ਅੱਥਰੂ ਕੇਰਦਾ ਸੂਰਜ ,
ਪੁੱਛ ਰਿਹਾ ਕਾਲਖ ਪੁਤੇ ਚੰਦ੍ਰਮਾ ਨੂ
ਇਹ ਕੀ ਹੋ ਰਿਹਾ ,
ਦਰਿਆਂਵਾਂ ਦਾ ਪਾਣੀ
ਜਵਾਲਾ ਮੁਖੀ ਦਾ ਲਾਵਾ ਜਾਪ ਰਿਹਾ
ਹਵਾਵਾ ਪਾਤਾਲ ਵਿਚ ਗਰਕ ਹੋ ਰਹੀਆ
ਦਰਖਤਾ ਨੇ ਪੱਤੇ ਝਾੜ ਸੁੱਟੇ ਨੇ
ਫੁੱਲ ਵਿਗਸਨੋ ਇਨਕਾਰੀ ਹੀ ਗਏ
ਧਰਤੀ ਜਨਮਦਾਤਰੀ ਹੋਣ ਤੋ ਮੁਨਕਰ ਹੋ ਗਈ ਏ
ਆਖਿਰ ਏਦਾ ਕਿਓ ਹੋ ਰਿਹਾ ?
ਕੁਦਰਤ ਇੰਝ ਕਿਓ ਕਰ ਰਹੀ ਹੈ ?
ਕਾਹਦਾ ਸੋਗ ਮਨਾ ਰਹੀ ਹੈ ?
................................
ਭਰੇ ਜਿਹੇ ਮਨ ਨਾਲ
ਘਸਮੈਲੇ ਹੋਏ ਚੰਨ ਨੇ ਜਵਾਬ ਦਿਤਾ
ਉੱਨੀਆਂ ਸਾਲਾਂ ਦੀ ਦਾਮਿਨੀ
ਤੇ ਪੰਜ਼ ਵਰਿਆਂ ਦੀ ਓਸ ਮਾਸੂਮ ਦੀਆ
ਵੇਦਨਾ ਭਰੀਆਂ ਚੀਕਾ ਸੁਣ
ਤੇ ਨਿੱਤ ਦਿਹਾੜੇ
ਅਖੌਤੀ ਦੇਵਤਿਆਂ ਦੀ ਧਰਤੀ ਉੱਤੇ ਮਧੋਲੀਆਂ ਜਾ ਰਹੀਆਂ
ਕੰਜਕਾ
ਕੁੜੀਆਂ,
ਚਿੜੀਆਂ
ਦੇ ਰੁਦਨ ਤੋ ਬੌਖਲਾਈ
ਮਾਨਵ ਮਾਨਵਤਾ ਤੇ ਸ਼ਰਮਸਾਰ ਹੋਈ ਕੁਦਰਤ
ਸ਼ਾਇਦ ਧਰਤੀ ਦੇ ਫਟਣ ਦੀ
ਪੇਸ਼ੀਨਗੋਈ ਕਰ ਰਹੀ ਹੈ ।