ਹੁੰਦੀਆਂ ਸਦਾ ਬਹਾਰ ਧੀਆਂ ।
ਕਰਣ ਮਾਪਿਆਂ ਨੂੰ ਸਦਾ ਪਿਆਰ ਧੀਆਂ ।
ਛਾਂ ਵੇਹੜਿਆਂ ਦੀ ਅਸਲੀ ਧੀ ਹੁੰਦੀ ,
ਭਰੀ ਰੱਖਦੀਆਂ ਮੋਹ ਭੰਡਾਰ ਧੀਆਂ ।
ਪੁੱਤਰ ਹੋਣ ਬੇਸ਼ਕ ਆਗਿਆਕਾਰ ਭਾਂਵੇਂ ,
ਅਸਲ ਹੁੰਦੀਆਂ ਨੇ ਗੰਮਖ਼ਾਰ ਧੀਆਂ ।
ਘਰ ਮਾਪਿਆਂ ਦੇ ਚਿੜੀਆਂ ਵਾਂਗ ਰਹਿਕੇ,
ਇੱਕ ਦਿਨ ਜਾਣ ਉਡਾਰੀਆਂ ਮਾਰ ਧੀਆਂ ।
ਬੇਸੱਕ ਰਹਿੰਦੀਆਂ ਵਾਂਗ ਮੁਸਾਫਿਰਾਂ ਦੇ,
ਘਰ ਦੇ ਕਰਦੀਆਂ ਨੇ ਕੰਮ ਕਾਰ ਧੀਆਂ ।
ਬਚਪਣ ਮਾਪਿਆਂ ਘਰੀਂ ਗੁਜ਼ਾਰ ਧੀਆਂ ।
ਦੂਜੇ ਘਰੀਂ ਜਾ ਮਾਪੇ ਭੁਲਾਂਦੀਆਂ ਨਹੀਂ ,
ਦੁੱਖ ਸੁੱਖ ਵਿੱਚ ਲੈਂਦੀਆਂ ਸਾਰ ਧੀਆਂ ।
ਮਾੜੀ ਖਬਰ ਸੁਣ ਭੱਜੀਆਂ ਆਂਦੀਆਂ ਨੇ ,
ਸਾਰੇ ਘਰਾਂ ਦੇ ਛੱਡ ਕੰਮ ਤੇ ਕਾਰ ਧੀਆਂ ।
ਸਦਾ ਮਾਪਿਆਂ ਤੋਂ ਠੰਡੀ ਵਾ ਆਵੇ ,
ਰੱਖਣ ਮਾਪਿਆਂ ਲਈ ਸਤਕਾਰ ਧੀਆਂ ।
ਮਾਪੇ ਸੁਖੀ ਵੱਸਣ ਏਹੋ ਸੁੱਖ ਮੰਗਣ ,
ਦੁੱਖ ਸਕਦੀਆਂ ਨਹੀਂ ਸਹਾਰ ਧੀਆਂ ।
ਵੇਹੜੇ ਵੜਦਿਆਂ ਮਾਂਵਾਂ ਦੇ ਗਲ਼ ਕੇ ,
ਤਪਦੇ ਸੀਨਿਆਂ ਨੂੰ ਦੇਣ ਠਾਰ ਧੀਆਂ ।
ਮਾਪੇ ਨਹੀਂ ਉਹ ਅਸਲ ਜੱਲਾਦ ਹੁੰਦੇ ,
ਕੁੱਖਾਂ ਵਿੱਚ ਜੇਹੜੇ ਦੇਂਦੇ ਮਾਰ ਧੀਆਂ ।