ਮੈਨੂੰ ਚਾਰੇ ਪਾਸਿਆਂ ਤੋਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ। ਮੈ ਕਿਸੇ ਨੂੰ ਦੇਖ ਨਹੀਂ ਸਕਦੀ, ਪਰ ਮੈਨੂੰ ਆਵਾਜ਼ਾਂ ਦੀ ਪਛਾਣ ਆਉਣ ਲੱਗ ਪਈ ਹੈ। ਪਤਲੀ ਆਵਾਜ਼, ਭਾਰੀ ਆਵਾਜ਼ ਤੇ ਬੱਚੇ ਦੇ ਰੋਣ ਦੀ ਆਵਾਜ਼। ਪਹਿਲਾਂ ਤਾਂ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਕਿਹੜਾ ਕੌਣ ਹੈ। ਇੱਕ ਭਾਰੀ ਆਵਾਜ਼ ਕਿਸੇ ਅਧਖੜ ਉਮਰ ਦੇ ਆਦਮੀ ਦੀ ਹੈ ਤੇ ਇੱਕ ਪਤਲੀ ਆਵਾਜ਼ ਇੱਕ ਔਰਤ ਦੀ ਹੈ।
ਇੱਕ ਜਾਵਾਨ ਅਵਾਜ਼ ਜਦੋਂ ਦੀ ਹਸਪਤਾਲ ਤੋਂ ਹੋ ਕੇ ਆਈ ਹੈ ਤਾਂ ਉਸ ਦਿਨ ਤੌ ਮੇਰੇ ਆਲੇ ਦੁਆਲੇ ਦੀ ਹਰ ਇੱਕ ਆਵਾਜ਼ ਦੀ ਟੋਨ ਬਦਲ ਗਈ ਹੈ। ਹਰ ਰੋਜ਼ ਇਹ ਆਵਾਜ਼ਾਂ ਉੱਚੀ ਉਚੀ ਗੱਲਾਂ ਕਰਦੀਆਂ ਹਨ। ਇਕ ਆਵਾਜ਼ ਮੇਰੇ ਬਹੁਤ ਹੀ ਨਜ਼ਦੀਕ ਹੈ। ਮੈ ਇਸ ਆਵਾਜ਼ ਦੇ ਹਉਕੇ ਸੁਣਦੀ ਹਾਂ। ਮੈ ਉਸਦੇ ਅੰਦਰ ਇੱਕ ਦੀਵਾਰ ਦੇ ਪਿਛੇ ਸੁੰਘੜੀ ਬੈਠੀ ਹਾਂ। ਮੈ ਉਸਦੀ ਹਰ ਹਰਕਤ ਤੋਂ ਵਾਕਿਫ ਹੋ ਗਈ ਹਾਂ। ਕਦੀ ਕਦੀ ਉਹ ਆਪਣੇ ਨਾਲ ਹੀ ਗੱਲਾਂ ਕਰਦੀ ਹੈ। "ਤੂੰ ਮੇਰੇ ਅੰਦਰ ਬੜੇ ਆਰਾਮ ਨਾਲ ਬੈਠੀ ਹੈਂ ਤੇ ਇਸ ਰੰਗ ਬਿਰੰਗੀ ਦੁਨੀਆਂ ਨੂੰ ਦੇਖਣਾ ਚਾਹੁੰਦੀ ਏ। ਪਰ ਜਿਹੜੇ ਤੇਰੇ ਵਿਛੋੜੇ ਦੇ ਕਾਲੇ ਬੱਦਲ ਮੇਰੇ ਉਤੇ ਮੰਡਰਾ ਰਹੇ ਹਨ ਤੂੰ ਨਹੀਂ ਜਾਣਦੀ।ਂ" ਉਸਦੀਆਂ ਗੱਲਾਂ ਤੋਂ ਮੇਨੂੰ ਪਤਾ ਲਗਿਆ ਹੈ ਕਿ ਮੈ ਵੀ ਉਸ ਔਰਤ ਦੀ ਤਰਾਂ੍ਹ ਸ਼ਾਇਦ ਇੱਕ ਔਰਤ ਹੀ ਹਾਂ।
"ਮੈ ਬੇਬੱਸ ਹਾਂ, ਮੇਰੀ ਬੱਚੀ"
"ਪਰ ਕਿਉਂ ਮਾਂ?"
"ਮੈਨੂੰ ਸਮਾਜ ਤੋਂ ਡਰ ਲੱਗਦਾ ਹੈ ਇਸ ਘਰ'ਚ ਇੱਕ ਕੁੜੀ ਦਾ ਪੈਦਾ ਹੋਣਾ ਮਨਹੂਸ ਸਮਝਿਆ ਜਾਂਦਾ ਹੈ।"
"ਪਰ ਕਿਉਂ ਮਾਂ? ਤੂੰ ਕੁਝ ਕਹਿੰਦੀ ਕਿਉਂ ਨਹੀਂ?"
"ਮੈ ਕੀ ਕਹਿ ਸਕਦੀ ਹਾਂ? ਇਸ ਘਰ'ਚ ਇਥੋਂ ਤਾਂਈਂ ਕਿ ਦੁਨੀਆਂ ਵਿੱਚ ਵੀ ਔਰਤ ਦੀ ਸੁਣਦਾ ਹੀ ਕਉਣ ਹੈ।"
"ਮੈ ਤਾਂ ਤੇਰਾ ਪਹਿਲਾ ਤੇ ਇਕੋ ਹੀ ਬੱਚਾ ਹੋਵਾਂਗੀ।"
"ਨਹੀਂ ਮੇਰੀ ਬੱਚੀ, ਤੇਰੇ ਡੈਡੀ ਦਾ ਪਹਿਲਾਂ ਵੀ ਇੱਕ ਬੱਚਾ ਹੈ। ਇਥੇ ਆਦਮੀ ਦੀ ਹੀ ਸੁਣੀ ਜਾਂਦੀ ਹੈ।"
"ਮੈ ਵੀ ਔਰਤ ਹਾਂ, ਠੀਕ ਹੈ ਨਾ?"
"ਹਾਂ, ਟੈਸਟ ਵਾਲੀ ਮਸ਼ੀਨ ਇਹੀ ਦੱਸਦੀ ਸੀ। ਟੈਸਟ ਰੀਜ਼ਲਟ ਸੁਣਕੇ ਘਰਦਿਆਂ ਦਾ ਆਖਰੀ ਫੇਸਲਾ ਹੈ ਕਿ ਇਸ ਘਰ'ਚ ਇੱਕ ਲੜਕੀ ਦਾ ਜਨਮ ਨਹੀਂ ਹੋ ਸਕਦਾ। ਔਰਤ ਦਾ ਪੈਦਾ ਹੋਣਾ ਹੀ ਮਨਹੂਸ ਹੈ।"
"ਪਰ ਮਾਂ ਹੋ ਸਕਦਾ ਹੈ ਮੈ ਲੜਕਾ ਹੀ ਹੋਵਾਂ।"
" ਮਸ਼ੀਨ ਝੂਠ ਨਹੀਂ ਬੋਲਦੀ।"
"ਮਾ, ਮੈਨੂੰ ਕਿਸੇ ਤਰਾ੍ਹ ਬਚਾ ਲੈ। ਮੈ ਵੀ ਦੁਨੀਆਂ ਦੇਖਣੀ ਹੈ।'
"ਕਾਸ,æ ਮੈ ਇੰਜ ਕਰ ਸਕਦੀ।"
" ਕੀ ਮੇਰਾ ਡੈਡੀ ਵੀ ਮੇਰਾ ਦੁਨੀਆਂ ਦੇਖਣ ਤੋਂ ਪਹਿਲਾਂ ਹੀ ਜੀਊਣ ਦਾ ਹੱਕ ਖੋਹਣਾ ਚਾਹੁੰਦਾ ਹੈ?"
"ਤੇਰੇ ਡੈਡੀ ਦਾ ਤੇ ਤੇਰੀ ਦਾਦੀ ਦਾ ਹੁਕਮ ਹੈ ਕਿ ਇਸ ਘਰ'ਚ ਲੜਕੀ ਨਹੀਂ ਪੈਦਾ ਹੋਣ ਦੇਣੀ।"
"ਪਰ ਮਾਂ, ਦਾਦੀ ਵੀ ਤਾਂ ਔਰਤ ਹੀ ਪੈਦਾ ਹੋਈ ਸੀ।"
"ਤੂੰ ਠੀਕ ਕਹਿ ਰਹੀ ਏਂ, ਮੇਰੀ ਬੱਚੀ। ਪਰ ਮੇਰੀ ਆਵਾਜ਼ ਨਿਗਾਰਖਾਨੇ'ਚ ਤੂਤੀ ਦੀ ਆਵਾਜ਼ ਹੈ। ਮੇਰੀ ਕਉਣ ਸੁਣਦਾ ਹੈ ਇੱਥੇ। ਮੇਰਾ ਵੱਸ ਚਲਦਾ ਤਾਂ ਮੈ ਟੈਸਟ ਕਰਵਾਉਣਾ ਹੀ ਨਹੀਂ ਸੀ।"
"ਮਾਂ, ਜੇ ਧਰਤੀ ਮਾਂ ਹੀ ਬੀਜ ਉਗਲ ਦੇਵੇ ਤਾਂ ਫ਼ਸਲ ਦੀ ਪੈਦਾਇਸ਼ ਕਿਸ ਤਰਾਂ੍ਹ ਹੋਵੇਗੀ।æ ਜੇ ਇਸ ਤਰ੍ਹਾਂ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿਉਗੇ ਤਾਂ ਦੁਨੀਆਂ ਹੀ ਖਤਮ ਹੋ ਜਾਏਗੀ।"
"ਹਾਂ ਠੀਕ ਹੈ ਤੇਰਾ ਖਿਆਲ। ਪਰ ਐਨੀ ਦੂਰ ਦੀ ਕਉਣ ਸੋਚਦਾ ਹੈ।"
"ਮਾਂ, ਕੁੜੀਆਂ ਨੂੰ ਜੀਉਣ ਦਾ ਹੱਕ ਕਿਉਂ ਨਹੀ। ਇੱਕ ਵਾਰੀ ਮੈਨੂੰ ਦੁਨੀਆਂ ਦੇਖ ਲੈਣ ਦੇ। ਮੈ ਤੇਰੇ ਸਾਰੇ ਸੁਪਨੇ ਪੂਰੇ ਕਰ ਦਿਆਂਗੀ।"
"ਸਿਰਫ ਹੱਕ ਦੀ ਗੱਲ ਨਹੀਂ। ਲੜਕੀ ਦਾ ਪਾਲਣਾ ਬਹੁਤ ਔਖਾ ਹੈ। ਇਹ ਤਾਂ ਇੱਕ ਆਟੇ ਦਾ ਪੇੜਾ ਹੈ। ਬਾਹਰ ਜਾਵੇ ਤਾਂ ਕਾਂ ਖਾ ਜਾਣਗੇ, ਘਰ ਦੇ ਅੰਦਰ ਰਖੋ ਤਾਂ ਚੂਹੇ। ਜੇ ਪਾਲ ਪੋਸਕੇ, ਪੜਾ੍ਹ ਲਿਖਾਕੇ ਵਿਆਹ ਕਰ ਦਿਉ ਤਾਂ ਕੁੜੀ ਦੇ ਸੌਹਰਿਆਂ ਦਾ ਢਿੱਡ ਭਰਨਾ ਕਿਹੜਾ ਆਸਾਨ ਹੈ। ਜੇ ਇੱਕ ਉਨਾ੍ਹ ਦੀ ਖਾਹਸ਼ ਪੂਰੀ ਕਰੋ ਤਾਂ ਦੂਜੀ ਤਿਆਰ ਹੋ ਜਾਂਦੀ ਹੈ। ਉਨਾ੍ਹ ਦੇ ਢਿੱਡ ਵੀ ਗੁਬਾਰੇ ਦੀ ਤਰਾਂ੍ਹ ਫੁਲੀ ਹੀ ਜਾਂਦੇ ਹਨ। ਹਾਲੇ ਪਿਛਲੇ ਹਫਤੇ ਹੀ ਆਪਣੇ ਲੰਬੜਾਂ ਦੀ ਕੁੜੀ ਨੂੰ ਤੇਲ ਪਾਕੇ ਸਾੜ ਦਿੱਤਾ ਸੀ ਕਿਉਂਕਿ ਜਵਾਈ ਸਾਹਿਬ ਨੂੰ ਕਾਰ ਚਾਹੀਦੀ ਸੀ। ਕੀ ਕੀ ਦੱਸਾਂ ਤੈਨੂੰ। ਇਹ ਦੁਨੀਆਂ ਕਿਸੇ ਨੂੰ ਜੀਊਣ ਨਹੀਂ ਦਿੰਦੀ। ਹੈ।"
"ਕੀ ਕੋਈ ਕਨੂੰਨ ਹੀਂ ਜੋ ਮੇਰੇ ਵਰਗੇ ਅਣਜੰਮੇ ਬਚਿਆਂ ਦੀ ਮਦਦ ਕਰ ਸਕੇ?"
"ਕਨੂੰਨ ਤਾਂ ਬਹੁਤ ਹਨ, ਪਰ ਕੋਈ ਕਨੂੰਨ ਨੂੰ ਮੰਨਦਾ ਹੀ ਨਹੀ। ਸਰਕਾਰ ਨੇ ਦਹੇਜ ਲੈਣਾ ਤੇ ਦੇਣ ਦਾ ਕਨੂੰਨ ਬਨਾਇਆ ਹੈ, ਪਰ ਲੋਕ ਚੋਰੀ ਚੋਰੀ ਆਪਣੀ ਧੀ ਨੂੰ ਦਿੰਦੇ ਹਨ। ਤੇ ਸੌਹਰੇ ਪਹਿਲਾਂ ਹੀ ਚੀਜਾਂ ਦੀ ਲਿਸਟ ਬਣਾਕੇ ਭੇਜ ਦਿੰਦੇ ਹਨ। ਨਾਂ ਕੋਈ ਸਿਕਾਇਤ ਕਰਦਾ ਹੈ ਤੇ ਨਾ ਹੀ ਕੋਈ ਸੁਣਦਾ ਹੈ। ਨਾ ਦਿਉ ਤਾਂ ਬਾਰਾਤ ਵਾਪਸ ਲੈ ਜਾਂਦੇ ਹਨ। ਪੁਲੀਸ ਵੀ ਆਵੇ ਤਾਂ ਉਸਨੂੰ ਚੋਰੀ ਪੈਸੇ ਦੇਕੇ ਰਫਾ ਦਫਾ ਕਰ ਦਿੱਤਾ ਜਾਂਦਾ ਹੈ। ਬੱਚਾ ਗਿਰਾਉਣਾ ਵੀ ਇੱਕ ਜੁਰਮ ਹੈ। ਜੇ ਕੋਈ ਡਾਕਟਰ ਫੜਿਆ ਜਾਵੇ ਤਾਂ ਰਿਸ਼ਵਤ ਦੇ ਕੇ ਕੇਸ ਰਫਾ ਦਫਾ ਕਰ ਦਿੱਤਾ ਜਾਂਦਾ ਹੈ ਮੇਰੀ ਬੱਚੀ, ਇਸ ਦੁਨੀਆਂ ਦਾ ਮੈ ਕੀ ਕੀ ਦੱਸਾਂ।"
ਹਾਲੇ ਮਾਂ ਅਤੇ ਅਣਜੰਮੇ ਬੱਚੇ ਦੀਆਂ ਗਲਾਂਂ ਹੋ ਹੀ ਰਹੀਆਂ ਸਨ ਕਿ ਇੱਕ ਦਰਵਾਜ਼ਾ ਦੀ ਹਵਾ ਦੇ ਝੋਂਕੇ ਵਾਂਗੂ ਖੁਲਣ ਦੀ ਆਵਾਜ਼ ਆਈ ਤੇ ਫਿਰ ਝੱਟ ਦੇਣੀ ਬੰਦ ਹੋ ਗਿਆ। ਮਾਂ ਨੂੰ ਸਟਰੈਚਰ ਤੇ ਪਾਕੇ ਅੰਦਰ ਲਿਆਂਦਾ ਗਿਆ।
"ਹਾਲੇ ਵੀ ਵਕਤ ਹੈ, ਮਾਂ, ਮੈਨੂੰ ਬਚਾ ਲੈ। ਮੈ ਤੇਰੇ ਤੋਂ ਕੁਝ ਨਹੀਂ ਮੰਗਾਗੀ ਤੇਰੀ ਤੇ ਡੈਡੀ ਦੀ ਉਮਰ ਭਰ ਸੇਵਾ ਕਰਾਂਗੀ। ਮਾਂ ਤੂੰ ਗੁੰਗੀ ਨਹੀਂ; ਤੇਰੀ ਇੱਕ ਅਵਾਜ਼ ਨਾਲ ਮੈ ਜ਼ਿੰਦਾ ਰਹਿ ਸਕਦੀ ਹਾਂ। ਬੋਲ ਮਾਂ, ਬੋਲ। ਮੈਂ ਤੇਰਾ ਹੀ ਖੁਨ ਹਾਂ। ਤੂੰ ਕਿਸ ਤਰਾਂ੍ਹ ਮੈਨੂੰ ਕਸਾਈਆਂ ਦੇ ਹਥੋਂ ਮਰਵਾ ਸਕਦੀ ਏ। "
ਠਾਹ ਕਰਕੇ ਦਰਵਾਜ਼ਾ ਫਿਰ ਖੁਲ੍ਹਿਆ, ਕਸਾਈ ਕਮਰੇ'ਚ ਦਾਖਲ ਹੋਏ ਤੇ ਮੇਰੇ ਇਸ ਖੁਬਸੂਰਤ ਦੁਨੀਆਂ ਨੂੰ ਦੇਖਣ ਦੇ ਸੁਪਨਿਆਂ ਨੂੰ ਆਪਣੇ ਝੂਠੇ ਸੰਸਕਾਰਾਂ ਦਾ ਨਾਉਂ ਦੇਕੇ ਕੁਚਲ ਦਿੱਤਾ।
ਮਾਂ ਨੂੰ ਇੱਕ ਇੰਜੈਕਸ਼ਨ ਦਿੱਤਾ ਗਿਆ। " "ਕਿਨੀ ਕੁ ਦੇਰ ਲੱਗੇਗੀ, ਡਾਕਟਰ ਸਾਹਿਬ?"
"ਤਕਰੀਬਨ ਇੱਕ ਘੰਟਾ ਹੀ ਸਮਝੋ।"
ਮੈਂ ਆਪਣੀ ਕਾਲੀ, ਹਨੇਰੀ ਅਤੇ ਗਰਮੀ ਨਾਲ ਤਪਦੀ ਗੁਫਾ'ਚੋਂ ਬਾਹਰ ਸੀ। ਨਰਸ ਨੇ ਮੈਨੂ ਦਸਤਾਨੇ ਵਾਲਿਆਂ ਹੱਥਾਂ'ਚ ਪਕੜਿਆਂ ਤੇ ਕੂੜੇ ਕਰਕਟ ਦੀ ਤਰਾਂ੍ਹ ਇੱਕ ਬੈਗ'ਚ ਪਾ ਦਿੱਤਾ। ਮੈ ਹਾਲੇ ਵੀ ਸਭ ਦੀਆਂ ਗੱਲਾਂ ਸੁਣ ਸਕਦੀ ਸੀ।ਬਾਹਰ ਦੀ ਹਵਾ, ਮੈਨੂੰ ਚੰਗੀ ਲੱਗੀ ਭਾਵੇਂ ਥੋੜ੍ਹੇ ਸਕਿੰਟਾਂ ਦੀ ਹੀ ਸੀ। ਜਿਨੀ ਇਹ ਦੁਨੀਆਂ ਖੂਬਸੂਰਤ ਅਤੇ ਰੰਗ ਬਿਰੰਗੀ ਲੱਗੀ ਓਨੀ ਹੀ ਇਹ ਜ਼ਾਲਮ ਨਿਕਲੀ।
"ਡਾਕਟਰ ਸਾਹਿਬ, ਆਪਦਾ ਬਹੁਤ ਬਹੁਤ ਸ਼ੁਕਰੀਆ ਮੇਰੀ ਸੱਸ ਅਤੇ ਪਤੀ ਸਾਰੀ ਉਮਰ ਥੋਡੇ ਅਹਿਸਾਨਮੰਦ ਰਹਿਣਗੇ।" ਇਹ ਆਵਾਜ਼ ਮੇਰੀ ਹੌਕੇ ਭਰਦੀ ਹੋਈ ਮਾਂ ਦੀ ਸੀ।
"ਸ਼ੁਕਰੀਆ, ਡਾਕਟਰ ਸਾਹਿਬ, ਅਸੀਂ ਥੋਡੀ ਮਿਹਰਬਾਨੀ ਅਤੇ ਨੇਕਨਾਮੀ ਨੂੰ ਉਮਰ ਭਰ ਨਹੀਂ ਭੁਲਾਂਗੇ।" ਇਹ ਮੇਰਾ ਬਾਪ ਸੀ।
"ਸ਼ੁਕਰ ਏ ਉਸ ਪਰਵਦਗਾਰ ਦਾ। ਇਹ ਉਮਰ ਭਰ ਦਾ ਬੋਝ ਉਤਰਿਆ।" ਇਹ ਮੇਰੀ ਦਾਦੀ ਸੀ।
ਜਾਂਦੇ ਜਾਂਦੇ ਮਾਂ ਨੇ ਨਰਸ ਨੂੰ ਪੁੱਛ ਹੀ ਲਿਆ, ਮੇਰੀ ਬੇਟੀ ਕੈਸੀ ਸੀ?"
" ਉਹ ਬੇਟੀ ਨਹੀਂ ਉਹ ਆਪਦਾ ਬੇਟਾ ਸੀ, ਦੀਦੀ। ਉਸਨੂੰ ਮਾਰਣਾ ਕਿਉਂ ਚਾਹੁੰਦੇ ਸੀ ਤੁਸੀਂ?"
ਸੁਣਦਿਆਂ ਹੀ ਮਾਂ ਦੀਆਂ ਚੀਕਾਂ ਨਿਕਲ ਗਈਆਂ। ਪਿਉ ਦਾ ਸਿਰ ਸ਼ਰਮ ਨਾਲ ਝੁਕ ਗਿਆ, ਤੇ ਦਾਦੀ ਦੀ ਜ਼ਬਾਨ ਨੂੰ ਸ਼ਾਇਦ ਕਿਸੇ ਸੱਪ ਨੇ ਡੱਸ ਲਿਆ ਸੀ। ਦੂਰੋਂ ਕਿਸੇ ਬੱਚੇ ਦੇ ਹੱਸਣ ਦੀ ਆਵਾਜ਼ ਆ ਰਹੀ ਸੀ ਜਿਹੜੀ ਕਿ ਬੱਚੇ ਦੇ ਘਰ ਵਾਲਿਆਂ ਦੇ ਕਲੇਜੇ'ਚ ਕਿਸੇ ਤੇਜ਼ ਨੋਕ ਵਾਲੇ ਛੁਰੇ ਵਾਂਗੂ ਵੱਜ ਰਹੀ ਸੀ।