾਂ ਕੋਠੀਆਂ ਪਿੱਛੇ ਜੋ ਕੌੜਾ ਸੱਚ ਹੈ ਉਸ ਬਾਰੇ ਦੀਪੇ ਨੂੰ ਵੀ ਬਾਹਰ ਆ ਕੇ ਹੀ ਪਤਾ ਲੱਗਾ ਸੀ। ਪਰ ਫਿਰ ਵੀ ਦੀਪਾ ਮਿਹਨਤੀ ਸੀ ਅਤੇ ਉੰਝ ਵੀ ਆਪਣੇ ਘਰ ਦੀ ਹਾਲਤ ਤੋਂ ਕਿਸੇ ਤਰਾਂ ਅਨਜਾਣ ਨਹੀਂ ਸੀ। ਇਸ ਕਰਕੇ ਦੀਪੇ ਨੇ ਜੋ ਵੀ ਕੰਮ ਮਿਲਿਆ ਉਸਨੂੰ ਕਰਨ ਵਿੱਚ ਕਦੇ ਵੀ ਆਪਣੀ ਹੇਠੀ ਨਾ ਸਮਝੀ ਤੇ ਸਿਰ ਚੜੇ ਕਰਜ਼ੇ ਨੂੰ ਲਾਹ ਕੇ ਹੀ ਸਾਹ ਲਿਆ । ਕਰਜ਼ਾ ਲੱਥ ਜਾਣ ਤੇ ਵੀ ਦੀਪਾ ਆਪਣੇ ਆਪ ਨੂੰ ਸੁਰਖੁਰੂ ਨਹੀਂ ਸੀ ਸਮਝਦਾ। ਉਹ ਆਪਣੀ ਬੇਬੇ ਬਾਪੂ, ਵੱਡੇ ਭਾਈ ਤੇ ਭਰਜਾਈ ਦਾ ਵੀ ਪੂਰਾ ਖਿਆਲ ਰੱਖਦਾ ਸੀ ਤੇ ਗਾਹੇ ਬਗਾਹੇ ਉਹ ਪੈਸਿਆਂ ਤੋਂ ਬਿਨਾ  ਆਪਣੇ ਘਰ ਕੁਝ ਨਾ ਕੁਝ ਭੇਜਦਾ ਹੀ ਰਹਿੰਦਾ ਸੀ। ਕਦੇ ਭਰਾ ਲਈ ਕੋਈ ਕੱਪੜਾ, ਕਦੇ ਭਰਜਾਈ ਲਈ ਕੁਝ ਨਾ ਕੁਝ ਤੇ ਆਪਣੀ ਭਤੀਜੀ ਲਈ ਉਹ ਹਰ ਵਾਰ ਕੋਈ ਖਿਡੌਣਾ ਜਾਂ ਨਿੱਕੇ ਨਿੱਕੇ ਸੂਟ ਭੇਜਿਆ ਕਰਦਾ ਸੀ। ਉਸਨੇ ਆਪਣੇ ਬਾਪੂ ਲਈ ਬੜੇ ਸ਼ੌਕ ਨਾਲ ਘੜੀ ਭੇਜੀ ਸੀ ਭਾਂਵੇ ਕਿ ਬਾਪੂ ਨੂੰ ਟਾਈਮ ਵੀ ਨਹੀਂ ਸੀ ਦੇਖਣਾ ਆAੁਂਦਾ। ਦੀਪੇ ਦਾ ਇਹ ਪੱਕਾ ਨੇਮ ਸੀ ਕਿ ਉਹ ਆਏ ਮਹੀਨੇ ਦੋ ਮਹੀਨੇ ਬਾਅਦ ਲੱਖ ਰੁਪਈਆ ਭੇਜ ਦਿਆ ਕਰਦਾ ਸੀ । ਉਸਨੇ ਆਪਣੇ ਭਰਾ ਨੂੰ ਵਾਹੀ ਕਰਨ ਲਈ ਨਵਾਂ ਟਰੈਕਟਰ ਲੈ ਕੇ ਦਿੱਤਾ, ਸਹੁਰੇ ਜਾਣ ਲਈ ਮੋਟਰ ਸਾਈਕਲ ਤੇ ਘਰ ਨੂੰ ਵੀ ਇੱਕ ਨਵਾਂ ਰੂਪ ਦਿੱਤਾ। ਹੁਣ ਦੀਪੇ ਦਾ ਪਿਉ ਮਿੱਟੀ ਨਾਲ ਮਿੱਟੀ ਨਹੀਂ ਸੀ ਹੁੰਦਾ ਸਗੋਂ ਨਿੱਤ ਪਿੰਡ ਦੇ ਥੜੇ ਤੇ ਬਹਿ ਕੇ ਆਪਣੇ ਦੀਪੇ ਦੀਆਂ ਸਿਫ਼ਤਾਂ ਦੇ ਪੁਲ਼ ਬੰਨਿਆ ਕਰਦਾ ਸੀ। ਮਾਂ ਵੀ ਦੀਪੇ ਦੀਆਂ ਬੜੀਆਂ ਸਿਫਤਾਂ ਕਰਿਆ ਕਰਦੀ ਸੀ । ਉਹ ਤਾਂ  ਆਪਣੀ ਗਲੀ ਦੀ ਹਰ ਔਰਤ ਨੂੰ ਦੀਪੇ ਦੇ ਭੇਜੇ ਹੋਏ ਸਮਾਨ ਨੂੰ ਵਾਰ ਵਾਰ ਦਿਖਾਇਆ ਕਰਦੀ ਸੀ। ਦੀਪੇ ਦੀਆਂ ਭੈਣਾਂ ਵੀ ਆਪਣੇ ਸਹੁਰੀਂ ਬਾਹਰ ਗਏ ਭਰਾ ਦੇ ਸਿਰ ਤੇ ਕਈ ਵਾਰ ਲੋੜ ਤੋਂ ਜਿਆਦਾ ਮਾਣ ਦਿਖਾ ਜਾਂਦੀਆਂ ਸਨ । ਦੂਜੇ ਪਾਸੇ ਵਿਚਾਰਾ ਦੀਪਾ ਨਾ ਦਿਨ ਦੇਖਦਾ ਨਾ ਰਾਤ, ਬੱਸ ਕੰਮ ਹੀ ਦੇਖਦਾ ਸੀ। ਉਸਨੇ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਮੇਰੀ ਉਮਰ ਤੀਹ ਤੋਂ ਟੱਪ ਗਈ ਹੈ ਤੇ ਮੈਂ ਹੁਣ ਵਿਆਹ ਵੀ ਕਰਵਾਉਣਾ ਹੈ।
          ਸਮਾਂ ਬੀਤਦਾ ਗਿਆ ਤੇ ਦੀਪੇ ਨੂੰ ਬਾਹਰ ਆਏ ਤਕਰੀਬਨ ਸਾਢੇ ਸੱਤ ਸਾਲ ਹੋ ਗਏ ਸਨ । ਜਰਮਨ ਵਿੱਚ ਪੱਕੇ ਹੋਣ ਦਾ ਕੋਈ ਸਾਧਨ ਨਜ਼ਰ ਨਹੀਂ ਸੀ ਆ ਰਿਹਾ। ਇੱਕੋ ਇੱਕ ਰਸਤਾ ਵਿਆਹ ਦਾ ਸੀ ਪਰ ਹੁਣ ਜਰਮਨ ਦੀਆਂ ਕੁੜੀਆਂ ਪੰਜਾਬੀ ਮੁੰਡਿਆਂ ਨਾਲ ਵਿਆਹ ਕਰਵਾਉਣ ਤੋਂ ਕੰਨੀ ਕਤਰਾ ਰਹੀਆਂ ਸਨ । ਜਿਸਦਾ ਮੁੱਖ ਕਾਰਨ ਇਹ ਹੈ ਕਿ ਪੰਜਾਬੀ ਮੁੰਡੇ ਜਰਮਨ ਵਿੱਚ ਪੱਕੇ ਹੋਣ ਲਈ ਕੁੜੀ ਨਾਲ ਵਿਆਹ ਕਰਵਾ ਲੈਂਦੇ ਸਨ । ਕੁੜੀ ਤਾਂ ਸਾਰੀ ਉਮਰ ਲਈ ਨਾਲ ਰਹਿਣਾ ਚਾਹੁੰਦੀ ਸੀ ਪਰ ਸਾਡੇ ਬਹੁਤੇ ਪੰਜਾਬੀ ਵੀਰ ਪੇਪਰਾਂ ਤੱਕ ਹੀ ਸੀਮਤ ਹੁੰਦੇ ਸਨ ਤੇ ਪੱਕੇ ਹੋਣ ਤੋਂ ਬਾਅਦ ਜਰਮਨ ਕੁੜੀ ਤੋਂ ਪਿੱਛਾ ਛਡਾਉਣ ਲਈ ਕਈ ਪ੍ਰਕਾਰ ਦੇ ਸਿੱਧੇ ਅਸਿੱਧੇ ਤਰੀਕੇ ਵਰਤਣੋਂ ਵੀ ਗੁਰੇਜ਼ ਨਾ ਕਰਦੇ। ਇਸ ਤਰਾਂ ਜਰਮਨ  ਕੁੜੀਆਂ ਅੱਕ ਕੇ ਛੱਡ ਜਾਂਦੀਆਂ ਤੇ ਇਹ ਪੰਜਾਬ ਜਾ ਕੇ ਹੋਰ ਵਿਆਹ ਕਰਕੇ ਨਵੀਂ ਦੁਲਹਨ ਪੰਜਾਬ ਤੋਂ ਲੈ ਆਉਂਦੇ । ਇਸ ਤਰਾਂ ਇੱਕ ਤਾਂ ਘਰ ਦੇ ਖੁਸ਼ ਹੋ ਜਾਂਦੇ ਕਿ ਮੁੰਡੇ ਨੇ ਪੰਜਾਬਣ ਕੁੜੀ ਨਾਲ ਵਿਆਹ ਕਰਵਾਇਆ ਤੇ ਦੂਜੇ ਇਹ ਜਰਮਨ ਦੇ ਨਾਗਰਿਕ ਬਣ ਕੇ ਜਿੰæਦਗੀ ਨੂੰ ਵਧੀਆ ਤਰੀਕੇ ਨਾਲ ਜਿਊਣ ਦੇ ਕਾਬਲ ਹੋ ਜਾਂਦੇ। ਸੱਪ ਵੀ ਮਰ ਜਾਂਦਾ ਤੇ ਲਾਠੀ ਵੀ ਬੱਚ ਜਾਂਦੀ। ਰਹੀ ਗੱਲ ਜਰਮਨ ਕੁੜੀ ਦੀ ਉਸਦੀ ਵਿਚਾਰੀ ਦੀ ਕਿਸਮਤ ਨੂੰ ਪਿੱਛੋਂ ਕੌਣ ਦੇਖਦਾ ਸੀ। ਨਾਲੇ ਸਾਡੀ ਤਾਂ ਘਰੋਂ ਤੁਰਦਿਆਂ ਦੀ ਸੋਚ ਹੀ ਇਹੀ ਹੁੰਦੀ ਆ ਕਿ ਬਾਹਰ ਜਾ ਕੇ ਪੱਕੇ ਹੋਣਾ ਹੀਲਾ ਭਾਂਵੇਂ ਕੋਈ ਵੀ ਹੋਵੇ। ਪਰ ਦੀਪੇ ਨੇ ਅਜਿਹਾ ਵੀ ਕੁਝ ਨਾ ਕੀਤਾ ਉਹ ਤਾਂ ਬੱਸ ਘਰ ਦੇ ਬਾਰੇ ਹੀ ਸੋਚਦਾ ਸੀ, ਆਪਣੇ ਲਈ ਸੋਚਣ ਦਾ ਉਸ ਕੋਲ ਸਮਾਂ ਨਹੀਂ ਸੀ।
               ਕੁਝ ਸਮੇਂ ਬਾਅਦ ਇਟਲੀ ਦੀ ਸਰਕਾਰ ਨੇ ਇਟਲੀ ਵਿੱਚ ਇੰਮੀਗ੍ਰੇਸ਼ਨ ਖੋਲਣ ਦਾ ਐਲਾਨ ਕਰ ਦਿੱਤਾ ਕਿ ਜਿੰਨੇ ਵੀ ਲੋਕ ਇਟਲੀ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਉਨਾਂ ਨੁੰ ਰੈਗੂਲਰ ਕੀਤਾ ਜਾਵੇਗਾ। ਇਸ ਮੌਕੇ ਦਾ ਫਾਇਦਾ ਉਠਾਉਣ ਲਈ ਇਟਲੀ ਵਿੱਚ ਰਹਿੰਦੇ ਗੈਰ ਕਾਨੂੰਨੀ ਲੋਕਾਂ ਦੇ ਨਾਲ ਕੁਝ ਹੋਰ ਯੂਰਪੀਨ ਦੇਸ਼ਾਂ ਵਿੱਚ ਰਹਿੰਦੇ ਗੈਰ ਕਾਨੂੰਨੀ ਲੋਕਾਂ ਨੇ ਵੀ ਇਟਲੀ ਵਿੱਚ ਆ ਕੇ ਪੱਕੇ ਹੋਣ ਦਾ ਮਨ ਬਣਾਇਆ ਤੇ ਲੋਕ ਇਟਲੀ ਵਿੱਚ ਏਜੰਟਾਂ ਦੇ ਕੋਲ ਆਉਂਦੇ ਤੇ ਹਜਾਰਾਂ ਦੇ ਹਿਸਾਬ ਨਾਲ ਯੂਰੋ ਦੇ ਕੇ ਕਿਸੇ ਨਾ ਕਿਸੇ ਤਰੀਕੇ ਇਟਲੀ ਦੇ ਪੇਪਰ ਹਾਸਲ ਕਰਦੇ। ਕੁਝ ਤਾਂ ਇਸ ਮੌਕੇ ਦਾ ਫਾਇਦਾ ਉਠਾਉਣ ਵਿੱਚ ਸਫਲ ਹੋ ਗਏ, ਕੁਝ ਵਿਚਾਰੇ ਬਾਰਡਰਾਂ ਤੇ ਫੜੇ ਵੀ ਗਏ ਤੇ ਕੁਝ ਨਾਲ ਸਾਡੇ ਹੀ ਦੇਸੀ ਭਰਾਵਾਂ ਨੇ ਠੱਗੀ ਵੀ ਮਾਰ ਲਈ ਤੇ ਵਿਚਾਰਿਆਂ ਨੂੰ ਪੇਪਰ ਵੀ ਨਾ ਦਿਵਾਏ। ਦੀਪਾ ਇਨਾਂ ਵਿੱਚੋਂ ਇੱਕ ਸੀ ਜੋ ਕਿ ਜਰਮਨ ਤੋਂ ਇਟਲੀ ਪੱਕਾ ਹੋਣ ਲਈ ਆਇਆ ਸੀ। ਉਸਨੇ ਜਰਮਨ ਤੋਂ ਤੁਰਦੇ ਸਮੇਂ ਆਪਣੀ ਜੇਬ ਵਿੱਚ ਅੱਠ ਹਜਾਰ ਯੂਰੋ ਪਾਇਆ ਸੀ। ਕੁਝ ਪੈਸੇ ਉਹ ਆਪਣੇ ਕਿਸੇ ਭਰੋਸੇ ਵਾਲੇ ਯਾਰ ਬੇਲੀ ਕੋਲ ਰੱਖ ਕੇ ਵੀ ਆਇਆ ਸੀ ਤਾਂ ਕਿ ਲੋੜ ਪੈਣ ਤੇ ਮੰਗਵਾਏ ਜਾ ਸਕਣ। ਉਹ ਆਪਣੇ ਘਰ ਦਿਆਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਜਾਂ ਪ੍ਰੇਸ਼ਾਨੀ ਨਹੀਂ ਸੀ ਦੇਣੀ ਚਾਹੁੰਦਾ।
          ਇਟਲੀ ਆ ਕੇ ਦੀਪੇ ਨੂੰ ਕਈ ਚੰਗੇ ਮਾੜੇ ਤਜਰਬੇ ਹੋਏ। ਉਸ ਨਾਲ ਪੈਸਿਆਂ ਦੀ ਵੀ ਠੱਗੀ ਹੋਈ, ਜਿਸ ਦੂਰ ਦੇ ਰਿਸ਼ਤੇਦਾਰ ਕੋਲ ਉਹ ਆਇਆ ਸੀ ਉਸਨੇ ਵੀ ਦੀਪੇ ਦੀ ਕਿਸੇ ਏਜੰਟ ਨਾਲ ਗੱਲ ਕਰਵਾਉਣ ਲਈ ਵਿੱਚੋਂ ਹਿੱਸਾ ਖਾਧਾ ਸੀ। ਪਰ ਦੀਪੇ ਨੇ ਕੁਝ ਵੀ ਜ਼ਾਹਰ ਨਾ ਕੀਤਾ ਸਗੋਂ ਅੰਦਰੇ ਅੰਦਰ ਇਹ ਕੁਝ ਲੁਕਾ ਲਿਆ ਸੀ। ਦੀਪਾ ਪੇਪਰ ਅਪਲਾਈ ਕਰਕੇ ਵਾਪਸ ਜਰਮਨ ਮੁੜ ਗਿਆ ਸੀ। ਫਿਰ ਉਹ ਕੁਝ ਮਹੀਨਿਆਂ ਬਾਅਦ ਉਦੋਂ ਵਾਪਸ ਆਇਆ ਸੀ ਜਦੋਂ ਉਸਨੂੰ ਪੇਪਰ ਮਿਲਣੇ ਸਨ।  ਜਿਸ ਦਿਨ ਦੀਪੇ ਨੂੰ ਪੇਪਰ ਮਿਲੇ ਉਸਨੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਫੋਨ ਕਰਕੇ ਖੁਸ਼ ਖਬਰੀ ਸੁਣਾਈ ਸੀ। ਤੇ ਉਸਨੇ ਕਿਹਾ ਸੀ ਮਾਂ ਮੈਂ ਪੱਕਾ ਹੋ ਗਿਆ ਤੂੰ ਗੁਰਦਵਾਰਾ ਸਾਹਿਬ ਜਾ ਕੇ ਪ੍ਰਸ਼ਾਦ ਕਰਾ ਕੇ ਆ। ਨਾਲ ਹੀ ਕਹਿ ਦਿੱਤਾ ਸੀ ਮਾਂ ਕੁਝ ਮਹੀਨੇ ਮੇਰੇ ਕੋਲੋਂ ਪੈਸੇ ਨਹੀਂ ਭੇਜ ਹੋਣੇ।
        ਪੁੱਤ ਚੰਗਾਂ ਪੱਕਾ ਹੋਇਆ ਤੂੰ ਤੇ ਕਹਿਨੈ ਪੈਸੇ ਨੀ ਭੇਜ ਹੋਣੇ, ਟ੍ਰੈਕਟਰ ਦੀ ਕਿਸ਼ਤ ਆਉਣ ਵਾਲੀ ਆ, ਉੱਪਰੋਂ ਲਵੇਰਾ ਵੀ ਲੈਣਾ ਹੁਣ ਕੋਈ ਤੇ ਕੁੜੀ ਦੇ ਬੱਚਾ ਹੋਣ ਵਾਲਾ। ਇਹਦੇ ਨਾਲੋਂ ਤਾਂ ਤੂੰ ਕੱਚਾ ਈ ਚੰਗਾ ਸੀ। ਨਾਲ ਹੀ ਮਾਂ ਨੇ ਟੈਲੀਫੋਨ ਕੱਟ ਦਿੱਤਾ। ਦੀਪਾ ਵਿਚਾਰਾ ਇਟਲੀ ਦੇ ਪੇਪਰ ਹੱਥ ਵਿੱਚ ਲੈ ਕੇ ਕਦੇ ਖੁਦ ਵੱਲ ਦੇਖ ਰਿਹਾ ਸੀ ਤੇ ਕਦੇ ਪੇਪਰਾਂ ਵੱਲ। ਉਸਦਾ ਜੀਅ ਉੱਚੀ ਉੱਚੀ ਰੋਣ ਨੂੰ ਕਰਦਾ ਸੀ ਪਰ ਉਸ ਕੋਲੋਂ ਰੋਇਆ ਨਾ ਗਿਆ ਤੇ ਉਹ ਬੜਾ ਨਿਰਾਸ਼ ਜਿਹਾ ਹੋ ਕੇ ਸੜਕ ਦੇ ਅਗਲੇ ਪਾਸੇ ਜਾਂਦੀ ਮਾਲ ਗੱਡੀ ਨੂੰ ਤੱਕਣ ਲੱਗਾ। ਉਸਦੀ ਸੋਚਾਂ ਦੇ ਘੋੜੇ ਬਿਨ ਲਗਾਮਾਂ ਹੋ ਕੇ ਦੋੜੇ ਜਾ ਰਹੇ ਸਨ। ਗੱਡੀ ਦੀ ਅਵਾਜ਼ ਉਸਨੂੰ ਇੰਝ ਲੱਗਦੀ ਸੀ ਜਿਵੇਂ ਕੋਈ ਬੜੀ ਜ਼ੋਰ ਜ਼ੋਰ ਨਾਲ ਉਸਦੇ ਸਿਰ ਵਿੱਚ ਵਦਾਣ ਮਾਰ ਰਿਹਾ ਹੋਵੇ।
        ਦੀਪੇ ਨੇ ਇਟਲੀ ਦੇ ਪੇਪਰ ਲੈ ਕੇ ਦੂਜੇ ਤੀਜੇ ਦਿਨ ਹੀ ਜਰਮਨ ਦੀ ਤਿਆਰੀ ਕਰ ਲਈ ਤੇ ਜਾਂਦੇ ਸਾਰ ਹੀ ਕਿਸੇ ਤੋਂ ਉਧਾਰ ਫੜæ ਕੇ ਆਪਣੇ ਘਰ ਨੂੰ ਪੈਸੇ ਪਾਏ ਤਾਂ ਦੀਪੇ ਦੇ ਭਰਾ ਨੇ ਮਾਂ ਦੇ ਕਹਿਣ ਤੇ ਫੋਨ ਕੀਤਾ ਕਿ ਜੇ ਕਰ ਤੰਗ ਸੀ ਤਾਂ ਰਹਿਣ ਦੇਣੇ ਸੀ ਅਸੀਂ ਆਪਣਾ ਸਾਰ ਲੈਣਾ ਸੀ ਤੂੰ ਆਪਣੀ ਜਿੰæਦਗੀ ਬਾਰੇ ਸੋਚ ਵੀਰਿਆ। ਭਰਾ ਦੇ ਬੋਲਾਂ ਵਿੱਚ ਵੀ ਤਲਖੀ ਸੀ। ਉਸਨੇ ਨੇ ਵੀ ਦੀਪੇ ਨੂੰ ਪੱਕੇ ਹੋਣ ਦੀ ਕੋਈ ਵਧਾਈ ਨਾ ਦਿੱਤੀ।
       ਤਾਂ ਦੀਪਾ ਕਹਿਣ ਲੱਗਾ ਨਹੀਂ ਨਹੀਂ ਮੈਂ ਵੀ ਤਾਂ ਤੁਹਾਡੇ ਲਈ ਬਾਹਰ ਆਇਆ ਹਾਂ। ਮਾਂ ਕਹਿੰਦੀ ਸੀ ਟ੍ਰੈਕਟਰ ਦੀ ਕਿਸ਼ਤ ਤਾਰਨ ਵਾਲੀ ਆ ਤੇ ਹੋਰ ਵੀ ਖਰਚੇ ਆ।
ਮਾਂ ਨੂੰ ਪਤਾ ਈ ਆ ਦੀਪਿਆ ਘਰ ਬਾਰੇ ਪਰ ਤੂੰ ਜੇ ਪੇਪਰ ਦੋ ਸਾਲ ਰੁੱਕ ਕੇ ਬਣਾ ਲੈਂਦਾ ਤਾਂ ਕਿਹੜੀ ਨੇਰੀ੍ਹ ਆ ਜਾਣੀ ਸੀ। ਅਜੇ ਤੇਰਾ ਤਾਂ ਵਿਆਜ ਵੀ ਨਹੀਂ ਮੁੜਿਆ ਤੇ ਤੂੰ ਆਪਣੇ ਖਰਚੇ ਕਰਕੇ ਸੁਣਾ ਰਿਹੈਂ। ਦੀਪੇ ਦਾ  ਭਰਾ ਦੀਪੇ ਨਾਲ ਪੱਕਾ ਹੋਣ ਤੇ ਅਸਲੋਂ ਹੀ ਨਰਾਜ਼ ਸੀ।
      ਦੀਪੇ ਨੂੰ ਕੋਈ ਵੀ ਗੱਲ ਨਾ ਸੁੱਝੀ ਤੇ ਉਸਨੇ ਮੱਧਮ ਜਿਹੀ ਫਤਹਿ ਬੁਲਾ ਕੇ ਫੋਨ ਕੱਟ ਦਿੱਤਾ। ਦੀਪਾ ਸੋਚਦਾ ਸੀ ਕਿ  ਮੇਰੇ ਘਰ ਦੇ ਬਹੁਤ ਖੁਸ਼ ਹੋਣਗੇ ਕਿ ਮੈਂ ਪੱਕਾ ਹੋ ਗਿਆ ਪਰ ਸਭ ਕੁਝ ਉਲਟ ਸੀ। ਜਿੱਥੇ ਦੀਪੇ ਦੇ ਸਾਰੇ ਯਾਰ ਬੇਲੀ ਉਸਨੂੰ ਵਧਾਂਈਆਂ ਦੇ ਰਹੇ ਸਨ ਉੱਥੇ ਦੀਪੇ ਦੇ ਘਰਦੇ ਉਸਨੂੰ ਕੋਸ ਰਹੇ ਸਨ । ਜਿਸਦਾ ਮੁੱਖ ਕਾਰਨ ਦੀਪੇ ਦੀ ਭਰਜਾਈ ਸੀ ਜੋ ਕਿ ਆਪਣੇ ਘਰ ਵਾਲੇ ਨੂੰ ਨਿੱਤ ਚੁੱਕਣਾ ਦਿੰਦੀ ਸੀ ਤੇ ਉਹ ਆਪਣੀ ਮਾਂ ਦੇ ਕੰਨ ਭਰ ਦਿਆ ਕਰਦਾ ਸੀ ।
         ਇਸੇ ਤਰਾਂ ਦੀਪੇ ਦੇ ਘਰ ਹੁਣ ਗੱਲਾਂ ਚੱਲਦੀਆਂ ਸਨ ਕਿ ਇਹ ਪੱਕਾ ਹੋ ਗਿਆ ਹੈ ਹੁਣ ਇੰਡੀਆ ਆਵੇਗਾ ਤੇ ਵਿਆਹ ਕਰਵਾਏਗਾ। ਸਾਨੂੰ ਕੀ ਫਾਇਦਾ ਹੋਇਆ ਇਹਨੂੰ ਬਾਹਰ ਭੇਜਣ ਦਾ, ਦੀਪੇ ਦੀ ਭਰਜਾਈ ਦੀਪੇ ਦੇ ਭਰਾ ਦੇ ਕੋਲ ਬਹਿੰਦਿਆਂ ਸਾਰ ਹੀ ਅਜਿਹੇ ਸ਼ਬਦ ਬੋਲਦੀ। ਭਰਾ ਹੋਰ ਵੀ ਖਿਝ ਜਾਦਾ ਤੇ ਦੀਪੇ ਪ੍ਰਤੀ ਅਵਾ ਤਬਾ ਬੋਲਣ ਲੱਗਦਾ। ਉਹ ਸਾਰਾ ਕਸੂਰਵਾਰ ਦੀਪੇ ਨੂੰ ਸਮਝਦਾ ਤੇ ਵਿੱਚੇ ਵਿੱਚ ਇਟਲੀ ਦੀ ਸਰਕਾਰ ਨੂੰ ਵੀ ਬੁਰਾ ਭਲਾ ਆਖ ਜਾਂਦਾ ਕਿ ਕੀ ਲੋੜ ਸੀ ਪੇਪਰ ਖੋਲਣ ਦੀ ਤੇ ਪੱਕੇ ਕਰਨ ਦੀ। ਬੜਾ ਸੋਹਣਾ ਆਏ ਮਹੀਨੇ ਦੋ ਮਹੀਨੇ ਬਾਅਦ ਲੱਖ ਰੁਪਇਆ ਆ ਜਾਂਦਾ ਸੀ ਹੁਣ ਕਿੱਥੋਂ ਆਉਣਗੇ ਪੈਸੇ।
         ਪਰ ਦੀਪੇ ਨੇ ਆਪਣੇ ਘਰ ਵਾਲਿਆਂ ਦੀਆਂ ਗੱਲਾਂ ਨੂੰ ਅਣਗੌਲਿਆਂ ਕਰਕੇ ਇੱਕ ਵਾਰ ਫਿਰ ਲੱਕ ਬੰਨ ਲਿਆ ਤੇ ਪਹਿਲਾਂ ਵਾਂਗ ਹੀ ਘਰ ਨੂੰ ਪੈਸੇ ਭੇਜਦਾ ਰਿਹਾ। ਘਰ ਦੇ ਵੀ ਹੁਣ ਦੀਪੇ ਨਾਲ ਨਰਾਜ਼ ਨਹੀਂ ਸਨ। ਪਰ ਹੁਣ ਘਰ ਦੇ ਦੀਪੇ ਨੂੰ ਇੰਡੀਆ ਆਉਣ ਬਾਰੇ ਕਦੇ ਨਾ ਆਖਦੇ, ਕਿਉਂਕਿ ਉਹ ਜਾਣਦੇ ਸਨ ਕਿ ਦੀਪਾ ਇੰਡੀਆ ਆਇਆ ਉਸ ਵਿਆਹ ਕਰਵਾ ਲੈਣਾ ਹੈ ਤੇ ਫਿਰ ਉਹ ਆਪਣੇ ਬਾਰੇ ਸੋਚਣ ਲੱਗ ਪਵੇਗਾ। ਇੱਧਰ ਦੀਪਾ ਆਪਣੀ ਉਮਰ ਬਾਰੇ ਸੋਚ ਕੇ ਹੁਣ ਵਿਆਹ ਬਾਰੇ ਵੀ ਸੋਚਦਾ ਸੀ। ਪਰ ਉਹ ਚਾਹੁੰਦਾ ਸੀ ਕਿ ਘਰ ਦੇ ਖੁਦ ਹੀ ਉਸਨੂੰ ਇੰਡੀਆ ਆਉਣ ਬਾਰੇ ਆਖਣ। ਜਦੋਂ ਘਰ ਦਿਆਂ ਨੇ ਕਦੇ ਵੀ ਦੀਪੇ ਨਾਲ ਇਸ ਬਾਰੇ ਗੱਲ ਨਾ ਕੀਤੀ ਤਾਂ ਦੀਪੇ ਨੇ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਹੁਣ ਇੰਡੀਆ ਆਉਣਾ ਚਾਹੁੰਦਾ ਹਾਂ।
    ਮਾਂ ਬੋਲੀ ਪੁੱਤਰ ਇੱਥੇ ਤਾਂ ਗਰਮੀ ਬੜੀ ਆ ਤੂੰ ਅਜੇ ਰੁਕ ਜਾ।
    ਪਰ ਮਾਂ ਮੈਨੂੰ ਬੜੇ ਸਾਲ ਹੋਗੇ ਘਰੋਂ ਆਏ ਨੂੰ ਮੇਰਾ ਦਿਲ ਕਰਦਾ ਕਿ ਮੈਂ ਤੁਹਾਨੂੰ ਮਿਲ ਕੇ ਜਾਵਾਂ ਨਾਲੇ ਮੇਰਾ ਵਿਆਹ ਕਰਵਾਉਣ ਨੂੰ ਜੀਅ ਕਰਦਾ।
   ਮਾਂ ਨੇ ਅੱਧੀ ਕੁ ਹਾਂ ਤੇ ਅੱਧੀ ਕੁ ਨਾਂਹ ਨਾਲ ਗੱਲੀਂ ਬਾਤੀ ਦੀਪੇ ਨੂੰ ਟਾਲਣਾ ਚਾਹਿਆ । ਪਰ ਦੀਪਾ ਹੁਣ ਇੰਡੀਆ ਜਾਣ ਦਾ ਮਨ ਬਣਾ ਬੈਠਾ ਸੀ।  ਉਸਨੇ ਬਿਨਾਂ ਘਰ ਦੱਸੇ ਹੀ ਘਰ ਦੇ ਹਰ ਜੀਅ ਲਈ ਕਈ ਤਰਾਂ ਦੇ ਤੋਹਫੇ ਖਰੀਦੇ ਅਤੇ ਇੰਡੀਆ ਦੀ ਟਿਕਟ ਲਈ ਤੇ ਚੜ ਗਿਆ ਜਹਾਜੇæ। ਦੀਪੇ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਟੈਕਸੀ ਕੀਤੀ ਤੇ ਸਿੱਧਾ ਘਰ ਜਾ ਪੁੱਜਾ। ਘਰ ਵਾਲੇ ਦੀਪੇ ਦੇ ਅਚਾਨਕ ਆਉਣ ਤੇ ਥੋਹੜੇ ਜਿਹੇ ਪ੍ਰੇਸ਼ਾਨ ਤਾਂ ਹੋਏ ਪਰ ਜਦੋਂ ਦੀਪੇ ਨੇ ਸਮਾਨ ਵਾਲਾ ਬੈਗ ਖੋਹਲਿਆ ਤਾਂ ਘਰਦਿਆਂ ਦਾ ਮੂੰਹ ਕੁਝ ਹੱਦ ਤੱਕ ਬੰਦ ਹੋ ਗਿਆ ਤੇ ਰਹਿੰਦੀ ਕਸਰ ਦੀਪੇ ਵਲੋਂ ਘਰ ਦਿੱਤੇ ਪੈਸਿਆਂ ਨੇ ਪੂਰੀ ਕਰ ਦਿੱਤੀ। ਦੀਪੇ ਦਾ ਭਰਾ ਦੀਪੇ ਨੂੰ ਹਰ ਰੋਜ਼ ਸ਼ਹਿਰ ਲੈ ਕੇ ਜਾਂਦਾ ਤੇ ਨਿੱਤ ਨਵਾਂ ਖਾਣਾ ਖਵਾ ਕੇ ਘਰ ਨੂੰ ਮੁੜਦਾ। ਉਹ ਦੀਪੇ  ਨੂੰ ਕਿਸੇ ਗੱਲੋਂ ਵੀ ਨਰਾਜ਼ ਨਹੀਂ ਸੀ ਕਰਨਾ ਚਾਹੁੰਦਾ। ਪਰ ਵਿਆਹ ਬਾਰੇ ਕਿਸੇ ਨੇ ਵੀ ਦੀਪੇ ਨਾਲ ਗੱਲ ਨਾ ਤੋਰੀ।
    ਦੀਪਾ ਗੱਲੀਂ ਬਾਤੀਂ ਮਾਂ ਨੂੰ ਕਹਿ ਛੱਡਦਾ ਮਾਂ ਤੇਰੀ ਨਿੱਕੀ ਨੂੰਹ ਨੂੰ ਮੈਂ ਤੇਰੇ ਕੋਲ ਨੀ ਛੱਡਣਾ।
    ਅੱਗੋਂ ਮਾਂ ਕੁਝ ਨਾ ਬੋਲਦੀ ਸਗੋਂ ਹੱਸ ਕੇ ਟਾਲ ਦਿੰਦੀ ਜਾਂ ਕਹਿ ਛੱਡਦੀ 'ਜੁਲਾਹੇ ਦੀਆਂ ਮਾਂ ਨਾਲ ਮਸ਼ਕਰੀਆਂ'
    ਦੀਪੇ ਦੀ ਭਰਜਾਈ ਵੀ ਦੀਪੇ ਨਾਲ ਕਦੇ ਪਹਿਲਾਂ ਵਾਂਗ ਮਜ਼ਾਕ ਨਾ ਕਰਦੀ, ਹੁਣ ਉਸਨੇ ਕਦੇ ਨਹੀਂ ਸੀ ਕਿਹਾ ਦਿਉਰਾ ਵਿਚੋਲੀ ਤੇਰੀ ਮੈਂ ਹੀ ਬਣਨਾ ਜੇ ਪਾਣੀ ਭਰੇਂਗਾ ਤਾਂਹੀ ਮਸਲਾ ਹੱਲ ਹੋਊ।
     ਅਖੀਰ ਦੀਪੇ ਨੇ ਆਪਣੇ ਮਾਮੇ ਨਾਲ ਗੱਲ ਕੀਤੀ ਜਿਸਨੇ ਆਪਣੇ ਕਿਸੇ ਵਾਕਫ਼ ਨਾਲ ਗੱਲ ਕਰਕੇ ਤੇ ਘਰਦਿਆਂ ਤੇ ਜੋæਰ ਪਾ ਕੇ ਦੀਪੇ ਦਾ ਵਿਆਹ ਕਰਵਾ ਦਿੱਤਾ। ਦੀਪਾ ਬੜਾ ਖੁਸ਼ ਸੀ। ਉਸਨੇ ਆਪਣੇ ਵਿਆਹ ਦਾ ਸਾਰਾ ਖਰਚਾ ਆਪ ਹੀ ਕੀਤਾ। ਘਰਦਿਆਂ ਦੇ ਸਾਰੇ ਚਾਅ ਪੂਰੇ ਕੀਤੇ। ਦੀਪੇ ਦੇ ਘਰਦੇ ਉਸ ਨਾਲ ਵਿਆਹ ਵਿੱਚ ਤਾਂ ਖੁਸ਼ ਦਿਖਾਈ ਦਿੰਦੇ ਸਨ ਪਰ ਅੰਦਰੋਂ ਉਹ ਕੁਝ ਔਖੇ ਹੀ ਸਨ। ਉਨਾਂ ਨੇ ਰਲ਼ ਕੇ ਸਲਾਹ ਕਰ ਲਈ ਸੀ ਕਿ ਦੀਪੇ ਨੂੰ ਖੁਸ਼ ਰੱਖਿਆ ਜਾਵੇ ਅਤੇ ਇਸਦੇ ਚਲੇ ਜਾਣ ਬਾਅਦ ਇਸਦੀ ਘਰਵਾਲੀ ਨੂੰ ਤੰਗ ਕਰ ਕੇ ਪੇਕੀਂ ਤੋਰ ਦਿਆਂਗੇ। ਆਪੇ ਕੁਝ ਚਿਰ ਬਾਅਦ ਤਲਾਕ ਹੋਜੂ। ਦੀਪਾ ਵੀ ਆਪੇ ਟਿਕਾਣੇ ਆਜੂ ਨਾਲੇ ਇਹਦਾ ਵਿਆਹ ਦਾ ਚਾਅ ਵੀ ਮੱਠਾ ਪੈ ਜਾਵੇਗਾ।
     ਦੀਪਾ ਵਿਆਹ ਤੋਂ ਦੋ ਮਹੀਨੇ ਬਾਅਦ ਵਾਪਸ ਆ ਗਿਆ ਤੇ ਪਿਛੋਂ ਘਰਦਿਆਂ ਨੇ ਦੀਪੇ ਦੀ ਘਰਵਾਲੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਵਿਚਾਰੀ ਮਹੀਨਾ ਕੁ ਤਾਂ ਚੁੱਪ ਰਹੀ, ਪਿੱਛੋਂ ਉਸਨੇ ਸਾਰਾ ਕੁਝ ਪਹਿਲਾਂ ਦੀਪੇ ਨੂੰ ਦੱਸਿਆ ਤੇ ਦੀਪੇ ਨੇ ਘਰ ਦਿਆਂ ਨਾਲ ਗੱਲ ਕਰਨੀ ਚਾਹੀ। ਪਰ  ਕਿਸੇ ਨੇ ਦੀਪੇ ਦੀ ਇੱਕ ਨਾ ਸੁਣੀ। ਉਲਟਾ ਇਹੀ ਆਖਣ ਆਹੋ ਹੁਣ ਤਾਂ ਜੋ ਰੰਨ ਕਹੂ ਉਹੀ ਸੱਚ ਹੈਗਾ, ਅਸੀਂ ਸਾਰਾ ਟੱਬਰ ਹੁਣ ਬੁਰਾ ਹੋ ਗਿਆ।
      ਪਰ ਦੀਪਾ ਗੱਲ ਨੂੰ ਠੰਡੀ ਕਰਨ ਲਈ ਟੱਬਰ ਦੇ ਇਕੱਲੇ ਇਕੱਲੇ ਜੀਅ ਦੇ ਦੇ ਤਰਲੇ ਕਰਦਾ। ਉਸਨੇ ਆਪਣੀਆਂ ਭੈਣਾਂ ਨਾਲ ਵੀ ਗੱਲ ਕੀਤੀ। ਪਰ ਉਹ ਦੀਪੇ ਦੀ ਮਾਂ ਤੇ ਭਰਜਾਈ ਦੀ ਬੋਲੀ ਬੋਲਦੀਆਂ ਸਨ । ਅਖੀਰ ਦੀਪੇ ਦੀ ਘਰ ਵਾਲੀ ਆਪਣੇ ਪੇਕੇ ਘਰ ਚਲੀ ਗਈ। ਦੀਪਾ ਹੁਣ ਵੀ ਬੜਾ ਉਦਾਸ ਸੀ ਉੱਧਰ ਕਿਸਮਤ ਦਾ ਗੇੜ ਜਰਮਨ ਵਾਲਿਆਂ ਸਖਤੀ ਕਰਤੀ ਤੇ ਦੀਪੇ ਨੂੰ ਕੰਮ ਛੱਡਣਾ ਪਿਆ ਤੇ ਦੀਪਾ ਜਰਮਨ ਤੋਂ ਇਟਲੀ ਆ ਗਿਆ। ਕਿਉਂਕਿ ਉਸਦੇ ਪੇਪਰ ਇਟਲੀ ਦੇ ਸਨ। ਪਰ ਇਟਲੀ ਕੰਮਾਂ ਦਾ ਬਹੁਤਾ ਮਾੜਾ ਹਾਲ ਸੀ ਪੇਪਰਾਂ ਵਾਲੇ ਲੋਕ ਵੀ ਵਿਹਲੇ ਸਨ । ਜਿਸ ਕਰਕੇ ਦੀਪੇ ਕੋਲੋਂ ਘਰ ਨੂੰ ਵੀ ਕੁਝ ਨਾ ਭੇਜ ਹੋਇਆ। ਜਿਸ ਕਰਕੇ ਦੀਪੇ ਦੇ ਘਰ ਉਸ ਨਾਲ ਹੋਰ ਵੀ ਨਰਾਜ਼ ਸਨ ਕਿ ਵਿਆਹ ਤੇ ਖਰਚਾ ਕਰ ਗਿਆ ਪਿੱਛੋਂ ਸਾਰ ਨਹੀਂ ਲਈ। ਪਰ ਦੀਪਾ ਤਾਂ ਹਾਲਾਤ ਦਾ ਮਾਰਿਆ ਸੀ। ਇੱਕ ਇਟਲੀ ਦੇ ਪੇਪਰ ਰੀਨੀਊ ਕਰਵਾਉਣ ਲਈ ਪੈਸੇ ਦੇਣੇ ਪੈਣੇ ਸਨ ਦੂਜਾ ਕੋਲ ਕੰਮ ਕੋਈ ਨਹੀਂ ਸੀ। ਸੋ ਦੀਪੇ ਨੇ ਸੋਚਿਆ ਚਲੋ ਪੇਪਰ ਰੀਨੀਊ ਕਰਵਾ ਕੇ ਇੰਡੀਆ ਨੂੰ ਚੱਲਦੇ ਹਾਂ।
        ਜਦੋਂ ਦੀਪਾ ਘਰ ਗਿਆ ਤਾਂ ਉਸਨੇ ਆਪਣੀ ਮਾਂ ਨੂੰ ਕਿਹਾ ਮਾਂ ਚੱਲ ਆਪਾਂ ਕਮਲਪ੍ਰੀਤ ਨੂੰ ਲੈ ਆਈਏ। ਅੱਗੋਂ ਮਾਂ ਬੋਲੀ ਮੈਂ ਕਿਹੜਾ ਛੱਡ ਕੇ ਆਈ ਸੀ ਜਿਹੜਾ ਲੈਣ ਜਾਵਾਂ।
      ਦੀਪੇ ਨੇ ਫਿਰ ਤਰਲਾ ਕੀਤਾ ਮਾਂ ਤੂੰ ਨਾਲ ਚੱਲ ਆਪੇ ਗਲਤੀ ਮੰਨ ਲੂ ਗੀ, ਮੈਂ ਉਸਨੂੰ ਸਮਝਾਵਾਂਗਾ।
ਪਰ ਮਾਂ ਨੇ ਨੰਨਾ ਨਾ ਧਰਿਆ ਤਾਂ ਦੀਪੇ ਨੇ ਭਰਾ ਭਰਜਾਈ ਦੇ ਵੀ ਤਰਲੇ ਕੀਤੇ ਪਰ ਕਿਸੇ ਨੇ ਉਸਦੀ ਨਾ ਸੁਣੀ। ਉਹ ਜਾਣਦਾ ਸੀ ਕਿ ਬਾਪੂ ਨੂੰ ਤਾਂ ਘਰ ਵਿੱਚ ਮੇਰੇ ਤੋਂ ਸਿਵਾ ਕੋਈ ਕੁਝ ਨੀ ਸਮਝਦਾ। ਪਰ ਉਸਨੇ ਬਾਪੂ ਨਾਲ ਜਦੋਂ ਗੱਲ ਕੀਤੀ ਤਾਂ ਬਾਪੂ ਕਹਿਣ ਲੱਗਾ ਦੀਪੇ ਪੁੱਤ ਤੇਰੇ ਨਾਲ ਕਿਸੇ ਨੀ ਜਾਣਾ। ਆਪਣੇ ਮਾਮੇ ਨੂੰ ਨਾਲ ਲੈ ਜਾ ਤੇ ਕੁੜੀ ਨੂੰ ਲੈ ਆ। ਤੇਰਾ ਘਰ ਵਸਿਆ ਦੇਖ ਕੇ ਕੋਈ ਖੁਸ਼ ਨਹੀਂ । ਹੋਰ ਮੈਨੂੰ ਕੁਝ ਨਾ ਆਖੀਂ ਮੈਂ ਵੀ ਰੋਟੀ ਖਾਣੀ ਆ, ਤੂੰ ਰਹੇਂਗਾ ਕੁਝ ਦਿਨ ਤੇ ਤੁਰ ਜਾਵੇਂਗਾ। ਦੀਪੇ ਦੇ ਬਾਪੂ ਨੇ ਦੀਪੇ ਨੂੰ ਸਮਝਾ ਵੀ ਦਿੱਤਾ ਤੇ ਆਪਣੀ ਬੇਬਸੀ ਵੀ ਜ਼ਾਹਰ ਕਰ ਦਿੱਤੀ ਕਿ ਘਰ ਵਿੱਚ ਉਸਦੀ ਬਹੁਤੀ ਪੁੱਛ ਗਿੱਛ ਨੀ ਹੈ । ਦੀਪੇ ਨੇ ਆਪਣੇ ਬਾਪੂ ਦੀ ਸਲਾਹ ਤੇ ਮਾਮੇ ਨੂੰ ਨਾਲ ਲੈ ਕੇ ਆਪਣੀ ਘਰਵਾਲੀ ਨੂੰ ਲੈ ਆਇਆ।
        ਦੀਪੇ ਨੇ ਆਪਣੀ ਘਰਵਾਲੀ ਨੂੰ ਕਿਹਾ ਮਾਂ ਨੂੰ ਮੱਥਾ ਟੇਕ, ਜਦੋਂ ਉਹ ਮਾਂ ਦੇ ਪੈਰੀਂ ਹੱਥ ਲਾਉਣ ਲੱਗੀ ਤਾਂ ਮਾਂ ਨੇ ਬੜੇ ਰੁੱਖੇ ਜਿਹੇ ਵਿਹਾਰ ਨਾਲ ਕਿਹਾ ਠੀਕ ਆ ਠੀਕ ਆ।  ਟੱਬਰ ਦੇ ਬਾਕੀ ਜੀਆਂ ਨੇ ਵੀ ਐਸਾ ਹੀ ਸਲੂਕ ਕੀਤਾ । ਸਿਰਫ਼ ਦੀਪੇ ਦੇ ਬਾਪੂ ਨੇ ਹੀ ਦਿਲ ਤੋਂ ਅਸੀਸ ਦਿੰਦੇ ਹੋਏ ਆਪਣੀ ਨੂੰਹ ਦੇ ਸਿਰ ਤੇ ਹੱਥ ਧਰਿਆ। ਦੀਪਾ ਇਸ  ਸਾਰੇ ਕੁਝ ਨੂੰ ਦੇਖ ਕੇ ਬੜਾ ਦੁਖੀ ਜਿਹਾ ਹੋ ਰਿਹਾ ਸੀ ਪਰ ਪਤਾ ਨਹੀਂ ਕਿਨਾਂ ਕਾਰਨਾਂ ਕਰਕੇ ਉਹ ਚੁੱਪ ਵੱਟੀ ਬੈਠਾ ਸੀ।
         ਦੀਪੇ ਨੇ ਆਪਣੀ ਘਰ ਵਾਲੀ ਨੂੰ ਕਿਹਾ ਚੱਲ ਪਿੰਕੀ ਰੋਟੀ ਬਣਾ ਤਾਂ ਦੀਪੇ ਦੀ ਭਰਜਾਈ ਨੇ ਉਸਨੂੰ ਰਸੋਈ ਵਿੱਚੋਂ ਵਾਪਸ ਮੋੜ ਦਿੱਤਾ ਤੇ ਕਿਹਾ ਅਸੀਂ ਆਪਣੇ ਜੋਗੇ ਹੈਗੇ ਆਂ ਅਜੇ। ਵਿਚਾਰੀ ਨਿੰਮੋਝੂਣੀ ਜਿਹੀ ਹੋ ਕੇ ਮੁੜ ਆਈ ਤਾਂ ਦੀਪਾ ਵੀ ਅਵਾਕ ਜਿਹਾ ਹੋ ਕੇ ਦੇਖਦਾ ਰਹਿ ਗਿਆ। ਉਦੋਂ ਤਾਂ ਅਖੀਰ ਹੀ ਹੋ ਗਿਆ ਜਦੋਂ ਦੀਪੇ ਦੀ ਭਰਜਾਈ ਨੇ ਰੋਟੀ ਬਣਾ ਕੇ ਥਾਲੀ ਵਿੱਚ ਪ੍ਰੋਸ ਕੇ ਸਿਰਫ਼ ਆਪਣੇ ਘਰਵਾਲੇ ਨੂੰ ਫੜਾਈ ਤੇ ਨੇੜੇ ਬੈਠੇ ਦੀਪੇ ਦੀ ਬਾਤ ਵੀ ਨਾ ਪੁੱਛੀ। ਬਾਕੀ ਸਾਰਾ ਟੱਬਰ ਰੋਟੀ ਖਾ ਰਿਹਾ ਸੀ ਤੇ ਘਰ ਦਾ ਸੱਭ ਤੋਂ ਵੱਧ ਸੋਚਣ ਵਾਲਾ ਦੀਪਾ ਤੇ ਉਸਦੀ ਘਰਵਾਲੀ  ਬੈਠੇ ਦੇਖ ਰਹੇ ਸਨ। ਦੀਪੇ ਦੀ ਮਾਂ ਨੇ ਵੀ ਇੱਕ ਵਾਰ ਵੀ ਦੀਪੇ ਜਾਂ ਉਸਦੀ ਘਰਵਾਲੀ ਨੂੰ ਰੋਟੀ ਖਾਣ ਦਾ ਨਹੀਂ ਸੀ ਕਿਹਾ। ਸਗੋਂ ਉਹ ਦੀਪੇ ਹੋਰਾਂ ਨੂੰ ਸੁਣਾ ਕੇ ਵੱਡੀ ਨੂੰਹ ਦੇ ਬਣਾਏ ਖਾਣੇ ਦੀਆਂ ਸਿਫ਼ਤਾਂ ਦੇ ਪੁੱਲ ਬੰਨ ਰਹੀ ਸੀ।
       ਦੀਪੇ ਨੇ ਆਪਣੀ ਘਰਵਾਲੀ ਨੂੰ ਕਿਹਾ ਚੱਲ ਉੱਠ ਤੂੰ ਆਪਣੇ ਤੇ ਮੇਰੇ ਲਈ ਰੋਟੀ ਬਣਾ। ਆਪਾਂ ਵੀ ਦੋਵੇਂ ਖਾ ਲੈਨੇ ਆ। ਉਸਨੇ ਰੋਟੀ ਬਣਾਈ ਦੋਵਾਂ ਨੇ ਬਹਿ ਕੇ ਖਾ ਲਈ ਪਰ ਕਿਸੇ ਨੂੰ ਚੰਗਾ ਮਾੜਾ ਕੁਝ ਨਾ ਬੋਲਿਆ।
       ਦੂਜੇ ਦਿਨ ਸਵੇਰ ਨੂੰ ਦੀਪੇ ਦੀ ਭਰਜਾਈ ਨੇ ਪੌਣਾ ਕੁ ਗਲਾਸ ਦੁੱਧ ਦਾ ਫੜਾਉਂਦੇ ਹੋਏ ਦੀਪੇ ਨੂੰ ਕਿਹਾ ਮਾਂਜੀ ਕਹਿੰਦੀ ਆ ਤੁਹਾਡੇ ਲਈ ਆਹੀ ਦੁੱਧ ਹੈ। ਜਿਸ ਨਾਲ ਤੁਸੀਂ ਸਾਰਾ ਦਿਨ ਗੁਜ਼ਾਰਾ ਕਰਨਾ ਹੈ।
       ਦੀਪੇ ਨੇ ਉਹ ਦੁੱਧ ਵੀ ਮੋੜ ਦਿੱਤਾ ਤੇ ਕਿਹਾ ਭਾਬੀ ਅਸੀਂ ਬਾਹਰ ਬੜੀ ਵਾਰ ਭੁੱਖੇ ਰਹਿ ਕੇ ਵੀ ਗੁਜਾਰਾ ਕਰ ਲੈਂਦੇ ਸੀ । ਜਦੋਂ ਅਸੀਂ ਰਸ਼ੀਆ ਪਾਰ ਕੀਤਾ ਸੀ ਸਾਨੂੰ ਕਈ ਕਈ ਦਿਨ ਖਾਣ ਨੂੰ ਕੁਝ ਨੀ ਮਿਲਦਾ ਸੀ। ਮੈਂ ਇਸ ਅੱਧੇ ਗਲਾਸ ਤੋਂ ਬਿਨਾ ਵੀ ਰਹਿ ਸਕਦਾ ਹਾਂ। ਮਾਂ ਨੂੰ ਕਹਿ ਇਹਦੀ ਵੀ ਲੋੜ ਨੀ। ਤੁਸੀਂ ਕੀ ਜਾਣੋ ਉਨਾਂ ਬਾਰੇ ਜੋ ਬਾਹਰਲੇ ਮੁਲਕੀਂ ਜਾ ਕੇ ਦਿਨ ਰਾਤ ਕਮਾਈਆਂ ਕਰਦੇ ਆ ਤੇ ਆਪਣੇ ਟਿੱਢ ਵੱਢ ਵੱਢ ਕੇ, ਸਰਫ਼ੇ ਕਰ ਕਰ ਕੇ ਇੱਥੇ ਇੰਡੀਆ ਬੈਠਿਆਂ ਨੂੰ ਪੈਸੇ ਭੇਜਦੇ ਆ। ਦੀਪਾ ਇੰਨੀ ਗੱਲ ਆਖ ਕੇ ਘਰੋਂ ਬਾਹਰ ਨਿੱਕਲ ਗਿਆ ਤੇ ਸਿੱਧਾ ਆਪਣੇ ਬਾਪੂ ਕੋਲ ਪੁੱਜਾ।
       ਬਾਪੂ ਵੱਲ ਦੇਖ ਦੀਪੇ ਦੀਆਂ ਧਾਹਾਂ ਨਿੱਕਲ ਗਈਆਂ ਤੇ ਬਾਪੂ ਦੇ ਗਲ਼ ਲੱਗ ਕੇ ਰੋਈ ਜਾ ਰਿਹਾ ਸੀ। ਦੀਪੇ ਦਾ  ਬਾਪੂ ਜਾਣਦਾ ਸੀ ਕਿ ਜ਼ਰੂਰ ਘਰੇ ਕੁਝ ਨਾ ਕੁਝ ਹੋਇਆ ਹੋਵੇਗਾ ਤੇ ਇਸੇ ਕਰਕੇ ਹੀ ਦੀਪਾ ਇੰਨਾ ਪ੍ਰੇਸ਼ਾਨ ਲੱਗ ਰਿਹਾ ਹੈ। ਬਾਪੂ ਨੇ ਦੀਪੇ ਨੂੰ ਹੌਂਸਲਾ ਦਿੰਦੇ ਕਿਹਾ ਪੁੱਤ ਚੁੱਪ ਕਰ ਕਿਉਂ ਆਪਣਾ ਆਪ ਖਪਾਉਣ ਡਿਹੈਂ। ਤੈਨੂੰ ਪਤਾ ਈ ਆ ਆਪਣੇ ਟੱਬਰ ਦਾ ਕਿੱਦਾਂ ਦਾ ਸੁਭਾਅ।
     ਪਰ ਬਾਪੂ…………ਦੀਪਾ ਹੋਰ ਕੁਝ ਵੀ ਨਾ ਬੋਲ ਸਕਿਆ ਤੇ ਉਸਦੀ ਫਿਰ ਰੱਬ ਜਿੱਡੀ ਭੁੱਬ ਨਿਕਲ ਗਈ। ਦੀਪਾ ਕਿਸੇ ਨਿੱਕੇ ਜਿਹੇ ਜੁਆਕ ਵਾਂਗ ਰੋ ਰਿਹਾ ਸੀ। ਉਸਦੇ ਅੰਦਰਲਾ ਸਾਰਾ ਰੋਣ ਇੱਕ ਧਾਰਾ ਬਣ ਕੇ ਆਪਣੇ ਬਾਪੂ ਸਾਹਮਣੇ ਵਹਿ ਤੁਰਿਆ ਸੀ। ਜੋ ਰੋਣਾ ਉਸਦੇ ਅੰਦਰ ਬੜੇ ਚਿਰਾਂ ਤੋਂ ਘਰ ਬਣਾਕੇ ਉਸਦੇ ਅੰਦਰ ਜਮਾਂ ਸੀ। ਜੋ ਰੋਣਾ ਉਹ ਆਪਣੇ ਯਾਰਾਂ ਦੋਸਤਾਂ ਨਾਲ ਜਰਮਨ ਇਟਲੀ ਵੀ ਨਾ ਰੋ ਸਕਿਆ, ਹੁਣ ਉਸਦੇ ਸਹਿਣ ਤੋਂ ਬਾਹਰ ਸੀ ਤੇ ਬਾਪੂ ਨੂੰ ਦੇਖਦਿਆਂ ਹੀ ਲਾਵੇ ਵਾਂਗ ਫੱਟ ਗਿਆ ਸੀ। ਉਸਦੀਆਂ ਅੱਖਾਂ ਪਰਲ ਪਰਲ ਵੱਗ ਰਹੀਆਂ ਸਨ ਤੇ ਉਸਨੇ ਆਪਣੇ ਬਾਪੂ ਦੇ ਗਲ ਪਾਈ ਖੱਦਰ ਦੀ ਕਮੀਜ਼ ਦਾ ਮੋਢਾ  ਗਿੱਲਾ ਕਰ ਦਿੱਤਾ ਸੀ।
      ਬਾਪੂ ਨੇ ਇੱਕ ਵਾਰ ਦੀਪੇ ਨੂੰ ਵਰਾਉਣ ਦਾ ਯਤਨ ਕਰਦੇ ਹੋਏ ਕਿਹਾ ਦੀਪੇ ਪੁੱਤ ਚੁੱਪ ਕਰ, ਤੂੰ ਤੇ ਬੜੇ ਜਿਗਰੇ ਵਾਲਾ ਮੇਰਾ ਸ਼ੇਰ ਪੁੱਤ ਏਂ, ਉਏ ਤੇਰਾ ਤਾਂ ਕਾਲਜਾ ਈ ਬੜਾ ਨਰੋਇਆ ਪੁੱਤਰਾ ਤੇ ਆਹ ਕੀ ਐਂਵੇ ਜੁਆਕਾਂ ਵਾਂਗ ਰੀਂ ਰੀਂ ਕਰ ਰਿਹੈਂ ਅੱਜ ਤੂੰ। ਪਰ ਅੰਦਰੋਂ ਦੀਪੇ ਦਾ ਬਾਪੂ ਵੀ ਹਿੱਲ ਗਿਆ ਸੀ ਅਤੇ ਉਹ ਆਪਣੇ ਬਾਕੀ ਟੱਬਰ ਦੇ ਜੀਆਂ ਨੂੰ ਜਾਣਦਾ ਸੀ ਤੇ ਉਹ ਦੀਪੇ ਬਾਰੇ ਵੀ ਜਾਣਦਾ ਸੀ ਜਿਸਨੇ ਬਾਹਰ ਜਾ ਕੇ ਆਪਣੇ ਘਰ ਨੂੰ ਕਦੇ ਭੁਲਾਇਆ ਨਹੀਂ ਸੀ। ਪਰ ਘਰ ਵਿੱਚ ਬਾਪੂ ਵਿਚਾਰਾ ਇੱਕ ਪੱਠੇ ਪਾਉਣ ਵਾਲੇ ਤੋਂ ਜਿਆਦਾ ਕੁਝ ਨਹੀਂ ਸੀ। ਘਰ ਵਿੱਚ ਦੀਪੇ ਦੀ ਮਾਂ ਦਾ ਹੀ ਬੋਲਬਾਲਾ ਸੀ।
       ਬਾਪੂ ਦੇ ਹੌਂਸਲਾ ਦੇਣ ਤੇ ਦੀਪਾ ਚੁੱਪ ਕਰ ਗਿਆ ਪਰ ਉਸਨੇ ਪੁਛਿਆ ਬਾਪੂ ਕੀ ਜਿੰਨੇ ਵੀ ਬਾਹਰੋਂ ਕਮਾਈਆ ਕਰਕੇ ਆਉਂਦੇ ਸਾਰਿਆਂ ਨਾਲ ਇੰਝ ਹੀ ਹੁੰਦਾ? ਇੱਥੇ ਬੈਠੇ ਸਾਰੇ ਆਪਣੀ ਜਿੰæਦਗੀ ਨੂੰ ਜਿਊਂਦੇ ਨੇ ਤੇ ਅਸੀਂ ਬਾਹਰ ਜਾ ਕੇ ਜਿੰæਦਗੀ ਕੱਟਣ ਲਈ ਮਜਬੂਰ ਹੋ ਜਾਂਦੇ ਹਾਂ। ਅਸੀਂ ਆਪਣਾ ਚੈਨ, ਆਪਣੀ ਨੀਂਦ ਤੇ ਆਪਣੇ ਸੁੱਖਾਂ ਨੂੰ ਛਿੱਕੇ ਟੰਗ ਕੇ ਇੱਥੇ ਬੈਠਿਆਂ ਦੇ ਸੁੱਖਾਂ ਖਾਤਰ ਕੀ ਕੁਝ ਨੀ ਕਰਦੇ! ਇੱਥੇ ਵਾਲੇ ਕੀ ਜਾਨਣ ਕਿ ਬਾਹਰੋਂ ਪੈਸਾ ਕਿੱਦਾਂ ਭੇਜਿਆ ਜਾਂਦਾ? ਕਿਹੜਾ ਪਾਪੜ ਨਹੀਂ ਵੇਲਿਆ ਜਾਂਦਾ ਬਾਹਰ ਜਾ ਕੇ? ਇੱਥੇ ਸਾਰੇ ਆਖਦੇ ਆ ਅਸੀਂ ਸਰਦਾਰ ਆਂ ਬਾਹਰ ਜਾ ਕੇ ਕੋਈ ਭਾਂਡੇ ਮਾਂਜਦਾ, ਕੋਈ ਸਫਾਈਆਂ ਕਰਦਾ, ਕੋਈ ਕੁਛ ਤੇ ਕੋਈ ਕੁਛ ਪਰ ਪਿਛਲਿਆਂ ਨੂੰ ਫਿਰ ਵੀ ਨੀ ਭੁੱਲਦੇ। ਜਿੰਨਾ ਚਿਰ ਅਸੀਂ ਪੈਸੇ ਭੇਜੀ ਜਾਈਦੇ ਅਸੀਂ ਬੀਬੇ ਪੁੱਤ  ਹਾਂ, ਪਰ ਜਦੋਂ ਕਿਸੇ ਕਾਰਨ ਜਾਂ ਆਪਣੇ ਆਪ ਨੂੰ ਕਿਸੇ ਜਗਾ ਖੜ੍ਹਾ ਕਰਨ ਲਈ ਪੈਸੇ ਨਾ ਭੇਜ ਹੋਏ ਤਾਂ ਅਸੀਂ ਪੁੱਤ ਤੋਂ ਕਪੁੱਤ ਬਣ ਜਾਂਦੇ ਹਾਂ, ਭਰਾ ਤੋਂ ਸ਼ਰੀਕ ਬਣ ਜਾਂਦੇ ਹਾਂ। ਕਿਉਂ ਬਾਪੂ ਕਿਉਂ ਬਾਪੂ ਕੀ ਹੋ ਗਿਆ ਇਸ ਗੁਰੂਆਂ ਪੀਰਾਂ ਦੀ ਧਰਤੀ ਨੂੰ? ਕਿਉਂ ਇਹ ਧਰਤੀ ਅੱਜ ਲਾਲਚ ਮੰਦ ਲੋਕਾਂ ਦੀ ਜਾਗੀਰ ਬਣ ਕੇ ਰਹਿ ਗਈ। ਅਸੀਂ ਤਾਂ ਬਾਹਰ ਜਾ ਕੇ ਵੀ ਇਸ ਧਰਤੀ ਤੇ ਮਾਣ ਕਰਦੇ ਹਾਂ ਪਰ ਇੱਥੇ? ਦੀਪਾ ਇਸ ਤਰਾਂ ਕਈ ਸਵਾਲਾਂ ਦੇ ਜਵਾਬ ਮੰਗਦਾ ਹੋਇਆ ਆਪਣੇ ਬਾਪੂ ਨੂੰ ਫਤਹਿ ਬੁਲਾ ਕੇ ਸਦਾ ਵਾਸਤੇ ਆਪਣੇ ਲਾਲਚੀ ਟੱਬਰ ਤੋਂ ਦੂਰ ਜਾਣ ਦਾ ਕਹਿ ਕੇ ਕਾਹਲੀ ਕਾਹਲੀ ਕਦਮ ਪੁੱਟਦਾ ਹੋਇਆ ਘਰ ਨੂੰ ਤੁਰ ਪਿਆ ਸੀ।