ਮੈਨੂੰ ਮੁਆਫ ਨਾਂ ਕਰੀ ਮੇਰੇ ਦੇਸ਼
ਮੈਂ ਤੈਨੂੰ
ਗੂੜੀ ਨੀਂਦ 'ਚ ਸੁੱਤੇ ਨੂੰ
ਮਿਲਣ ਆਇਆ
ਆਪਣੀ ਬੁੱਕਲ ਦੇ
ਗੁਆਕੇ ਪਰਤ ਚੱਲਿਆ ਹਾਂ
-ਬੋਲ
ਤੂੰ ਦੇਖ ਰਿਹੈਂ ਮੇਰੇ ਦੇਸ਼
ਇਤਿਹਾਸਕ ਤੋਪਾਂ ਦਾ ਖੁੱਲਿਆ ਜਬ੍ਹਾੜਾ
ਮੇਰੇ ਵੱਲ ਹੈ
(ਇਥੇ ਤਾਂ ਹੱਥ ਮਿਲਾਉਣ ਤੋਂ ਬਾਅਦ ਹੀ
ਆਦਮੀ ਵੀ ਇਤਿਹਾਸਿਕ ਹੋ ਜਾਂਦਾ ਹੈ )
ਤੇ ਮੇਰਾ ਚਿਹਰਾ
ਤੈਨੂੰ ਦਿੱਤੀ ਜਾ ਰਹੀ ਸਲਾਮੀ ਦੇ
ਇੱਕਵੰਜਾ ਮੂੰਹਾਂ ਵੱਲ
ਮੈਂ ਤੇਰਾ ਉਹ ਨਾਗਰਿਕ ਹਾਂ ਮੇਰੇ ਦੇਸ਼
ਜੋ ਅਕਸਰ ਹੀ
ਮੋਹ ਦੀ ਭਾਸ਼ਾ 'ਚ ਭੋਂਕਦਾ ਹਾਂ
ਅਤੇ –
ਆਪਣੀ ਹੀ
ਮੂਕ ਜਿਹੀ ਆਰਤੀ ਉਤਾਰਦਾ ਹਾਂ
ਅਸ਼ਲੀਲ਼ ਲਤੀਫਿਆਂ ਦੀ
ਵੀ.ਸੀ.ਡੀ. ਵੇਖਣ ਵੇਲੇ
ਤੂੰ ਅਜਿਹਾ ਤਾਂ ਕਦੇ ਵੀ ਨਹੀਂ ਸੈਂ ਮੇਰੇ ਦੇਸ਼
ਕਿ ਅੱਜ ਤੇਰੇ ਵਿਹੜੇ ਦੇ ਬਾਸ਼ਿੰਦੇ
ਫਰੋਲ ਰਹੇ ਨੇ ਤੇਰੀ ਸਰਹੱਦ ਦਾ ਭੂਗੋਲ
ਤੇ ਤੇਰੇ ਉਪਰ
ਸ਼ਿਕਾਰ ਦਾ ਸਿਲੇਬਸ
ਲਾਗੂ ਕਰਨਾ ਚਾਹੁੰਦੇ ਨੇ
ਤੇਰੀ ਰਾਜਨੀਤੀ ਦੇ ਕਥਾਵਾਚਕ
ਤੂੰ ਅਜੇਹਾ ਤਾਂ ਕਦੇ ਵੀ ਨਹੀਂ ਸੈਂ ਮੇਰੇ ਦੇਸ਼
ਕਿ ਤੇਰੀਆਂ ਸਰਦਲਾਂ ਤਾਂ ਬਣੀਆਂ ਸਨ
ਸਿਜਦਿਆਂ ਲਈ ਹੀ
ਕਿ ਤੇਰੀ ਹਿੱਕ ਉੱਤੇ ਕਦੇ ਨਹੀਂ ਸੀ aੁੱਗਿਆ
ਚੁਰਸਤਿਆਂ ਦਾ ਜੰਗਲ
ਕਿ ਤੇਰੀਆਂ ਤਾਂ ਚਹੁੰ ਕੂੰਟਾਂ ਵਿੱਚ
ਮੱਕਾ ਹੀ ਮੱਕਾ ਸੀ
ਕਿ ਅੱਜ ਕਿਵੇਂ
ਲਿਬਾਸਾਂ ਦੇ ਆੜਤੀਆਂ ਨੇ
ਸਿਰ ਚੁੱਕ ਲਏ ਨੇ
ਕਿ ਹਰ ਆੜਤੀਏ ਦੇ ਤੋਲ ਦੀ ਵਹੀ
ਭੂਤਰੇ ਸਾਨ੍ਹਾਂ ਦੇ ਹੱਥਾਂ 'ਚ ਆ ਗਈ ਹੈ
ਘਰਾਂ ਦੇ ਵਿਹੜਿਆਂ ਅੰਦਰ
ਇਉਂ ਕਦੇ ਨਹੀਂ ਹੋਇਆ ਕਰਦਾ
ਕਿ ਅਸੀਂ ਆਂਪਣੀਆਂ ਹੀ ਕੰਧਾਂ ਨੂੰ
ਅਜਨਬੀ ਜਿਹੇ ਦਿਸਣ ਲੱਗ ਪਈਏ
ਕਿ ਸਾਡੀਆਂ ਹੀ ਛੱਤਾਂ
ਸਾਡੀ ਹੀ ਕਰ ਨਾਂ ਸਕਣ
-ਸੁਰੱਖਿਆ
ਪਿੰਡ ਵੜਦਿਆਂ
ਘਰ ਨੂੰ ਜਾਂਦੀ
ਗਲੀ ਦਾ ਨਾਮ ਭੁੱਲ ਜਾਈਏ
ਕਿ ਵਿਹੜੇ 'ਚ ਲੱਗੀ ਧਰੇਕ ਨੂੰ ਦੱਸੀਏ
ਹੁਣ-
ਬਹੁਤ ਵੱਧ ਰਹੇ ਨੇ
ਦੇਸ਼ ਦੀ ਨਫਰਤ ਦੇ ਬੀਅ
ਮੈਂ ਤੈਨੂੰ ਪੁੱਛਦਾ ਹਾਂ ਮੇਰੇ ਦੇਸ਼
ਇੱਥੇ ਚਿੰਤਨ ਦੇ ਪੁਸਤਕਾਲਿਆਂ 'ਚ
ਕੌਣ ਰੱਖ ਰਿਹਾ ਹੈ
-ਹਿੰਸਾ ਦੇ ਕਿੱਸੇ
ਇੱਥੇ ਪ੍ਰਭਾਤ ਫੇਰੀਆਂ ਦੇ ਰਾਗ ਤੋੜਕੇ
ਕੌਣ ਗਾ ਰਿਹਾ ਹੈ
-ਕਾਲੀਆਂ ਰਾਤਾਂ ਦੇ ਸੋਹਲੇ
ਤੇ ਕੌਣ-
ਰੋਜ਼ਾਨਾਂ ਅਖਬਾਰਾਂ ਨੂੰ ਘੱਲ ਰਿਹਾ ਹੈ
ਉੱਜੜੇ ਆਲ੍ਹਣਿਆਂ ਦੀਆਂ
ਰੰਗਦਾਰ
ਤਸਵੀਰਾਂ
ਮੈਂ ਤੈਨੂੰ ਪੁੱਛਦਾ ਹਾਂ ਮੇਰੇ ਦੇਸ਼
ਤੂੰ ਸਾਜਿਸ਼ਾਂ ਦੇ ਹੱਥਾਂ 'ਚ
ਕਿਉਂ ਖੇਡਣ ਲੱਗ ਪਿਐਂ
ਤੇ ਪਾਲਤੂ ਕੁੱਤਿਆਂ ਦੇ ਫੈਸਲੇ ਤੱਕਦਾ
ਆਪਣੇ ਅੰਦਰੋਂ ਟੁੱਟ ਰਿਹਾ ਹੈਂ
ਤੂੰ ਆਪਣੇ ਨਾਲ ਹੀ
ਅੱਖ ਮਿਲਾਉਣੋਂ ਹੱਟ ਗਿਐਂ
ਅਤੇ
ਮੌਸਮੀ ਨਾਅਰਿਆਂ ਦੇ ਸ਼ੋਰ 'ਚ
ਗੁਆਚਦਾ ਜਾ ਰਿਹੈਂ
ਤੂੰ ਤਾਂ ਕਦੇ ਸੋਚਿਆ ਵੀ ਨਹੀਂ ਹੋਣਾ ਮੇਰੇ ਦੇਸ਼
ਕਿ ਕਦੀ ਤੇਰੇ ਹਰ ਮੋੜ ਤੇ ਖੜੇ ਹੋਣਗੇ
ਸ਼ਿਕਾਰੀ
ਤੇ ਤੇਰੇ ਪੁੱਤਰਾਂ ਦੀਆਂ ਫੁੰਡਦੇ ਜਾਣਗੇ
ਠੰਡੀਆਂ ਛਾਵਾਂ
ਤੇਰੇ ਪੁੱਤਰ ਤਾਂ
ਸਰੋਵਰਾਂ 'ਚ ਪੈਣ ਵਾਲੇ
ਪਾਣੀ ਦੀ ਉਡੀਕ ਕਰਨਗੇ
ਤੇ ਪਤਾ ਨਹੀਂ ਕਿਧਰੋਂ
ਬੇ ਮਿਥੀਆਂ ਆ ਜਾਣਗੀਆਂ
ਖ਼ੂਨ ਦੀਆਂ ਛੱਲਾਂ
ਤੂੰ
ਰਹਿਰਾਸ ਦੀ ਅਰਦਾਸ 'ਚ ਲੀਨ ਹੋਵੇਂਗਾ
ਅਤੇ
ਟੱਲੀਆਂ ਦੇ ਲੁੱਟੇ ਹੋਏ ਸੰਗੀਤ ਦੀ ਖਬਰ
ਦਰਬਾਰ ਸਾਹਿਬ 'ਚ ਆ
ਦਾਖਲ ਹੋਵੇਗੀ ਅਛੋਪਲੇ ਜਿਹੇ. . . . .
ਉਸ ਖ਼ਬਰ ਦੇ ਮੱਥੇ 'ਚੋਂ
ਬੀਜ ਪੁੰਗਰ ਰਿਹਾ ਹੋਵੇਗਾ
ਜ਼ਾਤਾਂ ਦੇ ਤਿਲਕ ਦਾ
ਜ਼ਹਿਰੀ ਨਜ਼ਰ ਦਾ
ਤੇ ਜਾਂ
ਝੜ ਚੁੱਕੇ ਪੱਤਿਆਂ ਦੇ ਰੁਦਨ ਦਾ
ਤੂੰ ਤਾਂ ਕਦੇ ਸੋਚਿਆਂ ਨਹੀਂ ਹੋਣਾ ਮੇਰੇ ਦੇਸ਼
ਕਿ ਤੇਰਿਆਂ ਸਾਹਾਂ ਨੂੰ ਕਦੀ
ਕੁਰਸੀਆਂ ਦੀ ਜ਼ਮੀਰ ਨੋਚਣ ਲੱਗ ਪਵੇਗੀ
ਤੇ ਤੇਰੀਆਂ ਅੱਖਾਂ ਅੱਗੇ
ਸਿਆਸਤ ਦਾ ਮਰਾਸੀ ਊਂਘ ਰਿਹਾ ਹੋਵੇਗਾ
ਤੇਰੇ ਵਾਰਿਸ ਸ਼ਾਹ ਤੇ ਪੀਲੂ
ਵਿਰਲਾਪ ਕਰਨਗੇ
ਤੇਰੀ ਭਟਕਦੀ ਰੂਹ 'ਤੇ
ਤੇ ਤੇਰਾ ਮਿਰਜ਼ਾ ਤੇ ਕੌਲਾਂ
ਸਹਿਮ ਸਹਿਮ ਪੁੱਛਣਗੇ
ਸਵੈਮਾਣ ਅਤੇ ਵਫ਼ਾ ਦੇ ਅਰਥ
ਇਹ ਤੈਨੂੰ ਕੀ ਹੋ ਗਿਐ ਮੇਰੇ ਦੇਸ਼
ਕਿ ਤੂੰ ਹਰ ਸਮੇਂ
ਬਾਤ ਜਿਊਣ ਲੱਗ ਪਿਐ
ਢਲਦੇ ਮੌਸਮ ਵਰਗੀ
ਤੂੰ ਆਪਣੇ ਹੀ ਖ਼ੂਨ ਦਾ
ਵਣਜ ਕਰਨ ਲੱਗ ਪਿਐ
ਆਪਣੀ ਹੀ ਪਿਆਸ ਲਈ
ਤੂੰ ਅੰਦਰੋਂ
ਕਿੰਨਾ ਹੀ ਇਕੱਲਾ ਹੋ ਗਿਐ
ਅਤੇ ਆਪਣੇ ਹੀ ਨਕਸ਼ਾਂ 'ਚ ਪਿਘਲਦਾ
ਕਰਨ ਲੱਗ ਪਿਐਂ
ਵੈਰੀ ਦੀ ਉਡੀਕ
ਇਹ ਤੈਨੂੰ ਕੀ ਹੋ ਗਿਐ ਮੇਰੇ ਦੇਸ਼
ਕਿ ਤੇਰੀਆਂ ਕੁੜੀਆਂ ਦਾ ਇਸ਼ਕ ਵੀ
ਹਿਸਾਬੀ-ਕਿਤਾਬੀ ਹੋ ਗਿਐ
ਤੇ ਤੇਰੇ ਗੱਭਰੂਆਂ ਦੀ ਤਲਾਸ਼
ਪਿੰਡਿਆਂ ਦਾ
ਗੁਨਾਹ ਕਬੂਲਣ ਲੱਗ ਪਈ ਐ
ਤੇਰੇ 'ਅੱਜ ਦੇ ਮੋਢਿਆ ਉੱਤੇ ਲਟਕ ਰਹੇ ਨੇ
ਮੋਏ ਪਰਿੰਦਿਆਂ ਦੇ ਪਰਛਾਵੇਂ
ਤੇ ਤੇਰੇ ਜ਼ਖਮਾਂ ਦੇ ਮਾਤਮ ਦਾ
ਤੇਰੀ ਮਿੱਟੀ ਮਨਾ ਰਹੀ ਹੈ
-ਜਸ਼ਨ
ਮੈਨੂੰ ਮੁਆਫ ਕਰੀਂ ਮੇਰੇ ਦੇਸ਼
ਹੁਣ ਮੈਨੂੰ ਨੱਚ ਲੈਣ ਦੇ
ਸਕੇ ਦੁੱਧ ਦੀ ਲਾਸ਼ ਤੇ ਚੜ੍ਹਕੇ
ਅਤੇ ਵੇਲੇ ਸਿਰ ਘਰ ਪਰਤ ਲੈਣ ਦੇ
ਜੇ ਜਾਂਦੇ ਨੂੰ
ਮੇਰੇ ਧਰਮ ਦੀ
ਤ੍ਰੇਹ ਹੀ ਮਿਟ ਗਈ
ਫਿਰ ਤੇਰੇ ਨਾਲ ਹੋਏ ਸੰਵਾਦ ਦੀ ਕਥਾ
ਕੀਹਦੇ ਨਾਲ ਕਰਾਂਗਾ ?
ਮੈਨੂੰ ਮੁਆਫ ਨਾ ਕਰੀਂ ਮੇਰੇ ਦੇਸ਼
ਮੈਂ ਜੋ ਤੇਰੀ ਸਿਆਸਤ ਦੀ ਡੋਰ ਨੂੰ
ਨਾਚੀ ਦੇ ਘੁੰਗਰੂਆਂ ਜਿਹੀ
ਰਿਸਕਵੀਂ ਗੰਢ ਸਮਝ ਕੇ
ਖੋਹਲ ਬੈਠਾ ਹਾਂ .. ..