ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ
(ਖ਼ਬਰਸਾਰ)
ਬਰੈਂਪਟਨ -- ਸ਼ਨਿਚਰਵਾਰ 22 ਫਰਵਰੀ 2014 ਨੂੰ 'ਪੰਜਾਬੀ ਕਲਮਾਂ ਦਾ ਕਾਫਲਾ ਟਰਾਂਟੋ' ਦੀ ਮਾਸਿਕ ਮੀਟਿੰਗ ਬਰੈਂਪਟਨ ਸਿਵਿਕ ਸੈਂਟਰ ਲਾਇਬ੍ਰੇਰੀ ਦੇ ਨੀਯਤ ਕਮਰੇ ਵਿਚ ਹੋਈ ਜਿਸ ਵਿੱਚ ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਅਮੀਰ ਜਾਫਰੀ ਨਾਲ਼ ਉਨ੍ਹਾਂ ਦੀ ਲੇਖਣੀ ਅਤੇ ਸਾਹਿਤਕ ਨਜ਼ਰੀਏ ਬਾਰੇ ਗੱਲਬਾਤ ਕੀਤੀ ਗਈ।
ਅਮੀਰ ਜਾਫਰੀ ਨੇ ਆਪਣੀ ਗੱਲਬਾਤ ਦੌਰਾਨ ਉਰਦੂ ਅਦਬ ਦੇ ਪੜਾਅ-ਦਰ-ਪੜਾਅ ਵਿਕਾਸ ਦੀ ਗੱਲ ਕਰਦਿਆਂ ਫਾਰਸੀ ਸਾਹਿਤ ਦੇ ਪ੍ਰਭਾਵ ਤੋਂ ਲੈ ਕੇ 1935 ਵਿੱਚ ਭਾਰਤ ਵਿੱਚ ਪੈਦਾ ਹੋਈ ਪ੍ਰਗਤੀਵਾਦੀ ਲਹਿਰ ਅਤੇ ਉਸ ਤੋਂ ਅੱਗੇ ਡਾਕਟਰ ਇਕਬਾਲ, ਫ਼ੈਜ਼, ਅਤੇ ਆਪਣੇ ਵਾਲਿਦ ਅਖ਼ਤਰ ਹੁਸੈਨ ਜਾਫਰੀ ਤੱਕ ਸਾਹਿਤਕ ਦ੍ਰਿਸ਼ਟੀ ਵਿੱਚ ਆਉਦੇ ਗਏ ਵਿਕਾਸ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਪ੍ਰਗਤੀਵਾਦੀ ਸਾਹਿਤ ਦੀ ਪੈਦਾਇਸ਼ ਹਨ ਪਰ ਉਹ ਸਮਝਦੇ ਹਨ ਕਿ ਇੱਕ ਸ਼ਾਇਰ ਵੱਲੋਂ ਆਪਣੇ ਆਪ ਨੂੰ ਕਿਸੇ ਖ਼ਾਸ ਵਿਚਾਰਧਾਰਾ ਨਾਲ਼ ਜੋੜਨ ਦਾ ਮਤਲਬ ਆਪਣੇ ਦਾਇਰੇ ਨੂੰ ਸੀਮਰ ਕਰ ਲੈਣਾ ਹੈ। ਉਨ੍ਹਾਂ ਕਿਹਾ ਕਿ ਲੇਬਲ ਲਵਾਉਣ ਦੀ ਬਜਾਇ ਲੇਖਕ ਦੀ ਵਿਚਾਰਧਾਰਾ ਖੁਦ ਉਸ ਦੇ ਸਾਹਿਤ ਵਿੱਚੋਂ ਸੁਤੇ-ਸਿਧ ਉਜਾਗਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਹਿਤਕਾਰ ਦੇ ਸਾਹਿਤ ਦਾ ਮਿਆਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸ ਸ਼ਾਇਰ ਨੇ ਕਿੰਨੀ ਕੁ ਸ਼ਿੱਦਤ ਨਾਲ਼ ਸਮਾਜ ਨੂੰ ਸਮਝਿਆ ਅਤੇ ਮਹਿਸੂਸਿਆ ਹੈ। ਉਨ੍ਹਾਂ ਕਿਹਾ ਕਿ ਵਾਦਾਂ ਨਾਲ਼ ਜੁੜ ਕੇ ਲਿਖਣ ਦੀ ਬਜਾਇ ਸਮਾਜ ਨਾਲ਼ ਜੁੜ ਕੇ ਲਿਕਣਾ ਚਾਹੀਦਾ ਹੈ ਜਿਸ ਨਾਲ਼ ਸਾਹਿਤਕਾਰ ਦੀ ਲਿਖਤ ਵਿੱਚ ਨਵੀਨਤਾ ਅਤੇ ਨਿਖਾਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਫ਼ੈਜ਼ ਆਪਣੇ ਸਮੇਂ ਦਾ ਮਹਾਨ ਸ਼ਾਇਰ ਸੀ ਪਰ ਜੇ ਅੱਜ ਵੀ ਅਸੀਂ ਫ਼ੈਜ਼ ਦੇ ਰੰਗ ਦੀ ਹੀ ਸ਼ਾਇਰੀ ਕਰਨੀ ਹੈ ਤਾਂ ਸਾਨੂੰ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਹਿਤਕਾਰੀ ਅਤੇ ਨਾਅਰੇਬਾਜ਼ੀ ਵਿੱਚ ਫ਼ਰਕ ਹੋਣਾ ਚਾਹੀਦਾ ਹੈ ਅਤੇ ਸ਼ਾਇਰ ਲਈ ਸਭ ਤੋਂ ਪਹਿਲਾਂ ਸਾਹਿਤਕ ਕਲਾ ਹੋਣੀ ਬਹੁਤ ਜ਼ਰੂਰੀ ਹੈ।
ਸਵਾਲ-ਜਵਾਬ ਦੌਰਾਨ ਵਰਿਆਮ ਸਿੰਘ ਸੰਧੂ ਨੇ (ਜਾਫ਼ਰੀ ਵੱਲੋਂ ਡਾ ਇਕਬਾਲ ਦੀ ਕਵਿਤਾ 'ਤੇ ਕੀਤੀ ਗਈ ਟਿੱਪਣੀ ਦੇ ਹਵਾਲੇ ਨਾਲ਼) ਕਿਹਾ ਕੇ 'ਬੇ-ਤੇਗ਼ ਹੋ ਕੇ ਲੜ੍ਹਨ ਦਾ ਮਤਲਬ ਹਾਰ ਮੰਨਣਾ ਨਹੀਂ ਹੁੰਦਾ ਸਗੋਂ ਲੜਨ ਦੀ ਇੱਕ ਵੱਖਰੀ ਵਿਧੀ ਹੁੰਦੀ ਹੈ। ਇਸ ਦੇ ਨਾਲ਼ ਹੀ ਲਹਿਰਾਂ ਦੇ ਪ੍ਰਭਾਵ ਤੋਂ ਲੇਖਕ ਦੇ ਮੁਕਤ ਹੋਣ ਦੀ ਗੱਲ ਦੀ ਪ੍ਰੋੜ੍ਹਤਾ ਕਰਦਿਆਂ ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਵਿਰਕ ਦਾ ਮੰਨਣਾ ਸੀ ਕਿ ਲੇਖਕ ਪਤਲ-ਚੰਮਾ ਹੁੰਦਾ ਹੈ ਜੋ ਸਮਾਜ ਦੇ ਦੁੱਖ-ਸੁਖ ਨੂੰ ਆਮ ਆਦਮੀ ਨਾਲ਼ੋਂ ਵੱਧ ਸ਼ਿਦਤ ਨਾਲ਼ ਮਹਿਸੂਸਦਾ ਹੈ।
ਇਸ ਤੋਂ ਬਾਅਦ ਚੱਲੇ ਕਵਿਤਾ ਦੇ ਦੌਰ ਵਿੱਚ ਭੁਪਿੰਦਰ ਦੂਲੇ, ਮਕਸੂਦ ਚੌਧਰੀ, ਗੁਰਬਖਸ਼ ਭੰਡਾਲ, ਡਾ. ਜਤਿੰਦਰ ਰੰਧਾਵਾ, ਪੰਕਜ ਸ਼ਰਮਾ, ਡਾ. ਸੁਖਪਾਲ, ਕੁਲਜੀਤ ਮਾਨ, ਸੁਰਜੀਤ ਕੌਰ, ਜੋਗੀ ਸੰਘੇੜਾ, ਪਾਕਿਸਤਾਨੀ ਸਾ.ਇਰਾ ਤਲਿਤ ਜ਼ਾਹਰਾ,ਡਾ. ਗੁਰਬਖਸ਼ ਭੰਡਾਲ, ਕੁਲਜੀਤ ਮਾਨ, ਰਾਜਪਾਲ ਬੋਪਾਰਾਏ, ਮਹਿਮੂਦ ਮਾਂਗਲੇ, ਪ੍ਰਤੀਕ, ਹਰਮੋਹਨ ਛਿੱਬੜ, ਸੁਖਮਿੰਦਰ ਰਾਮਪੁਰੀ, ਪਿਆਰਾ ਸਿੰਘ ਕੁੱਦੋਵਾਲ, ਅਮਰ ਅਕਬਰਪੁਰੀ, ਅਤੇ ਜਗੀਰ ਕਾਹਲ਼ੋਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰ ਵਿੱਚ ਸੁਖਚਰਨ ਕੌਰ ਗਿੱਲ ਵੱਲੋਂ ਸੁਣਾਇਆ ਗਿਆ ਗੀਤ ਸਭ ਤੋਂ ਵੱਧ ਸਲਾਹਿਆ ਗਿਆ। ਇਸ ਤੋਂ ਇਲਾਵਾ ਕੰਵਲਜੀਤ ਕੌਰ ਢਿੱਲੋਂ, ਡਾ. ਅਮਰਜੀਤ ਸਿੰਘ, ਮਿਸਜ਼ ਅਮਰਜੀਤ, ਸਤਨਾਮ ਸਿੰਘ ਮੰਡ, ਹਰਜੀਤ ਸਿੰਘ ਬੇਦੀ, ਬ੍ਰਜਿੰਦਰ ਗੁਲਾਟੀ, ਮਨਮੋਹਨ ਸਿੰਘ ਗੁਲਾਟੀ, ਵਕੀਲ ਕਲੇਰ, ਡਾ. ਬਲਜਿੰਦਰ ਸਿੰਘ ਸੇਖੋਂ, ਆਦਿ ਹਸਤੀਆਂ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਸਨ।
ਮੀਟਿੰਗ ਦੀ ਪ੍ਰਧਾਨਗੀ ਡਾ ਨਾਹਰ ਸਿੰਘ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਕੈਨੇਡਾ ਵਿੱਚ ਪੰਜਾਬੀ ਸਾਹਿਤ ਦਾ ਮਾਹੌਲ ਇੰਡੀਆ ਨਾਲ਼ੋਂ ਵੀ ਬਿਹਤਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇੰਡੀਆ ਵਿੱਚ ਕਰਵਾਈਆਂ ਜਾਂਦੀਆਂ ਸਾਹਿਤਕ ਮੀਟਿੰਗਾਂ ਵਿੱਚ ਮਸੀਂ 20 ਕੁ ਜਣੇ ਹੀ ਹਾਜ਼ਿਰ ਹੁੰਦੇ ਹਨ ਜਦਕਿ ਏਥੇ ਹਾਲ ਭਰ ਜਾਂਦਾ ਹੈ।
ਇਸ ਮੀਟਿੰਗ ਵਿੱਚ ਸਟੇਜ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ ਜਦਕਿ ਬ੍ਰਜਿੰਦਰ ਗੁਲਾਟੀ ਅਤੇ ਮਨਮੋਹਨ ਸਿੰਘ ਗੁਲਾਟੀ ਨੇ ਚਾਹ-ਪਾਣੀ ਦੀ ਸੇਵਾ ਨਿਭਾਈ।
ਗੁਰਜਿੰਦਰ ਸੰਘੇੜਾ