ਨਾ ਜਾਇਓ ਪ੍ਰਦੇਸ ਵੇ ਬੱਚਿਓ
(ਕਹਾਣੀ)
ਦੁਆਬੇ ਦਾ ਜੰਮ-ਪਲ ਧੀਰਾ ਅੱਜ ਤੋਂ ਕੋਈ ਵੀਹ ਕੂ ਸਾਲ ਪਹਿਲਾਂ ਚੰਗਾ-ਭਲਾ ਪਿੰਡ ਦੇ ਨੇੜੇ ਦੇ ਕਸਬੇ ਵਿੱਚ ਦਰਜੀ ਦੀ ਦੁਕਾਨ ਕਰਦਾ ਸੀ।ਚੰਗੀ ਕਮਾਈ ਕਰ ਲੈਂਦਾ ਸੀ।ਘਰ ਵਿੱਚ ਸੱਭ ਤੋਂ ਛੋਟਾ ਹੋਣ ਕਰਕੇ ਕਿਸੇ ਵੀ ਗੱਲ ਦਾ ਫ਼ਿਕਰ ਫਾਕਾ ਨਹੀਂ ਸੀ।ਸਵੇਰੇ ਨੌਂ ਵੱਜਦਿਆਂ ਦੁਕਾਨ ਤੇ ਜਾ ਬੈਠਣਾ ਤੇ ਸ਼ਾਮੀ ਸੱਤ ਵਜੇ ਤੱਕ ਚੰਗੀ-ਚੌਖੀ ਕਮਾਈ ਕਰ ਘਰ ਪਰਤਣਾ।ਦਰਜੀ ਦੇ ਕੰਮ ਦੇ ਨਾਲ ਨਾਲ ਉਸਨੇ ਬਜਾਜੀ ਦਾ ਕੰਮ ਜੂ ਨਾਲ ਹੀ ਸ਼ੁਰੂ ਕਰ ਰੱਖਿਆ ਸੀ।ਲੋਕ ਉਸੇ ਕੋਲੋਂ ਕਪੜਾ ਖਰੀਦਦੇ ਅਤੇ ਉਸੇ ਨੂੰ ਹੀ ਸਿਉਣ ਲਈ ਦੇ ਦਿੰਦੇ।ਅੱਠੋ-ਅੱਠ ਮਾਰਦਾ ਸੀ ਧੀਰਾ।ਐਤਵਾਰ ਨੂੰ ਮੁੰਡਿਆਂ ਨਾਲ ਮਿਲ ਕੇ ਮੈਚ ਖੇਡਣੇ।ਘਰ ਵਿੱਚ ਗਰੀਬੀ ਤਾਂ ਸੀ ਪਰ ਇੰਨੀ ਵੀ ਨਹੀਂ ਕਿ ਰੋਜੀ ਰੋਟੀ ਦਾ ਜੁਗਾੜ ਔਖਾ ਸੀ।ਪਿੰਡ ਦੇ ਕਾਫ਼ੀ ਲੋਕ ਬਾਹਰ ਗਏ ਹੋਏ ਸਨ।ਦੇਖਾ-ਦੇਖੀ ਧੀਰਾ ਵੀ ਬਾਹਰ ਦੇ ਸੁਫ਼ਨੇ ਦੇਖਣ ਲੱਗਾ।ਘਰ ਦਿਆਂ ਨੇ ਤੇ ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਕਿ ਬਾਹਰ ਕੁੱਝ ਨਹੀਂ ਰੱਖਿਆ, ਢਿੱਡ ਭਰਨ ਲਈ ਦੋ ਰੋਟੀਆਂ ਹੀ ਚਾਹੀਦੀਆਂ ਨੇ ਨਾ, ਤਾਂ ਆਪਣਿਆਂ ਵਿੱਚ ਬੈਠ ਕੇ ਖਾ ਲੈ।ਪਰ ਪੰਜਾਬੀਆਂ ਦੇ ਦਿਲ ਵਿੱਚ ਜਦੋਂ ਕੋਈ ਗੱਲ ਘਰ ਜਾਵੇ ਤਾਂ ਉਹ ਉਸਨੂੰ ਕਦ ਟਿਕਣ ਦਿੰਦੀ ਹੈ।
ਮਾਂ ਬਾਪ ਨੇ ਤਰਲੇ ਪਾਏ ਕਿ ਪੁੱਤਰਾ ਬਾਹਰ ਜਾਣ ਲਈ ਇੰਨਾ ਪੈਸਾ ਕਿੱਥੋਂ ਲਿਆਵਾਂ ਗੇ।ਜਨਮ ਤੋਂ ਹੀ ਆਪਣੀ ਜਿਦ ਦਾ ਪੱਕਾ ਧੀਰਾ ਹਮੇਸ਼ਾਂ ਹੀ ਆਪਣੇ ਮਨ ਦੀਆਂ ਕਰਦਾ ਆਇਆ ਸੀ ਤਾਂ ਹੁਣ ਕਦੋਂ ਕਿਸੇ ਦੀ ਗੱਲ ਮੰਨ ਸਕਦਾ ਸੀ।ਖੈਰ ਮਾਂ-ਬਾਪ ਨੇ ਇੱਧਰੋਂ ਉੱਧਰੋ ਪੈਸਾ ਇੱਕਠਾ ਕੀਤਾ ਤੇ ਉਸ ਦਾ ਇਟਲੀ ਜਾਣ ਦਾ ਜੁਗਾੜ ਬਣਾ ਦਿੱਤਾ।ਜਿਵੇਂ ਕਿਵੇਂ ਕਰ ਕਰਾ ਕੇ ਡਿਗਦਾ ਢਿੰਹਦਾ ਉਹ ਇਟਲੀ ਪਹੁੰਚ ਹੀ ਗਿਆ।ਹੁਣ ਤਾਂ ਇੰਨੇ ਕੂ ਪੰਜਾਬੀ ਮੁੰਡੇ ਦੋ ਨੰਬਰ ਦੇ ਰਸਤੇ ਬਾਹਰ ਜਾ ਚੁੱਕੇ ਹਨ ਕਿ ਕੋਈ ਕਿਸਮਤ ਵਾਲਾ ਹੀ ਸਹੀ ਠਿਕਾਣੇ ਤੇ ਪਹੁੰਚ ਜਾਵੇ ਤਾ ਗਨੀਮਤ ਹੈ ।ਧੀਰੇ ਤੇ ਰੱਬ ਦੀ ਮਿਹਰ ਸੀ ਕਿ ਜਲਦੀ ਹੀ ਇਟਲੀ ਪਹੁੰਚ ਗਿਆ।ਪਰ ਹੁਣ ਢਿੱਡ ਭਰਨ ਲਈ ਰੋਟੀ ਵੀ ਤਾਂ ਚਾਹੀਦੀ ਸੀ,ਉਸਦਾ ਜਗਾੜ ਕਿਵੇਂ ਹੋਵੇ।ਧੀਰੇ ਨੇ ਇੱਧਰ-aੱਧਰ ਹੱਥ-ਪੈਰ ਮਾਰੇ ਤਾਂ ਕੰਮ ਬਣਦਾ ਲੱਗਾ।ਜਿਹੜੇ ਪੰਜਾਬੀ ਹੁਣ ਵਿਦੇਸ਼ਾਂ ਵਿੱਚ ਸੈੱਟ ਹਨ ਉਨ੍ਹਾਂ ਨੇ ਵੀ ਖੌਰੇ ਪਰਾਈ ਧਰਤ ਤੇ ਕਿਵੇਂ ਆਪਣੇ ਪੈਰ ਜਮਾਏ ਹੋਣਗੇ।ਪਰ ਨਵੀਂ ਜਾਣ ਮੁੰਡੀਰ ਲਈ ਉਹ ਮਸੀਹਾ ਬਣਕੇ ਬਹੁੜਦੇ ਲਗਦੇ ਹਨ।ਅਸਲ ਵਿੱਚ ਸਭ ਤੋਂ ਪਹਿਲਾਂ ਨਵੇਂ ਗਏ ਮੁੰਡਿਆਂ ਦੀ ਛਿੱਲ ਵੀ ਇਹੀ ਲੋਕ ਲਾਹੁੰਦੇ ਹਨ।ਇਨ੍ਹਾਂ ਦੀ ਕਮਾਈ ਦੇ ਅੱਧੇ ਹਿੱਸੇ ਤੇ ਤਾਂ ਉਨ੍ਹਾਂ ਦਾ ਆਪਣਾ ਹੱਕ ਹੁੰਦਾ ਹੈ ਭਾਵ ਜੇ ਪੰਜਾਬੀ ਪੰਜਾਬ ਵਿੱਚ ਰਿਸ਼ਵਤਖੋਰੀ ਲਈ ਮਸ਼ਹੂਰ ਹਨ ਤਾਂ ਬਾਹਰਲੇ ਮੁਲਕਾਂ ਵਿੱਚ ਪੰਜਾਬੀ ਆਪਣੇ ਹੀ ਲੋਕਾਂ ਦਾ ਖੂਨ ਚੁਸਦੇ ਹਨ।
ਧੀਰਾ ਦਿਨ ਭਰ ਡਟ ਕੇ ਕੰੰਮ ਕਰਦਾ ਤੇ ਰਾਤ ਇਧਰ ਉਧਰ ਕੱਟ ਲੈਂਦਾ।ਲੁਕ ਛਿਪ ਕੇ ਸਮਾਂ ਪਾਸ ਕਰਨ ਵਾਲੀ ਗੱਲ ਸੀ।ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਹੁਣ ਧੀਰੇ ਨੇ ਸੋਚਿਆ ਕਿ ਇੱਥੇ ਵੀ ਤਾਂ ਲੁਕ ਛਿਪ ਕੇ ਹੀ ਰਹਿੰਦੇ ਹਾਂ,ਕਿਉਂ ਨਾ ਕਿਸੇ ਹੋਰ ਦੇਸ਼ ਵਿੱਚ ਉਡਾਰੀ ਮਾਰੀ ਜਾਵੇ। ਸਾਲ ਭਰ ਜੋ ਕਮਾਈ ਉਸਨੇ ਇਟਲੀ ਵਿੱਚ ਰਹਿ ਕੇ ਕੀਤੀ ਸੀ, ਏਜੰਟਾਂ ਦੇ ਧੜੇ ਚੜ ਉਹ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਤੇ ਹੁਣ ਉਹ ਚੋਰੀ ਛਿਪੇ ਇੰਗਲੈਂਡ ਪਹੁੰਚ ਗਿਆ ਸੀ।ਉੱਥੇ ਵੀ ਕਿਹੜਾ ਪੈਸਿਆਂ ਦਾ ਮੀਂਹ ਵਰ੍ਹਦਾ ਸੀ।ਮਿਹਨਤ ਤਾਂ ਉੱਥੇ ਵੀ ਕਰਨੀ ਹੀ ਪੈਣੀ ਸੀ ਪਰ ਕੰਮ ਕਿਥੋਂ ਮਿਲੇ।ਸਿੱਧੇ ਰਸਤੇ ਗਿਆ ਹੁੰਦਾ ਤਾਂ ਕੰਮ ਦੀ ਕੀ ਘਾਟ ਸੀ,ਇਥੇ ਵੀ ਤਾਂ ਉਹ ਦੋ ਨੰਬਰ ਦੇ ਰਾਹੀਂ ਆਇਆ ਸੀ।ਖੈਰ ਉਹ ਲੁਕ ਛਿਪ ਕੇ ਰਹਿੰਦਾ ਤੇ ਰੋਟੀ ਦਾ ਜੁਗਾੜ ਕਰ ਲੈਂਦਾ
ਇੱਧਰ ਬੁੱਢੇ ਮਾਂ-ਬਾਪ ਇਸ ਆਸ ਵਿੱਚ ਦਿਨ ਕੱਟ ਰਹੇ ਸਨ ਕਿ ਪੁੱਤਰ ਕਦੋਂ ਪੈਸਾ ਘਰ ਭੇਜੇ ਤੇ ਲੋਕਾਂ ਤੋਂ ਲਿਆ ਵਿਆਜੂ ਪੈਸਾ ਵਾਪਸ ਕੀਤਾ ਜਾਵੇ।ਸਾਲ ਭਰ ਤਾਂ ਉਨ੍ਹਾਂ ਨੇ ਪੁੱਤ ਨੂੰ ਕੁੱਝ ਨਹੀਂ ਸੀ ਕਿਹਾ ਪਰ ਹੁਣ ਉਹ ਧੀਰੇ ਦੇ ਫੋਨ ਦੀ ਉਡੀਕ ਕਰਦੇ ਕਿ ਕਦੋਂ ਉਸਦਾ ਫੋਨ ਆਵੇ ਤਾਂ ਉਹ ਪੈਸਾ ਭੇਜਣ ਬਾਰੇ ਕਹਿਣ।ਪਰ ਕਿੱਥੇ? ਧੀਰੇ ਨੇ ਤਾਂ ਕਦੇ ਆਪਣਾ ਸੁੱਖ ਸੁਨੇਹਾ ਵੀ ਨਾ ਭੇਜਿਆ।ਬੁੱਢਾ ਬਾਪ ਪੁੱਤ ਦੀ ਉਡੀਕ ਵਿੱਚ ਦੁਨੀਆਂ ਤੋਂ ਤੁਰ ਗਿਆ ਤਾਂ ਇਕ ਦਿਨ ਉਸਦਾ ਫੋਨ ਆ ਹੀ ਗਿਆ ਕਿ ਮਾਂ-ਬਾਪੂ ਦਾ ਕੀ ਹਾਲ ਚਾਲ ਹੈ।ਜਦੋਂ ਘਰ ਦਿਆਂ ਵਲੋਂ ਉਸਦਾ ਹਾਲ-ਚਾਲ ਪੁੱਛਿਆ ਗਿਆ ਤਾਂ ਉਸ ਵਲੋਂ ਕੋਈ ਤੱਸਲੀ ਬਖ਼ਸ਼ ਜਵਾਬ ਨਾ ਮਿਲਿਆ।ਕਹਿੰਦੇ ਨੇ ਮਾਂ ਤਾਂ ਮਾਂ ਹੁੰਦੀ ਹੈ ,ਉਹ ਤਾਂ ਦਿਲਾਂ ਦੀਆਂ ਬੁੱਝ ਲੈਂਦੀ ਹੈ।ਹੁਣ ਮਾਂ ਨੂੰ ਅੰਦਰੋ-ਅੰਦਰੀ ਇਹੀ ਤੌਖਲਾ ਸੀ ਕਿ ਹੋਵੇ ਨਾ ਹੋਵੇ,ਦਾਲ ਵਿੱਚ ਜਰੂਰ ਕੁੱਝ ਕਾਲਾ ਹੈ ਪਰ ਉਹ ਕੀ ਜਾਣੇ ਕਿ ਉੱਥੇ ਤਾ ਸਾਰੀ ਦਾਲ ਹੀ ਕਾਲੀ ਹੈ।
ਮਾਂ ਪੁੱਤ ਅੱਗੇ ਤਰਲੇ ਪਾਉਣ ਲੱਗੀ ਵੇ ਪੁੱਤ ਅਜੇ ਵੀ ਮੁੜ ਆ।ਅੱਧੀ ਖਾ ਲਵਾਂਗੇ ਪਰ ਨੇੜੇ ਤਾਂ ਰਹਾਂਗੇ।ਬੁੱਢੀ ਮਾਂ ਕੀ ਜਾਣੇ ਕਿ ਉਸਦੇ ਪੁੱਤ ਦਾ ਵਾਪਸ ਮੁੜ ਆਉਣਾ ਕੋਈ ਸੌਖਾ ਨਹੀਂ।ਸਿੱਧੇ ਰਾਹੇ ਗਿਆ ਹੁੰਦਾ ਤਾਂ ਵਰ੍ਹੀਂ ਛਮਾਹੀਂ ਦੂਜੇ ਲੋਕਾਂ ਵਾਂਗ ਉਹ ਵੀ ਆ ਜਾਂਦਾ।ਮਾਂ ਜਦੋਂ ਵੀ ਕਿਸੇ ਪ੍ਰਦੇਸੀ ਨੂੰ ਪਿੰਡ ਆਇਆ ਦੇਖਦੀ ਹੈ ਤਾਂ ਮਾਂ ਦੀ ਮਮਤਾ ਜਾਗ ਉਠਦੀ ਹੈ ਤੇ ਝੱਟ ਹੀ ਤਿਆਰ ਹੋ ਕੇ ਉਸਨੂੰ ਮਿਲਣ ਤੁਰ ਪੈਂਦੀ ਹੈ।ਪੁੱਤ ਦਾ ਸੁੱਖ ਸੁਨੇਹਾ ਲੈਣ ਲਈ ਪਰ ਨਿਰਾਸ਼ ਹੀ ਪਰਤ ਆਉਂਦੀ ਹੈ,ਜਦ ਉਸਨੂੰ ਪਤਾ ਲਗਦਾ ਹੈ ਕਿ ਉਸਦਾ ਪੁੱਤ ਤਾਂ ਉਨ੍ਹਾਂ ਦੇ ਨੇੜੇ ਨਹੀਂ ਰਹਿੰਦਾ।
ਅੱਜ ਸਵੇਰ ਤੋਂ ਹੀ ਬਨੇਰੇ ਤੇ ਕਾਂ ਬੋਲ ਰਿਹਾ ਸੀ, ਮਾਂ ਨੂੰ ਕਿਸੇ ਪ੍ਰਾਹੁਣੇ ਦੀ ਉਡੀਕ ਸੀ।ਫੋਨ ਦੀ ਘੰਟੀ ਵੱਜੀ, ਫੋਨ ਧੀਰੇ ਦਾ ਸੀ।ਮਾਂ ਨੇ ਸੁੱਖ ਦਾ ਸਾਹ ਲਿਆ,ਪੁੱਤ ਦਾ ਹਾਲ-ਚਾਲ ਪੁੱਛਿਆ,ਆਉਣ ਬਾਰੇ ਪੁੱਛਿਆ ਤਾਂ ਪੁੱਤ ਦਾ ਜਵਾਬ ਸੀ ਕਿ ਮਾਂ ਅਜੇ ਆ ਤਾਂ ਨਹੀਂ ਹੋਣਾ ਪਰ ਲੰਬੜਾਂ ਦੇ ਕਾਲੇ ਦੇ ਹੱਥ ਕੁੱਝ ਪੈਸੇ ਭੇਜ ਰਿਹਾ ਹਾਂ।ਇੰਨਾ ਕਹਿੰਦੇ ਹੀ ਫੋਨ ਕੱਟਿਆ ਗਿਆ।ਦੋ-ਚਾਰ ਦਿਨ ਬੀਤੇ ਤਾਂ ਕਿਸੇ ਨੇ ਬੂਹਾ ਆ ਖੜਕਾਇਆ।ਨਾਲ ਦੇ ਪਿੰਡ ਦਾ ਲੰਬੜਾਂ ਦਾ ਮੁੰਡਾ ਕਾਲਾ ਆਇਆ ਸੀ, ਜੋ ਇੰਗਲੈਂਡ ਵਿੱਚ ਧੀਰੇ ਦੇ ਨੇੜੇ ਤੇੜੇ ਰਹਿੰਦਾ ਸੀ।ਉਸਨੇ ਇੱਧਰ ਆਉਣ ਤੋਂ ਪਹਿਲਾਂ ਧੀਰੇ ਨੂੰ ਦੱਸਿਆ ਕਿ ਉਹ ਘਰ ਜਾ ਰਿਹਾ ਹੈ, ਕੋਈ ਸੁੱਖ ਸੁਨੇਹਾ ਦੇਣਾ ਹੋਵੇ ਤਾਂ ਦੱਸ।ਧੀਰਾ ਸੋਚੀਂ ਪੈ ਗਿਆ।ਆਖਰ ਉਸਨੇ ਕਾਲੇ ਨੂੰ ਕਿਹਾ ਕਿ ਜੇ ਤੂੰ ਮੇਰਾ ਇਕ ਕੰਮ ਕਰ ਦੇਵੇਂ ਤਾਂ ਜ਼ਿੰਦਗੀ ਭਰ ਤੇਰਾ ਅਹਿਸਾਨ ਨਹੀਂ ਭੁੱਲਾਂ ਗਾ।ਮੇਰੇ ਕੋਲ ਘਰ ਭੇਜਣ ਲਈ ਕੁੱਝ ਵੀ ਨਹੀਂ,ਮੈਂ ਇੱਥੇ ਰਹਿ ਕੇ ਜੋ ਵੀ ਕਮਾਈ ਕੀਤੀ,ਪੱਕਿਆਂ ਹੋਣ ਲਈ ਏਜੰਟਾਂ ਨੂੰ ਦੇ ਦਿੱਤੀ।ਜਦ ਦਾ ਕਰਜਾ ਚੁੱਕ ਕੇ ਬਾਹਰ ਆਇਆ ਹਾਂ ਘਰ ਦਿਆਂ ਨੂੰ ਇਕ ਪੈਸਾ ਵੀ ਨਹੀਂ ਭੇਜ ਸਕਿਆ।ਤੂੰ ਮੇਰੇ ਤੇ ਇਕ ਅਹਿਸਾਨ ਕਰ ਤੇ ਮੇਰੀ ਮਾਂ ਦੀ ਤਲੀ ਤੇ ਕੁੱਝ ਛਿਲੜਾਂ ਰੱਖ ਆਵੀਂ,ਇਹ ਕਹਿੰਦਾ ਹੋਇਆ ਧੀਰਾ ਧਾਹੀਂ ਰੋ ਪਿਆ।ਕਾਲੇ ਤੋਂ ਉਸਦਾ ਇਹ ਹਾਲ ਦੇਖਿਆ ਨਾ ਗਿਆ ਤੇ ਉਹ ਉਸਦੀ ਮਾਂ ਨੂੰ ਮਿਲਣ ਦਾ ਵਾਇਦਾ ਕਰ ਪੰਜਾਬ ਆ ਗਿਆ।
ਜਿਵੇਂ ਹੀ ਧੀਰੇ ਦੀ ਮਾਂ ਨੇ ਦਰਵਾਜਾ ਖੋਲਿਆ,ਕਾਲੇ ਨੇ ਮਾਂ ਦੇ ਪੈਰੀਂ ਹੱਥ ਲਾਇਆ ਤਾਂ ਉਹ ਉਸਨੂੰ ਕਲਾਵੇ ਵਿੱਚ ਲੈ ਭਾਵੁਕ ਹੋ ਗਈ ਤੇ ਕਹਿਣ ਲੱਗੀ ਕਾਲੇ ਪੁੱਤ ਧੀਰਾ ਤਾਂ ਸਾਨੂੰ ਭੁੱਲ ਹੀ ਗਿਆ,ਕਦੇ ਕੋਈ ਸੁੱਖ ਸੁਨੇਹਾ ਤੱਕ ਨਹੀਂ ਭੇਜਦਾ।ਉਹ ਠੀਕ ਤਾਂ ਹੈ।ਦੱਸ ਪੁੱਤ, ਉਸਦਾ ਬਾਪ ਤਾਂ ਉਸ ਦੀ ਰਾਹ ਤੱਕਦਾ ਦੁਨੀਆ ਤੋਂ ਤੁਰ ਗਿਆ।ਕਾਲਾ ਸੋਚੀਂ ਪੈ ਗਿਆ ਕਿ ਧੀਰੇ ਦੀ ਮਾਂ ਦੀਆਂ ਗੱਲਾਂ ਦਾ ਕੀ ਜਵਾਬ ਦੇਵੇ।ਉਸ ਨੇ ਜੇਬ ਵਿੱਚੋਂ ਪੰਜਾਹ ਹਜਾਰ ਰੁਪਏ ਕੱਢੇ ਤੇ ਬੁੱਢੀ ਮਾਂ ਦੀ ਤਲੀ ਤੇ ਰੱਖ ਦਿੱਤੇ।ਮਾਂ ਨੇ ਕੋਈ ਹੋਰ ਸੁੱਖ ਸੁਨੇਹਾ ਪੁੱਛਿਆ ਤਾਂ ਕਾਲੇ ਦਾ ਜਵਾਬ ਸੀ ਕਿ ਜੋ ਸਮਾਂ ਲੰਘ ਜਾਵੇ, ਚੰਗਾ ਹੀ ਹੈ।
ਇਸ ਗੱਲ ਨੇ ਮਾਂ ਦਾ ਸੀਨਾ ਚੀਰ ਦਿੱਤਾ।ਚਾਅ ਲਾਡ ਨਾਲ ਪਾਲਿਆ ਪੁੱਤ ਪਤਾ ਨਹੀਂ ਕਿਹੜੇ ਵੇਲੇ ਹੱਥੀਂ ਤੋਰ ਦਿੱਤਾ।ਢਿੱਡ ਭਰਨ ਲਈ ਦੋ ਰੋਟੀਆਂ ਹੀ ਤਾਂ ਚਾਹੀਦੀਆਂ ਸੀ।ਪੁੱਤ ਨੇ ਇਕ ਨਾ ਮੰਨੀ,ਦੇਖਾ-ਦੇਖੀ ਕਰਜਾ ਚੁੱਕ ਕੇ ਤੁਰ ਪਿਆ ਬਾਹਰ ਨੂੰ।ਨਾ ਕੋਈ ਸੁੱਖ ਸੁਨੇਹਾ ਤੇ ਨਾ ਹੀ ਕਰਜੇ ਦ ਫ਼ਿਕਰ।ਉਸਨੇ ਕਾਲੇ ਨੂੰ ਕਿਹਾ ਕਿ ਪੁੱਤ ਹੁਣ ਜਦੋਂ ਵਾਪਸ ਜਾਵੇਂ ਤਾਂ ਧੀਰੇ ਨੂੰ ਕਹੀਂ ਕਿ ਸਾਨੂੰ ਤੇਰੇ ਚਾਰ ਛਿੱਲੜਾਂ ਦੀ ਨਹੀਂ, ਤੇਰੀ ਲੋੜ ਹੈ।ਘਰ ਮੁੜ ਆਵੇ।ਰੁੱਖੀ-ਮਿੱਸੀ ਕਾ ਲਵਾਂਗੇ।ਆਪਣਿਆਂ ਤੋਂ ਦੂਰ ਰਹਿ ਕੇ ਸਮਾਂ ਬਿਤਾਉਣਾ ਕਿਹੜਾ ਸੌਖਾ।ਕਾਲਾ ਚੁੱਪ ਚੁਪੀਤਾ ਧੀਰੇ ਦੀ ਮਾਂ ਦੀਆਂ ਗੱਲਾਂ ਸੁਣਦਾ ਰਿਹਾ ਤੇ ਬਿਨ੍ਹਾਂ ਕੁੱਝ ਕਹੇ ਆਪਣੇ ਪਿੰਡ ਪਰਤ ਗਿਆ।
ਕਾਲਾ ਦੋ ਮਹੀਨੇ ਆਪਣੇ ਪਿੰਡ ਰਿਹਾ ਤੇ ਮੁੜ ਇੰਗਲੈਂਡ ਵਾਪਸ ਆ ਗਿਆ। ਜਦੋਂ ਧੀਰੇ ਨੂੰ ਉਸਦੇ ਵਾਪਸ ਪਰਤ ਆਉਣ ਦਾ ਪਤਾ ਲੱਗਾ ਤਾਂ ਉਹ ਕਾਲੇ ਨੂੰ ਮਿਲਣ ਗਿਆ।ਕਾਲੇ ਨੇ ਉਸਦੇ ਘਰ ਦੇ ਸਾਰੇ ਹਾਲਾਤ ਉਸ ਅੱਗੇ ਬਿਆਨ ਕਰ ਦਿੱਤੇ।ਉਹ ਸੋਚ ਰਿਹਾ ਸੀ ਕਿ ਕਿਵੇਂ ਦਸਦਾ ਘਰ ਦਿਆਂ ਨੂੰ ਕਿ ਉਸਦਾ ਤਾਂ ਪਰਾਈ ਧਰਤ ਤੇ ਬੁਰੀ ਤਰ੍ਹਾਂ ਨਾਲ ਐਕਸੀਡੈਂਟ ਹੋ ਗਿਆ ਸੀ,ਮਸੀਂ ਜਾਨ ਬਚੀ ਸੀ।ਸੋਚਿਆ ਸੀ ਕਿ ਸ਼ਾਇਦ ਇੰਗਲੈਂਡ ਵਿੱਚ ਪੈਸਾ ਸੌਖਾ ਬਣਦਾ ਹੋਵੇਗਾ।ਮੈਂ ਤਾਂ ਨਾ ਘਰ ਦਾ ਰਿਹਾ ਨਾ ਘਾਟ ਦਾ।ਸੋਚਾਂ ਸੋਚਦਾ ਉਹ ਆਪਣੇ ਅਤੀਤ ਵਿੱਚ ਪਹੁੰਚ ਗਿਆ।ਕਿਵੇਂ ਅੱਠੋ-ਅੱਠ ਮਾਰਦਾ ਪਿੰਡ ਦੀਆਂ ਜੂਹਾਂ ਵਿੱਚ ਘੁੰਮਦਾ ਸੀ।ਕੋਈ ਫਿਕਰ ਨਾ ਫਾਕਾ।ਕਿਸੇ ਦੀ ਟੈਂ ਨਾ ਮੰਨਣ ਵਾਲਾ ਧੀਰਾ ਹੁਣ ਸਮੁੰਦਰੋਂ ਪਾਰ ਕੱਲਮ-ਕੱਲਾ ਚੋਰਾਂ ਜਹੀ ਜ਼ਿੰਦਗੀ ਬਸਰ ਕਰ ਰਿਹਾ ਸੀ।ਵਾਪਸ ਜਾ ਨਹੀਂ ਸੀ ਸਕਦਾ।ਸੋਚਾਂ ਵਿੱਚ ਡੁੱਬੇ ਦੀ ਕਦ ਅੱਖ ਲਗ ਗਈ ਪਤਾ ਹੀ ਨਾ ਲੱਗਾ।