ਅੱਜ ਗੁਰੂਸਰ ਪਿੰਡ ਵਿੱਚ ਪੀਲੇ.ਕਾਰਡ ਬਣਨੇ ਸਨ । ਕਈ ਦਿਨਾਂ ਤੋਂ ਗੁਰਦਵਾਰਾ ਸਾਹਿਬ ਦੇ ਸਪੀਕਰ 'ਤੇ ਭਾਈ ਜੀ ਸੂਚਨਾਂ ਦੇ ਰਿਹਾ ਸੀ ।
ਵਿਹੜੇ ਵਾਲਾ ਪਿੱਲਾ ਤੇ ਉਹਦੀ ਘਰਵਾਲੀ ਬੰਤੋ ਪੰਚਾਇਤ ਘਰ ਪਹੁੰਚ ਗਏ । ਪਿੱਲਾ ਜੈਲਦਾਰਾਂ ਦਾ ਸੀਰੀ ਸੀ ਅਤੇ ਬੰਤੋ ਉਨ੍ਹਾਂ ਦਾ ਗੋਹਾ- ਕੂੜਾ ਕਰਦੀ ਸੀ । ਉਹ ਹੁਣ ਜੈਲਦਾਰਾਂ ਦੀ ਹਵੇਲੀ 'ਚੋਂ ਹੀ ਆਏ ਸਨ ।
ਪੰਚਾਇਤ ਘਰ ਵਿੱਚ ਪਹਿਲਾਂ ਹੀ ਵੱਡੀਆਂ- ਵੱਡੀਆਂ ਸਰਕਾਰੀ ਗੱਡੀਆਂ 'ਤੇ ਆਏ, ਮੋਟੇ- ਮੋਟੇ ਸਰਕਾਰੀ ਅਫ਼ਸਰ ਬੈਠੇ ਸਨ । ਸਾਰੀ ਪੰਚਾਇਤ ਵੀ ਮੌਜੂਦ ਸੀ ।
ਲੰਬੀ ਲਾਇਨ ਲੱਗੀ ਸੀ ।
ਕਾਫੀ ਇੰਤਜ਼ਾਰ ਤੋਂ ਬਾਅਦ ਪਿੱਲੇ ਦੀ ਅਤੇ ਉਹਦੀ ਘਰਵਾਲੀ ਦੀ ਵਾਰੀ ਆ ਗਈ ।
"ਤੇਰਾ ਨਾਂ ਕੀ ਐ ?" ਅਫ਼ਸਰ ਨੇ ਪਿੱਲੇ ਨੂੰ ਸਰਕਾਰੀ ਰੋਹਬ ਨਾਲ ਪੁੱਛਿਆ, ਨਾਲ ਹੀ ਅਫ਼ਸਰ ਦਾ ਢਿੱਡ ਹਿੱਲਿਆ ।
ਪਹਿਲਾਂ ਤਾਂ ਪਿੱਲਾ ਘਬਰਾ ਹੀ ਗਿਆ ਕਿ ਕੀ ਨਾਮ ਦੱਸੇ, ਪਿੱਲਾ ? ਪਿੱਲੂ ? ਜਾਂ ਪਿੱਲਾ ਸਿੰਘ ?
ਫਿਰ ਉਹਨੇ ਸੰਭਲ਼ਦਿਆਂ ਹੋਇਆਂ, ਆਪਣੀ ਢਹੀ ਹੋਈ ਪੱਗ ਸਿਰ ਉੱਤੇ ਠੀਕ ਕਰਦਿਆਂ ਕਿਹਾ, "ਜੀ ਮੋਤੀਆਂ ਆਲ਼ਿਓ ! ਪਿੱਲਾ ਸਿੰਘ ਲਿਖ ਲੋ ਜੀ ।"
"ਅੱਛਾ, ਤੇਰੇ ਬਾਪ ਦਾ ਨਾਮ ਕੀ ਐ ?" ਅਫ਼ਸਰ ਫਿਰ ਗੜ੍ਹਕਿਆ ।
"ਜੀ, ਉਹਦਾ ਨਾਉਂ ਤਾਂ ਜੀ, .ਗਰੀਬੂ ਸਿੰਘ ਸੀ, ਜੀ ।" ਪਿੱਲੇ ਨੇ ਹੱਥ ਜੋੜਦਿਆਂ ਦੱਸਿਆ ।
"ਉਏ, ਮੂਹਰੇ ਸਰਦਾਰ ਤਾਂ ਲਾ ਦਿੰਦਾ, ਸਰਦਾਰ ਗਰੀਬ ਸਿੰਘ ਕਹਿ ।" ਅਫ਼ਸਰ ਪਿੱਲੂ ਵੱਲ ਐਨਕਾਂ ਥਣੀਂ ਝਾਕਿਆ ।
"ਸਾਡੇ ਘਰੇ ਕਿੱਥੇ ਸਰਦਾਰੀਆਂ, ਜੀ ?" ਪਿੱਲੂ ਨੇ ਆਪਣੇ ਲੋਹੇ ਵਰਗੇ ਇੱਕ ਹੱਥ ਨਾਲ ਦਾਹੜੀ ਖੁਰਚਦਿਆਂ ਕਿਹਾ, "ਸਰਦਾਰ ਤਾਂ ਜੀ, ਔਧਰ ਬੈਠੇ ਨੇ ।" ਉਹਨੇ ਦੂਜੇ ਹੱਥ ਨਾਲ ਸਰਪੰਚ ਵੱਲ ਇਸ਼ਾਰਾ ਕਰ ਦਿੱਤਾ ।
ਕੁਰਸੀ 'ਤੇ ਬੈਠਾ ਸਰਪੰਚ ਸਰਦਾਰ ਗੁਰਾਂਦਿੱਤਾ ਸਿੰਘ ਜੈਲਦਾਰ ਮੁੱਛਾਂ ਉੱਤੇ ਹੱਥ ਫੇਰ ਰਿਹਾ ਸੀ ਤੇ ਨਾਲ ਹੀ ਪਿੱਲੂ ਦੇ ਪਿੱਛੇ ਖੜ੍ਹੀ ਉਹਦੀ ਘਰਵਾਲੀ ਬੰਤੋ ਨੂੰ ਨਿਹਾਰ ਰਿਹਾ ਸੀ ।
ਬੰਤੋ ਨੀਵੀਂ ਪਾਈਂ ਖੜ੍ਹੀ ਗੋਹੇ ਦੇ ਲਿਬੜੇ ਪੈਰ ਦੇ ਅੰਗੂਠੇ ਨਾਲ ਧਰਤੀ ਖੁਰਚ ਰਹੀ ਸੀ । ਲਗਦਾ ਸੀ, ਜਿਵੇਂ ਕਿਸਮਤ ਟੋਲ਼ ਰਹੀ ਹੋਵੇ ।
ਕੁਰਸੀ ਉੱਤੇ ਬੈਠਾ ਅਫ਼ਸਰ ਕਲਮ ਵਾਹ ਰਿਹਾ ਸੀ, ਜਿਵੇਂ ਵਿਹੁ ਮਾਤਾ ਲੇਖ ਲਿਖਦੀ ਹੋਵੇ ।